ਫਰਮਾਬਰਦਾਰੀ ਅਤੇ ਹਮਦਰਦੀ ਦਾ ਤਿਉਹਾਰ ਹੈ ''ਈਦ-ਉੱਲ-ਅਜ਼ਹਾ''

09/13/2016 5:55:28 PM

ਦੁਨਿਆਵੀ ਦਸਤੂਰ ਦੀ ਤਰ੍ਹਾਂ ਫਿਤਰੀ ਅਸੂਲ ਵੀ ਹੈ ਕਿ ਮੁਹੱਬਤ ਅਤੇ ਇਸ਼ਕ ਕਰਨ ਵਾਲੇ ਦੀ ਅਜ਼ਮਾਇਸ਼ ਕੀਤੀ ਜਾਵੇ । ਜਿਹੜਾ ਜਿੰਨਾ ਨਜ਼ਦੀਕ ਹੁੰਦਾ ਹੈ, ਉਸ ਦਾ ਓਨਾ ਹੀ ਸਖਤ ਇਮਤਿਹਾਨ ਵੀ ਲਿਆ ਜਾਂਦਾ ਹੈ । ਫਿਰ ਰੱਬ ਦਾ ਦਸਤੂਰ ਵੀ ਹੈ ਕਿ ਜਿਹੜਾ ਆਦਮੀ ਉਸ ਦੇ ਕਰੀਬ ਅਤੇ ਉਸ ਦਾ ਮਹਿਬੂਬ ਹੈ ਤਾਂ ਅੱਲਾਹ ਤਆਲਾ ਦਾ ਸਲੂਕ ਇਸ ਦੇ ਨਾਲ ਉਹ ਨਹੀਂ ਹੁੰਦਾ, ਜਿਹੜਾ ਆਮ ਵਿਆਕਤੀ ਨਾਲ ਹੁੰਦਾ ਹੈ, ਸਗੋਂ ਉਸ ਨੂੰ ਅਜ਼ਮਾਇਸ਼ ਅਤੇ ਇਮਤਿਹਾਨ ਦੀਆ ਸਖਤ ਤੋਂ ਸਖਤ ਮੰਜ਼ਿਲਾਂ ''ਚੋਂ ਲੰਘਣਾ ਪੈਂਦਾ ਹੈ। ਹਜ਼ਰਤ ਮੁਹੰਮਦ (ਸਲ.) ਦਾ ਇਰਸ਼ਾਦ ਹੈ ਕਿ ਸਾਰੇ ਨਬੀਆਂ ਨੂੰ ਆਪਣੇ-ਆਪਣੇ ਮਰਤਬੇ ਦੇ ਮੁਤਾਬਕ ਇਮਤਿਹਾਨ ਦੀਆਂ ਤਕਲੀਫਾਂ ਬਰਦਾਸ਼ਤ ਕਰਨੀਆਂ ਪਈਆਂ ।
ਇਸ ਤਰਾਂ ਦੀ ਇਕ ਮਿਸਾਲ ਹਜ਼ਰਤ ਇਬਰਾਹਿਮ (ਅਲੈ.) ਦੀ ਹੈ, ਜਿਨ੍ਹਾਂ ਨੇ ਇਨਸਾਨੀ ਜ਼ਿੰਦਗੀ ਨੂੰ ਹਰਕਤ ਦੇ ਕੇ ਪੂਰੀ ਬੁਨਿਆਦ ਰੱਖੀ। ਆਪ ਨੇ ਜਿਸ ਕੌਮ ਵਿੱਚ ਜਨਮ ਲਿਆ, ਉਸ ਕੌਮ ''ਚ ਖੁਦਾ ਪ੍ਰਸਤੀ ਦੀ ਥਾਂ ਸੂਰਜ, ਚੰਦਰਮਾ ਅਤੇ ਸਿਤਾਰਿਆਂ ਦੀ ਪੂਜਾ ਹੁੰਦੀ ਸੀ। ਚੰਦ ਅਤੇ ਸਿਤਾਰਿਆਂ ਦੀ ਪੂਜਾ ਉਸ ਸਮੇਂ ਮਜ਼ਹਬੀ ਅਕੀਦਾ ਹੀ ਨਹੀਂ ਸੀ ਸਗੋਂ ਉਸ ਵੇਲੇ ਦੀ ਸਿਆਸਤ ਦੀ ਬੁਨਿਆਦ ਵੀ ਸੀ ।ਹਜ਼ਰਤ ਇਬਰਾਹਿਮ ਨੇ ਇਸ ਅਕੀਦੇ ''ਚ ਆਪਣੇ ਲਈ ਕੋਈ ਖਿੱਚ ਨਾ ਦੇਖਦੇ ਹੋਏ ਦੁਨਿਆਵੀ ਨਿਜ਼ਾਮ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਚੰਦ ਚਮਕਦਾ ਹੈ ਫਿਰ ਮੱਧਮ ਹੋ ਜਾਂਦਾ ਹੈ। ਸਿਤਾਰੇ ਨਿਕਲਦੇ ਹਨ ਫਿਰ ਛੁੱਪ ਜਾਂਦੇ ਹਨ, ਸੂਰਜ ਰੋਸ਼ਨ ਹੁੰਦਾ ਹੈ, ਫਿਰ ਰਾਤ ਦੀਆਂ ਤਾਰੀਕਿਆਂ ''ਚ ਲੁੱਕ ਜਾਂਦਾ ਹੈ। ਇਹ ਚਮਕਣ ਅਤੇ ਡੁੱਬਣ ਵਾਲੀਆਂ ਚੀਜ਼ਾਂ ਖੁਦਾ ਨਹੀਂ ਹੋ ਸਕਦੀਆਂ। ਖੁਦਾ ਤਾਂ ਉਹ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਹੈ। ਇਸ ਸਹੀ ਫਿਕਰ ਅਤੇ ਸੱਚੇ ਅਕੀਦੇ ਦੇ ਐਲਾਨ ਦੇ ਬਦਲੇ ਦੇ ''ਚ ਤੁਹਾਨੂੰ ਕੀਮਤ ਚੁਕਾਉਣੀ ਪਈ ਕਿ ਤੁਸੀਂ ਘਰ ਤੋਂ ਬੇਘਰ ਹੋ ਗਏ। ਸਮਾਜ ''ਚ ਤੁਹਾਡੀ ਦੀ ਹੈਸੀਅਤ ਇਕ ਅਜਨਬੀ ਇਨਸਾਨ ਦੀ ਤਰ੍ਹਾਂ ਹੋ ਗਈ । ਕੌਮ ਨੇ ਹਰ ਤਰ੍ਹਾਂ ਸਤਾਉਣ ਅਤੇ ਤਕਲੀਫ ਦੇਣ ''ਤੇ ਲੱਕ ਬੰਨ੍ਹ ਲਿਆ । ਇਥੋਂ ਤੱਕ ਕਿ ਬਾਦਸ਼ਾਹੇ ਵਕਤ ''ਨਮਰੂਦ'' ਨੇ ਦਹਿਕਦੀ ਅੱਗ ''ਚ ਸੁੱਟਣ ਦਾ ਫੈਸਲਾ ਕਰ ਦਿੱਤਾ। ਇਥੋਂ ਤੱਕ ਕਿ ਦਹਿਕਦੇ ਅੰਗਾਰਿਆਂ ''ਚ ਸੁੱਟ ਦਿੱਤੇ ਗਏ ।
''ਆਜ ਭੀ ਹੋ ਜੋ ਬਰਾਹੀਮ ਸਾ ਈਮਾਂ ਪੈਦਾ
ਆਗ ਕਰ ਸਕਤੀ ਹੈ ਅੰਦਾਜ਼ੇ ਗੁਲਿਕਸਾ ਪੈਦਾ''
ਪਰ ਅੱਲਾਹ ਤਆਲਾ ਨੇ ਹਜ਼ਰਤ ਇਬਰਾਹਿਮ ਨੂੰ ਇੱਜ਼ਤ ਦਿੱਤੀ। ਅੱਗ ਤੁਹਾਡੇ ਲਈ ਠੰਡੀ, ਸ਼ਾਂਤੀ ਵਾਲੀ ਅਤੇ ਗੁਲੇ-ਗੁਲਜ਼ਾਰ ਬਣ ਗਈ। ਖੁਦਾ ਦੀ ਇਸ ਕੁਦਰਤ ਤੋਂ ਸਬਕ ਹਾਸਲ ਕਰਨ ਦੀ ਥਾਂ ''ਤੇ ਤੁਹਾਡੀ ਕੌਮ ਹੋਰ ਵੀ ਭੜਕ ਉੱਠੀ ਅਤੇ ਪੂਰੀ ਦੁਸ਼ਮਣੀ ''ਤੇ ਉਤਰ ਆਈ। 
ਜਦੋਂ ਤੁਸੀਂ ਆਪਣੇ ਵਤਨ ਵਾਲਿਆਂ ਤੋਂ ਬਿਲਕੁਲ ਉਦਾਸ ਹੋ ਗਏ ਤਾਂ ਖਾਲੀ ਹੱਥ ਇਰਾਕ ਤੋਂ ਨਿਕਲ ਕੇ ਪਤਨੀ ਦੇ ਨਾਲ ਮੁਲਕ-ਏ-ਸ਼ਾਮ ਪਹੁੰਚ ਗਏ। ਹੁਣ ਇਬਰਾਹਿਮ ਬੁੱਢੇ ਹੋ ਚੁਕੇ ਸਨ। ਪ੍ਰਦੇਸ਼ ''ਚ ਆ ਕੇ ਇਨਸਾਨ ਨੂੰ ਹੋਰ ਵੀ ਜ਼ਿਆਦਾ ਮਦਦ ਤੇ ਸਹਾਰੇ ਦੀ ਲੋੜ ਪੈਂਦੀ ਹੈ। ਇਸ ਲਈ ਖੁਦਾ ਦੇ ਦਰਬਾਰ ''ਚ ਦੁਆ (ਪ੍ਰਾਰਥਨਾ) ਕੀਤੀ ਕਿ ਐ ਖੁਦਾ! ਇਕ ਨੇਕ ਲੜਕਾ ਅਤਾ ਕਰ। ਇਹ ਦੁਆ ਕਬੂਲ ਹੋ ਗਈ। 86 ਸਾਲ ਦੀ ਉਮਰ ''ਚ ਹਜ਼ਰਤ ਹਾਜਰਾ ਦੀ ਕੁੱਖੋਂ ਇਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂ ਇਸਮਾਇਲ ਰੱਖਿਆ ਗਿਆ। ਇਕਲੌਤਾ ਪੁੱਤਰ ਬੁੱਢੇ ਪਿਤਾ ਦੀਆ ਖੁਆਇਸ਼ਾਂ ਦਾ ਇਹ ਆਲਮ ਕਿ ਜਦੋਂ ਚੱਲਣ ਫਿਰਨ ਦੇ ਲਾਇਕ ਹੋਇਆ। ਪਰਵਰਿਸ਼ ਦੀ ਮੁਸ਼ਕਤ ਬਰਦਾਸ਼ਤ ਕਰਨ ਤੋਂ ਬਾਅਦ ਹੁਣ ਸਮਾਂ ਆਇਆ ਕਿ ਸੱਜੀ ਬਾਂਹ ਬਣ ਕੇ ਬਾਪ ਦਾ ਸਹਾਰਾ ਬਣਦਾ ਪਰ ਹਜ਼ਰਤ ਇਬਰਾਹਿਮ (ਅਲੈ.) ਨੂੰ ਹੋਰ ਵੀ ਸਖਤ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪਿਆ। ਹੁਕਮ ਮਿਲਦਾ ਹੈ ਕਿ ਐ ਇਬਰਾਹਿਮ ਆਪਣੇ ਲਾਡਲੇ ਨੂੰ ਮੇਰੀ ਰਾਹ ''ਚ ਕੁਰਬਾਨ ਕਰ ਦੇ। ਇਸ ਸਮੇਂ ਹਜ਼ਰਤ ਇਸਮਾਇਲ (ਅਲੈ.) 13 ਸਾਲ ਦਾ ਸੀ। ਕੁਰਬਾਨੀ ਉਹ ਵੀ ਬੇਟੇ ਦੀ ਅਤੇ ਬਾਪ ਦੇ ਹੱਥੋਂ । ਬੇਟੇ ਨੂੰ ਬਾਪ ਨੇ ਖੁਦਾ ਦਾ ਹੁਕਮ ਸੁਣਾਇਆ । ਬੇਟੇ ਨੇ ਜਵਾਬ ਦਿੱਤਾ ਕਿ ਅੱਬਾ ਜਾਨ ਉਹ ਕਰ ਗੁਜ਼ਰੋ, ਜਿਸ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ। ਬਾਪ ਨੇ ਜਿਵੇਂ ਹੀ ਖੁਦਾ ਦੇ ਹੁਕਮ ਨੁੰ ਪੂਰਾ ਕਰਨ ''ਚ ਬੇਟੇ ਦੀ ਕੁਰਬਾਨੀ ਲਈ। ਉਸੇ ਸਮੇਂ ਖੁਦਾ ਵਲੋਂ ਆਵਾਜ਼ ਆਈ ਐ ਇਬਰਾਹਿਮ! ਬਸ ਤੁਸੀਂ ਸਾਡਾ ਹੁਕਮ ਪੂਰਾ ਕਰ ਦਿੱਤਾ। ਵਫਾਦਾਰੀ ਦਾ ਆਖਰੀ ਸਬੂਤ ਪੇਸ਼ ਕਰ ਦਿੱਤਾ। ਇਸ ਤੋਂ ਬਾਅਦ ਫਰਿਸ਼ਤੇ ਨੇ ਅੱਲਾਹ ਵਲੋਂ ਆਏ ਜਾਨਵਰ ਦੀ ਕੁਰਬਾਨੀ ਪੇਸ਼ ਕੀਤੀ। ਇਹ ''ਜ਼ਿਲਹਿੱਜਾ'' ਦਸਵੀਂ ਤਰੀਕ ਦਾ ਵਾਕਿਆ ਸੀ ।
ਹਕੀਕਤ ਹੈ ਕਿ ਜਿਹੜਾ ਵਿਅਕਤੀ ਖੁਦਾ ਦੇ ਹੁਕਮ ''ਤੇ ਆਪਣੇ ਸਾਰੇ ਜਜ਼ਬਾਤਾਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅੱਲਾਹ ਤਆਲਾ ਇਸ ਦੇ ਬਦਲੇ ਦੁਨੀਆਂ ਦੀਆਂ ਤਕਲੀਫਾਂ ਤੋਂ ਛੁਟਕਾਰਾ ਅਤੇ ਆਖਰਤ ''ਚ ਇਸ ਦਾ ਬਹੁਤ ਹੀ ਵਧੀਆ ਬਦਲਾ ਦੇਣਗੇ । ਸੋ ਅੱਲਾਹ ਨੂੰ ਆਪ ਦਾ ਅਮਲ ਇੰਨਾ ਪਸੰਦ ਆਇਆ ਕਿ ਆਫਤ ਤੱਕ ਆਪ ਦੀ ਯਾਦ ਨੂੰ ਉਮੱਤ ''ਚ ਬਰਕਰਾਰ ਰੱਖਣ ਲਈ ਆਪਣੀ ਮਹਿਬੂਬ ਇਬਾਦਤ ਕਰਾਰ ਦੇ ਕੇ ਆਪਣੇ ਬੰਦਿਆਂ ''ਤੇ ਕੁਰਬਾਨੀ ਲਾਜ਼ਮੀ ਕਰ ਦਿੱਤੀ ।
ਕੁਰਬਾਨੀ ਦੀ ਹਕੀਕਤ ਦੇ ਬਾਰੇ ਕੁਰਾਨ ਸ਼ਰੀਫ ''ਚ ਆਇਆ ਹੈ ਕਿ “ਖੁਦਾ ਨੂੰ ਕੁਰਬਾਨੀ ਦਾ ਗੋਸ਼ਤ ਅਤੇ ਖੂਨ ਨਹੀਂ ਪਹੁੰਚਦਾ, ਖੁਦਾ ਨੂੰ ਤੁਹਾਡਾ ਤਕਵਾ ਪਹੁੰਚਦਾ ਹੈ। ਅਸਲ ''ਚ ਅੱਲਾਹ ਦੇ ਨਜ਼ਦੀਕ ਇਖਲਾਸ ਵਾਲੇ ਦਿਲ ਦੀ ਕਦਰ ਹੈ। ਚੋਪਾਏ ਜਾਨਵਰ ਦੀ ਕੁਰਬਾਨੀ ਤਾਂ ਦਿਲ ਦੀ ਅੰਦਰੂਨੀ ਕੈਫੀਅਤ ਦੀ ਇਕ ਜ਼ਾਹਰੀ ਪਛਾਣ ਹੈ। ਇਹ ਪਲੇ ਜਾਨਵਰਾਂ ਦੀ ਕੁਰਬਾਨੀ ਤਾਂ ਨਫਸ ਦੀ ਕੁਰਬਾਨੀ ਦਾ ਅਹਿਸਾਸ ਦਿਵਾਉਂਦੀ ਹੈ ਕਿ ਕੁਰਬਾਨੀ ਆਪਣੀ ਜਾਨ ਦਾ ਬਦਲ ਹੈ। ਕੁਰਬਾਨੀ ਉਸ ਦੀ ਹ,ੈ ਜਿਸ ਨੇ ਰੋਜ਼ਾਨਾ ਦੀ ਜ਼ਿੰਦਗੀ ''ਚ ਆਪਣੇ ਨਫ਼ਸ ਦੇ ਖਿਲਾਫ, ਝੂਠ ਅਤੇ ਫਰੇਬ ਦੇ ਖਿਲਾਫ, ਰਿਸ਼ਵਤ ਅਤੇ ਚੋਰ ਬਾਜ਼ਾਰੀ ਦੇ ਖਿਲਾਫ, ਜ਼ੁਲਮ ਅਤੇ ਫਸਾਦ ਦੇ ਖਿਲਾਫ ਆਪਣੇ-ਆਪ ਨੂੰ ਕੁਰਬਾਨ ਕਰਕੇ ਰੱਖ ਦਿੱਤਾ ਹੋਵੇ ਜਿਵੇਂ ਕਿ ਹਜ਼ਰਤ ਇਬਰਾਹਿਮ (ਅਲੈ.) ਦੇ ਇਸ ਪੂਰੇ ਕਿੱਸੇ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਹੱਕ, ਸੱਚ ਅਤੇ ਸਹੀ ਗੱਲ ਕਹਿਣ ''ਤੇ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਕੇ ''ਤੇ ਸਬਰ ਦਾ ਦਾਮਨ ਫੜੇ ਰਹਿਣਾ ਹੀ ਚੰਗੇ ਇਨਸਾਨ ਦੀ ਪਛਾਣ ਅਤੇ ਕਾਮਯਾਬੀ ਦੀ ਨਿਸ਼ਾਨੀ ਹੈ। ਕੁਰਬਾਨੀ ਕੋਈ ਰਸਮ-ਰਿਵਾਜ਼ ਨਹੀਂ ਸਗੋਂ ਈਮਾਨ ਦੀ ਤਾਜ਼ਗੀ ਦਾ ਨਾਂ ਹੈ। ਖੁਦਾ ਦੇ ਸਿਵਾ ਕਿਸੇ ਹੋਰ ਦੀ ਮੁਹੱਬਤ ਨੂੰ ਕੁਰਬਾਨ ਕਰਨਾ ਹੈ। ਅਸਲ ''ਚ ਕੁਰਬਾਨੀ ਦਾ ਹੀ ਇਕ ਰਸਤਾ ਹੈ, ਜਿਸ ''ਤੇ ਚੱਲ ਕੇ ਅੱਲਾਹ ਦੇ ਨੇਕ ਬੰਦਿਆਂ ਨੇ ਪੂਰੀ ਇਨਸਾਨੀਅਤ ਦੀ ਕਿਸਮਤ ਬਦਲ ਦਿੱਤੀ। ਖੁਦਾ ਦੀ ਖੁਸ਼ਨੂਦੀ ਲਈ ਅੱਜ ਵੀ ਅਜਿਹੇ ਰਸਤੇ ਹਨ, ਜਿਨ੍ਹਾਂ ''ਤੇ ਜਦੋਂ ਇਨਸਾਨ ਚੱਲਦਾ ਹੈ ਤਾਂ ਅੱਲਾਹ ਤਆਲਾ ਮਦਦਗਾਰ ਹੁੰਦਾ ਹੈ।

ਇੰਜ਼: ਮੁਹੰਮਦ ਅਸਲਮ
ਪਿੰਡ ਬਿੰਜੋਕੀ ਖੁਰਦ , ਮਾਲੇਰਕੋਟਲਾ 
ਮੋਬ-95306-68887


Related News