ਹਿਮਾਚਲ ’ਚ ਰਵਾਇਤਾਂ ਅਤੇ ਸੱਭਿਆਚਾਰ ਨੂੰ ਬਚਾਉਣ ਦਾ ਯਤਨ

Sunday, Feb 25, 2024 - 02:51 PM (IST)

ਕੁਦਰਤ ਦੀ ਗੋਦ ’ਚ ਹਿਮਾਲਿਆ ਦੀ ਛਾਂ ’ਚ ਵਸਿਆ ਪਿਆਰਾ ਹਿਮਾਚਲ ਆਪਣੇ ਸੱਭਿਆਚਾਰ, ਗਾਇਕੀ, ਨਾਚ ਕਲਾ ਲਈ ਪ੍ਰਸਿੱਧ ਹੈ। ਇਸ ਦੀਆਂ ਜੜ੍ਹਾਂ ਡੂੰਘੀਆਂ ਰਵਾਇਤਾਂ ਨਾਲ ਜੁੜੀਆਂ ਹਨ।

ਸਮੇਂ ਦੇ ਨਾਲ-ਨਾਲ ਆਧੁਨਿਕਤਾ, ਵਿਸ਼ਵੀਕਰਨ ਅਤੇ ਤਕਨੀਕੀ ਵਿਕਾਸ ਕਾਰਨ ਹੌਲੀ-ਹੌਲੀ ਰਵਾਇਤਾਂ ਟੁੱਟ ਰਹੀਆਂ ਹਨ। ਮਿੱਠੇ ਸੰਗੀਤ ਦੀ ਥਾਂ ਡੀ.ਜੇ. ਨੇ ਲੈ ਲਈ ਹੈ। ਨਵੀਂ ਪੀੜ੍ਹੀ ਨੂੰ ਬੱਚਿਆਂ ਦੇ ਜਨਮ ’ਤੇ ਗਾਏ ਜਾਣ ਵਾਲੇ ਰਣਝੁੰਨੇ, ਸਵੇਰ ਨੂੰ ਜਗਾਉਣ ਲਈ ਭਿਆਗੜੇ, ਲੜਕੇ ਦੇ ਵਿਆਹ ’ਚ ਘੋੜੀਆਂ, ਬੇਟੀ ਦੀ ਸ਼ਾਦੀ ’ਚ ਸੁਹਾਗ, ਬਾਰਾਤ ਦੇ ਆਉਣ ’ਤੇ ਗਾਲ੍ਹਾਂ ਆਦਿ ਦਾ ਗਿਆਨ ਬਹੁਤ ਘੱਟ ਹੈ। ਹਰ ਮੌਕੇ ਅਨੁਸਾਰ ਬਣੇ ਗੀਤ ਗੁਆਚਦੇ ਜਾ ਰਹੇ ਹਨ।

ਹੌਲੀ-ਹੌਲੀ ਖਤਮ ਹੁੰਦੀਆਂ ਇਨ੍ਹਾਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਵੱਖ-ਵੱਖ ਪੱਧਰਾਂ ’ਤੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਅਨੋਖੀ ਪਹਿਲ ਹਮੀਰਪੁਰ ਸੰਸਦੀ ਖੇਤਰ ਦੇ ਐੱਮ.ਪੀ. ਅਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੱਲੋਂ ‘ਪਹਾੜੀ ਮਹਿਲਾ ਸੰਗੀਤ’ ਮੁਕਾਬਲੇ ਰਾਹੀਂ ਕੀਤੀ ਗਈ ਹੈ। 10 ਹਜ਼ਾਰ ਤੋਂ ਵੱਧ ਔਰਤਾਂ ਲਈ ਆਪਣੇ-ਆਪਣੇ ਮਹਿਲਾ ਮੰਡਲਾਂ ਰਾਹੀਂ ਮੁਕਾਬਲੇ ’ਚ ਹਿੱਸਾ ਲਿਆ ਗਿਆ। ਮੁਕਾਬਲੇ ਦੇ 20 ਸੈਕਟਰ ਬਣਾਏ ਗਏ ਸਨ ਪਰ ਔਰਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਈ ਸੈਕਟਰਾਂ ’ਚ ਇਕ ਦੀ ਥਾਂ ਦੋ ਪ੍ਰੋਗਰਾਮ ਕਰਵਾਉਣੇ ਪਏ। ਬਹੁਤ ਸਾਰੀਆਂ ਔਰਤਾਂ ਨੇ ਮਾਈਕ ਲੈ ਕੇ ਸਟੇਜ ’ਤੇ ਪਹਿਲੀ ਵਾਰ ਗਾਇਆ। ਉਨ੍ਹਾਂ ਦੀ ਖੁਸ਼ੀ ਅਤੇ ਸਵੈ-ਭਰੋਸਾ ਮੰਚ ’ਤੇ ਸਪੱਸ਼ਟ ਉਨ੍ਹਾਂ ਦੇ ਚਿਹਰਿਆਂ ’ਤੇ ਝਲਕ ਰਿਹਾ ਸੀ। ਨਾਰੀ ਸ਼ਕਤੀ ਸਸ਼ਕਤੀਕਰਨ ਦਾ ਇਹ ਅਨੋਖਾ ਦ੍ਰਿਸ਼ ਸੀ।

ਸਵੈ-ਸਹਾਇਤਾ ਸਮੂਹਾਂ ਨੇ ਮੁਕਾਬਲਾ ਸਥਾਨਾਂ ’ਤੇ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਸਨ। ਉਨ੍ਹਾਂ ਨੂੰ ਵੀ ਨਵਾਂ ਤਜਰਬਾ ਅਤੇ ਗਾਹਕ ਮਿਲੇ। ਉਨ੍ਹਾਂ ’ਚ ਵੀ ਨਵਾਂ ਆਤਮਵਿਸ਼ਵਾਸ ਜਾਗਿਆ ਜੋ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਵੇਗਾ। ਮੁਕਾਬਲੇ ਨਾਲ ਭਾਈਚਾਰਕ ਭਾਵਨਾ ਅਤੇ ਮੁਕਾਬਲੇ ਦੀ ਸ਼ਕਤੀ ਵੀ ਔਰਤਾਂ ’ਚ ਵਧੀ। ਔਰਤਾਂ ਨਵੇਂ-ਨਵੇਂ ਗਾਣੇ ਵੀ ਬਣਾ ਕੇ ਲਿਆਈਆਂ ਅਤੇ ਅਯੁੱਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ।

ਇਹ ਮੁਕਾਬਲਾ ਸਿਰਫ ਰਵਾਇਤਾਂ ਨੂੰ ਜਿਊਂਦੇ ਰੱਖਣ ਬਾਰੇ ਨਹੀਂ ਹੈ ਸਗੋਂ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਸਾਰਥਕ ਅਤੇ ਮਜ਼ਬੂਤ ਕਦਮ ਹੈ। ਸਦੀਆਂ ਤੋਂ ਸਾਡੀਆਂ ਮਾਵਾਂ-ਭੈਣਾਂ ਨੇ ਸਨਾਤਨ ਧਰਮ ਦੇ ਝੰਡਾਬਰਦਾਰ ਵਜੋਂ ਕੰਮ ਕੀਤਾ ਹੈ। ਇਹ ਮੁਕਾਬਲਾ ਉਨ੍ਹਾਂ ਨੂੰ ਇਕ ਮੰਚ ਦਿੰਦਾ ਹੈ ਜਿਸ ’ਤੇ ਉਹ ਨਾ ਸਿਰਫ ਆਪਣੇ ਮੁਕਾਬਲੇ ਨੂੰ ਪ੍ਰਦਰਸ਼ਿਤ ਕਰਨ ਸਗੋਂ ਵਰਤਮਾਨ ਅਨੁਸਾਰ ਆਪਣੀ ਲੀਡਰਸ਼ਿਪ ਸਮਰੱਥਾ ਵੀ ਵਿਕਸਤ ਕਰਨ। ਇਹ ਦੇਖਣਾ ਬਹੁਤ ਸੁਖਦਾਈ ਹੈ ਕਿ ਕਿਸ ਤਰ੍ਹਾਂ ਅਨੁਰਾਗ ਠਾਕੁਰ ਦੀ ਇਸ ਪਹਿਲ ਨਾਲ ਸਾਡਾ ਪਹਾੜੀ ਸੱਭਿਆਚਾਰ ਇਕ ਤੋਂ ਦੂਜੀ ਪੀੜ੍ਹੀ ਦੇ ਦਰਮਿਆਨ ਦਾ ਰਾਹ ਤੈਅ ਕਰ ਰਿਹਾ ਹੈ।

ਮੈਨੂੰ ਯਾਦ ਹੈ ਕਿ ਸੁਜਾਨਪੁਰ ’ਚ ਇਸੇ ਮਹਿਲਾ ਪਹਾੜੀ ਸੰਗੀਤ ਮੁਕਾਬਲੇ ਦੇ ਇਕ ਪ੍ਰੋਗਰਾਮ ’ਚ ਮੈਂ ਹਾਜ਼ਰ ਸੀ। ਔਰਤਾਂ ਦਾ ਗਰੁੱਪ ਗੀਤ ਗਾ ਰਿਹਾ ਸੀ ਤਾਂ ਬਜ਼ੁਰਗ, ਨੌਜਵਾਨ ਔਰਤਾਂ ਅਤੇ ਛੋਟੀਆਂ ਬੱਚੀਆਂ ਸਾਰੀਆਂ ਇਕੱਠੀਆਂ ਨੱਚ ਰਹੀਆਂ ਸਨ। ਬੱਚੀਆਂ ਦੇ ਸਿੱਖਣ ਦੀ ਲਲਕ ਦੀ ਝਲਕ ਹੀ ਇਸ ਪ੍ਰੋਗਰਾਮ ਦੀ ਸਫਲਤਾ ਦੀ ਕਹਾਣੀ ਕਹਿ ਰਹੀ ਸੀ।

ਮੁਕਾਬਲੇ ’ਚ ਹਿੱਸਾ ਲੈਣ ਵਾਲੇ ਸਾਰਿਆਂ ਨੂੰ ਯਾਦ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇਣਾ ਅਤੇ ਜੇਤੂਆਂ ਨੂੰ ਇਨਾਮ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਪਹਿਲ ਨਾਲ ਹਰ ਕਿਸੇ ਨੂੰ ਸਨਮਾਨ ਅਤੇ ਉਤਸ਼ਾਹ ਦਿੱਤਾ ਜਾ ਰਿਹਾ ਹੈ ਅਤੇ 10 ਹਜ਼ਾਰ ਤੋਂ ਵੱਧ ਭੈਣਾਂ-ਬੇਟੀਆਂ ਦਾ ਇਸ ਪ੍ਰੋਗਰਾਮ ਨਾਲ ਜੁੜਨਾ ਪਹਾੜੀ ਸੰਗੀਤ ਮੁਕਾਬਲੇ ਦੀ ਹਰਮਨਪਿਆਰਤਾ ਦਾ ਸਬੂਤ ਹੈ।

ਮੈਨੂੰ ਯਕੀਨ ਹੈ ਕਿ ਮਹਿਲਾ ਪਹਾੜੀ ਸੰਗੀਤ ਮੁਕਾਬਲਾ ਆਉਣ ਵਾਲੇ ਸਮੇਂ ’ਚ ਹੋਰ ਵੀ ਵੱਡਾ ਅਤੇ ਬਿਹਤਰ ਹੋ ਜਾਵੇਗਾ। ਇਹ ਨਾ ਸਿਰਫ ਹਿਮਾਚਲ ਦੇ ਸੱਭਿਆਚਾਰ ਨੂੰ ਸੰਭਾਲੇਗਾ ਸਗੋਂ ਔਰਤਾਂ ਦੇ ਸਸ਼ਕਤੀਕਰਨ ਨੂੰ ਵੀ ਬੜ੍ਹਾਵਾ ਦਿੰਦਾ ਰਹੇਗਾ। ਇਹ ਸਾਡੇ ਬੱਚਿਆਂ ਨੂੰ ਆਪਣੇ ਅਤੀਤ ਨਾਲ ਜੁੜਨ ਅਤੇ ਭਵਿੱਖ ਨੂੰ ਆਕਾਰ ਦੇਣ ਦਾ ਮੌਕਾ ਦੇਵੇਗਾ। ਅਸੀਂ ਸਾਰੇ ਮਿਲ ਕੇ ਇਸ ਪਹਿਲ ਨਾਲ ਜੁੜੀਏ ਅਤੇ ਹਿਮਾਚਲ ਦੇ ਸੱਭਿਆਚਾਰ ਨੂੰ ਬਚਾਈਏ।

ਪ੍ਰੇਮ ਕੁਮਾਰ ਧੂਮਲ (ਸਾਬਕਾ ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼)


Rakesh

Content Editor

Related News