ਡਾ. ਮਨਮੋਹਨ ਸਿੰਘ, ਚੰਦਰ ਸ਼ੇਖਰ ਅਤੇ ਲਾਲਾ ਜਗਤ ਨਾਰਾਇਣ ਜੀ ਨਾਲ ਜੁੜੀਆਂ ਕੁਝ ਯਾਦਾਂ

10/04/2019 1:50:11 AM

ਵੇਦ ਪ੍ਰਕਾਸ਼ ਗੁਪਤਾ

ਸਾਡੇ ਦੇਸ਼ ਵਿਚ ਕਾਂਗਰਸ ਹੀ ਇਕ ਅਜਿਹੀ ਸਿਆਸੀ ਪਾਰਟੀ ਹੈ, ਜੋ ਅੱਜ ਦੇ ਰਾਜਸੀ ਹਾਲਾਤ ’ਚ ਵਿਰੋਧੀ ਧਿਰ ਦਾ ਸਰਗਰਮ ਰੋਲ ਨਿਭਾਅ ਸਕਦੀ ਹੈ। ਕੁਲਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇਤਾਵਾਂ ਦੀ ਭਾਲ ’ਚ ਹਨ, ਜਿਹੜੇ ਸੱਚਮੁਚ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹਨ। ਇਸ ਸਿਲਸਿਲੇ ’ਚ ਲੋਕ ਇਹ ਮਹਿਸੂਸ ਕਰਦੇ ਹਨ ਕਿ ਕਾਂਗਰਸ ਨੂੰ ਆਪਣੀ ਵਿਰਾਸਤ ਦੀਆਂ ਜੜ੍ਹਾਂ ਨੂੰ ਲੱਭਣਾ ਚਾਹੀਦਾ ਹੈ ਅਤੇ ਉਸ ਸਾਦਗੀ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਅਪਣਾਉਣਾ ਚਾਹੀਦਾ ਹੈ, ਜੋ ਕਦੇ ਕਾਂਗਰਸ ਦੀ ਅਸਲ ਤਾਕਤ ਸੀ।

ਇਸ ਸਿਲਸਿਲੇ ’ਚ ਮੈਂ ਇਥੇ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। 1994 ’ਚ ਸ਼੍ਰੀ ਨਰਸਿਮ੍ਹਾ ਰਾਓ ਦੀ ਸਰਕਾਰ ਵਿਚ ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਸਨ ਅਤੇ ਉਨ੍ਹਾਂ ਨੂੰ ਪਟਿਆਲਾ ਵਿਚ ਇਕ ਸਮਾਗਮ ਲਈ ਸੱਦਿਆ ਗਿਆ ਸੀ। ਡਾ. ਕੇਵਲ ਕ੍ਰਿਸ਼ਨ, ਜੋ ਉਦੋਂ ਪੰਜਾਬ ਵਿਚ ਸ. ਬੇਅੰਤ ਸਿੰਘ ਦੀ ਸਰਕਾਰ ਵੇਲੇ ਵਿੱਤ ਅਤੇ ਲੋਕਲ ਬਾਡੀਜ਼ ਮੰਤਰੀ ਸਨ, ਦੀ ਡਿਊਟੀ ਡਾ. ਮਨਮੋਹਨ ਸਿੰਘ ਦੀ ਆਓ-ਭਗਤ ਲਈ ਲਾਈ ਗਈ ਸੀ ਅਤੇ ਮੈਂ ਉਦੋਂ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸਰਕਟ ਹਾਊਸ ’ਚ ਉਨ੍ਹਾਂ ਦੇ ਸਵਾਗਤ ਲਈ ਹਾਜ਼ਰ ਸੀ।

ਸਮਾਗਮ ਮਗਰੋਂ ਡਾ. ਮਨਮੋਹਨ ਸਿੰਘ ਨੇ ਅੰਬਾਲਾ ਕੈਂਟ ਤੋਂ ਦਿੱਲੀ ਲਈ ਰੇਲ ਗੱਡੀ ਰਾਹੀਂ ਜਾਣਾ ਸੀ। ਉਨ੍ਹਾਂ ਨੂੰ ਅੰਬਾਲਾ ਤਕ ਛੱਡਣ ਦੀ ਡਿਊਟੀ ਮੇਰੀ ਲਾਈ ਗਈ ਸੀ। ਅੰਬਾਲਾ ਕੈਂਟ ਸਟੇਸ਼ਨ ਪਹੁੰਚਣ ’ਤੇ ਉਹ ਫਸਟ ਕਲਾਸ ਵੇਟਿੰਗ ਰੂਮ ਵਿਚ ਚਲੇ ਗਏ। ਥੋੜ੍ਹੀ ਦੇਰ ਬਾਅਦ ਜਦੋਂ ਸਟੇਸ਼ਨ ਮਾਸਟਰ ਨੂੰ ਪਤਾ ਲੱਗਾ ਕਿ ਡਾ. ਮਨਮੋਹਨ ਸਿੰਘ ਵੇਟਿੰਗ ਰੂਮ ਵਿਚ ਗੱਡੀ ਦੀ ਉਡੀਕ ਕਰ ਰਹੇ ਹਨ ਤਾਂ ਉਸ ਨੇ ਆ ਕੇ ਡਾ. ਮਨਮੋਹਨ ਸਿੰਘ ਨੂੰ ਚਾਹ-ਪਾਣੀ ਦਾ ਪੁੱਛਿਆ ਪਰ ਉਨ੍ਹਾਂ ਨੇ ਬਹੁਤ ਹਲੀਮੀ ਨਾਲ ਮਨਾ ਕਰ ਦਿੱਤਾ ਅਤੇ ਰੇਲ ਗੱਡੀ ਆਉਣ ’ਤੇ ਉਹ ਦਿੱਲੀ ਲਈ ਸਵਾਰ ਹੋ ਗਏ। ਉਨ੍ਹਾਂ ਨਾਲ ਕੋਈ ਸਕਿਓਰਟੀ ਗਾਰਡ ਨਹੀਂ ਸੀ, ਹਾਲਾਂਕਿ ਉਹ ਕੇਂਦਰ ਦੇ ਸਿਟਿੰਗ ਵਿੱਤ ਮੰਤਰੀ ਸਨ।

ਇਸੇ ਤਰ੍ਹਾਂ ਪੰਜਾਬ ਦੇ ਇਕ ਕਾਂਗਰਸੀ ਨੇਤਾ ਨਾਲ ਮੈਂ ਡਾ. ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਰਸਤੇ ਵਿਚ ਉਸ ਨੇਤਾ ਦੇ ਡਰਾਈਵਰ ਨੇ ਕਿਹਾ ਕਿ ਉਹ ਵੀ ਡਾ. ਮਨਮੋਹਨ ਸਿੰਘ ਨੂੰ ਮਿਲਣਾ ਚਾਹੁੰਦਾ ਹੈ। ਅਸੀਂ ਜਦੋਂ ਡਾ. ਮਨਮੋਹਨ ਸਿੰਘ ਨੂੰ ਮਿਲਣ ਤੋਂ ਬਾਅਦ ਬਾਹਰ ਆ ਕੇ ਗੱਡੀ ਵਿਚ ਬੈਠੇ ਤਾਂ ਡਰਾਈਵਰ ਨੇ ਕਿਹਾ ਕਿ ‘‘ਤੁਸੀਂ ਮੈਨੂੰ ਡਾ. ਮਨਮੋਹਨ ਸਿੰਘ ਨਾਲ ਮਿਲਾਇਆ ਹੀ ਨਹੀਂ।’’ ਇਸ ’ਤੇ ਉਸ ਨੇਤਾ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਜੋ ਆਦਮੀ ਤੈਨੂੰ ਚਾਹ ਦੇਣ ਵਾਸਤੇ ਆਇਆ ਸੀ, ਉਹ ਡਾ. ਮਨਮੋਹਨ ਸਿੰਘ ਹੀ ਸਨ। ਡਰਾਈਵਰ ਇਹ ਸੁਣ ਕੇ ਉਨ੍ਹਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਦੋਂ ਡਾ. ਮਨਮੋਹਨ ਸਿੰਘ ਵਿਰੋਧੀ ਧਿਰ ਦੇ ਨੇਤਾ ਸਨ।

23 ਸਤੰਬਰ 2001 ਨੂੰ ਅਸੀਂ ਪੰਜਾਬ ਰਾਈਟਰਜ਼ ਫੋਰਮ ਵਲੋਂ ‘ਪੰਜਾਬ ਰਤਨ’ ਅਤੇ ‘ਪਟਿਆਲਾ ਰਤਨ’ ਐਵਾਰਡ ਦੇਣੇ ਸਨ। ਇਹ ਐਵਾਰਡ ਸਾਡੀ ਸੰਸਥਾ ਉਨ੍ਹਾਂ ਲੋਕਾਂ ਨੂੰ ਦਿੰਦੀ ਹੈ, ਜਿਹੜੇ ਆਪਣੇ ਖੇਤਰ ਵਿਚ ਆਪਣੀ ਮਿਹਨਤ ਨਾਲ ਬਹੁਤ ਉੱਚੇ ਪੱਧਰ ’ਤੇ (ਕੌਮੀ ਅਤੇ ਕੌਮਾਂਤਰੀ) ਆਪਣੀ ਪਛਾਣ ਬਣਾਉਂਦੇ ਹਨ। ਮੇਰੀ ਇੱਛਾ ਸੀ ਕਿ ਡਾ. ਮਨਮੋਹਨ ਸਿੰਘ ਨੂੰ ਬਤੌਰ ਸਟੇਟਸਮੈਨ ‘ਪੰਜਾਬ ਰਤਨ’ ਐਵਾਰਡ ਦਿੱਤਾ ਜਾਵੇ। ਇਸ ਦੇ ਲਈ ਮੈਂ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲ ਕੇ ਡਾ. ਮਨਮੋਹਨ ਸਿੰਘ ਤੋਂ ਸਮਾਂ ਲਿਆ ਹੋਇਆ ਸੀ। ਇਸ ਦੇ ਲਈ ਅਸੀਂ ਬਾਕਾਇਦਾ ਉਨ੍ਹਾਂ ਦੇ ਦਫਤਰ ਗਏ। ਡਾ. ਮਨਮੋਹਨ ਸਿੰਘ ਨੇ ਐਵਾਰਡ ਦੀ ਮਹੱਤਤਾ ਸਮਝ ਕੇ ਆਉਣ ਵਾਸਤੇ ਹਾਂ ਕਰ ਦਿੱਤੀ ਪਰ ਬਦਕਿਸਮਤੀ ਨਾਲ ਉਸ ਦਿਨ ਉਹ ਕਿਸੇ ਬਹੁਤ ਜ਼ਰੂਰੀ ਕੰਮ ’ਚ ਰੁੱਝ ਗਏ ਅਤੇ ਪਹੁੰਚ ਨਹੀਂ ਸਕੇ। ਬਾਅਦ ਵਿਚ ਉਨ੍ਹਾਂ ਨੇ ਨਾ ਪਹੁੰਚ ਸਕਣ ਲਈ ਵਾਰ-ਵਾਰ ਅਫਸੋਸ ਪ੍ਰਗਟਾਇਆ।

ਲਾਲਾ ਜਗਤ ਨਾਰਾਇਣ ਜੀ ਅਤੇ ਸ਼੍ਰੀ ਯਸ਼

ਗੱਲ 1974-75 ਦੀ ਹੈ, ਜਦੋਂ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿਚ ਸ਼੍ਰੀ ਯਸ਼ ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਜੇਲ ਮੰਤਰੀ ਸਨ। ਉਨ੍ਹਾਂ ਨੇ ਉਦੋਂ ਆਪਣੀ ਪ੍ਰਧਾਨਗੀ ਹੇਠ ਪੰਜਾਬ ਦੀਆਂ ਜੇਲਾਂ ਵਿਚ ਵਿਜ਼ਿਟ ਕਰਨ ਲਈ ਇਕ ਸਪੈਸ਼ਲ ਕਮੇਟੀ ਬਣਾਈ, ਜਿਸ ਵਿਚ ਮੈਂ ਵੀ ਇਕ ਨਾਨ-ਆਫੀਸ਼ੀਅਲ ਮੈਂਬਰ ਵਜੋਂ ਸ਼ਾਮਿਲ ਸੀ। ਐਮਰਜੈਂਸੀ ਲੱਗ ਚੁੱਕੀ ਸੀ ਅਤੇ ਸ਼੍ਰੀ ਯਸ਼ ਨੇ ਮੈਨੂੰ ਬੁਲਾ ਕੇ ਕਿਹਾ, ‘‘ਪਟਿਆਲਾ ਜੇਲ ’ਚ ਜਾਓ, ਉਥੇ ਲਾਲਾ ਜਗਤ ਨਾਰਾਇਣ ਜੀ ਹਨ। ਇਸ ਗੱਲ ਦਾ ਖਿਆਲ ਰੱਖਣਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ।’’

ਉਨ੍ਹੀਂ ਦਿਨੀਂ ‘ਮਿਲਾਪ’ ਅਖ਼ਬਾਰ (ਜਿਸ ਦੇ ਯਸ਼ ਜੀ ਮਾਲਕ ਸਨ) ਅਤੇ ‘ਹਿੰਦ ਸਮਾਚਾਰ’ ਅਖ਼ਬਾਰ ਵਿਚ ਇਕ-ਦੂਜੇ ਵਿਰੁੱਧ ਕਾਫੀ ਨੋਕ-ਝੋਕ ਹੋ ਰਹੀ ਸੀ। ਮੈਂ ਹੈਰਾਨ ਸੀ ਕਿ ਇਸ ਦੇ ਬਾਵਜੂਦ ਸ਼੍ਰੀ ਯਸ਼ ਮੈਨੂੰ ਲਾਲਾ ਜੀ ਦਾ ਖਾਸ ਖਿਆਲ ਰੱਖਣ ਲਈ ਕਹਿ ਰਹੇ ਸਨ। ਉਦੋਂ ਸਿਆਸੀ ਆਗੂਆਂ ਦਾ ਅਜਿਹਾ ਹੀ ਚਰਿੱਤਰ ਸੀ।

ਸ਼੍ਰੀ ਚੰਦਰਸ਼ੇਖਰ ਅਤੇ ਲਾਲਾ ਜਗਤ ਨਾਰਾਇਣ ਜੀ ਨਾਲ ਮੁਲਾਕਾਤ

ਲਾਲਾ ਜਗਤ ਨਾਰਾਇਣ ਜੀ ਪ੍ਰਤਾਪ ਸਿੰਘ ਕੈਰੋਂ ਦੇ ਮੰਤਰੀ ਮੰਡਲ ’ਚ ਇਕ ਸੀਨੀਅਰ ਮੰਤਰੀ ਸਨ। ਕਿਸੇ ਮੁੱਦੇ ’ਤੇ ਸ. ਕੈਰੋਂ ਨਾਲ ਉਨ੍ਹਾਂ ਦੀ ਬਹਿਸ ਹੋਈ ਤਾਂ ਉਨ੍ਹਾਂ ਨੇ ਵਜ਼ਾਰਤ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਪ੍ਰਤਾਪ ਸਿੰਘ ਕੈਰੋਂ ਵਿਰੁੱਧ ਮੁਹਿੰਮ ਛੇੜ ਦਿੱਤੀ, ਜਿਸ ਦੇ ਸਿੱਟੇ ਵਜੋਂ ‘ਦਾਸ ਕਮਿਸ਼ਨ’ ਬਣਿਆ। ਬਾਅਦ ਵਿਚ ਲਾਲਾ ਜਗਤ ਨਾਰਾਇਣ ਜੀ ਪੰਜਾਬ ਦੇ ਅੱਤਵਾਦ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ। ਇਹ ਜਾਣਦੇ ਹੋਏ ਵੀ ਕਿ ਅੱਤਵਾਦੀ ਉਨ੍ਹਾਂ ਦੀ ਜਾਨ ਦੇ ਪਿੱਛੇ ਪਏ ਹੋਏ ਹਨ, ਉਹ ਘਬਰਾਏ ਨਹੀਂ ਅਤੇ ਆਪਣੀਆਂ ਸਰਗਰਮੀਆਂ, ਲੇਖਾਂ ’ਚ ਅੱਤਵਾਦ ਵਿਰੁੱਧ ਬੋਲਦੇ, ਲਿਖਦੇ ਰਹੇ।

ਕਾਂਗਰਸ ਹਾਈਕਮਾਨ ਦੇ ਕਹਿਣ ਦੇ ਬਾਵਜੂਦ ਲਾਲਾ ਜੀ ਨੇ ਆਪਣਾ ਅਸਤੀਫਾ ਵਾਪਿਸ ਨਹੀਂ ਲਿਆ ਕਿਉਂਕਿ ਉਹ ਇਕ ਸੱਚੇ, ਸੰਘਰਸ਼ ਕਰਨ ਵਾਲੇ ਨੇਤਾ ਸਨ। ਪਟਿਆਲਾ ਜੇਲ ਦੇ ਦੌਰੇ ਦੌਰਾਨ ਮੈਂ ਸ਼੍ਰੀ ਚੰਦਰ ਸ਼ੇਖਰ ਨੂੰ ਵੀ ਮਿਲਿਆ। ਉਹ ਉਦੋਂ ਜੇਲ ’ਚ ਉਸ ਸੈੱਲ ’ਚ ਬੰਦ ਸਨ, ਜਿੱਥੇ ਕਦੇ ਸੇਵਾ ਸਿੰਘ ਠੀਕਰੀਵਾਲਾ ਨੂੰ ਰੱਖਿਆ ਗਿਆ ਸੀ। ਉਨ੍ਹਾਂ ਨੇ ਮੈਨੂੰ ਜੇਲਰ ਅਤੇ ਸਟਾਫ ਨਾਲ ਦੇਖ ਕੇ ਸਮਝਿਆ ਕਿ ਕੋਈ ਸਰਕਾਰੀ ਮੁਲਾਜ਼ਮ ਹੋਵੇਗਾ ਅਤੇ ਮੈਨੂੰ ਮਿਲਣ ਆਇਆ ਹੈ।

ਅਸੀਂ ਚੰਦਰ ਸ਼ੇਖਰ ਦੇ ਸੈੱਲ ’ਚ ਗਏ। ਉਨ੍ਹਾਂ ਨਾਲ ਅਟੈਚ ਇਕ ਕੈਦੀ ਸਾਡੇ ਲਈ ਚਾਹ ਬਣਾ ਕੇ ਲਿਆਇਆ। ਮੈਂ ਚੰਦਰ ਸ਼ੇਖਰ ਨੂੰ ਪੁੱਛ ਬੈਠਾ ਕਿ ਤੁਸੀਂ ਇੰਦਰਾ ਗਾਂਧੀ ਦੇ ਵਿਰੁੱਧ ਜਾ ਕੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ? ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਕੋਈ ਸਰਕਾਰੀ ਮੁਲਾਜ਼ਮ ਨਹੀਂ,ਸਗੋਂ ਪਬਲਿਕ ਵਰਕਰ ਹਾਂ। ਉਨ੍ਹਾਂ ਨੇ ਉਸ ਦਿਨ ਅਖ਼ਬਾਰ ਵਿਚ ਛਪੀ ਇਕ ਫੋਟੋ ਦਿਖਾਈ, ਜਿਸ ਵਿਚ ਲਖਨਊ ਰੇਲਵੇ ਸਟੇਸ਼ਨ ’ਤੇ ਸੰਜੇ ਗਾਂਧੀ ਦੇ ਪਹੁੰਚਣ ’ਤੇ ਉਨ੍ਹਾਂ ਦੀਆਂ ਚੱਪਲਾਂ, ਜੋ ਡੱਬੇ ਵਿਚ ਰਹਿ ਗਈਆਂ ਸਨ ਅਤੇ ਉਸ ਵੇਲੇ ਦੇ ਯੂ. ਪੀ. ਦੇ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਚੁੱਕ ਕੇ ਲਿਆਉਂਦੇ ਦਿਖਾਏ ਗਏ ਸਨ। ਚੰਦਰ ਸ਼ੇਖਰ ਨੇ ਮੈਨੂੰ ਫੋਟੋ ਦਿਖਾ ਕੇ ਕਿਹਾ ਕਿ ‘‘ਹੁਣ ਦੱਸੋ ਕਿ ਮੇਰਾ ਫੈਸਲਾ ਠੀਕ ਸੀ ਜਾਂ ਗਲਤ?’’

ਇਹੋ ਚੰਦਰ ਸ਼ੇਖਰ ਕੁਝ ਸਮੇਂ ਮਗਰੋਂ ਜਨਤਾ ਦਲ ਦੇ ਨੁਮਾਇੰਦੇ ਵਜੋਂ ਉੱਭਰੇ ਅਤੇ ਕੁਝ ਮਹੀਨਿਆਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ।

ਪਾਠਕਾਂ ਤਕ ਇਹ ਗੱਲਾਂ ਪਹੁੰਚਾਉਣ ਦਾ ਮੇਰਾ ਮਕਸਦ ਇਹੋ ਹੈ ਕਿ ਇਕ ਮਜ਼ਬੂਤ ਵਿਰੋਧੀ ਧਿਰ ਦਾ ਰੋਲ ਨਿਭਾਉਣ ਲਈ ਇਸ ਕਿਸਮ ਦੇ ਆਦਰਸ਼ਵਾਦੀ ਲੋਕਾਂ ਨੂੰ ਅੱਗੇ ਲਿਆ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਵੇ।


Bharat Thapa

Content Editor

Related News