ਟਰੰਪ ਵਲੋਂ ਨਾਜਾਇਜ਼ ਪ੍ਰਵਾਸੀਆਂ ਨੂੰ ਕੱਢਣ ਦੇ ਆਰਥਿਕ ਨਤੀਜੇ ਕੀ ਹੋਣਗੇ
Tuesday, Feb 25, 2025 - 05:00 PM (IST)

ਟਰੰਪ ਪ੍ਰਸ਼ਾਸਨ ਇਸ ਸਮੇਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦੇਣ ਵਿਚ ਰੁੱਝਿਆ ਹੋਇਆ ਹੈ। ਇਹ ਸੱਚ ਹੈ ਕਿ ਪ੍ਰਵਾਸੀਆਂ ਦੀ ਆਮਦ ਦੇ ਨਾਲ ਇਟਲੀ, ਫਰਾਂਸ, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਨੇਤਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਮੁੜ ਮੁਲਾਂਕਣ ਕਰ ਰਹੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਘਰੇਲੂ ਰਾਜਨੀਤਿਕ ਦਬਾਅ ਅਤੇ ਆਪਣੇ ਹੀ ਨਾਗਰਿਕਾਂ ਨਾਲ ਸੰਭਾਵੀ ਟਕਰਾਅ ਦਾ ਮੁਕਾਬਲਾ ਕਰਨ ਲਈ ਹੋਰ ਉਪਾਵਾਂ ਦੇ ਨਾਲ-ਨਾਲ ਸ਼ਰਨਾਰਥੀਆਂ ਦੇ ਪੁਨਰਵਾਸ ਜਾਂ ਦੇਸ਼ ਨਿਕਾਲੇ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ, ਜ਼ਿਆਦਾਤਰ ਅਰਥਸ਼ਾਸਤਰੀ ਪ੍ਰਵਾਸ ਨੂੰ ਰੋਕਣ ਦੇ ਉਪਾਵਾਂ ਨਾਲ ਸਹਿਮਤ ਨਹੀਂ ਹੋਣਗੇ, ਭਾਵੇਂ ਉਨ੍ਹਾਂ ਦੀਆਂ ਅਪੀਲਾਂ ਵੋਟਰਾਂ ਦੀ ਇਕ ਵਿਸ਼ਾਲ ਲੜੀ ਦੇ ਬੋਲ਼ੇ ਕੰਨਾਂ ਨੂੰ ਨਾ ਸੁਣਨ। ਕਿਸੇ ਵੀ ਸਮੂਹਿਕ ਦੇਸ਼ ਨਿਕਾਲੇ ਦਾ ਪ੍ਰਸਤਾਵ ਇਕ ਸਪੱਸ਼ਟ ਸਵਾਲ ਖੜ੍ਹਾ ਕਰਦਾ ਹੈ। ਕਿਸੇ ਕੀਮਤ ’ਤੇ ਸਹੀ ਅੰਦਾਜ਼ਾ ਲਗਾਉਣਾ ਕਈ ਕਾਰਨਾਂ ਕਰ ਕੇ ਚੁਣੌਤੀਪੂਰਨ ਹੈ। ਬਹੁਤ ਸਾਰੇ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਵਿਆਪਕ ਇਮੀਗ੍ਰੇਸ਼ਨ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਅੰਤ ਵਿਚ ਮਹਿੰਗਾਈ ਨੂੰ ਵਧਾ ਸਕਦੀਆਂ ਹਨ ਅਤੇ ਬਹੁਤ ਸਾਰੇ ਯੂਰਪੀਅਨ ਤੇ ਉੱਤਰੀ ਅਮਰੀਕੀ ਦੇਸ਼ਾਂ ’ਤੇ ਦਬਾਅ ਪਾ ਸਕਦੀਆਂ ਹਨ, ਜੋ ਪਹਿਲਾਂ ਹੀ ਕਮਜ਼ੋਰ ਵਿਕਾਸ ਦਰ ਦਾ ਸਾਹਮਣਾ ਕਰ ਰਹੇ ਹਨ।
ਇਕ ਕਾਗਜ਼ਾਂ ਤੋਂ ਬਗੈਰ (ਗੈਰ-ਦਸਤਾਵੇਜ਼ੀ) ਪ੍ਰਵਾਸੀ ਸਥਾਨਕ ਮਾਪਦੰਡਾਂ ਤੋਂ ਘੱਟ ਤਨਖਾਹ ਸਵੀਕਾਰ ਕਰ ਸਕਦਾ ਹੈ ਕਿਉਂਕਿ ਉਹ ਕੰਮ ਲਈ ਬੇਤਾਬ ਹਨ। ਇਸ ਲਈ ਅਮਰੀਕੀ ਕਾਮਿਆਂ ਨੂੰ ਭਰਤੀ ਕਰਨ ਲਈ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਅਮਰੀਕੀ ਮਾਲਕਾਂ ਨੂੰ ਤਨਖਾਹ ਵਧਾਉਣੀ ਪਵੇਗੀ ਕਿਉਂਕਿ ਗੈਰ-ਕਾਨੂੰਨੀ ਕਾਮੇ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ, ਜੋ ਬਹੁਤ ਘੱਟ ਮੂਲ-ਅਮਰੀਕੀ ਕਰਨਗੇ। ਇਹ ਅਮਰੀਕੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਨੂੰ ਠੱਪ ਵੀ ਕਰ ਸਕਦਾ ਹੈ। ਅਮਰੀਕਾ ਵਿਚ ਘੱਟ ਹੁਨਰਮੰਦ ਕਾਮਿਆਂ ਦੀ ਘਾਟ ਵਧ ਰਹੀ ਹੈ। ਪਰ ਇਹ ਅਜੇ ਵੀ ਮੈਕਸੀਕੋ, ਮੱਧ ਅਮਰੀਕਾ ਅਤੇ ਹੋਰ ਥਾਵਾਂ ’ਤੇ ਭਰਪੂਰ ਹਨ। ਜਾਇਜ਼ ਪ੍ਰਵੇਸ਼ ਲਈ ਹੋਰ ਚੈਨਲ ਖੋਲ੍ਹੇ ਬਿਨਾਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਬਾਜ਼ਾਰ ਦੀ ਗਤੀਸ਼ੀਲਤਾ ਦੇ ਵਿਰੁੱਧ ਹੋਵੇਗਾ।
ਕਾਰਨੇਲ ਯੂਨੀਵਰਸਿਟੀ ਦੀ 2015 ਦੀ ਰਿਪੋਰਟ, ‘ਪੰਜ ਤਰੀਕੇ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਅਰਥਵਿਵਸਥਾ ਨੂੰ ਸ਼ਕਤੀ ਦੇ ਰਹੇ ਹਨ’, ਜਿਸ ’ਚ ਸੰਖੇਪ ਵਿਚ ਦੱਸਿਆ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਭੋਜਨ ਤਿਆਰ ਕਰਨ ਅਤੇ ਪਰੋਸਣ ਵਾਲੇ 12 ਫੀਸਦੀ ਕਾਮੇ, 19 ਫੀਸਦੀ ਰੱਖ-ਰਖਾਅ ਕਰਨ ਵਾਲੇ, 17 ਫੀਸਦੀ ਉਸਾਰੀ ਦਾ ਕੰਮ ਕਰਨ ਵਾਲੇ ਅਤੇ 25 ਫੀਸਦੀ ਖੇਤੀਬਾੜੀ ਕਾਮੇ ਗੈਰ-ਕਾਨੂੰਨੀ ਕਾਮੇ ਹਨ। ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਕਾਰਨ ਬਹੁਤ ਸਾਰੇ ਮੁੱਖ ਉਦਯੋਗਾਂ ਨੂੰ ਗੰਭੀਰ ਕਿਰਤ ਝਟਕਿਆਂ ਦਾ ਸਾਹਮਣਾ ਕਰਨਾ ਪਵੇਗਾ, ਭਾਵ ਮਜ਼ਦੂਰਾਂ ਦੀ ਘਾਟ ਨਾਲ ਜੂਝਣਾ ਪਵੇਗਾ। ਜੇਕਰ ਉਦਯੋਗਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਲੱਖਾਂ ਅਮਰੀਕੀ ਮੂਲ ਦੇ ਕਾਮੇ ਵੀ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਮਈ 2024 ਵਿਚ ਕੋਲੋਰਾਡੋ ਯੂਨੀਵਰਸਿਟੀ ਡੈਨਵਰ ਦੇ ਅਰਥਸ਼ਾਸਤਰੀ ਕਲੋ ਈਸਟ ਨੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਦੱਸਿਆ ਕਿ ਅਰਥਵਿਵਸਥਾ ਇਕ ਜ਼ੀਰੋ-ਯੋਗ ਖੇਡ ਨਹੀਂ ਹੈ। ਜਦੋਂ ਇਕ ਵਿਅਕਤੀ ਕੋਲ ਨੌਕਰੀ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਹੋਰ ਲਈ ਇਕ ਨੌਕਰੀ ਘਟ ਗਈ ਹੈ।
ਅਕਤੂਬਰ 2024 ਵਿਚ ਪ੍ਰਕਾਸ਼ਿਤ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੀ ਇਕ ਵਿਸ਼ੇਸ਼ ਰਿਪੋਰਟ ਦੇ ਅਨੁਸਾਰ ਸਾਰੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਇਕ ਵਾਰ ਦੀ ਕਾਰਵਾਈ ਦੀ ਲਾਗਤ ਦਾ ਇਕ ਰੂੜੀਵਾਦੀ ਅੰਦਾਜ਼ਾ 315 ਬਿਲੀਅਨ ਡਾਲਰ ਸੀ। ਦੂਜੇ ਪਾਸੇ, ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਨਾਲ ਅਮਰੀਕਾ ਨੂੰ 88 ਬਿਲੀਅਨ ਡਾਲਰ ਖਰਚ ਹੋਣਗੇ, ਜੋ ਕਿ ਯੂ. ਐੱਸ. ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਸਾਲਾਨਾ ਬਜਟ ਤੋਂ ਦੁੱਗਣਾ ਹੈ। ਇਸ ਪੈਸੇ ਦਾ ਜ਼ਿਆਦਾਤਰ ਹਿੱਸਾ ਨਜ਼ਰਬੰਦੀ ਕੇਂਦਰਾਂ ਦੇ ਨਿਰਮਾਣ ’ਤੇ ਖਰਚ ਕੀਤਾ ਜਾਵੇਗਾ। ਇਸ ਦੀ ਅੰਦਾਜ਼ਨ ਕੁੱਲ ਲਾਗਤ 967.9 ਬਿਲੀਅਨ ਡਾਲਰ ਹੈ। ਇਸ ਵਿਚ 10 ਲੱਖ ਗ੍ਰਿਫ਼ਤਾਰੀਆਂ, ਨਜ਼ਰਬੰਦੀ, ਕਾਨੂੰਨੀ ਪ੍ਰਕਿਰਿਆਵਾਂ, ਹਵਾਈ ਜਹਾਜ਼ ਰਾਹੀਂ ਲਿਜਾਣਾ (ਭਾਵੇਂ ਹੀ ਇਹ ਖਰਚ ‘ਮਿੱਤਰ’ ਦੇਸ਼ਾਂ ਵੱਲੋਂ ਸਹਿਣ ਕੀਤਾ ਗਿਆ ਹੋਵੇ) ਅਤੇ ਹੋਰ ਬਹੁਤ ਸਾਰੇ ਸਹਾਇਕ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ ਮਨੁੱਖੀ ਲਾਗਤ ਵੀ ਹੈ। ਜੇਕਰ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ 4 ਮਿਲੀਅਨ ਮਿਸ਼ਰਤ-ਸਥਿਤੀ ਵਾਲੇ ਪਰਿਵਾਰ ਵੱਖ ਹੋ ਜਾਣਗੇ, ਜਿਸ ਨਾਲ 8.5 ਮਿਲੀਅਨ ਅਮਰੀਕੀ ਨਾਗਰਿਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗੈਰ-ਦਸਤਾਵੇਜ਼ੀ ਹਨ, ਜਿਨ੍ਹਾਂ ਵਿਚ 5.1 ਮਿਲੀਅਨ ਅਮਰੀਕੀ ਨਾਗਰਿਕ ਬੱਚੇ ਵੀ ਸ਼ਾਮਲ ਹਨ।
1 ਮਿਲੀਅਨ ਬਿਨਾਂ ਦਸਤਾਵੇਜ਼ ਵਾਲੇ ਅਪ੍ਰਵਾਸੀ ਉੱਦਮੀਆਂ, ਜਿਨ੍ਹਾਂ ਨੇ 2022 ਵਿਚ ਕੁੱਲ 27.1 ਬਿਲੀਅਨ ਮਾਲੀਆ ਪੈਦਾ ਕਰਨ ਵਿਚ ਯੋਗਦਾਨ ਪਾਇਆ, ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਗੈਰ-ਦਸਤਾਵੇਜ਼ੀ ਪਰਿਵਾਰਾਂ ਦੇ ਮਹੱਤਵਪੂਰਨ ਯੋਗਦਾਨ, ਜਿਵੇਂ ਕਿ ਸਮਾਜਿਕ ਸੁਰੱਖਿਆ ਲਈ 22.6 ਬਿਲੀਅਨ ਅਤੇ ਮੈਡੀਕੇਅਰ ਲਈ 5.7 ਬਿਲੀਅਨ ਸਾਲਾਨਾ ਅਮਰੀਕਾ ਵੱਲੋਂ ਗੁਆ ਦਿੱਤੇ ਜਾਣਗੇ। 2022 ਵਿਚ ਗੈਰ-ਕਾਨੂੰਨੀ ਪ੍ਰਵਾਸੀ ਪਰਿਵਾਰਾਂ ਨੇ ਸੰਘੀ ਟੈਕਸਾਂ ਵਿਚ 46.8 ਬਿਲੀਅਨ ਅਤੇ ਰਾਜ ਅਤੇ ਸਥਾਨਕ ਟੈਕਸਾਂ ਵਿਚ 29.3 ਬਿਲੀਅਨ ਦਾ ਭੁਗਤਾਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਲਾਭਾਂ ਦਾ ਸਮਰਥਨ ਕਰਨ ਲਈ ਭੁਗਤਾਨ ਕਰਦੇ ਹਨ, ਜੋ ਉਹ ਪ੍ਰਾਪਤ ਕਰਨ ਦੇ ਯੋਗ ਵੀ ਨਹੀਂ ਹਨ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਪ੍ਰਵਾਸੀਆਂ ਕੋਲ ਟੈਕਸਾਂ ਤੋਂ ਬਾਅਦ ਖਰਚ ਕਰਨ ਦੀ ਸ਼ਕਤੀ 250 ਬਿਲੀਅਨ ਸੀ, ਜਿਸ ਦੀ ਵਰਤੋਂ ਉਹ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਲਈ ਕਰ ਸਕਦੇ ਸਨ। ਕੁੱਲ ਮਿਲਾ ਕੇ, ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਕਾਰਨ ਅਮਰੀਕਾ ’ਚ ਸਮੁੱਚੇ ਘਰੇਲੂ ਉਤਪਾਦ ’ਚ ਸਾਲਾਨਾ 4.2-6.8 ਫੀਸਦੀ ਦੀ ਕਮੀ ਆ ਜਾਵੇਗੀ, ਜੋ ਮੁੱਖ ਤੌਰ ’ਤੇ ਅਮਰੀਕੀ ਉਦਯੋਗਾਂ ਵਿਚ ਕਾਮਿਆਂ ਦੀ ਘਾਟ ਕਾਰਨ ਆਵੇਗੀ। ਤੁਲਨਾ ਲਈ 2007-09 ਦੀ ਮਹਾਮੰਦੀ ਦੌਰਾਨ ਅਮਰੀਕੀ ਸਮੁੱਚੀ ਘਰੇਲੂ ਉਤਪਾਦ (ਜੀ. ਡੀ.ਪੀ.) ’ਚ 4.3 ਫੀਸਦੀ ਦੀ ਕਮੀ ਆਈ ਸੀ।
ਅਤਾਨੂ ਬਿਸਵਾਸ