ਕੀ ਟਰੰਪ ਉਹ ਕੀਮਤ ਹਨ ਜੋ ਸ਼ਾਂਤੀ ਦੇ ਲਈ ਦੁਨੀਆ ਨੂੰ ਅਦਾ ਕਰਨੀ ਪਵੇਗੀ

Monday, Jan 20, 2025 - 03:16 AM (IST)

ਕੀ ਟਰੰਪ ਉਹ ਕੀਮਤ ਹਨ ਜੋ ਸ਼ਾਂਤੀ ਦੇ ਲਈ ਦੁਨੀਆ ਨੂੰ ਅਦਾ ਕਰਨੀ ਪਵੇਗੀ

ਇਹ ਤਾਂ ਅਸੀਂ ਪੜ੍ਹ ਹੀ ਰਹੇ ਹਾਂ ਕਿ ਗਾਜ਼ਾ ਅਤੇ ਇਜ਼ਰਾਈਲ ਦੇ ਦਰਮਿਆਨ ਇਕ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਜੰਗ ਖਤਮ ਕਰਨ ਦੇ ਸਮਝੌਤੇ ’ਤੇ ਦਸਤਖਤ ਹੋ ਗਏ ਹਨ ਜਿਸ ’ਚ ਸਿਰਫ 10 ਮਿੰਟ ਦਾ ਸਮਾਂ ਹੀ ਲੱਗਾ। ਇਸ ਸਮਝੌਤੇ ਦਾ ਖਰੜਾ ਉਹੀ ਹੈ ਜੋ ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਪੇਸ਼ ਕੀਤਾ ਸੀ ਅਤੇ ਇਸ ’ਤੇ ਇਕ ਸਾਲ ਤੱਕ ਚਰਚਾ ਚੱਲੀ।

ਹੁਣ 19 ਜਨਵਰੀ ਨੂੰ ਫਿਲਸਤੀਨ ਅਤੇ ਇਜ਼ਰਾਈਲ ਵਲੋਂ ਬੰਧਕ ਬਣਾਏ ਗਏ ਬੰਧਕਾਂ ਦੇ ਪਹਿਲੇ ਜਥੇ ਦੀ ਅਦਲਾ-ਬਦਲੀ ਹੋਈ, ਜਿਸਦੇ ਅਧੀਨ 3 ਬੰਧਕ ਰਿਹਾਅ ਕੀਤੇ ਗਏ। ਅਗਲੇ 2-3 ਹਫਤਿਆਂ ’ਚ ਸਾਰੇ ਇਜ਼ਰਾਈਲੀ ਬੰਧਕ ਰਿਹਾਅ ਹੋਣਗੇ ਅਤੇ ਇਜ਼ਰਾਈਲੀ ਫੌਜ ਗਾਜ਼ਾ ਤੋਂ ਗ੍ਰਿਫਤਾਰ ਕੀਤੇ ਗਏ ਨਾਗਰਿਕਾਂ ਨੂੰ ਵੀ ਰਿਹਾਅ ਕਰੇਗੀ।

ਪਰ ਅਜਿਹਾ ਕੀ ਹੈ ਕਿ ਟਰੰਪ ਦੇ ਆਉਣ ’ਤੇ ਹੀ ਇਹ ਸਭ ਸੁਲਝ ਰਿਹਾ ਹੈ? ਟਰੰਪ ਨੇ ਕਿਹਾ ਸੀ ਕਿ ਮੈਂ ਆਵਾਂਗਾ ਅਤੇ ਜੇਕਰ ਸਮਝੌਤਾ ਨਾ ਹੋਇਆ ਤਾਂ ਸਭ ਤਬਾਹ ਕਰ ਦੇਵਾਂਗਾ। 20 ਜਨਵਰੀ ਨੂੰ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਨੇ ਮੱਧ-ਪੂਰਬ ’ਚ ਜੰਗਬੰਦੀ ਕਰਵਾ ਕੇ ਆਪਣੀ ਛਾਪ ਛੱਡ ਦਿੱਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵਲੋਂ ਆਪਣੇ ਗੱਠਜੋੜ ਸਹਿਯੋਗੀਆਂ ਦੇ ਨਾਲ ਰਲ ਕੇ ਇਸ ਮੁੱਦੇ ਨੂੰ ਲਟਕਾਉਂਦੇ ਜਾਣ ਦੀ ਕਾਟ ਵੀ ਕੱਢ ਲਈ। ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡਨ ਦੇ ਸ਼ਾਸਨ ਦੇ ਅਧੀਨ ਅਮਰੀਕਾ ਫਿਲਸਤੀਨੀ ਸੰਗਠਨਾਂ ’ਤੇ ਜੋ ਦਬਾਅ ਨਾ ਪਾ ਸਕਿਆ ਉਹ ਡੋਨਾਲਡ ਟਰੰਪ ਨੇ ਪਾ ਦਿੱਤਾ ਅਤੇ ਉਚਿਤ ਤੌਰ ’ਤੇ ਉਹ ਇਸ ਦਾ ਸਿਹਰਾ ਲੈ ਸਕਦੇ ਹਨ।

ਜੇਕਰ ਇਹ ਜੰਗ ਟਰੰਪ ਦੇ ਆਉਣ ਨਾਲ ਹੀ ਖਤਮ ਹੋ ਸਕਦੀ ਹੈ ਤਾਂ ਕੀ ਇਹ ਮੰਨਿਆ ਜਾਵੇ ਕਿ ਦੁਨੀਆ ’ਚ ਸਖਤ ਅਤੇ ਸਿਧਾਂਤਾਂ ਨੂੰ ਨਾ ਮੰਨਣ ਵਾਲਾ ਇਕ ਉਨ੍ਹਾਂ ਵਰਗਾ ਨੇਤਾ ਚਾਹੀਦਾ ਹੈ?

ਇਕ ਪਾਸੇ ਜਿੱਥੇ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ ਜੰਗਬੰਦੀ ਦਾ ਸਮਝੌਤਾ ਹੋ ਗਿਆ ਹੈ ਤਾਂ ਦੂਜੇ ਪਾਸੇ ਇਜ਼ਰਾਈਲ ਇਹ ਵੀ ਕਹਿ ਰਿਹਾ ਹੈ ਕਿ ਇਹ ਜੰਗਬੰਦੀ ਆਰਜ਼ੀ ਹੈ, ਉੱਧਰ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਵੀ ਜੰਗਬੰਦੀ ਦੇ ਲਈ ਗੱਲਬਾਤ ਸ਼ੁਰੂ ਕਰਵਾਉਣਗੇ। ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਕਸੀ ਕਹਿੰਦੇ ਸਨ ਕਿ ਜਦ ਤੱਕ ਰੂਸ ਉਨ੍ਹਾਂ ਦੇ ਦੇਸ਼ ਦੀ ਕਬਜ਼ਾ ਕੀਤੀ ਜ਼ਮੀਨ ਨੂੰ ਖਾਲੀ ਨਹੀਂ ਕਰੇਗਾ, ਤਦ ਤੱਕ ਉਹ ਉਸ ਦੇ ਨਾਲ ਗੱਲ ਨਹੀਂ ਕਰਨਗੇ ਪਰ ਹੁਣ ਉਨ੍ਹਾਂ ਵਲੋਂ ਇਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਹੈ।

ਯੂਕ੍ਰੇਨ ’ਤੇ ਹਮਲੇ ਤੋਂ ਪਹਿਲਾਂ 2014 ’ਚ ਰੂਸ ਕ੍ਰੀਮੀਆ ’ਤੇ ਵੀ ਕਬਜ਼ਾ ਕਰ ਚੁੱਕਾ ਹੈ ਅਤੇ ਹੁਣ ਯੂਕ੍ਰੇਨ ਦੀ ਉਹ ਲਗਭਗ ਇਕ-ਤਿਹਾਈ ਜ਼ਮੀਨ ’ਤੇ ਕਬਜ਼ਾ ਕਰ ਚੁੱਕਾ ਹੈ। ਯੂਕ੍ਰੇਨ ’ਚ ਰੂਸ ਜਾਨ-ਮਾਲ ਦੀ ਇੰਨੀ ਤਬਾਹੀ ਕਰ ਚੁੱਕਾ ਹੈ ਕਿ ਹੁਣ ਜ਼ੇਲੈਂਸਕੀ ਉਪਰਲੇ ਤੌਰ ’ਤੇ ਬੇਸ਼ੱਕ ਨਾ ਹੀ ਸਹੀ ਪਰ ਅੰਦਰੋਂ ਰੂਸ ਦੇ ਨਾਲ ਗੱਲ ਕਰ ਕੇ ਸ਼ਾਂਤੀ ਸਮਝੌਤਾ ਕਰਨ ਲਈ ਤਿਆਰ ਹੋ ਗਏ ਹਨ।

ਤਿੰਨ ਸਰਦੀਆਂ ਝੱਲ ਚੁੱਕੀ ਇਸ ਜੰਗ ’ਚ ਰੂਸ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਦਰਮਿਆਨ 17 ਜਨਵਰੀ ਨੂੰ ਯੂਕ੍ਰੇਨ ਨੇ ਰੂਸ ’ਚ ਵੱਖ-ਵੱਖ ਟਿਕਾਣਿਆਂ ’ਤੇ ਹਮਲੇ ਕਰ ਕੇ ਭਾਰੀ ਤਬਾਹੀ ਕੀਤੀ ਹੈ।

ਹਾਲਾਂਕਿ ਰੂਸ ਨੂੰ ਚੀਨ ਦਾ ਅਤੇ ਯੂਕ੍ਰੇਨ ਨੂੰ ਅਮਰੀਕਾ ਦਾ ਸਮਰਥਨ ਸੀ ਪਰ ਦੋਵਾਂ ਦਾ ਕਾਫੀ ਨੁਕਸਾਨ ਹੋ ਜਾਣ ਦੇ ਬਾਵਜੂਦ ਉਹ ਜੰਗ ’ਚ ਉਲਝੇ ਹੋਏ ਸਨ ਤਾਂ ਅਜਿਹਾ ਕੀ ਹੈ ਕਿ ਟਰੰਪ ਦੇ ਆਉਣ ਨਾਲ ਇਹ ਸਮਝੌਤੇ ਹੋ ਰਹੇ ਹਨ।

ਤੀਜਾ, ਯੂਰਪ ਦੇ ਦੇਸ਼ ਉਨ੍ਹਾਂ ਵਲੋਂ ਪ੍ਰਤੀਰੱਖਿਆ ’ਤੇ ਵੱਧ ਖਰਚ ਕਰਨ ਲਈ ਸਹਿਮਤ ਨਾ ਹੋਣ ਦੀ ਹਾਲਤ ’ਚ ਨਾਟੋ ’ਚੋਂ ਨਿਕਲਣ ਦੀ ਟਰੰਪ ਦੀ ਧਮਕੀ ਨਾਲ ਨਜਿੱਠਣ ਲਈ ਲਿਪਾਪੋਚੀ ਕਰ ਰਹੇ ਹਨ।

ਵਿਸਥਾਰਤ ਪੱਧਰ ’ਤੇ ਇਹ ਮਤਾ ਕਹਿੰਦਾ ਹੈ ਕਿ ਯੂਰਪ ਦੀਆਂ ਘੱਟੋ-ਘੱਟ ਸੁਰੱਖਿਆ ਲੋੜਾਂ ਦੀ ਪੂਰਤੀ ਲਈ ਯੂਰਪੀ ਸਹਿਯੋਗੀਆਂ ਨੂੰ 2030 ਤੱਕ ਖੁਦ ਮਿਲ ਕੇ ਨਾਟੋ ਦੀ ਯੂਰਪੀ ਸੁਰੱਖਿਆ ਸਮਰੱਥਾ ਦਾ ਅੱਧਾ ਖਰਚਾ ਚੁੱਕਣਾ ਹੋਵੇਗਾ। ਇਹ ਵੀ ਸੁਝਾਅ ਹੈ ਕਿ ਇਹ ਹਿੱਸਾ 2035 ਤੱਕ ਵਧ ਕੇ ਦੋ-ਤਿਹਾਈ ਹੋ ਜਾਣਾ ਚਾਹੀਦਾ ਹੈ। ਅਜਿਹਾ ਕਰਨ ਦਾ ਭਾਵ ਹੈ ਕਿ ਯੂਰਪੀ ਦੇਸ਼ਾਂ ਨੂੰ ਸੁਰੱਖਿਆ ’ਤੇ ਹੋਣ ਵਾਲੇ ਖਰਚ ਨੂੰ ਆਪਣੀ ਜੀ. ਡੀ. ਪੀ. ਦੇ ਤਿੰਨ ਫੀਸਦੀ ਤੋਂ ਵੱਧ ਵਧਾਉਣਾ ਹੋਵੇਗਾ।

ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ 4 ਸਾਲਾਂ ਲਈ ਆਉਂਦਾ ਹੈ ਅਤੇ ਉਸ ਨੂੰ 2 ਤੋਂ ਵੱਧ ਕਾਰਜਕਾਲ ਨਹੀਂ ਦਿੱਤੇ ਜਾਂਦੇ ਪਰ ਕੀ ਇਹ ਸਾਰੇ ਦੇਸ਼ ਸਿਰਫ 4 ਸਾਲ ਲਈ ਸ਼ਾਂਤ ਹੋ ਰਹੇ ਹਨ ਜਾਂ ਇਸ ਦੇ ਅੱਗੇ ਵੀ ਚੱਲੇਗਾ।

ਵਰਣਨਯੋਗ ਹੈ ਕਿ ਦੂਜੀ ਸੰਸਾਰ ਜੰਗ ਦੇ ਬਾਅਦ ਜਦ ਯੂਰਪ ਅਤੇ ਅਮਰੀਕਾ ਦਾ ਸਾਰਾ ਇਤਿਹਾਸ ਬਦਲ ਗਿਆ ਤਦ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਦੂਜੀ ਸੰਸਾਰ ਜੰਗ ਦੀ ਸਮਾਪਤੀ ਦੇ ਬਾਅਦ 1948 ’ਚ ਕਿਹਾ ਸੀ ਕਿ ‘ਸ਼ਾਂਤੀ ਦੀ ਕੀਮਤ ਅਦਾ ਕਰੋ ਨਹੀਂ ਤਾਂ ਜੰਗ ਦੀ ਕੀਮਤ ਅਦਾ ਕਰਨੀ ਪਵੇਗੀ।’ ਇਸ ਦੇ ਬਾਅਦ ਸਭ ਨੇ ਪਲਾਨ ਕੀਤਾ ਅਤੇ ਯੂ. ਐੱਨ. ਏ. ਨੇ ਸ਼ਾਂਤੀ ਦੇ ਪੱਖ ’ਚ ਮਤਾ ਪਾਸ ਕੀਤਾ ਸੀ ਪਰ ਸਭ ‘ਹੌਟ ਵਾਰ’ ਤੋਂ ‘ਕੋਲਡ ਵਾਰ’ ’ਚ ਚਲੇ ਗਏ ਜਿਸ ਦੇ ਬਾਅਦ ਅਮਰੀਕਾ ਨੇ ਬਹੁਤ ਸਾਰਾ ਧਨ ਖਰਚ ਕੀਤਾ ਅਤੇ ਕਈ ਦੇਸ਼ਾਂ ਨੂੰ ਤਬਾਹ ਕੀਤਾ।

ਹਾਲਾਂਕਿ ਮੰਨਿਆ ਜਾਂਦਾ ਹੈ ਕਿ ਟਰੰਪ ‘ਟ੍ਰਾਂਜ਼ੈਕਸ਼ਨਲ’ ਹਨ ਭਾਵ ਉਹ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹੋਰ ਹਨ। ਉਹ ਗੱਲਾਂ ਵੱਧ ਅਤੇ ਕੰਮ ਘੱਟ ਕਰਨ ਲਈ ਜਾਣੇ ਜਾਂਦੇ ਹਨ ਤਾਂ ਕੀ ਦੁਨੀਆ ਨੂੰ ਇਸ ਗੱਲ ਦਾ ਡਰ ਹੈ ਕਿ ਉਹ ਇਕ ਅਜਿਹੇ ਸਮਰੱਥ ਵਿਅਕਤੀ ਹਨ ਜੋ ਗਲਤ ਕੰਮ ਵੀ ਕਰ ਲੈਣਗੇ?

ਹਾਲਾਂਕਿ ਦੂਜੇ ਪਾਸੇ ਸਾਰਿਆਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿ ਉਹ ਦੇਸ਼ਾਂ ’ਤੇ ਟੈਰਿਫ ਵਧਾ ਦੇਣਗੇ ਜਿਸ ਨਾਲ ਅਰਥਵਿਵਸਥਾ ਡਾਵਾਂਡੋਲ ਹੋ ਜਾਵੇਗੀ। ਚੀਨ ਨੂੰ ਵੀ ਇਹ ਡਰ ਹੈ ਕਿ ਉਹ ਜਿਹੜੇ ਕੰਮ ਆਰਾਮ ਨਾਲ ਕਰ ਸਕਦਾ ਸੀ, ਉਸ ਨੂੰ ਕਰਨਾ ਹੁਣ ਉਸ ਦੇ ਲਈ ਔਖਾ ਹੋ ਜਾਵੇਗਾ।

ਤਾਂ ਕੀ 1945 ਤੋਂ ਵਿਸ਼ਵ ਭਰ ’ਚ ਸੰਯੁਕਤ ਰਾਸ਼ਟਰ ਜਾਂ ਅੰਤਰਰਾਸ਼ਟਰੀ ਅਦਾਲਤ ਆਦਿ ਦੇ ਅਨੁਸਾਰ ਜੋ ਨਿਯਮ ਆਦਿ ਬਣੇ ਹੋਏ ਸਨ, ਉਹ ਸਭ ਧਰੇ ਦੇ ਧਰੇ ਰਹਿ ਜਾਣਗੇ।

-ਵਿਜੇ ਕੁਮਾਰ


author

Harpreet SIngh

Content Editor

Related News