ਦੀਵਾਲੀ : ਸਮਾਜਿਕ ਸਰੋਕਾਰਾਂ ’ਚ ਸ਼੍ਰੀਰਾਮ

Thursday, Oct 31, 2024 - 03:47 PM (IST)

ਦੀਵਾਲੀ : ਸਮਾਜਿਕ ਸਰੋਕਾਰਾਂ ’ਚ ਸ਼੍ਰੀਰਾਮ

ਸਾਰੇ ਪਾਠਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਿੰਦੂ ਮਾਨਤਾਵਾਂ ਦੇ ਅਨੁਸਾਰ, ਜਿਸ ਦਿਨ ਮਾਤਾ ਲੱਛਮੀ ਜੀ ਪ੍ਰਗਟ ਹੋਏ, ਉਸੇ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਵੀ ਅਯੁੱਧਿਆ ਪਰਤ ਆਏ ਸਨ। ਇਸ ਲਈ ਦੀਵਾਲੀ ’ਤੇ ਦੁਨੀਆ ਭਰ ਦੇ ਹਿੰਦੂ ਦੀਵੇ ਜਗਾਉਂਦੇ ਹਨ ਅਤੇ ਮਾਤਾ ਲੱਛਮੀ ਦੀ ਪੂਜਾ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਆਸ਼ੀਰਵਾਦ ਬਣਿਆ ਰਹੇ। ਇਹ ਪਹਿਲੀ ਵਾਰ ਹੈ ਜਦੋਂ ਲਗਭਗ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਰਾਮਲਲਾ ਆਪਣੇ ਵਿਸ਼ਾਲ ਮੰਦਰ ਵਿਚ ਦੀਵਾਲੀ ਮਨਾ ਰਹੇ ਹਨ। ਕਰੋੜਾਂ ਸ਼ਰਧਾਲੂ ਹਿੰਦੂਆਂ ਲਈ, ਸ਼੍ਰੀ ਰਾਮ ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਦੇ ਨਾਲ ਰਾਸ਼ਟਰੀ ਨਾਇਕ ਵਜੋਂ ਵੀ ਸਥਾਪਤ ਹਨ। ਉਨ੍ਹਾਂ ਦਾ ਸਮੁੱਚਾ ਜੀਵਨ ਭਾਰਤੀ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਮਿਆਰ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਰੀ ਸਮੇਤ ਹੋਰ ਦੇਵਤਿਆਂ ਦੇ ਨਾਲ-ਨਾਲ ਪ੍ਰਭੂ ਸ਼੍ਰੀ ਰਾਮ ਦਾ ਜ਼ਿਕਰ ਢਾਈ ਹਜ਼ਾਰ ਤੋਂ ਵੱਧ ਵਾਰ ਕੀਤਾ ਗਿਆ ਹੈ, ਨਾਲ ਹੀ ਗਾਂਧੀ ਦਾ ਸੱਚੇ ਲੋਕਤੰਤਰ, ਸਵੈ-ਰਾਜ ਅਤੇ ਸੁਸ਼ਾਸਨ ਦੀ ਪ੍ਰੇਰਣਾ ਸਪੱਸ਼ਟ ਰੂਪ ਵਿਚ ਰਾਮ ਰਾਜ ਤੋਂ ਸੀ।

ਸਵਾਮੀ ਵਿਵੇਕਾਨੰਦ ਜੀ ਵੀ ਰਾਮ-ਸੀਤਾ ਨੂੰ ਭਾਰਤੀ ਰਾਸ਼ਟਰ ਦਾ ਆਦਰਸ਼ ਮੰਨਦੇ ਸਨ। ਇਹ ਸੁਭਾਵਿਕ ਵੀ ਹੈ ਕਿਉਂਕਿ ਰਾਮਕਥਾ ਉਨ੍ਹਾਂ ਸਾਰੇ ਜੀਵਨ ਮੁੱਲਾਂ ਦਾ ਮਿਸ਼ਰਣ ਹੈ, ਜੋ ਮਨੁੱਖ, ਸਮਾਜ ਅਤੇ ਸੰਸਾਰ ਨੂੰ ਸੁਖੀ ਅਤੇ ਸੰਤੁਸ਼ਟ ਹੋਣ ਦਾ ਰਸਤਾ ਦਿਖਾਉਂਦੀ ਹੈ। ਸ਼੍ਰੀ ਰਾਮ ਸਮਾਜਿਕ ਸਦਭਾਵਨਾ ਦਾ ਸ਼ੀਸ਼ਾ ਹਨ। ਆਪਣੇ ਜੀਵਨ ਦੇ ਸਭ ਤੋਂ ਦੁਖਦਾਈ ਪੜਾਅ ਦੌਰਾਨ ਸ਼੍ਰੀ ਰਾਮ ਨੇ ਸਿਰਫ ਜੰਗਲ ਨਿਵਾਸੀਆਂ ਨੂੰ ਆਪਣੇ ਸਹਿਯੋਗੀਆਂ ਅਤੇ ਸਲਾਹਕਾਰਾਂ ਵਜੋਂ ਲਿਆ, ਜਿਸ ਵਿਚ ਕੇਵਟ ਨਿਸ਼ਾਦ, ਕੋਲ, ਭੀਲ, ਕਿਰਾਤ ਅਤੇ ਭਾਲੂ ਸ਼ਾਮਲ ਸਨ। ਜੇਕਰ ਸ਼੍ਰੀ ਰਾਮ ਚਾਹੁੰਦੇ ਤਾਂ ਅਯੁੱਧਿਆ ਜਾਂ ਜਨਕਪੁਰ ਤੋਂ ਮਦਦ ਲੈ ਸਕਦੇ ਸਨ ਪਰ ਉਨ੍ਹਾਂ ਦੇ ਸਾਥੀ ਉਹ ਲੋਕ ਬਣ ਗਏ, ਜਿਨ੍ਹਾਂ ਨੂੰ ਅੱਜ ਆਦਿਵਾਸੀ, ਦਲਿਤ, ਪੱਛੜੇ ਜਾਂ ਅਤਿ ਪੱਛੜੇ ਕਿਹਾ ਜਾਂਦਾ ਹੈ।

ਸ਼੍ਰੀ ਰਾਮ ਨੇ ਇਨ੍ਹਾਂ ਸਾਰਿਆਂ ਨੂੰ ‘ਦੋਸਤ’ ਕਹਿ ਕੇ ਸੰਬੋਧਿਤ ਕੀਤਾ, ਜਦਕਿ ਜੰਗਲ ਵਿਚ ਰਹਿਣ ਵਾਲੇ ਹਨੂੰਮਾਨ ਨੂੰ ਲਛਮਣ ਤੋਂ ਵੀ ਪਿਆਰਾ ਦੱਸਿਆ ਹੈ। ਭੀਲ ਸਮਾਜ ਦੀ ਸ਼ਬਰੀ ਮਾਤਾ ਦਾ ਪਿਛੜਾਪਨ ਦੋਹਰਾ ਹੈ ਕਿਉਂਕਿ ਉਹ ਗੈਰ-ਕੁਲੀਨ ਵਰਗ ਦੀ ਔਰਤ ਹੈ। ਸ਼੍ਰੀ ਰਾਮ ਪਿਆਰ ਨਾਲ ਸ਼ਬਰੀ ਦੇ ਜੂਠੇ ਬੇਰਾਂ ਨੂੰ ਸਵੀਕਾਰ ਕਰਦੇ ਹਨ। ਜਟਾਯੂ, ਮਾਸਾਹਾਰੀ ਗਿਰਝ ਰਾਜਾ, ਜਿਸ ਨੇ ਮਾਤਾ ਸੀਤਾ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦਿੱਤੀ ਸੀ, ਜੋ ਕਿ ਵਰਤਮਾਨ ਵਿਚ ਇਕ ਘਟੀਆ ਪੰਛੀ ਹੈ, ਨੂੰ ਸ਼੍ਰੀ ਰਾਮ ਕਰਮਾਂ ਤੋਂ ਦੇਖਦੇ ਹਨ ਅਤੇ ਪਿਤਾ ਵਰਗੀ ਭਾਵਨਾ ਨਾਲ ਉਸ ਦਾ ਅੰਤਿਮ ਸੰਸਕਾਰ ਕਰਦੇ ਹਨ। ਇਹ ਦਰਸਾਉਂਦਾ ਹੈ ਕਿ ਸ਼੍ਰੀ ਰਾਮ ਲਈ ਸਿਰਫ ਕਰਮ ਨੂੰ ਹੀ ਤਰਜੀਹ ਹੈ, ਬਾਕੀ ਅਰਥਹੀਣ।

ਰਾਵਣ ਕੌਣ ਸੀ? ਉਹ ਪੁਲਸਤਯ ਕੁੱਲ ਵਿਚ ਪੈਦਾ ਹੋਇਆ ਇਕ ਬ੍ਰਾਹਮਣ ਸੀ, ਇਕ ਮਹਾਨ ਵਿਦਵਾਨ, ਸਰਬ ਸ਼ਕਤੀਮਾਨ, ਸ਼ਿਵ ਦਾ ਇਕ ਮਹਾਨ ਭਗਤ, ਸੁਨਹਿਰੀ ਲੰਕਾ ਦਾ ਮਾਲਕ ਸੀ। ਪਰ ਉਹ ਵਿਹਾਰ ’ਚ ਦੁਸ਼ਟ, ਕਾਮੁਕ ਅਤੇ ਭ੍ਰਿਸ਼ਟ ਸੀ। ਇਸੇ ਲਈ ਹਨੂੰਮਾਨ ਜੀ ਨੇ ਅਧਰਮ ਦੀ ਪ੍ਰਤੀਕ ਲੰਕਾ ਨੂੰ ਸਾੜ ਦਿੱਤਾ ਅਤੇ ਸ਼੍ਰੀ ਰਾਮ ਨੇ ਰਾਵਣ ਨੂੰ ਮਾਰਿਆ। ਇਹ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਵਿਵਸਥਾ ਦੀ ਰੱਖਿਆ ਲਈ ਸੱਭਿਅਕ ਸਮਾਜ ਨੂੰ ਇਨ੍ਹਾਂ ਜੀਵਨ ਮੁੱਲਾਂ ਦੇ ਦੁਸ਼ਮਣਾਂ ਨੂੰ ਅਹੁਦੇ, ਰੁਤਬੇ, ਵਰਗ ਆਦਿ ਦੀ ਚਿੰਤਾ ਕੀਤੇ ਬਿਨਾਂ ਸਜ਼ਾ ਦੇਣੀ ਚਾਹੀਦੀ ਹੈ। ਜੇਕਰ ਮੌਜੂਦਾ ਹਾਲਾਤ ਵਿਚ ਇਨ੍ਹਾਂ ਕਦਰਾਂ-ਕੀਮਤਾਂ ਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਅਸੀਂ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

ਬਾਲੀ ਨੂੰ ਮਾਰਨ ਤੋਂ ਬਾਅਦ ਸ਼੍ਰੀ ਰਾਮ ਕਿਸ਼ੀਕਿੰਧਾ ਦਾ ਰਾਜ ਸੁਗਰੀਵ ਨੂੰ ਸੌਂਪ ਦਿੰਦੇ ਹਨ ਅਤੇ ਬਾਲੀ ਪੁੱਤਰ ਅੰਗਦ ਨੂੰ ਇਸ ਦਾ ਉੱਤਰਾਧਿਕਾਰੀ ਐਲਾਨਦੇ ਹਨ। ਜਦੋਂ ਸ਼੍ਰੀ ਰਾਮ ਲੰਕਾ ਵਿਚ ਜਿੱਤ ਪ੍ਰਾਪਤ ਕਰਦੇ ਹਨ, ਤਾਂ ਉਹ ਨਾ ਸਿਰਫ ਲਛਮਣ ਨੂੰ ਵਿਭੀਸ਼ਣ ਦੇ ਰਾਜ ਤਿਲਕ ਦਾ ਹੁਕਮ ਦਿੰਦੇ ਹਨ, ਸਗੋਂ ਵਿਭੀਸ਼ਣ ਨੂੰ ਘਰ ਦੀਆਂ ਸਾਰੀਆਂ ਔਰਤਾਂ ਨੂੰ ਦਿਲਾਸਾ ਦੇਣ ਲਈ ਵੀ ਬੇਨਤੀ ਕਰਦੇ ਹਨ। ਸ਼੍ਰੀ ਰਾਮ ਇਸ ਲਈ ਵੀ ਇਕ ਆਦਰਸ਼ ਹਨ ਕਿ ਮਨੁੱਖ ਨੂੰ ਹਰ ਸਥਿਤੀ ਵਿਚ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ। ਜਦੋਂ ਪਿਨਾਕ (ਸ਼ਿਵ ਦਾ ਧਨੁਸ਼) ਟੁੱਟ ਜਾਂਦਾ ਹੈ ਅਤੇ ਜਦੋਂ ਮਹਾਨ ਸ਼ਿਵ ਭਗਤ ਪਰਸ਼ੂਰਾਮ ਲਛਮਣ ਦੇ ਤਾਅਨਿਆਂ ਕਾਰਨ ਗੁੱਸੇ ਵਿਚ ਆ ਜਾਂਦੇ ਹਨ ਅਤੇ ਦੋਵਾਂ ਵਿਚ ਭਿਆਨਕ ਟਕਰਾਅ ਦੀ ਸੰਭਾਵਨਾ ਬਣ ਜਾਂਦੀ ਹੈ, ਤਾਂ ਸ਼੍ਰੀ ਰਾਮ ਆਪਣੇ ਨਰਮ ਵਿਹਾਰ ਅਤੇ ਮਿੱਠੇ ਬੋਲਾਂ ਨਾਲ ਸਥਿਤੀ ਨੂੰ ਸੰਭਾਲਦੇ ਹਨ ਅਤੇ ਗੁੱਸੇ ਵਿਚ ਆਏ ਪਰਸ਼ੂਰਾਮ ਸ਼ਾਂਤ ਹੋ ਕੇ ਹਿਮਾਲਿਆ ਨੂੰ ਚਲੇ ਜਾਂਦੇ ਹਨ। ਸ਼੍ਰੀ ਰਾਮ ਇਸ ਗੱਲ ਦਾ ਪ੍ਰਤੀਕ ਹਨ ਕਿ ਸਫਲਤਾ ਦੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਵੀ ਵਿਅਕਤੀ ਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ।

ਦੁਸ਼ਮਣ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ? ਜਦੋਂ ਵਿਭੀਸ਼ਣ ਆਪਣੇ ਭਰਾ ਰਾਵਣ ਦੇ ਕੀਤੇ ਕੰਮਾਂ ਤੋਂ ਸ਼ਰਮਿੰਦੇ ਹੋ ਕੇ ਉਸ ਦੀ ਦੇਹ ਦਾ ਸਸਕਾਰ ਕਰਨ ਤੋਂ ਝਿਜਕਦੇ ਹਨ, ਤਾਂ ਸ਼੍ਰੀ ਰਾਮ ਕਹਿੰਦੇ ਹਨ ਕਿ, ‘‘ਵੈਰ ਜੀਵਨ ਕਾਲ ਤਕ ਹੀ ਰਹਿੰਦਾ ਹੈ। ਮਰਨ ਪਿੱਛੋਂ ਉਸ ਵੈਰ ਦਾ ਅੰਤ ਹੋ ਜਾਂਦਾ ਹੈ।’’ ਭਾਰਤੀ ਲੇਖਕਾਂ ਦੇ ਮਾਰਕਸ-ਮੈਕਾਲੇ ਮਾਨਸ-ਪੁੱਤਰਾਂ ਨੇ ਆਪਣੇ ਕੂੜ ਏਜੰਡੇ ਦੇ ਅਨੁਸਾਰ ਗੋਸਵਾਮੀ ਤੁਲਸੀ ਦਾਸ ਜੀ ਦੁਆਰਾ ਲਿਖੀ ਰਾਮਾਇਣ ਦੀ ਚੌਪਾਈ: ਢੋਲ ਗੰਵਾਰ ਸੂਦਰ ਪਸੂ ਨਾਰੀ। ਸਕਲ ਤਾੜਨਾ ਕੇ ਅਧਿਕਾਰੀ।। ਦੀ ਸ਼ਰਾਰਤੀ ਢੰਗ ਨਾਲ ਵਿਆਖਿਆ ਕੀਤੀ ਹੈ। ਤੁਲਸੀ ਦਾਸ ਜੀ ਨੇ ਸ਼੍ਰੀ ਰਾਮਚਰਿਤ ਮਾਨਸ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਸ ’ਚ ਵੱਖ-ਵੱਖ ਪਾਤਰਾਂ ਦੀ ਗੱਲਬਾਤ ਵੀ ਹੈ।

ਇਸ ਵਿਚਲੇ ਸ਼ਬਦ ਨਾ ਤਾਂ ਸ਼੍ਰੀ ਰਾਮ ਦੇ ਹਨ ਅਤੇ ਨਾ ਹੀ ਰਾਮਾਇਣ ਦੇ ਅਜਿਹੇ ਪਾਤਰਾਂ ਦੇ ਹਨ, ਜਿਨ੍ਹਾਂ ਨੂੰ ਹਿੰਦੂ ਪੂਜਣਯੋਗ ਮੰਨਦੇ ਹੋਣ। ਸੱਚਾਈ ਇਹ ਹੈ ਕਿ ਮਾਤਾ ਸ਼ਬਰੀ, ਕੇਵਟ, ਨਿਸ਼ਾਦਰਾਜ ਅਤੇ ਗਿੱਧਰਾਜ ਜਟਾਯੂ ਸਮੇਤ ਹੋਰ ਔਰਤਾਂ ਨੂੰ ਕਾਵਿ-ਗ੍ਰੰਥ ਵਿਚ ਜਿਸ ਉੱਤਮ ਭਾਵਨਾ ਨਾਲ ਦਰਸਾਇਆ ਗਿਆ ਹੈ, ਉਹ ਭਾਰਤੀ ਸਮਾਜ ਦੇ ਸਾਰੇ ਵਰਗਾਂ (ਦਲਿਤਾਂ-ਵਾਂਝਿਆਂ ਸਮੇਤ) ਨੂੰ ਇਕਜੁੱਟ ਕਰਨ ਅਤੇ ਸਨਮਾਨ ਦੇਣ ਵਾਲੀ ਹੈ। ਪਰ ਮਾਰਕਸ-ਮੈਕਾਲੇ ਗਰੁੱਪ ਦਾ ਮੁੱਖ ਮੰਤਵ ਸਮਾਜ ਵਿਚੋਂ ਕਿਸੇ ਬੁਰਾਈ ਨੂੰ ਖ਼ਤਮ ਕਰਨਾ ਨਹੀਂ, ਸਗੋਂ ਇਸ ਨੂੰ ਆਪਣੇ ਏਜੰਡੇ ਲਈ ਵਰਤ ਕੇ ‘ਅਸੰਤੁਸ਼ਟੀ’ ਪੈਦਾ ਕਰਨਾ ਹੈ।

ਸ਼੍ਰੀਰਾਮ ਦਾ ਜਨਮ ਕਿਸੇ ਦਲਿਤ ਨੂੰ ਮਾਰਨ ਲਈ ਨਹੀਂ ਹੋਇਆ ਸੀ। ਉਨ੍ਹਾਂ ਦਾ ਅਵਤਾਰ ਰਾਵਣ ਦੇ ਰੂਪ ਵਿਚ ਅਨਿਆਂ, ਕੁਕਰਮ ਅਤੇ ਹੰਕਾਰ ਨੂੰ ਖਤਮ ਕਰਨ ਲਈ ਸੀ। ਸ਼੍ਰੀ ਰਾਮ ਦੀ ਜੀਵਨ ਯਾਤਰਾ ਦਾ ਇਮਾਨਦਾਰ ਆਲੋਚਨਾਤਮਕ ਅਧਿਐਨ ਕਈ ਸਥਾਪਤ ਮਿੱਥਾਂ ਨੂੰ ਨਸ਼ਟ ਕਰ ਦਿੰਦਾ ਹੈ।

-ਬਲਬੀਰ ਪੁੰਜ


author

Tanu

Content Editor

Related News