ਦਿੱਲੀ ਪੁਲਸ ’ਚ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ, ਕੁਝ ਮੁਲਾਜ਼ਮ ਬਣ ਰਹੇ ਬਦਨਾਮੀ ਦਾ ਕਾਰਨ

Saturday, Jul 27, 2024 - 03:07 AM (IST)

ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਦੀ ਪੁਲਸ ਤੋਂ ਵੱਧ ਅਨੁਸ਼ਾਸਿਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਸਥਿਤੀ ਇਸ ਦੇ ਉਲਟ ਹੀ ਜਾਪਦੀ ਹੈ। ਦਿੱਲੀ ਪੁਲਸ ਦੇ ਕਈ ਮੈਂਬਰ ਭ੍ਰਿਸ਼ਟਾਚਾਰ ਅਤੇ ਹੋਰ ਦੋਸ਼ਾਂ ’ਚ ਲਗਾਤਾਰ ਫੜੇ ਜਾ ਰਹੇ ਹਨ, ਜੋ ਇਸੇ ਸਾਲ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 6 ਜਨਵਰੀ, 2024 ਨੂੰ ਦਿੱਲੀ ’ਚ ਸੀ. ਬੀ. ਆਈ. ਨੇ ਸਾਗਰਪੁਰ ਪੁਲਸ ਥਾਣੇ ਦੇ ਸਬ-ਇੰਸਪੈਕਟਰ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਉਕਤ ਸਬ-ਇੰਸਪੈਕਟਰ ਸ਼ਿਕਾਇਤਕਰਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਬਦਲੇ ’ਚ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ।

* 11 ਜਨਵਰੀ ਨੂੰ ਦਿੱਲੀ ’ਚ ਸੀ. ਬੀ. ਆਈ. ਨੇ ਸੈਂਟਰਲ ਰੇਂਜ, ਦਿੱਲੀ ਦੇ ਹੈੱਡ ਕਾਂਸਟੇਬਲ ਨੂੰ ਸ਼ਿਕਾਇਤਕਰਤਾ ਕੋਲੋਂ 4000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 8 ਫਰਵਰੀ ਨੂੰ ਜਾਮੀਆ ਨਗਰ ਥਾਣੇ ਦੇ ਸਬ-ਇੰਸਪੈਕਟਰ ਨੂੰ ਸੀ. ਬੀ. ਆਈ. ਨੇ ਇਕ ਅਪਰਾਧਿਕ ਮਾਮਲੇ ਨੂੰ ਕਮਜ਼ੋਰ ਕਰਨ ਅਤੇ ਨੌਕਰਾਣੀ ਅਤੇ ਗਾਰਡ ਨੂੰ ਗ੍ਰਿਫਤਾਰ ਨਾ ਕਰਨ ਦੇ ਬਦਲੇ ’ਚ 45,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।

* 25 ਫਰਵਰੀ ਨੂੰ ਦਿੱਲੀ ’ਚ ਨੰਦ ਨਗਰੀ ਪੁਲਸ ਥਾਣੇ ਦੇ ਸਬ-ਇੰਸਪੈਕਟਰ ਪੰਕਜ ਨੂੰ ਸੀ. ਬੀ. ਆਈ. ਨੇ 40,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।

* 23 ਅਪ੍ਰੈਲ ਨੂੰ ਸੀ. ਬੀ. ਆਈ. ਨੇ ਇਕ ਸ਼ਿਕਾਇਤ ਦੇ ਆਧਾਰ ’ਤੇ ਸ਼ਿਕਾਇਤਕਰਤਾ ਦੇ ਘਰ ’ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੰਸਟਰੱਕਸ਼ਨ ਦੀ ਇਜਾਜ਼ਤ ਦੇਣ ਦੇ ਬਦਲੇ ’ਚ 20,000 ਰੁਪਏ ਰਿਸ਼ਵਤ ਲੈਂਦੇ ਹੋਏ ਸ਼ਾਹਦਰਾ ਥਾਣੇ ਦੇ ਹੈੱਡ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ, ਜਦਕਿ 2 ਪੁਲਸ ਮੁਲਾਜ਼ਮ ਫਰਾਰ ਹੋ ਗਏ।

* 27 ਮਈ ਨੂੰ ਦੱਖਣ-ਪੱਛਮ ਦਿੱਲੀ ਜ਼ਿਲੇ ਦੇ ਵਸੰਤ ਕੁੰਜ ਸਾਊਥ ਇਲਾਕੇ ’ਚ ਐਂਟੀ ਨਾਰਕੋਟਿਕਸ ਸੈੱਲ ਦੇ 5 ਪੁਲਸ ਮੁਲਾਜ਼ਮਾਂ ਨੇ ਦਿੱਲੀ ਪੁਲਸ ਅਤੇ ਹਰਿਆਣਾ ਪੁਲਸ ’ਚ ਤਾਇਨਾਤ ਕਾਂਸਟੇਬਲਾਂ ਨੂੰ ਆਪਣੇ ਕੁਝ ਦੋਸਤਾਂ ਦੇ ਨਾਲ ਇਕ ਗੱਡੀ ’ਚ ਸ਼ਰਾਬ ਪੀਂਦੇ ਹੋਏ ਫੜਿਆ ਸੀ।

ਪਹਿਲਾਂ ਤਾਂ ਇਨ੍ਹਾਂ ਨੇ ਸ਼ਰਾਬ ਪੀਣ ਵਾਲਿਆਂ ਨੂੰ ਰੱਜ ਕੇ ਕੁੱਟਿਆ ਅਤੇ ਫਿਰ ਉਨ੍ਹਾਂ ਨੂੰ ਛੱਡਣ ਦੇ ਇਵਜ ’ਚ 10 ਲੱਖ ਰੁਪਏ ਦੀ ਰਿਸ਼ਵਤ ਲੈ ਲਈ ਪਰ ਇਹ ਰਕਮ ਦੇਣ ਦੇ ਬਾਅਦ ਵੀ ਉਨ੍ਹਾਂ ਨੂੰ ਛੱਡਿਆ ਨਹੀਂ ਗਿਆ। ਇਸ ਮਾਮਲੇ ’ਚ ਸ਼ਰਾਬ ਪੀਣ ਵਾਲਿਆਂ ਦੀ ਸ਼ਿਕਾਇਤ ’ਤੇ ਅਧਿਕਾਰੀਆਂ ਨੇ ਐਂਟੀ ਨਾਰਕੋਟਿਕਸ ਸੈੱਲ ਦੇ ਪੰਜਾਂ ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ 31 ਮਈ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਣ ਦੇ ਨਾਲ-ਨਾਲ ਬਰਖਾਸਤ ਵੀ ਕਰ ਦਿੱਤਾ ਹੈ।

* 29 ਜੂਨ ਨੂੰ ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ ’ਚ ਦਿੱਲੀ ਪੁਲਸ ਦੇ ਇਕ ਜਵਾਨ ਨੇ ਕਿਸੇ ਗੱਲ ’ਤੇ ਆਪਣੇ ਜੀਜੇ ਤੋਂ ਨਾਰਾਜ਼ ਹੋ ਕੇ ਪਿੰਡ ‘ਘਸੋਲਾ’ ’ਚ ਸਰਕਾਰੀ ਮਸ਼ੀਨਗੰਨ ਨਾਲ ਅੰਨ੍ਹੇਵਾਹ 40 ਰਾਊਂਡ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਅਤੇ 3 ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।

* 12 ਜੁਲਾਈ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਜਫਰਾਬਾਦ ਮੈਟਰੋ ਸਟੇਸ਼ਨ ’ਤੇ ਦਿੱਲੀ ਪੁਲਸ ਦੇ ਇਕ ਏ. ਐੱਸ. ਆਈ. ਮਨੀਸ਼ ਅਤੇ ਉਸ ਦੇ ਸਾਥੀ ਰਵੀ ਨੂੰ ਇਕ ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਨਾਲ ਗ੍ਰਿਫਤਾਰ ਕੀਤਾ।

* 19 ਜੁਲਾਈ ਨੂੰ ਸੀ. ਬੀ. ਆਈ. ਨੇ ਿਦੱਲੀ ਦੇ 3 ਥਾਣਿਆਂ ’ਚ ਛਾਪੇਮਾਰੀ ਕਰ ਕੇ 5 ਪੁਲਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 20 ਜੁਲਾਈ ਨੂੰ ਸੀ. ਬੀ. ਆਈ. ਨੇ ਹੌਜ ਖਾਸ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਯੁੱਧਵੀਰ ਸਿੰਘ ਯਾਦਵ ਨੂੰ 2.5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਅਤੇ ਪਟਪੜਗੰਜ ਉਦਯੋਗਿਕ ਇਲਾਕੇ ’ਚ ਤਾਇਨਾਤ ਹੈੱਡ ਕਾਂਸਟੇਬਲਾਂ ਸੁਧਾਕਰ ਅਤੇ ਰਾਜਕੁਮਾਰ ਨੂੰ 50,000 ਰੁਪਏ ਦੀ ਰਕਮ ’ਚੋਂ ਮਾਮੂਲੀ ਭੁਗਤਾਨ ਵਜੋਂ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 23 ਜੁਲਾਈ ਨੂੰ ਸਵੇਰੇ 6 ਵਜੇ ਸੀ. ਬੀ. ਆਈ. ਨੇ ਸਰਿਤਾ ਵਿਹਾਰ ਥਾਣੇ ’ਚ ਛਾਪਾ ਮਾਰ ਕੇ ਐੱਸ. ਆਈ. ਰਾਜਕੁਮਾਰ ਅਤੇ ਏ. ਐੱਸ. ਆਈ. ਰਘੂਰਾਜ ਨੂੰ ਦਾਜ ਲਈ ਤੰਗ ਕਰਨ ਦੇ ਮਾਮਲੇ ’ਚ ਮੁਕੱਦਮਾ ਰੱਦ ਕਰਨ ਦੇ ਇਵਜ ’ਚ 35,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।

ਦਿੱਲੀ ਪੁਲਸ ਦੇ ਮੁਲਾਜ਼ਮਾਂ ਦਾ ਅਜਿਹਾ ਆਚਰਣ ਇਤਰਾਜ਼ਯੋਗ ਅਤੇ ਸਜ਼ਾ ਵਾਲਾ ਹੋਣ ਦੇ ਨਾਲ-ਨਾਲ ਸੁਰੱਖਿਆ ਵਿਵਸਥਾ ਦੇ ਲਈ ਵੀ ਖਤਰਾ ਸਿੱਧ ਹੋ ਸਕਦਾ ਹੈ।

ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੇ ਨਾਲ-ਨਾਲ ਅਜਿਹੇ ਕਦਮ ਚੁੱਕਣ ਦੀ ਤੁਰੰਤ ਲੋੜ ਹੈ, ਜਿਸ ਨਾਲ ਪੁਲਸ ਵਰਗੇ ਮਹੱਤਵਪੂਰਨ ਵਿਭਾਗ ’ਚ ਇਸ ਤਰ੍ਹਾਂ ਦੇ ਕਾਰਿਆਂ ’ਤੇ ਰੋਕ ਲੱਗੇ ਅਤੇ ਵਿਭਾਗ ਦੀ ਬਦਨਾਮੀ ਨਾ ਹੋਵੇ। 
- ਵਿਜੇ ਕੁਮਾਰ


Harpreet SIngh

Content Editor

Related News