ਦਿੱਲੀ ਗੁਰਦੁਆਰਾ ਕਮੇਟੀ : ਕਚਹਿਰੀਆਂ ’ਚ ਫਸਿਆ ਸੰਗਤ ਦਾ ‘ਫਤਵਾ’

Friday, Sep 24, 2021 - 11:36 AM (IST)

ਦਿੱਲੀ ਗੁਰਦੁਆਰਾ ਕਮੇਟੀ : ਕਚਹਿਰੀਆਂ ’ਚ ਫਸਿਆ ਸੰਗਤ ਦਾ ‘ਫਤਵਾ’

ਸੁਨੀਲ ਪਾਂਡੇ ਦਿੱਲੀ ਦੀ ਸਿੱਖ ਸਿਆਸਤ 
ਨਵੀਂ ਦਿੱਲੀ- 22 ਅਗਸਤ ਨੂੰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ 1 ਮਹੀਨਾ ਹੋ ਚੁੱਕਾ ਹੈ ਪਰ ਅਜੇ ਵੀ ਸਥਿਤੀ ਸਪੱਸ਼ਟ ਨਹੀਂ ਹੈ ਕਿ ਕਮੇਟੀ ਦੀ ਸੱਤਾ ਕਿਸ ਨੂੰ ਮਿਲੇਗੀ। ਆਪਣੀ ਰਵਾਇਤੀ ਸੀਟ ਪੰਜਾਬੀ ਬਾਗ ਤੋਂ ਚੋਣ ਹਾਰਨ ਦੇ ਬਾਅਦ ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਕ ਮਹੀਨਾ ਲੰਘਣ ਦੇ ਬਾਵਜੂਦ ਅਜੇ ਤੱਕ ਕਮੇਟੀ ਮੈਂਬਰ ਨਹੀਂ ਬਣ ਸਕੇ ਹਨ। ਹਾਲਾਂਕਿ ਇਸ ਦਰਮਿਆਨ ਦੋ ਕੋ-ਆਪਸ਼ਨ ਸੀਟਾਂ ਲਈ ਚੋਣ ਵੀ ਹੋਈ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਸਿਰਸਾ ਨੂੰ ਕੋ-ਆਪਸ਼ਨ ਸੀਟ ’ਤੇ ਉਤਾਰਨ ਦੀ ਬਜਾਏ ਐੱਸ. ਜੀ. ਪੀ. ਸੀ. ਕੋਟੇ ਦੀ ਨਾਮਜ਼ਦ ਸੀਟ ’ਤੇ ਮੌਕਾ ਦਿੱਤਾ, ਜਿਸ ’ਤੇ ਹੋਏ ਕਾਨੂੰਨੀ ਵਾਦ-ਵਿਵਾਦ ਦੇ ਬਾਅਦ ਗੁਰਦੁਆਰਾ ਚੋਣ ਨਿਰਦੇਸ਼ਕ ਨੇ ਸਿਰਸਾ ਨੂੰ ਅਯੋਗ ਐਲਾਨ ਕਰ ਦਿੱਤਾ। ਬਾਕੀ ਰਹਿ ਗਈਆਂ 3 ਕੋ-ਆਪਸ਼ਨ ਸੀਟਾਂ ਦਾ ਫੈਸਲਾ ਕਰਨ ਲਈ ਨਿਰਦੇਸ਼ਕ ਗੁਰਦੁਆਰਾ ਚੋਣ ਨੇ ਸ਼ੁੱਕਰਵਾਰ ਨੂੰ ਨਵੇਂ ਚੁਣੇ ਕਮੇਟੀ ਮੈਂਬਰਾਂ ਦੀ ਬੈਠਕ ਸੱਦੀ ਹੈ। ਇਨ੍ਹਾਂ ’ਚ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਦੇ ਨਾਵਾਂ ’ਚੋਂ 2 ਮੈਂਬਰਾਂ ਦੀ ਲਾਟਰੀ ਨਾਲ ਚੋਣ ਕੀਤੀ ਜਾਵੇਗੀ ਜਦਕਿ ਸ਼੍ਰੋਮਣੀ ਕਮੇਟੀ ਦੀ ਨਾਮਜ਼ਦ ਸੀਟ ’ਤੇ ਵੀ ਇਕ ਮੈਂਬਰ ਦੀ ਚੋਣ ਹੋਵੇਗੀ। ਸਿਰਸਾ ਦੇ ਇਲਾਵਾ ਸ਼੍ਰੋਮਣੀ ਕਮੇਟੀ ਕਿਸ ਨੂੰ ਨਾਮਜ਼ਦ ਕਰੇਗੀ, ਅਜੇ ਤੱਕ ਉਸ ਨੂੰ ਲੈ ਕੇ ਸ਼ਸ਼ੋਪੰਜ ਵਾਲੀ ਸਥਿਤੀ ਹੈ। ਸਿਰਸਾ ਅਜੇ ਵੀ ਅਦਾਲਤੀ ਬਦਲਾਂ ’ਤੇ ਜ਼ੋਰ ਦੇ ਰਹੇ ਹਨ, ਤਾਂ ਕਿ ਉਨ੍ਹਾਂ ਦੀ ਅਯੋਗਤਾ ਨੂੰ ਕੋਰਟ ਰਾਹੀਂ ਖਾਰਿਜ ਕਰਵਾਇਆ ਜਾ ਸਕੇ।

ਵਿਗੜ ਸਕਦਾ ਹੈ ਬਹੁਮਤ ਦਾ ਅੰਕੜਾ
ਇਸ ਦੇ ਨਾਲ ਹੀ ਇਕ ਦਰਜਨ ਤੋਂ ਵੱਧ ਰਿੱਟਾਂ ਵੀ ਵੱਖ-ਵੱਖ ਅਦਾਲਤਾਂ ’ਚ ਦਰਜ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ ਕੁਝ ਰਿੱਟਾਂ ’ਤੇ ਅੰਤਰਿਮ ਹੁਕਮ ਦੇ ਤੌਰ ’ਤੇ ਨਵੇਂ ਚੁਣੇ ਮੈਂਬਰਾਂ ਦੇ ਵੋਟ ਪਾਉਣ ’ਤੇ ਰੋਕ ਲੱਗਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਜੇਕਰ ਵਿਰੋਧੀ ਧਿਰ ਸੱਤਾ ਧਿਰ ਦੇ 5-6 ਮੈਂਬਰਾਂ ਦੀ ਵੋਟ ਮੁਲਤਵੀ ਕਰਵਾਉਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਬਹੁਮਤ ਦਾ ਸਾਰਾ ਅੰਕੜਾ ਵਿਗੜ ਸਕਦਾ ਹੈ। ਇਕ ਮਹੀਨਾ ਲੰਘ ਜਾਣ ਦੇ ਬਾਅਦ ਵੀ ਅਜੇ ਦੋਵੇਂ ਧਿਰਾਂ ਖੁਦ ਨੂੰ ਸੱਤਾ ’ਚ ਲਿਆਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ, ਇਸ ਦੇ ਲਈ ਹਰ ਕਾਨੂੰਨੀ ਬਦਲ ਅਪਣਾਇਆ ਜਾ ਰਿਹਾ ਹੈ। ਕੋਰੋਨਾ ਦੇ ਕਾਰਨ ਲਗਭਗ 4 ਮਹੀਨੇ ਤੱਕ ਚੱਲੇ ਚੋਣ ਪ੍ਰਚਾਰ ’ਚ ਨੇਤਾਵਾਂ ਨੇ ਸੰਗਤਾਂ ਕੋਲੋਂ ਵੋਟਾਂ ਹਾਸਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਜਿੱਤਣ ਦੇ ਬਾਅਦ ਵੀ ਕਈ ਕਮੇਟੀ ਮੈਂਬਰਾਂ ਨੂੰ ਆਪਣੀ ਮੈਂਬਰੀ ਬਚਾਉਣ ਲਈ ਅਦਾਲਤਾਂ ਦੇ ਰਹਿਮੋ-ਕਰਮ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਸੰਗਤ ਦਾ ਫਤਵਾ ਇਸ ਸਮੇਂ ਕਚਹਿਰੀਆਂ ਦੇ ਦਿਸ਼ਾ-ਨਿਰਦੇਸ਼ ’ਤੇ ਅਟਕਿਆ ਹੋਇਆ ਨਜ਼ਰ ਆ ਰਿਹਾ ਹੈ। ਆਮ ਬਹੁਮਤ ’ਤੇ ਖੜ੍ਹੀ ਸੱਤਾਧਿਰ ਨੂੰ ਬਾਹਰ ਕਰਨ ਲਈ ਵਿਰੋਧੀ ਧਿਰ ਕਿਸੇ ਕਾਨੂੰਨੀ ਬਦਲ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ।

ਜਿੱਤੇ ਮੈਂਬਰਾਂ ’ਤੇ ਲਟਕੀ ‘ਗੁਰਮੁਖੀ ਦੀ ਤਲਵਾਰ’
ਦਿੱਲੀ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਗੁਰਮੁਖੀ ਟੈਸਟ ’ਚ ਫੇਲ ਹੋ ਜਾਣ ਦੇ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਸਾਰੇ ਨਵੇਂ ਚੁਣੇ 46 ਮੈਂਬਰਾਂ ਦਾ ਗੁਰਮੁਖੀ ਟੈਸਟ ਕਰਵਾਏ ਜਾਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਨੂੰ ਲੈ ਕੇ ਪਹਿਲੀ ਵਾਰ ਜਿੱਤੇ ਮੈਂਬਰਾਂ ’ਚ ਘਬਰਾਹਟ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਤੇ ਉਨ੍ਹਾਂ ਦੀ ਵੀ ਪ੍ਰੀਖਿਆ ਨਾ ਹੋ ਜਾਵੇ ਅਤੇ ਉਹ ਸਿਰਸਾ ਵਾਂਗ ਫੇਲ ਨਾ ਹੋ ਜਾਣ। ਉੱਥੇ ਸਿੱਖ ਜਾਣਕਾਰਾਂ ਦੀ ਮੰਨੀਏ ਤਾਂ ਜੇਕਰ ਗੁਰਦੁਆਰਾ ਚੋਣ ਡਾਇਰੈਕਟੋਰੇਟ ਸਾਰਿਆਂ ਦੇ ਗੁਰਮੁਖੀ ਟੈਸਟ ਕਰਵਾਉਂਦਾ ਹੈ ਤਾਂ 46 ’ਚੋਂ 40 ਮੈਂਬਰ ਫੇਲ ਹੋ ਸਕਦੇ ਹਨ। ਜ਼ਿਆਦਾਤਰ ਮੈਂਬਰਾਂ ਨੂੰ ਗੁਰਮੁਖੀ ਨਾ ਤਾਂ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਲਿਖਣੀ। ਉਹ ਖੁਦ ਤਾਂ ਗੁਰਮੁਖੀ ਤੋਂ ਅਣਜਾਣ ਹਨ ਹੀ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਸੇ ਰਾਹ ’ਤੇ ਲਿਜਾ ਰਹੇ ਹਨ ਕਿਉਂਕਿ ਲਗਭਗ ਸਾਰੇ ਅਹੁਦੇਦਾਰ ਆਪਣੇ ਬੱਚਿਆਂ ਨੂੰ ਆਪਣੇ ਸਕੂਲਾਂ ’ਚ ਪੜ੍ਹਾਉਣ ਦੀ ਬਜਾਏ ਅੰਗਰੇਜ਼ੀ ਅਤੇ ਮਿਸ਼ਨਰੀ ਸਕੂਲਾਂ ’ਚ ਪੜ੍ਹਾ ਰਹੇ ਹਨ।

ਨਵੇਂ ਪ੍ਰਧਾਨ ਦਾ ਰਾਹ ਸੌਖਾ ਨਹੀਂ
ਦਿੱਲੀ ਗੁਰਦੁਆਰਾ ਕਮੇਟੀ ’ਚ ਨਵੇਂ ਬਣਨ ਵਾਲੇ ਪ੍ਰਧਾਨ ਦਾ ਰਾਹ ਇਸ ਵਾਰ ਸੌਖਾ ਨਹੀਂ ਹੋਵੇਗਾ, ਇਸ ਦੀ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਦੀਆਂ ਬਕਾਇਆ ਤਨਖਾਹਾਂ ਨੂੰ ਲੈ ਕੇ ਲਗਭਗ 150 ਰਿੱਟਾਂ ਅਦਾਲਤ ’ਚ ਦਾਖਲ ਹੋ ਚੁੱਕੀਆਂ ਹਨ। ਇਨ੍ਹਾਂ ’ਚ ਬਕਾਇਆ, ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 7ਵਾਂ ਤਨਖਾਹ ਗ੍ਰੇਡ ਲਾਗੂ ਕਰਨ ਦੀਆਂ ਰਿੱਟਾਂ ਸ਼ਾਮਲ ਹਨ। ਇਸ ਦੇ ਇਲਾਵਾ ਕਮੇਟੀ ਵੱਲੋਂ ਬੰਦ ਕੀਤੇ ਗਏ 3 ਇੰਸਟੀਚਿਊਟਸ ਦੇ ਸਟਾਫ ਨੇ ਵੀ ਆਪਣੀਆਂ ਬਕਾਇਆ ਤਨਖਾਹਾਂ ਨੂੰ ਲੈ ਕੇ ਰਿੱਟਾਂ ਦਾਖਲ ਕੀਤੀਆਂ ਹਨ। ਦਿੱਲੀ ਹਾਈਕੋਰਟ ਨੇ ਪਿਛਲੇ ਦਿਨੀਂ ਇਸ ਮਾਮਲੇ ’ਚ ਚੋਣਾਂ ਤੋਂ ਪਹਿਲਾਂ ਪੇਸ਼ ਹੋਏ ਕਮੇਟੀ ਪ੍ਰਧਾਨ ਸਿਰਸਾ ਨੂੰ ਸਾਫ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਪੈਸੇ ਦੇਣ ਦਾ ਤਰੀਕਾ ਦੱਸਣ। ਨਾਲ ਹੀ ਕਮੇਟੀ ਤੇ ਸਕੂਲਾਂ ਦੇ ਸਾਰੇ ਖਾਤਿਆਂ ਨੂੰ ਹਾਈਕੋਰਟ ’ਚ ਪੇਸ਼ ਕਰਨ। ਚੋਣਾਂ ਹੋਣ ਦੇ ਬਾਅਦ ਇਕ ਮਹੀਨਾ ਲੰਘਣ ਦੇ ਬਾਵਜੂਦ ਕਮੇਟੀ ਨੇ ਆਪਣੇ ਖਾਤਿਆਂ ਦੀ ਰਿਪੋਰਟ ਅਦਾਲਤ ’ਚ ਜਮ੍ਹਾ ਨਹੀਂ ਕਰਵਾਈ ਹੈ।

ਹਸਪਤਾਲ ਤੇ ਸਕੂਲ ਸਭ ਤੋਂ ਵੱਡੀ ਚੁਣੌਤੀ
ਦਿੱਲੀ ਗੁਰਦੁਆਰਾ ਕਮੇਟੀ ਦੇ ਡ੍ਰੀਮ ਪ੍ਰਾਜੈਕਟ ਬਣ ਚੁੱਕੇ ਬਾਲਾ ਸਾਹਿਬ ’ਚ 125 ਬੈੱਡਾਂ ਦਾ ਹਸਪਤਾਲ ਵੀ ਅਟਕ ਗਿਆ ਹੈ। ਹਸਪਤਾਲ ਚਲਾਉਣ ਦੀ ਮੌਜੂਦਾ ਕਮੇਟੀ ਨੇ ਜੋ ਤਿਆਰੀ ਕੀਤੀ ਸੀ, ਉਸ ਦੇ ਲਈ ਜ਼ਰੂਰੀ ਵਿੱਤੀ ਪ੍ਰਬੰਧਨ ਦੀ ਘਾਟ ਹੋਣ ਦੇ ਕਾਰਨ ਉਸ ਦੇ ਖੁੱਲ੍ਹਣ ’ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ। ਇਸ ਲਈ ਜੋ ਵੀ ਨਵਾਂ ਪ੍ਰਧਾਨ ਆਵੇਗਾ, ਉਸ ਨੂੰ ਸਾਰੀਆਂ ਚੁਣੌਤੀਆਂ ਨਾਲ ਜੂਝਣਾ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ’ਚ ਕੋਰੋਨਾ ਕਾਲ ਦੌਰਾਨ ਫੀਸ ਨਾ ਦੇਣ ਦੇ ਕਾਰਨ ਲਗਭਗ 5 ਹਜ਼ਾਰ ਵਿਦਿਆਰਥੀ ਸਕੂਲ ਛੱਡ ਗਏ ਹਨ, ਜਿਸ ਕਾਰਨ ਸਕੂਲਾਂ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ ਹੈ। ਆਉਣ ਵਾਲੇ ਪ੍ਰਧਾਨ ਲਈ ਸਮੇਂ ਸਿਰ ਸਟਾਫ ਨੂੰ ਤਨਖਾਹ ਦੇਣੀ, ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣੀ, ਬਾਲਾ ਸਾਹਿਬ ਹਸਪਤਾਲ ਨੂੰ ਚਾਲੂ ਕਰਨ ਲਈ ਵਿੱਤੀ ਪ੍ਰਬੰਧਨ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

ਅਤੇ ਅਖੀਰ ’ਚ ... ਦਿੱਲੀ ਕਮੇਟੀ ਦੀ ਕੁਰਸੀ ’ਤੇ ਬੈਠਣ ਲਈ ਸੱਤਾਧਿਰ ਤਾਂ ਲੱਗੀ ਹੀ ਹੈ, ਵਿਰੋਧੀ ਧਿਰ ਵੀ ਸਿਆਸੀ ਬਿਸਾਤ ਵਿਛਾਉਣ ਤੋਂ ਪਿੱਛੇ ਨਹੀਂ। ਮਨਜਿੰਦਰ ਸਿੰਘ ਸਿਰਸਾ ਦੇ ਚੋਣ ਹਾਰਨ ਦੇ ਬਾਅਦ ਪ੍ਰਧਾਨਗੀ ਲਈ ਅਕਾਲੀ ਦਲ ਦੇ ਕਈ ਆਗੂਆਂ ਨੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਪੱਲੜਾ ਭਾਰੀ ਹੈ ਕਿਉਂਕਿ ਉਹ ਕਮੇਟੀ ਮੈਨੇਜਮੈਂਟ ਦਾ ਹਿੱਸਾ ਵੀ ਹਨ। ਇਸ ਦੇ ਇਲਾਵਾ ਸਾਬਕਾ ਸੀਨੀਅਰ ਉਪ ਪ੍ਰਧਾਨ ਬੀਬੀ ਰਣਜੀਤ ਕੌਰ ਵੀ ਪੂਰੀ ਤਾਕਤ ਰਾਮਗੜ੍ਹੀਆ ਬਰਾਦਰੀ ਦੇ ਸਹਾਰੇ ਲਗਾ ਰਹੀ ਹੈ। ਇਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਦਾ ਵੀ ਪੂਰਾ ਸਮਰਥਨ ਹੈ। ਇਨ੍ਹਾਂ ਸਾਰਿਆਂ ਦਰਮਿਆਨ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਐੱਸ. ਜੀ. ਪੀ. ਸੀ. ਦਿੱਲੀ ਦੇ ਕਿਸ ਨੇਤਾ ਨੂੰ ਆਪਣੇ ਨੁਮਾਇੰਦੇ ਦੇ ਤੌਰ ’ਤੇ ਨਾਮਜ਼ਦ ਕਰਦੀ ਹੈ।


author

DIsha

Content Editor

Related News