ਕੋਰੋਨਾ ਦੇ ਨਵੇਂ ਵੇਰੀਅੰਟਸ ਦਾ ਖਤਰਾ

Tuesday, Nov 02, 2021 - 03:53 AM (IST)

ਕੋਰੋਨਾ ਦੇ ਨਵੇਂ ਵੇਰੀਅੰਟਸ ਦਾ ਖਤਰਾ

ਰੰਜਨਾ ਮਿਸ਼ਰਾ 
ਬੀਤੇ ਲਗਭਗ 2 ਮਹੀਨਿਆਂ ਤੋਂ ਦੁਨੀਆ ਦੇ ਵਧੇਰੇ ਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਰਹੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੀ ਗਿਣਤੀ ਅਚਾਨਕ ਵਧਣ ਲੱਗ ਪਈ ਹੈ। ਅੱਜਕੱਲ ਤਿਉਹਾਰਾਂ ਦਾ ਮੌਸਮ ਹੈ। ਸੜਕਾਂ ’ਤੇ ਚਹਿਲ ਪਹਿਲ ਵਧਣੀ ਸ਼ੁਰੂ ਹੋ ਗਈ ਹੈ। ਕੋਰੋਨਾ ਦੀ ਇਨਫੈਕਸ਼ਨ ਦੀ ਦਰ ’ਚ ਕਮੀ ਆਉਣ ਕਾਰਨ ਲੋਕਾਂ ਨੇ ਲਾਪ੍ਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਸੀ ਜਿਸ ਕਾਰਨ ਇਨਫੈਕਸ਼ਨ ਦੇ ਇਕ ਵਾਰ ਮੁੜ ਤੋਂ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।

ਅਜੇ ਕੁਝ ਹੀ ਮਹੀਨੇ ਪਹਿਲਾਂ ਸਾਡੇ ਦੇਸ਼ ਨੇ ਕੋਰੋਨਾ ਦੀ ਦੂਜੀ ਲਹਿਰ ਦੀ ਭਿਆਨਕ ਤ੍ਰਾਸਦੀ ਝੱਲੀ ਹੈ। ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ, ਅਣਗਿਣਤ ਬੱਚੇ ਅਨਾਥ ਹੋ ਗਏ, ਕਈ ਘਰਾਂ ’ਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ। ਦੇਸ਼ ਦੀ ਅਰਥਵਿਵਸਥਾ ਚੌਪਟ ਹੋ ਗਈ। ਗਰੀਬੀ ਅਤੇ ਬੇਰੋਜ਼ਗਾਰੀ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਪਰ ਲੋਕ ਚੌਕਸ ਨਹੀਂ ਹੋਏ। ਜਿਵੇਂ ਹੀ ਕੋਰੋਨਾ ਦਾ ਗ੍ਰਾਫ ਕੁਝ ਹੇਠਾਂ ਜਾਂਦਾ ਹੈ, ਲੋਕ ਲਾਪ੍ਰਵਾਹੀ ਵਰਤਣੀ ਸ਼ੁਰੂ ਕਰ ਦਿੰਦੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਨਫੈਕਸ਼ਨ ਮੁੜ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ। ਇਹੀ ਸਥਿਤੀ ਪਿਛਲੇ ਦਿਨੀਂ ਪੱਛਮੀ ਬੰਗਾਲ ’ਚ ਦੁਰਗਾ ਪੂਜਾ ਪਿੱਛੋਂ ਦੇਖਣ ਨੂੰ ਮਿਲੀ ਸੀ।

ਇਨਫੈਕਸ਼ਨ ’ਚ ਕਮੀ ਆਈ ਅਤੇ ਸਰਕਾਰੀ ਪਾਬੰਦੀਆਂ ’ਚ ਢਿੱਲ ਦੇ ਦਿੱਤੀ ਗਈ। ਸੇਫ ਹੋਣ ਭਾਵ ਆਈਸੋਲੇਸ਼ਨ ਕੇਂਦਰਾਂ ਅਤੇ ਹਸਪਤਾਲਾਂ ’ਚ ਕੋਵਿਡ ਵਾਰਡਾਂ ’ਚ ਵੀ ਤਾਲੇ ਲੱਗ ਗਏ ਸਨ। ਅਜਿਹੀ ਹਾਲਤ ’ਚ ਲੋਕ ਲਾਪ੍ਰਵਾਹ ਹੋ ਗਏ। ਮਾਸਕ ਲਾਉਣਾ ਛੱਡ ਦਿੱਤਾ, ਸੈਨੀਟਾਈਜ਼ਰ ਦੀ ਵਰਤੋਂ ਬੰਦ ਕਰ ਦਿੱਤੀ। ਸੋਸ਼ਲ ਡਿਸਟੈਂਸਿੰਗ ਅਤੇ ਕੋਵਿਡ ਨਿਯਮਾਂ ਦਾ ਪਾਲਣ ਕਰਨਾ ਲੋਕ ਲਗਭਗ ਭੁੱਲ ਹੀ ਗਏ। ਇਸੇ ਦੀ ਲਾਪ੍ਰਵਾਹੀ ਦਾ ਨਤੀਜਾ ਦੁਰਗਾ ਪੂਜਾ ਪਿੱਛੋਂ ਪੱਛਮੀ ਬੰਗਾਲ ’ਚ ਦੇਖਣ ਨੂੰ ਮਿਲਿਆ।

ਇਨਫੈਕਸ਼ਨ ਦੇ ਮਾਮਲੇ ਰਵਾਨਾ ਵੱਧ ਰਹੇ ਹਨ। ਇਸ ਕਾਰਨ ਸੂਬਾ ਸਰਕਾਰ ਦੀ ਚਿੰਤਾ ਵਧਣੀ ਸੁਭਾਵਿਕ ਹੈ। ਇਹੀ ਕਾਰਨ ਹੈ ਕਿ ਹੁਣ ਪੱਛਮੀ ਬੰਗਾਲ ’ਚ ਅਚਾਨਕ ਹਸਪਤਾਲਾਂ ’ਚ ਕੋਵਿਡ ਵਾਰਡਾਂ ਦੇ ਤਾਲੇ ਖੁੱਲ੍ਹ ਗਏ ਹਨ।

ਸੂਬੇ ’ਚ ਬੀਤੇ ਇਕ ਹਫਤੇ ਦੌਰਾਨ ਇਨਫੈਕਸ਼ਨ ਪੀੜਤਾਂ ਦਾ ਅੰਕੜਾ ਲਗਭਗ ਦੁਗਣਾ ਹੋ ਗਿਆ ਹੈ। ਕੋਰੋਨਾ ਪਾਜ਼ੇਟਿਵੀਟੀ ਦਰ ’ਚ ਤੇਜ਼ੀ ਨਾਲ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਦੁਰਗਾ ਪੂਜਾ ਸ਼ੁਰੂ ਹੋਣ ਤੋਂ ਪਹਿਲਾਂ ਇਕ ਅਕਤੂਬਰ ਨੂੰ ਇਹ 1.79 ਫੀਸਦੀ ਸੀ ਜੋ 22 ਅਕਤੂਬਰ ਨੂੰ ਵਧ ਕੇ 2.10 ਫੀਸਦੀ ਹੋ ਗਿਆ।

ਕੋਰੋੋਨਾ ਵਾਇਰਸ ਦੇ ਇਕ ਨਵੇਂ ਵੇਰੀਐਂਟ  ਨੇ ਭਾਰਤ ’ਚ ਦਸਤਕ ਦੇ ਦਿੱਤੀ ਹੈ। ਇਹ ਵੇਰੀਐਂਟ ਹੈ ਏ.ਵਾਈ. 4.2। ਇਸ ਨਵੇਂ ਵੇਰੀਐਂਟ  ਕਾਰਨ ਬਰਤਾਨੀਆ ਸਮੇਤ ਕਈ ਯੂਰਪੀਨ ਦੇਸ਼ਾਂ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆਈ ਹੈ। ਏ.ਵਾਈ. 4.2 ਡੈਲਟਾ ਵੇਰੀਐਂਟ  ਦੇ ਹੀ ਪਰਿਵਾਰ ’ਚੋਂ ਨਿਕਲਿਆ ਹੈ ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੂੰ ਬੀਮਾਰ ਕਰਨ ਵਾਲਾ ਸਭ ਤੋਂ ਖਤਰਨਾਕ ਰੂਪ ਮੰਨਿਆ ਜਾ ਰਿਹਾ ਹੈ। ਇਹ ਡੈਲਟਾ ਵੇਰੀਐਂਟ ਦਾ ਸਬ-ਲੀਨਿਏਜ ਹੈ। ਇਸ ਲਈ ਇਸ ਨੂੰ ਡੈਲਟਾ ਪਲੱਸ ਵੇਰੀਐਂਟ  ਵੀ ਕਿਹਾ ਜਾਂਦਾ ਹੈ।

ਇਸ ਵੇਰੀਐਂਟ  ਨੂੰ ਮੂਲ ਡੈਲਟਾ ਵੇਰੀਐਂਟ  ਤੋਂ 10 ਤੋਂ 15 ਫੀਸਦੀ ਵੱਧ ਇਨਫੈਕਸ਼ਨ ਫੈਲਾਉਣ ਵਾਲਾ ਮੰਨਿਆ ਜਾ ਰਿਹਾ ਹੈ। ਇਸ ਵੇਰੀਐਂਟ  ਨੂੰ ਲੈ ਕੇ ਲਗਭਗ ਸਾਰੀ ਦੁਨੀਆ ’ਚ ਰਿਸਰਚ ਚੱਲ ਰਹੀ ਹੈ। ਇਸ ਦੇ ਨੇਚਰ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਮਾਹਿਰ ਇਸ ਵੇਰੀਐਂਟ  ਨੂੰ ਲੈ ਕੇ ਚੌਕਸੀ ਵਰਤਣ ਦੀ ਸਲਾਹ ਦੇ ਰਹੇ ਹਨ। ਏ.ਵਾਈ. 4.2 ਭਾਰਤ ’ਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਦੂਜੀ ਲਹਿਰ ਦੌਰਾਨ ਡੈਲਟਾ ਵੇਰੀਐਂਟ  ਨੇ ਭਾਰਤ ’ਚ ਸਾਢੇ 3 ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਸੀ। ਅਜਿਹੀ ਹਾਲਤ ’ਚ ਡੈਲਟਾ ਦੇ ਨਵੇਂ ਵੇਰੀਐਂਟ  ਨੂੰ ਲੈ ਕੇ ਮੈਡੀਕਲ ਫੀਲਡ ’ਚ ਖਲਬਲੀ ਮਚੀ ਹੋਈ ਹੈ। ਕੋਰੋਨਾ ਦਾ ਇਹ ਨਵਾਂ ਵੇਰੀਐਂਟ  ਬਰਤਾਨੀਆ ਅਤੇ ਰੂਸ ਸਮੇਤ ਕਈ ਯੂਰਪੀਨ ਦੇਸ਼ਾਂ ’ਚ ਆਪਣੇ ਪੈਰ ਪਸਾਰ ਚੁੱਕਾ ਹੈ। ਅਮਰੀਕਾ ’ਚ ਵੀ ਇਸ ਦੇ ਕਈ ਮਰੀਜ਼ ਮਿਲੇ ਹਨ। ਅਜਿਹੀ ਹਾਲਤ ’ਚ ਭਾਰਤ ’ਚ ਇਸ ਨਵੇਂ ਵੇਰੀਐਂਟ  ਦੀ ਦਸਤਕ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ।

ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ’ਚ ਇਸ ਵੇਰੀਐਂਟ  ਦੀ ਇਨਫੈਕਸ਼ਨ ਪਹੁੰਚ ਚੁੱਕੀ ਹੈ। ਮੱਧ ਪ੍ਰਦੇਸ਼ ’ਚ ਇਸ ਵੇਰੀਐਂਟ  ਦੇ 7 ਮਰੀਜ਼ ਮਿਲੇ ਹਨ। ਕਰਨਾਟਕ’ਚ ਵੀ ਇੰਨੇ ਹੀ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ’ਚ ਵੀ ਇਸ ਵੇਰੀਐਂਟ  ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਸੂਬੇ ’ਚ 1 ਫੀਸਦੀ ਮਰੀਜ਼ ਇਸ ਵੇਰੀਐਂਟ  ਤੋਂ ਪੀੜਤ ਪਾਏ ਗਏ ਹਨ। ਰਿਪੋਰਟ ਮੁਤਾਬਕ ਇਹ ਵੇਰੀਐਂਟ  ਇਸ ਸਾਲ ਜੁਲਾਈ ’ਚ ਪਹਿਲੀ ਵਾਰ ਯੂ.ਕੇ. ’ਚ ਮਿਲਿਆ ਸੀ।

ਮਾਹਿਰਾਂ ਮੁਤਾਬਕ ਇਸ ਦੇ ਵੱਡੀ ਪੱਧਰ ’ਤੇ ਫੈਲਣ ਦੀ ਸੰਭਾਵਨਾ ਅਜੇ ਘੱਟ ਹੈ। ਜੇ ਵਧੇਰੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਡਬਲਿਊ.ਐੱਚ.ਓ. ਵਲੋਂ ਇਸ ਵੇਰੀਐਂਟ  ਨੂੰ ‘ਵੇਰੀਐਂਟ  ਆਫ ਇੰਟ੍ਰੱਸਟ’ ਦੀ ਸੂਚੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਉਂਝ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਵੇਰੀਐਂਟ  ਕੋਰੋਨਾ ਮਹਾਮਾਰੀ ਦੀ ਰਫਤਾਰ ਨੂੰ ਵਧੇਰੇ ਪ੍ਰਭਾਵਿਤ ਨਹੀਂ ਕਰੇਗਾ। ਇਹ ਨਵਾਂ ਵੇਰੀਐਂਟ  ਅਲਫਾ ਅਤੇ ਡੈਲਟਾ ਦੇ ਮੁਕਾਬਲੇ ਘੱਟ ਖਤਰਨਾਕ ਹੈ। ਵਧਦੇ ਮਾਮਲਿਆਂ ਦਰਮਿਆਨ ਕੋਰੋਨਾ ਦੇ ਨਵੇਂ ਵੇਰੀਐਂਟ  ਦਾ ਸਾਹਮਣੇ ਆਉਣਾ ਵਧੇਰੇ ਚਿੰਤਾ ਦਾ ਕਾਰਨ ਹੈ। ਚੀਨ ਦੇ ਲਾਂਝੂ ਸ਼ਹਿਰ ’ਚ ਇਨੈਕਸ਼ਨ ਵਧਣ ਪਿੱਛੋਂ ਲਾਕਡਾਊਨ ਲਾ ਦਿੱਤਾ ਗਿਆ ਹੈ।

ਰਾਹਤ ਵਾਲੀ ਗੱਲ ਇਹ ਹੈ ਕਿ ਭਾਰਤ ’ਚ ਨਵੇਂ ਵੇਰੀਐਂਟ ਦੇ ਮਾਮਲੇ 0.1 ਫੀਸਦੀ ਤੋਂ ਵੀ ਘੱਟ ਹਨ। ਕੋਰੋਨਾ ਦੇ ਨਵੇਂ ਵੇਰੀਐਂਟ  ਆਰ.-1 ਨੇ ਵੀ ਸਿਹਤ ਮਾਹਿਰਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਵੇਰੀਐਂਟ  ਦੀ ਹੁਣ ਤੱਕ ਦੀ ਚਾਲ ਕਾਰਨ ਇਸ ਦੇ ਵਧੇਰੇ ਖਤਰਨਾਕ ਹੋਣ ਦਾ ਖਦਸ਼ਾ ਹੈ। ਹੁਣ ਤੱਕ ਦੇ ਅਧਿਐਨ ਮੁਤਾਬਕ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਇਹ ਸਰੀਰ ’ਚ ਵੈਕਸੀਨ ਕਾਰਨ ਬਣੀ ਐਂਟੀਬਾਡੀਜ਼ ਨੂੰ ਆਸਾਨੀ ਨਾਲ ਪਛਾੜ ਸਕਦਾ ਹੈ। ਅਜਿਹੀ ਹਾਲਤ ’ਚ ਤਿਉਹਾਰਾਂ ਦੌਰਾਨ ਲੋਕਾਂ ਨੂੰ ਬੇਹੱਦ ਚੌਕਸੀ ਵਰਤਣ ਦੀ ਲੋੜ ਹੈ।

ਦੇਸ਼ ’ਚ ਕੋਰੋਨਾ ਦੇ ਖਤਰੇ ਦੇ ਬਾਵਜੂਦ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਜੋ ਠੀਕ ਨਹੀਂ। ਸਭ ਨੂੰ ਕੋਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਕੋਰੋਨਾ ਦੇ ਕਹਿਰ ਤੋਂ ਬਚ ਸਕੇ। ਮਾਸਕ ਲਾ ਕੇ ਹੀ ਘਰ ’ਚੋਂ ਨਿਕਲਣਾ ਚਾਹੀਦਾ ਹੈ। ਸੈਨੀਟਾਈਜ਼ਰ ਅਤੇ ਇਨਫੈਕਸ਼ਨ ਤੋਂ ਸੁਰੱਖਿਆ ਦੇ ਸਭ ਉਪਾਅ ਅਪਣਾਏ ਜਾਣੇ ਚਾਹੀਦੇ ਹਨ।

ਜਿੱਥੇ ਇਕ ਪਾਸੇ ਪੂਰੇ ਦੇਸ਼’ਚ ਕੋਰੋਨਾ ਵੈਕਸੀਨ ਦੀਆਂ ਸੌ ਕਰੋੜ ਡੋਜ਼ ਪੂਰੀ ਹੋਣ ’ਤੇ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਮੁੜ ਤੋਂ ਕੋਰੋਨਾ ਦੇ ਖਤਰੇ ਦੀ ਇਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਜੇ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਨਫੈਕਸ਼ਨ ਪੂਰੇ ਦੇਸ਼ ’ਚ ਮੁੜ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਹਾਲਾਤ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਵੇਗਾ।

ਜੇ ਉਤਸਵ ਮਨਾਉਣਾ ਜਾਨ ਲਈ ਖਤਰਾ ਬਣ ਜਾਵੇ ਤਾਂ ਸਾਨੂੰ ਇਸ ਨੂੰ ਮਨਾਉਣ ਤੋਂ ਬਚਣਾ ਹੀ ਚਾਹੀਦਾ ਹੈ। ਦਿਵਾਲੀ ’ਤੇ ਪੂਰੇ ਦੇਸ਼ ’ਚ ਲੋਕਾਂ ਦੀ ਭੀੜ ਸੜਕਾਂ ’ਤੇ ਖਰੀਦਦਾਰੀ ਕਰਦੀ ਹੈ। ਅਜਿਹੀ ਹਾਲਤ ’ਚ ਜੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਹਾਲਾਤ ਭਿਆਨਕ ਹੋ ਸਕਦੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਬਹੁਤ ਚੌਕਸ ਰਹਿਣਾ ਦੀ ਲੋੜ ਹੈ ਅਤੇ ਲੋਕਾਂ ਨੂੰ ਲਾਪ੍ਰਵਾਹੀ ਕਰਨ ਦੀ ਬਿਲਕੁਲ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ।


author

Bharat Thapa

Content Editor

Related News