ਕਾਂਗਰਸ ’ਚ ਲੀਡਰਸ਼ਿਪ, ਨੀਤੀ ਅਤੇ ਨੀਅਤ ਦਾ ਸੰਕਟ

07/24/2020 3:54:30 AM

ਬਲਬੀਰ ਪੁੰਜ

ਬੀਤੇ ਦਿਨੀਂ ਕਾਂਗਰਸ ਦੀ ਰਾਜਸਥਾਨ ਇਕਾਈ ’ਚ ਆਏ ਝੱਖੜ ਨੇ ਪਾਰਟੀ ਦੀ ਹੋਂਦ ’ਤੇ ਮੁੜ ਸਵਾਲੀਆ ਚਿੰਨ੍ਹ ਲਗਾ ਦਿੱਤਾ। ਇੰਝ ਜਾਪਦਾ ਹੈ ਕਿ 140 ਸਾਲ ਪੁਰਾਣੀ ਸਿਆਸੀ ਪਾਰਟੀ ਅੱਜ ਇੱਛਾ-ਮੌਤ ਦੀ ਮਾਨਸਿਕਤਾ ਨਾਲ ਗ੍ਰਸਤ ਹੈ। ਕੰਧ ’ਤੇ ਲਿਖੀ ਇਸ ਇਬਾਰਤ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ (ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ-ਗਾਂਧੀ ਪਰਿਵਾਰ ਨੂੰ ਛੱਡ ਕੇ) ਆਸਾਨੀ ਨਾਲ ਇਸ ਨਤੀਜੇ ’ਤੇ ਪਹੁੰਚ ਸਕਦਾ ਹੈ।

ਅਸਲ ’ਚ ਕਾਂਗਰਸ ’ਚ ਸੰਕਟ ਸਿਰਫ ਲੀਡਰਸ਼ਿਪ ਦਾ ਹੀ ਨਹੀਂ ਹੈ, ਪਾਰਟੀ ਦੇ ਤੇਜ਼ ਖੋਰੇ ’ਚ ਕਾਂਗਰਸ ਲੀਡਰਸ਼ਿਪ ਦੀ ਖੋਟੀ ਨੀਅਤ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਸਮੱਸਿਆਵਾਂ ’ਤੇ ਨੀਤੀਆਂ ਦੀ ਬਹੁਤ ਵੱਡੀ ਘਾਟ ਦਾ ਵੀ ਬਰਾਬਰ ਦਾ ਯੋਗਦਾਨ ਹੈ। ਜੇਕਰ ਕਿਸੇ ਪਾਰਟੀ ’ਚ ਲੀਡਰਸ਼ਿਪ ਦਾ ਟੋਟਾ ਹੋਵੇ, ਨੀਅਤ ’ਚ ਖੋਟ ਹੋਵੇ ਅਤੇ ਨੀਤੀਆਂ ’ਚ ਭਾਰੀ ਘਾਲਾਮਾਲਾ ਹੋਵੇ ਤਾਂ ਸੁਭਾਵਿਕ ਤੌਰ ’ਤੇ ਉਸ ਪਾਰਟੀ ਦਾ ਨਾ ਤਾਂ ਵਰਤਮਾਨ ਹੈ ਅਤੇ ਨਾ ਹੀ ਕੋਈ ਭਵਿੱਖ।

ਕਾਂਗਰਸ ’ਚ ਲੀਡਰਸ਼ਿਪ ਦਾ ਮਾਪਦੰਡ ਸਿਰਫ ਨਹਿਰੂ-ਗਾਂਧੀ ਪਰਿਵਾਰ ਦੀ ਸਮਰੱਥਾ ਤੱਕ ਸੀਮਤ ਹੈ। ਜੇਕਰ ਕਿਸੇ ਸਿਆਣੇ ਨੇਤਾ ’ਚ ਪਾਰਟੀ ਲੀਡਰਸ਼ਿਪ ਦੀ ਪ੍ਰਚੰਡ ਸੰਭਾਵਨਾ ਦਿਸਦੀ ਹੈ, ਤਾਂ ਪਰਿਵਾਰ ਅਤੇ ਉਸਦੇ ਸ਼ਰਧਾਵਾਨਾਂ ਨੂੰ ਉਸ ’ਚ ਅਚਾਨਕ ਖਤਰਾ ਨਜ਼ਰ ਆਉਣ ਲੱਗਦਾ ਹੈ। ਇਸ ਸਥਿਤੀ ’ਚ ਉਹ ਵਿਅਕਤੀ ਹਾਸ਼ੀਏ ’ਤੇ ਭੇਜ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਜਾਂ ਉਸਦਾ ਅਕਾਲ ਚਲਾਣਾ ਹੋ ਜਾਂਦਾ ਹੈ। ਜਿਓਤਿਰਾਦਿਤਿਆ ਸਿੰਧੀਆ ਦਾ ਕਾਂਗਰਸ ਛੱਡਣਾ, ਸਚਿਨ ਪਾਇਲਟ ਦੀ ਨਾਰਾਜ਼ਗੀ ਅਤੇ ਵਰ੍ਹਿਆਂ ਪਹਿਲਾਂ ਇਨ੍ਹਾਂ ਦੋਵਾਂ ਨੇਤਾਵਾਂ ਦੇ ਪਿਤਾ ਕ੍ਰਮਵਾਰ : ਮਾਧਵ ਰਾਵ ਸਿੰਧੀਆ ਅਤੇ ਰਾਜੇਸ਼ ਪਾਇਲਟ ਦੀ ਅਚਾਨਕ ਮੌਤ ਹੋਣੀ-ਖੁਦ ਵਿਆਖਿਆਤਮਿਕ ਹੈ।

ਕੀ ਕਾਂਗਰਸ ’ਚ ਲੀਡਰਸ਼ਿਪ, ਯੋਗਤਾ ਅਤੇ ਤਜਰਬੇ ਦੀ ਲੋੜ ਹੈ?

1998 ’ਚ ਸ਼੍ਰੀਮਤੀ ਸੋਨੀਆ ਗਾਂਧੀ, ਕਾਂਗਰਸ ਦੀ ਮੁੱਢਲੀ ਮੈਂਬਰੀ ਹਾਸਲ ਕਰਨ ਦੇ 62 ਦਿਨ ਬਾਅਦ ਪਾਰਟੀ ਦੀ ਪ੍ਰਧਾਨ ਬਣ ਗਈ ਸੀ। ਕੀ ਉਸ ਸਮੇਂ ਉਨ੍ਹਾਂ ਕੋਲ ਕਿਸੇ ਕਿਸਮ ਦਾ ਕੋਈ ਸਿਆਸੀ ਤਜਰਬਾ ਸੀ? ਠੀਕ ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ 2004 ’ਚ ਸਿਆਸਤ ’ਚ ਆਏ ਅਤੇ ਕਾਂਗਰਸ ਦੀਆਂ ਤਤਕਾਲੀਨ ਸਭ ਤੋਂ ਸੁਰੱਖਿਅਤ ਸੀਟਾਂ ’ਚੋਂ ਇਕ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ’ਚ ਪਹੁੰਚੇ। ਪਾਰਟੀ ਦੇ ਅੰਦਰ ਤਜਰਬੇਕਾਰ ਨੇਤਾਵਾਂ ਦੇ ਹੁੰਦਿਆਂ ਰਾਹੁਲ ਗਾਂਧੀ 2007 ’ਚ ਪਾਰਟੀ ਦੇ ਜਨਰਲ ਸਕੱਤਰ, 2013 ’ਚ ਪਾਰਟੀ ਦੇ ਉਪ ਪ੍ਰਧਾਨ ਤੇ 2017 ’ਚ ਪਾਰਟੀ ਪ੍ਰਧਾਨ ਬਣਾਏ ਗਏ। ਓਧਰ ਪ੍ਰਿਯੰਕਾ ਵਢੇਰਾ ਦਾ ਸਿਆਸਤ ’ਚ ਰਸਮੀ ਤੌਰ ’ਤੇ ਦਾਖਲਾ ਜਨਵਰੀ 2019 ’ਚ ਬਤੌਰ ਕਾਂਗਰਸ ਦੀ ਜਨਰਲ ਸਕੱਤਰ ਦੇ ਰੂਪ ’ਚ ਹੋਇਆ। ਭਾਵ ਇਨ੍ਹਾਂ ਸਾਰਿਆਂ ਦੀ ਯੋਗਤਾ ਅਤੇ ਤਜਰਬੇ ਦਾ ਮਾਪਦੰਡ ਸਿਰਫ ਇਕ ਪਰਿਵਾਰ ਦਾ ਮੈਂਬਰ ਹੋਣਾ ਰਿਹਾ।

ਲੀਡਰਸ਼ਿਪ ਦੇ ਸੰਕਟ ਨਾਲ ਜੂਝਦੀ ਕਾਂਗਰਸ ’ਚ ਨੀਤੀਆਂ ਦੇ ਨਾਂ ’ਤੇ ਬਦਲਦੇ ਹੋਏ ਜੁਮਲੇ ਅਤੇ ਸਮੇਂ-ਸਮੇਂ ’ਤੇ ਬਦਲਣ ਵਾਲੇ ਸਿਰਫ ਨਾਅਰੇ ਹਨ। ਇਸ ਦਾ ਕਾਰਨ ਪਰਿਵਾਰਵਾਦ ਗ੍ਰਸਤ ਕਾਂਗਰਸ ਦਾ ਵਿਚਾਰਕ ਤੌਰ ’ਤੇ ਆਧਾਰ ਵਿਹੂਣਾ ਹੋਣਾ ਹੈ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਕਾਂਗਰਸ ’ਤੇ ਜਿਸ ਵੰਸ਼ ਦਾ ਗਲਬਾ ਹੈ, ਉਹ ਖੁਦ ਨੂੰ ‘ਗਾਂਧੀਵਾਦ’ (ਗਾਂਧੀ ਜੀ) ਦਾ ਇਕਲੌਤਾ ਵਾਰਿਸ ਹੋਣ ਦਾ ਦਾਅਵਾ ਕਰਦਾ ਹੈ ਪਰ ਪਿਛਲੇ ਕੁਝ ਦਹਾਕਿਆਂ ’ਚ ਕਾਂਗਰਸ ਦੇ ‘ਗਾਂਧੀਵਾਦ’ ’ਚ ਭਿਆਨਕ ਘਾਲਾਮਾਲਾ ਹੋਇਆ ਹੈ ਭਾਵ ਬਾਹਰੀ ਮੁਖੌਟਾ ਤਾਂ ਗਾਂਧੀ ਦਰਸ਼ਨ ਦਾ ਹੈ ਪਰ ਅੰਦਰੂਨੀ ਚਰਿੱਤਰ ਵੰਸ਼ਵਾਦ ਤੋਂ ਪੈਦਾ ਹੋਈ ਵਿਸ਼ੁੱਧ ਮੌਕਾਪ੍ਰਸਤੀ, ਰਾਸ਼ਟਰ/ਹਿੰਦੂ ਵਿਰੋਧੀ ਅਤੇ ਖੱਬੇਪੱਖੀ ਹੈ।

ਸਾਲ 1948 ’ਚ ਗਾਂਧੀ ਜੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਬਾਅਦ ਤੋਂ ਕਾਂਗਰਸ ਨੇ ਗਾਂਧੀ ਜੀ ਦੇ ਚਿਹਰੇ ਨੂੰ ਸਾਹਮਣੇ ਤਾਂ ਬਣਾਈ ਰੱਖਿਆ ਪਰ ਉਨ੍ਹਾਂ ਦੇ ਸਨਾਤਨ ਚਿੰਤਨ ਨਾਲੋਂ ਸਬੰਧ ਪੂਰੀ ਤਰ੍ਹਾਂ 1969 ’ਚ ਉਦੋਂ ਤੋੜ ਲਿਆ ਜਦੋਂ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਸੰਕਟ ’ਚ ਫਸੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਘੱਟ ਗਿਣਤੀ ਸਰਕਾਰ ਬਚਾਉਣ ਲਈ ਖੱਬੇਪੱਖੀਅਾਂ ਦਾ ਸਹਾਰਾ ਲਿਆ-ਜਿਨ੍ਹਾਂ ਦੇ ਵਿਚਾਰਕ ਚਿੰਤਨ ਨੇ ਪਾਕਿਸਤਾਨ ਦੇ ਜਨਮ ’ਚ ਦਾਈ ਦੀ ਭੂਮਿਕਾ ਨਿਭਾਈ, ਗਾਂਧੀ ਜੀ ਸਮੇਤ ਕਈ ਸੁਤੰਤਰਤਾ ਸੈਨਾਨੀਆਂ ਨੂੰ ਅਪਸ਼ਬਦ ਕਹੇ, ਆਜ਼ਾਦ ਭਾਰਤ ਨੂੰ ਕਈ ਰਾਸ਼ਟਰਾਂ ਦਾ ਸਮੂਹ ਮੰਨਿਆ, 1948 ’ਚ ਭਾਰਤੀ ਫੌਜ ਦੇ ਵਿਰੁੱਧ ਹੈਦਰਾਬਾਦ ’ਚ ਰਜ਼ਾਕਾਰਾਂ ਦੀ ਮਦਦ ਕੀਤੀ, 1962 ਦੀ ਜੰਗ ’ਚ ਚੀਨ ਦਾ ਸਮਰਥਨ ਕੀਤਾ ਅਤੇ ਸਾਲ 1967 ’ਚ ਭਸਮਾਸੁਰ ਨਕਸਲਵਾਦ ਨੂੰ ਪੈਦਾ ਕੀਤਾ। ਇਸਦੇ ਅਧੀਨ ਹੀ 1969 ਤੋਂ ਦਿੱਲੀ ’ਚ ਸਥਾਪਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੂੰ ਸਮੇਂ-ਸਮੇਂ ’ਚ ਭਾਰਤ (ਹਿੰਦੂ) ਵਿਰੋਧੀ ਪ੍ਰਚਾਰ ਤੰਤਰ ਦੇ ਰੂਪ ’ਚ ਤਬਦੀਲੀ ਕਰ ਦਿੱਤਾ ਗਿਆ। ਇਹ ਸੰਸਥਾਨ ਅੱਜ ਵੀ ਖੱਬੇਪੱਖੀਆਂ ਦਾ ਗੜ੍ਹ ਬਣਿਆ ਹੋਇਆ ਹੈ।

ਕਾਂਗਰਸ ’ਤੇ 1970 ਦੇ ਦਹਾਕੇ ’ਚ ਖੱਬੇਪੱਖੀਆਂ ਦਾ ਅਜਿਹਾ ਗ੍ਰਹਿਣ ਲੱਗਾ, ਉਹ ਆਪਣੀ ਮੂਲ ਗਾਂਧੀਵਾਦੀ ਪਛਾਣ ਨਾਲ ਖੁਦ ਨੂੰ ਨਹੀਂ ਜੋੜ ਸਕੇ। ਹਾਲ ਹੀ ’ਚ ਕਾਂਗਰਸ ਵਲੋਂ ਆਉਣ ਵਾਲੀ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵਿਤ ਅਯੁੱਧਿਆ ਦੌਰੇ ਅਤੇ ਉਥੇ ਰਾਮ ਮੰਦਰ ਦੀ ਉਸਾਰੀ ਲਈ ਹੋਣ ਵਾਲੀ ਭੂਮੀ ਪੂਜਨ ਦੀ ਰਸਮ ’ਚ ਸ਼ਾਮਲ ਹੋਣ ਨੂੰ ਸੈਕੁਲਰਵਾਦ ਵਿਰੁੱਧ ਦੱਸਣਾ ਇਸਦਾ ਪ੍ਰਮਾਣ ਹੈ। ਸੱਚ ਤਾਂ ਇਹ ਹੈ ਕਿ ਕਾਂਗਰਸ-ਖੱਬੇਪੱਖੀ ਕੁਨਬੇ ਲਈ ਦੇਸ਼ ’ਚ ਸੈਕੁਲਰਿਜ਼ਮ ਉਸ ਸਮੇਂ ਹੀ ਸੁਰੱਖਿਅਤ ਹੁੰਦਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਹੋਰ ਮੰਤਰੀ ਵਿਸ਼ੇਸ਼ ਟੋਪੀ ਪਹਿਨ ਕੇ ਇਫਤਾਰ ਦੀ ਦਾਅਵਤ ’ਚ ਸ਼ਾਮਲ ਹੋਵੇ। ‘ਸੈਕੁਲਰ’ ਦੇਸ਼ ਦੀ ਸਰਕਾਰ ਹੱਜ ਯਾਤਰੀਆਂ ਨੂੰ ਸਬਸਿਡੀ, ਮੌਲਵੀਆਂ-ਮੁਅੱਜਿਨਾਂ ਨੂੰ ਮਾਸਿਕ ਤਨਖਾਹ ਅਤੇ ਨਨਾਂ ਨੂੰ ਪੈਨਸ਼ਨ ਦੇਵੇ। ਭਾਵ ਇਕ ਹਿੰਦੂ ਪ੍ਰਧਾਨ ਮੰਤਰੀ ਦਾ ਇਸਲਾਮ-ਇਸਾਈਅਤ ਸਬੰਧਤ ਮਜ਼ਹਬੀ ਪ੍ਰੋਗਰਾਮਾਂ ’ਚ ਸ਼ਾਮਲ ਹੋਣਾ, ਇਸ ਜਮਾਤ ਲਈ ਸੈਕੁਲਰਵਾਦ ਨੂੰ ਸਰਪ੍ਰਸਤੀ ਦੇਣਾ ਹੈ ਪਰ ਉਸੇ ਪ੍ਰਧਾਨ ਮੰਤਰੀ ਦਾ ਹਿੰਦੂ ਪ੍ਰੋਗਰਾਮ ’ਚ ਸ਼ਾਮਲ ਹੋਣਾ-ਫਿਰਕੂ ਹੋ ਜਾਂਦਾ ਹੈ। ਕਿਉਂ?

ਇਸੇ ਘਾਲੇਮਾਲੇ ਵਾਲੀ ਮਾਨਸਿਕਤਾ ਨੇ ਕਾਂਗਰਸ ਵਾਲੇ ਯੂ. ਪੀ. ਏ. ਸ਼ਾਸਨਕਾਲ (2004-14) ’ਚ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਨੂੰ ਕਾਲਪਨਿਕ ਤੱਕ ਦੱਸ ਿਦੱਤਾ ਸੀ, ਉਹ ਵੀ ਉਦੋਂ ਜਦੋਂ ਖੁਦ ਗਾਂਧੀ ਜੀ ਨੇ ਦੇਸ਼ ’ਚ ਆਦਰਸ਼ ਸਮਾਜ ਲਈ ਰਾਮਰਾਜ ਦੀ ਕਲਪਨਾ ਕੀਤੀ ਸੀ। ਉਸੇ ਦੌਰ ’ਚ ਜਦੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ’ਚ ਗੈਰ-ਸੰਵਿਧਾਨਕ ‘ਰਾਸ਼ਟਰੀ ਸਲਾਹਕਾਰ ਕਮੇਟੀ’ (ਐੱਨ. ਏ. ਸੀ.) ਦਾ ਗਠਨ ਕੀਤਾ ਗਿਆ ਜਿਸਦੇ ਵਧੇਰੇ ਮੈਂਬਰ ਤਜਰਬੇਹੀਣ ਹੋਣ ਦੇ ਨਾਲ ਖੱਬੇਪੱਖੀ ਪਿਛੋਕੜ ਵਾਲੇ ਸਨ-ਤਦ ਉਸਦੀ ਸੋਚ ’ਤੇ ਸਾਲ 2011-12 ’ਚ ਤਤਕਾਲੀਨ ਮਨਮੋਹਨ ਸਰਕਾਰ ਵਲੋਂ ਬਹੁ-ਗਿਣਤੀ ਵਿਰੋਧੀ ਫਿਰਕੂ ਹਿੰਸਾ ਰੋਕਥਾਮ (ਿਨਆਂ ਅਤੇ ਹਰਜਾਨਾ ਪੂਰਤੀ) ਬਿੱਲ ਲਿਅਾਂਦਾ ਗਿਆ, ਜਿਸ ਰਾਹੀਂ ਹਿੰਦੂਆਂ ਨੂੰ ਆਪਣੇ ਦੇਸ਼ ’ਚ ਦੂਜੇ ਦਰਜੇ ਦੇ ਨਾਗਰਿਕ ਬਣਾਉਣ ਦੀ ਸਾਜ਼ਿਸ਼ ਰਚੀ ਗਈ। ਇਹ ਸਭ ਉਸੇ ਪਰਪੰਚ ਦਾ ਹਿੱਸਾ ਸੀ, ਜਿਸ ’ਚ ਮਿਥਕ ‘ਹਿੰਦੂ/ਭਗਵਾ ਅੱਤਵਾਦ’ ਦੀ ਪਟਕਥਾ ਲਿਖੀ ਜਾ ਰਹੀ ਸੀ।

ਸਾਲ 2014 ’ਚ ਆਮ ਚੋਣਾਂ ’ਚ ਮਿਲੀ ਹਾਰ ’ਤੇ ਜਦੋਂ ਕਾਂਗਰਸ ਨੇਤਾ ਏ. ਕੇ. ਐਂਟਨੀ ਦੀ ਰਿਪੋਰਟ ਸਾਹਮਣੇ ਆਈ ਤਦ ਉਸ ’ਚ ਕਿਹਾ ਗਿਆ ਕਿ ਪਾਰਟੀ ਨੂੰ ਹਿੰਦੂ ਵਿਰੋਧੀ ਅਕਸ ਕਾਰਨ ਨੁਕਸਾਨ ਉਠਾਉਣਾ ਪਿਆ ਹੈ, ਜਿਸ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹੀ ਕਾਰਨ ਸੀ ਕਿ ਉਸਦੇ ਬਾਅਦ ਆਈਆਂ ਵਧੇਰੇ ਚੋਣਾਂ (2019 ਦੀਆਂ ਲੋਕ ਸਭ ਚੋਣਾਂ ਸਮੇਤ) ਦੇ ਆਸ-ਪਾਸ ਰਾਹੁਲ ਗਾਂਧੀ ਹਿੰਦੂ ਮੰਦਰਾਂ-ਮੱਠਾ ’ਚ ਪੂਜਾ-ਅਰਚਨਾ ਕਰਦੇ ਦਿਸੇ ਅਤੇ ਖੁਦ ਨੂੰ ਜਨੇਊਧਾਰੀ ਦੱਤਾਤ੍ਰੇਅ ਬ੍ਰਾਹਮਣ ਤੱਕ ਦੱਸ ਦਿੱਤਾ। ਇਹ ਗੱਲ ਵੱਖਰੀ ਹੈ ਕਿ 2019 ਦੇ ਨਤੀਜਿਆਂ ਦੇ ਬਾਅਦ ਜਾਂ ਫਿਰ ਐਂਟਨੀ ਰਿਪੋਰਟ ਆਉਣ ਤੋਂ ਪਹਿਲਾਂ ਤੱਕ ‘ਸ਼ਿਵ ਭਗਤ’ ਰਾਹੁਲ ਗਾਂਧੀ ਕਿਸੇ ਵੀ ਹਿੰਦੂ ਮੰਦਰ-ਮੱਠ ਦੇ ਦਰਸ਼ਨ ਕਰਦੇ ਦਿਖਾਈ ਨਹੀਂ ਦਿੱਤੇ।

ਕਾਂਗਰਸ ਲੀਡਰਸ਼ਿਪ ਦੇ ਕ੍ਰਿਤਘਣ ਹੋਣ ਦਾ ਕਾਰਨ ਉਸਦੇ ਵਲੋਂ ਦਹਾਕੇ ਪਹਿਲਾਂ ਉਧਾਰ ਲਿਆ ਹੋਇਆ ਉਹ ਖੱਬੇਪੱਖੀ ਚਿੰਤਨ ਹੈ ਜਿਸਨੇ ਉਸਦੇ ਚੋਟੀ ਦੇ ਨੇਤਾਵਾਂ ਨੂੰ 2016 ਦੇ ਜੇ. ਐੱਨ. ਯੂ. ਦੇਸ਼-ਧ੍ਰੋਹ ਦੇ ਮਾਮਲੇ ’ਚ ਮੁਲਜ਼ਮਾਂ ਨਾਲ ਖੜ੍ਹਾ ਕਰ ਦਿੱਤਾ, ਭਾਰਤੀ ਫੌਜੀਅਾਂ ਦੀ ਬਹਾਦਰੀ ਸਮਰੱਥਾ ’ਤੇ ਸ਼ੱਕ ਕੀਤਾ, ਇਸਲਾਮੀ ਅੱਤਵਾਦੀਆਂ ਅਤੇ ਜਹਾਦੀਆਂ ਪ੍ਰਤੀ ਹਮਦਰਦੀ ਰੱਖੀ, ਰਾਮ ਜਨਮ ਭੂਮੀ ਅਯੁੱਧਿਆ ’ਤੇ ਫੈਸਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ, ਨਾਗਰਿਕਤਾ ਸੋਧ ਬਿੱਲ 2019-20 ਦਾ ਵਿਰੋਧ ਕੀਤਾ, ਭਰਮਾਊ ਪ੍ਰਚਾਰ ਦੇ ਨਾਲ ਮੁਸਲਮਾਨਾਂ ਨੂੰ ਦੰਗਿਆਂ ਲਈ ਭੜਕਾਇਆ ਅਤੇ ਦਿੱਲੀ ਸਮੇਤ ਦੇਸ਼ ਭਰ ’ਚ ਹੋਈ ਸੀ. ਏ. ਏ. ਵਿਰੋਧੀ ਮਜ਼ਹਬੀ ਹਿੰਸਾ ਨੂੰ ਨਿਆਂ ਅਨੁਸਾਰ ਉਚਿਤ ਠਹਿਰਾਉਣ ’ਤੇ ਮਜਬੂਰ ਕੀਤਾ।

ਲੀਡਰਸ਼ਿਪ ਅਤੇ ਨੀਤੀਗਤ ਮੋਰਚੇ ’ਤੇ ਅਸਫਲ ਕਾਂਗਰਸ ਅੱਜ ਉਸ ਮਸ਼ੀਨਰੀ ’ਚ ਤਬਦੀਲ ਹੋ ਗਈ ਹੈ, ਜਿਸ ’ਚ ਧਨ ਬਲ ਦੇ ਸਹਾਰੇ ਚੋਣ ਜਿੱਤਣੀ ਅਤੇ ਸੱਤਾ ਪ੍ਰਾਪਤ ਹੋਣ ’ਤੇ ਬੇਸ਼ੁਮਾਰ ਧਨ ਇਕੱਠਾ ਕਰਨਾ-ਇਕੋ ਇਕ ਮਕਸਦ ਬਣ ਗਿਆ ਹੈ। ਇਸ ਤੋਂ ਇਲਾਵਾ ਜੋ ਹੋਰ ਕੰਮ ਹੁੰਦੇ ਹਨ, ਉਹ ਵੀ ਧਨ-ਜਾਇਦਾਦ ਬਣਾਉਣ ਲਈ ਕੀਤੇ ਜਾਂਦੇ ਹਨ। ਯੂ. ਪੀ. ਏ. ਸ਼ਾਸਨਕਾਲ ਦਾ ਨੈਸ਼ਨਲ ਹੇਰਾਲਡ ਬੇਨਿਯਮੀ ਵਾਲਾ ਮਾਮਲਾ-ਇਸਦੀ ਸਭ ਤੋਂ ਪ੍ਰਤੱਖ ਉਦਾਹਰਣ ਹੈ। ਅਜਿਹਾ ਹੀ ਇਕ ਮਾਮਲਾ ਤਾਮਿਲਨਾਡੂ ’ਚ ਵਿਵਾਦਾਂ ’ਚ ਹੈ, ਜਿਥੇ 20 ਹਜ਼ਾਰ ਕਰੋੜ ਦੀ ਜਾਇਦਾਦ ਵਾਲੇ ਤਾਮਿਲਨਾਡੂ ਕਾਂਗਰਸ ਕਮੇਟੀ ਟਰੱਸਟ ’ਚ ਪਾਰਟੀ ਪ੍ਰਧਾਨ ਸੋਨੀਅਾ ਗਾਂਧੀ ਨੇ ਕੇਸ਼ਵਨ ਦੇ ਨਾਲ ਆਪਣੇ ਸਭ ਤੋਂ ਸ਼ਰਧਾਵਾਨ ਮੋਤੀ ਲਾਲ ਵੋਹਰਾ ਨੂੰ ਟਰੱਸਟੀ ਨਿਯੁਕਤ ਕੀਤਾ ਹੈ। ਦੇਸ਼ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਤੁਗਲਕ ਪੱਤਰਿਕਾ ਦੇ ਸੰਪਾਦਕ ਐੱਸ. ਗੁਰੂਮੂਰਤੀ ਅਨੁਸਾਰ ਇਹ ਸਭ ਨੈਸ਼ਨਲ ਹੇਰਾਲਡ ਬੇਨਿਯਮੀਆਂ-2 ਦੀ ਸ਼ੁਰੂਆਤ ਹੈ।

ਤੰਦਰੁਸਤ ਲੋਕਤੰਤਰ ਲਈ ਤੰਦਰੁਸਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਕਾਂਗਰਸ ’ਚ ਲੀਡਰਸ਼ਿਪ, ਨੀਤੀ ਅਤੇ ਨੀਅਤ ਦਾ ਸੰਕਟ ਬਣਿਆ ਰਹੇਗਾ, ਉਦੋਂ ਤੱਕ ਕਾਂਗਰਸ ਦਾ ਸੱਤਾ ’ਚ ਆਉਣਾ ਤਾਂ ਦੂਰ, ਉਸਦੇ ਲਈ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਉਣੀ ਬੜੀ ਔਖੀ ਹੈ।


Bharat Thapa

Content Editor

Related News