ਕੋਰੋਨਾ ਵਾਇਰਸ ਅਤੇ ਸਾਡੀਆਂ ਸਿਹਤ ਸੇਵਾਵਾਂ

03/04/2020 1:54:25 AM

ਰੋਹਿਤ ਕੌਸ਼ਿਕ

ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਸਹਿਮੀ ਹੋਈ ਹੈ। ਚੀਨ ਦੇ 80 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਥੇ ਇਸ ਵਾਇਰਸ ਕਾਰਣ ਲੱਗਭਗ 3 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੇ ਅਸਰਅੰਦਾਜ਼ ਹੋਣ ਦਾ ਦਾਇਰਾ ਦੂਜੇ ਦੇਸ਼ਾਂ ਵਿਚ ਵੀ ਫੈਲ ਰਿਹਾ ਹੈ। ਚੀਨ ਤੋਂ ਇਲਾਵਾ ਜਾਪਾਨ, ਇਟਲੀ, ਦੱਖਣੀ ਕੋਰੀਆ ਅਤੇ ਈਰਾਨ ਵਿਚ ਵੀ ਇਸ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਪੂਰੇ ਵਿਸ਼ਵ ਵਿਚ ਇਸ ਵਾਇਰਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦਾ ਬਹੁਤ ਜ਼ਿਆਦਾ ਅਸਰ ਦਿਸ ਨਹੀਂ ਰਿਹਾ। ਅਜੇ ਤਕ ਇਸ ਦੇ ਇਲਾਜ ਲਈ ਕੋਈ ਟੀਕਾ ਵੀ ਤਿਆਰ ਨਹੀਂ ਹੋ ਸਕਿਆ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕੋਰੋਨਾ ਵਾਇਰਸ ਦੇ ਫੈਲਣ ਦੀ ਤੇਜ਼ੀ ਨੂੰ ਦੇਖਦੇ ਹੋਏ ਪਹਿਲਾਂ ਹੀ ਕੌਮਾਂਤਰੀ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਸਮੁੰਦਰੀ ਖ਼ੁਰਾਕ ਰਾਹੀਂ ਫੈਲਦਾ ਹੈ ਪਰ ਹੁਣ ਕੋਰੋਨਾ ਵਾਇਰਸ ਮਨੁੱਖ ਤੋਂ ਮਨੁੱਖ ’ਚ ਫੈਲ ਰਿਹਾ ਹੈ। ਜੇਕਰ ਕੋਈ ਸਿਹਤਮੰਦ ਵਿਅਕਤੀ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸਿਹਤਮੰਦ ਵਿਅਕਤੀ ਵੀ ਇਸ ਦੀ ਮਾਰ ਹੇਠ ਆ ਸਕਦਾ ਹੈ। ਖੰਘ, ਛਿੱਕ ਜਾਂ ਹੱਥ ਮਿਲਾਉਣ ਨਾਲ ਵੀ ਇਹ ਵਾਇਰਸ ਦੀ ਬੀਮਾਰੀ ਫੈਲ ਸਕਦੀ ਹੈ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ ਖਾਂਸੀ, ਬੁਖਾਰ, ਸਿਰਦਰਦ, ਗਲੇ ਵਿਚ ਖਾਰਿਸ਼ ਅਤੇ ਜ਼ੁਕਾਮ ਸ਼ਾਮਲ ਹਨ। ਮੁਕਾਬਲਾ ਕਰਨ ਵਿਚ ਕਮਜ਼ੋਰ ਸਮਰੱਥਾ ਵਾਲੇ ਵਿਅਕਤੀ ਨੂੰ ਇਹ ਬੀਮਾਰੀ ਛੇਤੀ ਲੱਗਦੀ ਹੈ। ਨਵੇਂ ਚੀਨੀ ਕੋਰੋਨਾ ਵਾਇਰਸ ਨੂੰ ਸਾਰਸ ਵਾਇਰਸ ਦੀ ਤਰ੍ਹਾਂ ਮੰਨਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਦੇਖਦੇ ਹੋਏ ਭਾਰਤ ਸਮੇਤ ਵਿਸ਼ਵ ਦੇ ਕਈ ਹਵਾਈ ਅੱਡਿਆਂ ’ਤੇ ਚੀਨ ਤੋਂ ਆਉਣ ਵਾਲੇ ਮੁਸਾਫ਼ਿਰਾਂ ਦੀ ਜਾਂਚ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਦਾ ਸਿਹਤ ਮੰਤਰਾਲਾ ਵੀ ਇਸ ਦਿਸ਼ਾ ਵਿਚ ਸਰਗਰਮ ਹੋ ਿਗਆ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹਾਲ ਹੀ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਤੇਲੰਗਾਨਾ ਵਿਚ ਇਸ ਵਾਇਰਸ ਦੇ ਸ਼ਿਕਾਰ ਹੋਣ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਇਕ ਪਾਸੇ ਪੂਰਾ ਵਿਸ਼ਵ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਤ ਹੈ ਤਾਂ ਦੂਜੇ ਪਾਸੇ ਭਾਰਤ ਵਰਗੇ ਦੇਸ਼ ਵਿਚ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾਵੇ। ਇਹ ਸਹੀ ਹੈ ਕਿ ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਵਿਚ ਸੁਧਾਰ ਹੋ ਰਿਹਾ ਹੈ ਪਰ ਇਹ ਸੁਧਾਰ ਅਜੇ ਤਕ ਉਹ ਟੀਚੇ ਪ੍ਰਾਪਤ ਨਹੀਂ ਕਰ ਸਕਿਆ, ਜਿਸ ਨਾਲ ਪਿੰਡ ਦੇ ਆਖਰੀ ਵਿਅਕਤੀ ਨੂੰ ਵੀ ਰਾਹਤ ਮਿਲ ਸਕੇ। ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ‘ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਮਸ, ਇਕੋਨਾਮਿਕਸ ਐਂਡ ਪਾਲਿਸੀ’ (ਸੀ. ਡੀ. ਡੀ. ਈ. ਪੀ.) ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਲਗਭਗ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਘਾਟ ਹੈ। ਭਾਰਤ ਵਿਚ 10189 ਲੋਕਾਂ ਪਿੱਛੇ ਇਕ ਸਰਕਾਰੀ ਡਾਕਟਰ ਹੈ, ਜਦਕਿ ਡਬਲਿਊ. ਐੱਚ. ਓ. ਨੇ ਇਕ ਹਜ਼ਾਰ ਲੋਕਾਂ ’ਤੇ ਇਕ ਡਾਕਟਰ ਦੀ ਸਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਸਾਡੇ ਦੇਸ਼ ’ਚ 483 ਲੋਕਾਂ ’ਤੇ ਇਕ ਨਰਸ ਹੈ। ਰਿਪੋਰਟ ਅਨੁਸਾਰ ਭਾਰਤ ’ਚ ਐਂਟੀਬਾਇਓਟਿਕ ਦਵਾਈਆਂ ਦੇਣ ਲਈ ਸਹੀ ਢੰਗ ਨਾਲ ਸਿੱਖਿਆ ਪ੍ਰਾਪਤ ਸਟਾਫ ਦੀ ਕਮੀ ਹੈ, ਜਿਸ ਨਾਲ ਜੀਵਨ ਬਚਾਉਣ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲਦੀਆਂ। ਜਦੋਂ ਇਸ ਦੌਰ ਵਿਚ ਵੀ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਲਈ ਸਟ੍ਰੈਚਰ ਵਰਗੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਤਾਂ ਦੇਸ਼ ਦੀਆਂ ਸਿਹਤ ਸੇਵਾਵਾਂ ’ਤੇ ਸਵਾਲ ਉੱਠਣਾ ਲਾਜ਼ਮੀ ਹੈ। ਇਸ ਪ੍ਰਗਤੀਸ਼ੀਲ ਦੌਰ ਵਿਚ ਵੀ ਅਜਿਹੀਆਂ ਅਨੇਕਾਂ ਖਬਰਾਂ ਸਾਹਮਣੇ ਆਈਆਂ ਹਨ ਕਿ ਹਸਪਤਾਲ ਨੇ ਗਰੀਬ ਮਰੀਜ਼ ਦੀ ਲਾਸ਼ ਨੂੰ ਘਰ ਪਹੁੰਚਾਉਣ ਲਈ ਐਂਬੂਲੈਂਸ ਤਕ ਮੁਹੱਈਆ ਨਹੀਂ ਕਰਾਈ। ਅਜਿਹੀ ਸਥਿਤੀ ਵਿਚ ਜੇਕਰ ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲਦੀ ਹੈ ਤਾਂ ਇਸ ਦੇ ਡਰਾਉਣੇ ਨਤੀਜੇ ਹੋ ਸਕਦੇ ਹਨ।

ਇਹ ਮੰਦਭਾਗੀ ਗੱਲ ਹੀ ਹੈ ਕਿ ਭਾਰਤ ਵਰਗੇ ਦੇਸ਼ ਵਿਚ ਇਕ ਪਾਸੇ ਛੂਤ-ਛਾਤ ਵਾਲੇ ਰੋਗਾਂ ਨੂੰ ਰੋਕਣ ਲਈ ਕੋਈ ਅਸਰਦਾਰ ਨੀਤੀ ਨਹੀਂ ਬਣ ਸਕੀ ਹੈ ਤਾਂ ਦੂਜੇ ਪਾਸੇ ਗ਼ੈਰ-ਛੂਤਛਾਤ ਵਾਲੇ ਰੋਗ ਤੇਜ਼ੀ ਨਾਲ ਜਨਤਾ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਡਬਲਿਊ. ਐੱਚ. ਓ. ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਆਉਣ ਵਾਲੇ ਸਮਿਆਂ ਵਿਚ ਦਿਲ ਦੀਆਂ ਬੀਮਾਰੀਆਂ, ਡਾਇਬਟੀਜ਼ ਅਤੇ ਕੈਂਸਰ ਵਰਗੇ ਰੋਗ ਭਾਰਤ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨਗੇ। ਇਸ ਰਿਪੋਰਟ ਅਨੁਸਾਰ 2012 ਤੋਂ 2020 ਵਿਚਕਾਰ ਇਨ੍ਹਾਂ ਬੀਮਾਰੀਆਂ ਦੇ ਇਲਾਜ ’ਤੇ ਤਕਰੀਬਨ 6.2 ਖਰਬ ਡਾਲਰ (41 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਖਰਚ ਹੋਣ ਦਾ ਅੰਦਾਜ਼ਾ ਹੈ। ਰਿਪੋਰਟ ਵਿਚ ਇਨ੍ਹਾਂ ਬੀਮਾਰੀਆਂ ਦੇ ਭਾਰਤ ਅਤੇ ਚੀਨ ਦੇ ਸ਼ਹਿਰੀ ਇਲਾਕਿਆਂ ਵਿਚ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਦੱਸਿਆ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਗੈਰ-ਛੂਤਛਾਤ ਵਾਲੇ ਇਹ ਰੋਗ ਸ਼ਹਿਰਾਂ ਵਿਚ ਰਹਿਣ ਵਾਲੀ ਮਨੁੱਖੀ ਆਬਾਦੀ ਦੇ ਹੀ ਖਤਰੇ ਨਹੀਂ ਹਨ ਸਗੋਂ ਇਸ ਨਾਲ ਅਰਥਵਿਵਸਥਾ ਦੇ ਵੀ ਪ੍ਰਭਾਵਿਤ ਹੋਣ ਦਾ ਖਤਰਾ ਹੈ। ਵਧਦਾ ਸ਼ਹਿਰੀਕਰਨ ਅਤੇ ਇਥੋਂ ਦੇ ਕੰਮ ਦੇ ਢੰਗਾਂ ਅਤੇ ਜੀਵਨ ਦੇ ਤੌਰ-ਤਰੀਕਿਆਂ ਦੀਆਂ ਸਥਿਤੀਆਂ ਇਨ੍ਹਾਂ ਰੋਗਾਂ ਦੇ ਵਧਣ ਦਾ ਮੁੱਖ ਕਾਰਣ ਹਨ। 2014 ਤੋਂ 2050 ਵਿਚਕਾਰ ਭਾਰਤ ’ਚ 404 ਮਿਲੀਅਨ (40 ਕਰੋੜ 40 ਲੱਖ) ਆਬਾਦੀ ਸ਼ਹਿਰਾਂ ਦਾ ਹਿੱਸਾ ਬਣੇਗੀ। ਇਸ ਕਾਰਣ ਸ਼ਹਿਰਾਂ ਦਾ ਗ਼ੈਰ-ਯੋਜਨਾਬੱਧ ਵਿਕਾਸ ਹੋਣ ਨਾਲ ਸਥਿਤੀ ਬਦਤਰ ਹੋਵੇਗੀ। ਸਾਡੇ ਦੇਸ਼ ਵਿਚ ਵਿਵਸਥਾ ਦੀ ਨਾਕਾਮੀ ਅਤੇ ਵਾਤਾਵਰਣ ਦੇ ਵੱਖ-ਵੱਖ ਕਾਰਕਾਂ ਕਾਰਣ ਬੀਮਾਰੀ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ। ਭਾਰਤ ਵਿਚ ਡਾਕਟਰਾਂ ਦੀ ਉਪਲੱਬਧਤਾ ਦੀ ਸਥਿਤੀ ਵੀਅਤਨਾਮ ਅਤੇ ਅਲਜੀਰੀਆ ਵਰਗੇ ਦੇਸ਼ਾਂ ਨਾਲੋਂ ਵੀ ਬਦਤਰ ਹੈ। ਸਾਡੇ ਦੇਸ਼ ਵਿਚ ਇਸ ਸਮੇਂ ਲੱਗਭਗ 7.5 ਲੱਖ ਸਰਗਰਮ ਡਾਕਟਰ ਹਨ। ਡਾਕਟਰਾਂ ਦੀ ਕਮੀ ਕਾਰਣ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਵਿਚ ਦੇਰੀ ਹੁੰਦੀ ਹੈ। ਇਹ ਸਥਿਤੀ ਅੰਤ ਵਿਚ ਪੂਰੇ ਦੇਸ਼ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਦੇਸ਼ ਵਿਚ ਆਮ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣ ਦੇ ਕਈ ਕਾਰਣ ਹਨ, ਇਸ ਲਈ ਸਿਹਤ ਸਹੂਲਤਾਂ ਨੂੰ ਤੇਜ਼ ਅਤੇ ਤਿੱਖਾ ਬਣਾਉਣ ਦੀ ਜ਼ਰੂਰਤ ਹੈ। ਦਰਅਸਲ, ਸਿਹਤ ਸੇਵਾਵਾਂ ਦੇ ਮੁੱਦੇ ’ਤੇ ਭਾਰਤ ਅਨੇਕਾਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਹਾਲਾਤ ਇਹ ਹਨ ਕਿ ਆਬਾਦੀ ਦੇ ਵਾਧੇ ਕਾਰਣ ਬੀਮਾਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਗ਼ਰੀਬੀ ਅਤੇ ਗੰਦਗੀ ਕਾਰਣ ਛੂਤ ਦੀਆਂ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਲੋਕ ਇਲਾਜ ਲਈ ਤਰਸ ਰਹੇ ਹਨ। ਗ਼ੌਰਤਲਬ ਹੈ ਕਿ ਚੀਨ, ਬ੍ਰਾਜ਼ੀਲ ਅਤੇ ਸ਼੍ਰੀਲੰਕਾ ਵਰਗੇ ਦੇਸ਼ ਵੀ ਸਿਹਤ ਦੇ ਖੇਤਰ ਵਿਚ ਸਭ ਤੋਂ ਵੱਧ ਖਰਚ ਕਰਦੇ ਹਨ, ਜਦਕਿ ਪਿਛਲੇ ਦੋ ਦਹਾਕਿਆਂ ਵਿਚ ਭਾਰਤ ਦੀ ਆਰਥਿਕ ਵਾਧਾ ਦਰ ਚੀਨ ਤੋਂ ਬਾਅਦ ਸ਼ਾਇਦ ਸਭ ਤੋਂ ਵੱਧ ਰਹੀ ਹੈ। ਇਸੇ ਲਈ ਪਿਛਲੇ ਦਿਨੀਂ ਯੋਜਨਾ ਕਮਿਸ਼ਨ ਦੀ ਮਾਹਿਰਾਂ ਦੀ ਕਮੇਟੀ ਨੇ ਵੀ ਸਿਫ਼ਾਰਿਸ਼ ਕੀਤੀ ਸੀ ਕਿ ਜਨਤਕ ਡਾਕਟਰੀ ਸੇਵਾਵਾਂ ਲਈ ਰੱਖੀ ਜਾਂਦੀ ਰਕਮ ਵਧਾਈ ਜਾਵੇ। ਇਹ ਬਦਕਿਸਮਤੀ ਹੀ ਹੈ ਕਿ ਸਾਡੇ ਦੇਸ਼ ਵਿਚ ਸਿਹਤ ’ਤੇ ਹੋਣ ਵਾਲਾ ਖਰਚ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਸ ਮਾਹੌਲ ਵਿਚ ਜਨਤਕ ਸਿਹਤ ਸੇਵਾਵਾਂ ਦੀ ਸਥਿਤੀ ਤਰਸਯੋਗ ਹੈ।

ਸਿਤਮਜ਼ਰੀਫ਼ੀ ਇਹ ਹੈ ਕਿ ਭਾਰਤ ਵਿਚ ਦੂਜੀਆਂ ਸਰਕਾਰੀ ਯੋਜਨਾਵਾਂ ਵੀ ਲੁੱਟ-ਖਸੁੱਟ ਦਾ ਸ਼ਿਕਾਰ ਹਨ। ਦੂਜੇ ਪਾਸੇ ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਦੀ ਵੀ ਚਾਂਦੀ ਹੈ। ਪਿਛਲੇ ਦਿਨੀਂ ਭਾਰਤੀ ਮੈਡੀਕਲ ਕੌਂਸਲ ਨੇ ਡਾਕਟਰਾਂ ਵਲੋਂ ਦਵਾਈ ਕੰਪਨੀਆਂ ਤੋਂ ਲੈਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਇਕ ਜ਼ਾਬਤਾ ਕੋਡ ਤਹਿਤ ਡਾਕਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦੀ ਰੂਪਰੇਖਾ ਤੈਅ ਕੀਤੀ ਸੀ ਪਰ ਅਜੇ ਵੀ ਡਾਕਟਰ ਦਵਾਈ ਕੰਪਨੀਅਾਂ ਤੋਂ ਵੱਖ-ਵੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਨ ਅਤੇ ਇਨ੍ਹਾਂ ਦਾ ਬੋਝ ਮਰੀਜ਼ਾਂ ’ਤੇ ਪੈ ਰਿਹਾ ਹੈ। ਇਸ ਦੌਰ ਵਿਚ ਡਾਕਟਰਾਂ ਵਲੋਂ ਜ਼ਿਆਦਾ ਦਵਾਈਆਂ ਲਿਖਣਾ ਇਕ ਰਵਾਇਤ ਬਣ ਗਈ ਹੈ। ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਇਨ੍ਹਾਂ ਵਿਚ ਕੁਝ ਦਵਾਈਆਂ ਤੁਹਾਡੀ ਬੀਮਾਰੀ ਨਾਲ ਸਬੰਧਤ ਹੁੰਦੀਆਂ ਹੀ ਨਹੀਂ। ਵਪਾਰੀਕਰਨ ਦੇ ਇਸ ਦੌਰ ਵਿਚ ਡਾਕਟਰ ਰੂਪੀ ਭਗਵਾਨ ਵੀ ਵਪਾਰਕ ਹੋ ਗਏ ਹਨ। ਸਾਹਮਣੇ ਮੌਜੂਦ ਭਗਵਾਨ ’ਤੇ ਵੀ ਦੱਬ ਕੇ ਚੜ੍ਹਾਵਾ ਚੜ੍ਹਦਾ ਹੈ। ਦਵਾਈਆਂ ਦੀਆਂ ਵੱਖ-ਵੱਖ ਕੰਪਨੀਆਂ ਕੀਮਤੀ ਤੋਂ ਕੀਮਤੀ ਚੜ੍ਹਾਵੇ ਚੜ੍ਹਾ ਕੇ ਇਸ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਦੌੜ ਵਿਚ ਰਹਿੰਦੀਆਂ ਹਨ। ਅਜਿਹੀ ਹਾਲਤ ’ਚ ਈਸ਼ਵਰ ਆਪਣੇ ਭਗਤਾਂ ਨੂੰ ਮਾਯੂਸ ਕਿੰਝ ਕਰ ਸਕਦਾ ਹੈ? ਇਥੋਂ ਸ਼ੁਰੂ ਹੁੰਦਾ ਹੈ ਦੌੜ ਦਾ ਇਕ ਨਵਾਂ ਸ਼ਾਸਤਰ। ਈਸ਼ਵਰ ਚੜ੍ਹਾਵੇ ਬਦਲੇ ਆਪਣੇ ਹਰ ਭਗਤ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਇਸ ਲਈ ਈਸ਼ਵਰ ਦੀ ਹਰ ਪਰਚੀ ਦਵਾਈ ਰੂੁਪੀ ਅੰਮ੍ਰਿਤ ਨਾਲ ਭਰੀ ਰਹਿੰਦੀ ਹੈ। ਇਸ ਵਿਵਸਥਾ ਵਿਚ ਈਸ਼ਵਰ ਅਤੇ ਭਗਤ ਦੋਵੇਂ ਤ੍ਰਿਪਤ ਰਹਿੰਦੇ ਹਨ ਪਰ ਆਮ ਜਨਤਾ ਨੂੰ ਲੁੱਟ-ਖਸੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਪੱਸ਼ਟ ਹੈ ਕਿ ਬਾਜ਼ਾਰ ਦੀਆਂ ਸ਼ਕਤੀਆਂ ਆਪਣੇ ਹਿੱਤ ਲਈ ਮਨੁੱਖੀ ਹਿੱਤਾਂ ਦੀ ਆੜ ਵਿਚ ਮਨੁੱਖੀ ਕਦਰਾਂ-ਕੀਮਤਾਂ ਨੂੰ ਤਰਜੀਹ ਨਹੀਂ ਦਿੰਦੀਅਾਂ। ਅੱਜ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਦਵਾਈ ਕੰਪਨੀਆਂ ਆਪਣੀਆਂ ਦਵਾਈਅਾਂ ਲਿਖਾਉਣ ਲਈ ਡਾਕਟਰਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਦਿੰਦੀਆਂ ਹਨਇਸ ਲਈ ਡਾਕਟਰ ਇਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਵਿਕਵਾਉਣ ਲਈ ਜੀਅ-ਤੋੜ ਕੋਸ਼ਿਸ਼ ਕਰਦੇ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਕੁਝ ਡਾਕਟਰ ਗ਼ੈਰ-ਜ਼ਰੂਰੀ ਦਵਾਈਆਂ ਲਿਖ ਕੇ ਦਵਾਈ ਕੰਪਨੀਆਂ ਨਾਲ ਕੀਤੇ ਵਚਨ ਨਿਭਾਉਂਦੇ ਹਨ। ਇਸ ਵਿਵਸਥਾ ਵਿਚ ਡਾਕਟਰ ਲਈ ਦਵਾਈ ਕੰਪਨੀਆਂ ਦਾ ਹਿੱਤ ਮਰੀਜ਼ ਦੇ ਹਿੱਤਾਂ ਤੋਂ ਉੱਪਰ ਹੋ ਜਾਂਦਾ ਹੈ। 1940 ਤੋਂ ਬਾਅਦ ਛੂਤ ਦੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਹੁਣ ਕਈ ਨਵੇਂ ਰੋਗ ਸਾਡੇ ਸਾਹਮਣੇ ਆਏ ਹਨ ਅਤੇ ਭਵਿੱਖ ਵਿਚ ਵੀ ਹੋਰ ਨਵੇਂ ਰੋਗ ਸਾਡੇ ਸਾਹਮਣੇ ਆ ਸਕਦੇ ਹਨ। ‘ਨੇਚਰ’ ਰਸਾਲੇ ਵਿਚ ਛਪੇ ਇਕ ਅਧਿਐਨ ਅਨੁਸਾਰ ਛੂਤ ਦੀਆਂ ਬੀਮਾਰੀਆਂ ਦੇ ਵਧਣ ਦਾ ਵੱਡਾ ਕਾਰਣ ਆਬਾਦੀਆਂ ਵਿਚ ਆਈ ਤਬਦੀਲੀ ਹੈ। ਮਨੁੱਖਾਂ ਨੂੰ ਲੱਗ ਰਹੀਆਂ ਛੂਤ ਦੀਆਂ ਬੀਮਾਰੀਆਂ ਵਿਚੋਂ ਘੱਟੋ-ਘੱਟ ਦੋ-ਤਿਹਾਈ ਜਾਨਵਰਾਂ ਤੋਂ ਆਈਆਂ ਹਨ। ਦਰਅਸਲ, ਇਸ ਦੌਰ ਵਿਚ ਸਿਹਤ ਸੇਵਾਵਾਂ ਦੀ ਬਦਹਾਲੀ ਦਾ ਖ਼ਮਿਆਜ਼ਾ ਜ਼ਿਆਦਾਤਰ ਬੱਚਿਆਂ, ਔਰਤਾਂ ਅਤੇ ਬੁੱਢਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਹੋ ਕਾਰਣ ਹੈ ਕਿ ਦੇਸ਼ ਦੇ ਅਨੇਕਾਂ ਰਾਜਾਂ ਵਿਚ ਜਿਥੇ ਇਕ ਪਾਸੇ ਬੱਚੇ ਵੱਖ-ਵੱਖ ਗੰਭੀਰ ਬੀਮਾਰੀਆਂ ਕਾਰਣ ਕਾਲ ਦੇ ਜਬਾੜਿਅਾਂ ਵਿਚ ਸਮਾ ਰਹੇ ਹਨ ਤਾਂ ਦੂਜੇ ਪਾਸੇ ਔਰਤਾਂ ਨੂੰ ਵੀ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਅਾਂ। ਇਸ ਮਮਲੇ ਵਿਚ ਬੁੱਢਿਆਂ ਦਾ ਹਾਲ ਤਾਂ ਹੋਰ ਵੀ ਤਰਸਯੋਗ ਹੈ। ਅਨੇਕਾਂ ਪਰਿਵਾਰਾਂ ਵਿਚ ਬੁੱਢਿਆਂ ਨੂੰ ਮਾਨਸਿਕ ਹੌਸਲਾ ਨਹੀਂ ਮਿਲਦਾ, ਨਾਲ ਹੀ ਉਨ੍ਹਾਂ ਦੀ ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਜਦੋਂ ਉਨ੍ਹਾਂ ਨੂੰ ਸਿਹਤ ਸੇਵਾਵਾਂ ਵੀ ਮੁਹੱਈਆ ਨਹੀਂ ਹੁੰਦੀਆਂ ਤਾਂ ਉਨ੍ਹਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਇਸ ਲਈ ਸਿਹਤ ਸੇਵਾਵਾਂ ਦਾ ਚੁਸਤ-ਦਰੁੱਸਤ ਅਤੇ ਈਮਾਨਦਾਰ ਹੋਣਾ ਨਾ ਸਿਰਫ ਸਿਹਤ ਦੇ ਨਜ਼ਰੀਏ ਤੋਂ ਸਗੋਂ ਸਮਾਜਿਕ ਨਜ਼ਰੀਏ ਤੋਂ ਵੀ ਜ਼ਰੂਰੀ ਹੈ। ਮੰਦਭਾਗੀ ਹਕੀਕਤ ਇਹ ਹੈ ਕਿ ਅਜੇ ਤਕ ਅਜਿਹਾ ਨਹੀਂ ਹੋ ਸਕਿਆ। ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਬਦਹਾਲ ਸਿਹਤ ਸੇਵਾਵਾਂ ਨੂੰ ਲੀਹ ’ਤੇ ਲਿਆਉਣ ਲਈ ਇਕ ਸੰਜੀਦਾ ਪਹਿਲ ਦੀ ਜ਼ਰੂਰਤ ਹੈ। ਖ਼ੈਰ, ਇਸ ਸਮੇਂ ਕੋਰੋਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ ਜਾਗਰੂਕਤਾ ਦੀ ਤਾਂ ਕਿ ਸਮੇਂ ਸਿਰ ਇਸ ਵਾਇਰਸ ਦਾ ਟਾਕਰਾ ਕੀਤਾ ਜਾ ਸਕੇ। ਵਾਤਾਵਰਣ ਦੇ ਅਨੇਕਾਂ ਕਾਰਣਾਂ ਨਾਲ ਭਵਿੱਖ ’ਚ ਛੂਤ ਦੀਆਂ ਬੀਮਾਰੀਆਂ ਦਾ ਖਤਰਾ ਵਧੇਗਾ, ਇਸ ਲਈ ਹੁਣ ਸਮਾਂ ਆ ਗਿਆ ਕਿ ਸਰਕਾਰ ਛੂਤ ਦੇ ਰੋਗਾਂ ਨੂੰ ਵਧਣ ਤੋਂ ਰੋਕਣ ਲਈ ਇਕ ਲੰਮੇ ਸਮੇਂ ਦੀ ਨੀਤੀ ਬਣਾਵੇ।


Bharat Thapa

Content Editor

Related News