ਕੋਰੋਨਾ ਦਾ ਟੀਕਾ : ਖੁਸ਼ਖਬਰੀ

01/04/2021 3:21:12 AM

ਡਾ. ਵੇਦਪ੍ਰਤਾਪ ਵੈਦਿਕ

ਕੋਰੋਨਾ ਮਹਾਮਾਰੀ ਨੂੰ ਢਹਿ-ਢੇਰੀ ਕਰਨ ਦਾ ਬ੍ਰਹਮਾਸਤਰ ਹੁਣ ਭਾਰਤ ਦੇ ਹੱਥ ’ਚ ਆ ਗਿਆ ਹੈ। ਕੋਰੋਨਾ ਦੇ ਦੋ ਟੀਕੇ, ਜੋ ਭਾਰਤ ’ਚ ਹੀ ਬਣੇ ਹਨ, ਹੁਣ ਜਲਦੀ ਹੀ ਲੋੜਵੰਦਾਂ ਨੂੰ ਲੱਗਣੇ ਸ਼ੁਰੂ ਹੋ ਜਾਣਗੇ। 30 ਕਰੋੜ ਲੋਕਾਂ ਦੇ ਲਈ ਜੋ ਪ੍ਰਬੰਧ ਹੁਣੇ ਹੋਇਆ ਹੈ, ਉਸ ’ਚ ਉਨ੍ਹਾਂ ਤਿੰਨ ਕਰੋੜ ਲੋਕਾਂ ਨੂੰ ਇਹ ਟੀਕਾ ਸਭ ਤੋਂ ਪਹਿਲਾਂ ਲੱਗੇਗਾ, ਜੋ ਡਾਕਟਰ, ਨਰਸ ਅਤੇ ਮਰੀਜ਼ਾਂ ਦੀ ਸੇਵਾ ’ਚ ਲੱਗੇ ਰਹਿੰਦੇ ਹਨ। ਇਹ ਸੱਚੇ ਲੋਕ ਸੇਵਕ ਹਨ। ਇਨ੍ਹਾਂ ਲੋਕਾਂ ਨੇ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ਹੈ। ਹੁਣ ਵੀ ਇਹ ਲੋਕ ਉਤਸ਼ਾਹਪੂਰਵਕ ਦੇਸ਼ ਦੀ ਸੇਵਾ ਕਰਦੇ ਰਹਿਣ, ਇਸ ਦੇ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜ਼ਾਹਿਰ ਹੈ ਕਿ ਸਾਡੇ ਨੇਤਾ ਲੋਕ ਚਾਹੁਣਗੇ ਕਿ ਇਨ੍ਹਾਂ ਸੇਵਾ ਕਰਮਚਾਰੀਅਾਂ ਤੋਂ ਵੀ ਪਹਿਲਾਂ ਇਸ ਟੀਕੇ ਨਾਲ ਉਨ੍ਹਾਂ ਨੂੰ ਨਿਵਾਜਿਆ ਜਾਵੇ ਪਰ ਉਹ ਜ਼ਰਾ ਆਪਣੀ ਤੁਲਨਾ ਇਨ੍ਹਾਂ ਡਾਕਟਰਾਂ, ਨਰਸਾਂ, ਵਾਰਡ ਬੁਆਏਜ਼ ਅਤੇ ਮਰੀਜ਼ ਗੱਡੀਅਾਂ ਦੇ ਡਰਾਈਵਰਾਂ ਨਾਲ ਕਰ ਕੇ ਦੇਖਣ।

ਇਹ ਲੋਕ ਜਦੋਂ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਸਨ, ਉਦੋਂ ਜ਼ਿਆਦਾਤਰ ਨੇਤਾ ਆਪਣੇ ਘਰਾਂ ’ਚ ਦੁਬਕੇ ਹੋਏ ਸਨ। ਉਹ ਭੁੱਖੇ ਲੋਕਾਂ ਨੂੰ ਖਾਣਾ ਵੰਡਣ ’ਚ ਵੀ ਸੰਕੋਚ ਕਰਦੇ ਸਨ। ਹਾਲਾਂਕਿ ਮੇਰੀ ਰਾਏ ਹੈ ਕਿ ਜੇਕਰ ਉਹ ਫਿਰ ਵੀ ਇਹ ਟੀਕਾ ਪਹਿਲਾਂ ਲਗਾਉਣਾ ਚਾਹੁਣ ਤਾਂ ਉਨ੍ਹਾਂ ਨੂੰ ਇਹ ਸਹੂਲਤ ਦੇ ਦਿੱਤੀ ਜਾਵੇ ਪਰ ਉਨ੍ਹਾਂ ਤੋਂ ਲਾਗਤ ਨਾਲੋਂ ਵੀ ਦੁੱਗਣਾ-ਚੌਗੁਣਾ ਪੈਸਾ ਵਸੂਲ ਕੀਤਾ ਜਾਵੇ, ਜਿਸ ਦੀ ਵਰਤੋਂ ਉਸ ਟੀਕੇ ਨੂੰ ਮੁਫਤ ਵੰਡਣ ’ਚ ਕੀਤੀ ਜਾਵੇ।

ਇਹ ਠੀਕ ਹੈ ਕਿ ਕਰੋੜਾਂ ਲੋਕਾਂ ਨੂੰ ਮੁਫਤ ਟੀਕਾ ਦੇਣ ’ਚ ਸਰਕਾਰ ਦੇ ਅਰਬਾਂ ਰੁਪਏ ਖਰਚ ਹੋ ਜਾਣਗੇ ਪਰ ਜੇਕਰ ਉਹ ਨਿੱਜੀ ਹਸਪਤਾਲਾਂ ਨੂੰ ਇਹ ਛੂਟ ਦੇ ਦੇਵੇ ਤਾਂ ਭਾਰਤ ’ਚ 30 ਤੋਂ 40 ਕਰੋੜ ਲੋਕ ਉੱਚ ਅਤੇ ਹੇਠਲੇ ਦਰਮਿਆਨੇ ਵਰਗ ਦੇ ਅਜਿਹੇ ਹਨ, ਜੋ 1000-2000 ਰੁਪਏ ਖਰਚ ਕਰ ਕੇ ਇਹ ਟੀਕਾ ਲੈ ਸਕਦੇ ਹਨ। ਇਸ ਦੇ ਕਾਰਨ ਜੋ ਰਕਮ ਸਰਕਾਰ ਨੂੰ ਮਿਲੇਗੀ, ਉਹ ਮੁਫਤ ਟੀਕਾ ਲਗਾਉਣ ’ਚ ਹੀ ਵਰਤੀ ਜਾਵੇਗੀ, ਮੁਫਤ ਟੀਕਾਕਰਨ ਦਾ ਬੋਝ ਵੀ ਹਲਕਾ ਹੋਵੇਗਾ। ਸਰਕਾਰੀ ਟੀਕਾ ਕਰਮਚਾਰੀਅਾਂ ਦੀ ਗਿਣਤੀ ਸਿਰਫ ਸਵਾ ਲੱਖ ਹੈ। ਇੰਨੇ ਹੀ ਟੀਕਾ ਕਰਮਚਾਰੀ ਨਿੱਜੀ ਹਸਪਤਾਲ ਵੀ ਜੁਟਾ ਸਕਦੇ ਹਨ। 50 ਸਾਲ ਤੋਂ ਵੱਧ ਉਮਰ ਵਾਲੇ ਲਗਭਗ 50 ਕਰੋੜ ਅਤੇ ਗੰਭੀਰ ਬੀਮਾਰੀਅਾਂ ਨਾਲ ਗ੍ਰਸਤ ਲੋਕਾਂ ਨੂੰ ਇਹ ਟੀਕਾ ਦੇਣ ਦੀ ਤਿਆਰੀ ਸਾਡੇ ਸਿਹਤ ਮੰਤਰਾਲਾ ਨੇ ਠੀਕ ਢੰਗ ਨਾਲ ਕੀਤੀ ਹੋਈ ਹੈ। ਜੇਕਰ ਲੋੜ ਪਈ ਤਾਂ ਸਰਕਾਰ ਵਿਦੇਸ਼ੀ ਕੰਪਨੀਅਾਂ ਤੋਂ ਵੀ ਦਵਾਈਅਾਂ ਖਰੀਦ ਸਕਦੀ ਹੈ। ਉਂਝ ਵੀ ਕੋਰੋਨਾ ਦਾ ਹਮਲਾ ਭਾਰਤ ’ਚ ਅੱਜਕਲ ਬਹੁਤ ਮੱਠਾ ਪੈਂਦਾ ਜਾ ਰਿਹਾ ਹੈ। ਭਾਰਤ ਦੇ ਵਿਗਿਆਨੀਆਂ ਵਲੋਂ ਤਿਆਰ ਇਹ ਟੀਕਾ ਪੱਛਮੀ ਟੀਕਿਅਾਂ ਦੇ ਮੁਕਾਬਲੇ ਸਸਤਾ ਅਤੇ ਘੱਟ ਨਖਰੇ ਵਾਲਾ ਹੈ। ਇਹ ਭਾਰਤ ਨੂੰ ਤਾਂ ਮਹਾਮਾਰੀ ਮੁਕਤ ਕਰੇਗਾ ਹੀ, ਗੁਆਂਢੀ ਦੇਸ਼ਾਂ ਅਤੇ ਅਫਰੀਕੀ ਦੇਸ਼ਾਂ ਦੀ ਵੀ ਵਿਸ਼ਾਲ ਸੇਵਾ ਦਾ ਮੌਕਾ ਭਾਰਤ ਨੂੰ ਪ੍ਰਦਾਨ ਕਰੇਗਾ। ਭਾਰਤ ਦੇ ਲਈ ਅੱਜ ਏਸ਼ੀਆ-ਅਫਰੀਕਾ ਦੇ ਦੇਸ਼ਾਂ ਲਈ ਨਵੇਂ ਸਾਲ ਦੀ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ।


Bharat Thapa

Content Editor

Related News