ਕੋਰੋਨਾ ਦੀ ਦੂਜੀ ਲਹਿਰ-ਹੁਣ ਅੱਗੇ ਕੀ?
Wednesday, Apr 21, 2021 - 03:10 AM (IST)

ਡਾ. ਵਿਜੇ ਮਹਾਜਨ
ਅੱਜ ਤੋਂ ਲਗਭਗ ਡੇਢ ਸਾਲ ਪਹਿਲਾਂ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਰੋਗ ਉਸ ਦੇਸ਼ ’ਚ ਲਗਭਗ ਖਤਮ ਹੋ ਗਿਆ ਹੈ ਪਰ ਪੂਰੀ ਦੁਨੀਆ ਦੇ ਲਗਭਗ ਸਭ ਦੇਸ਼ਾਂ ’ਚ ਇਹ ਰੋਗ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਉਹ ਵਾਰ-ਵਾਰ ਆਪਣੇ ਪੈਰ ਪਸਾਰ ਰਿਹਾ ਹੈ। ਇੰਨਾ ਹੀ ਨਹੀਂ, ਇਕ ਵਾਰ ਘੱਟ ਹੋ ਜਾਣ ਤੋਂ ਬਾਅਦ ਪਹਿਲਾਂ ਤੋਂ ਤੇਜ਼ ਰਫਤਾਰ ਅਤੇ ਭਿਆਨਕ ਰੂਪ ਨਾਲ ਫੈਲ ਰਿਹਾ ਹੈ।
ਚੀਨ ’ਚ ਇਸ ਰੋਗ ਦੇ ਖਤਮ ਹੋਣ ਦਾ ਮੁਖ ਕਾਰਨ ਉੱਥੋਂ ਦੀ ਸਰਕਾਰ ਵੱਲੋਂ ਕੋਰੋਨਾ ਦੇ ਰੋਗ ਤੋਂ ਬਚਾਅ ਸਬੰਧੀ ਨਿਯਮਾਂ ਦਾ ਆਮ ਲੋਕਾਂ ਕੋਲੋਂ ਸਖਤੀ ਨਾਲ ਪਾਲਣ ਕਰਵਾਉਣਾ ਹੈ। ਸਾਡੇ ਦੇਸ਼ ’ਚ ਵੀ ਸ਼ੁਰੂ ਤੋਂ ਲਾਕਡਾਊਨ ਅਤੇ ਫਿਰ ਲੋਕਾਂ ਵੱਲੋਂ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਸਿੱਟੇ ਵਜੋਂ ਇਸ ਮਹਾਮਾਰੀ ਦੇ ਰੋਗੀਆਂ ਦੀ ਗਿਣਤੀ ’ਚ ਹੈਰਾਨੀਜਨਕ ਕਮੀ ਆਈ ਸੀ।
ਆਮ ਲੋਕਾਂ ਨੇ ਇਸ ਕਮੀ ਨੂੰ ਕੋਰੋਨਾ ਦਾ ਅੰਤ ਸਮਝ ਲਿਆ ਸੀ ਅਤੇ ਕੋਰੋਨਾ ਸਬੰਧੀ ਨਿਯਮਾਂ ਦੀਆਂ ਧੱਜੀਆਂ ਉੱਡਣ ਲੱਗੀਆਂ ਸਨ। ਵਾਰ-ਵਾਰ ਹੱਥ ਧੋਣਾ ਤਾਂ ਦੂਰ ਮਾਸਕ ਵਰਗੀ ਵਸਤੂ ਦੀ ਵਰਤੋਂ ਵੀ ਲਗਭਗ ਖਤਮ ਹੋ ਗਈ ਸੀ। ਧਾਰਮਿਕ ਸਮਾਗਮਾਂ, ਵਿਆਹਾਂ, ਸਿਆਸੀ ਰੈਲੀਅਾਂ ਆਦਿ ’ਚ ਭੀੜ ਨਜ਼ਰ ਆਉਣ ਲੱਗੀ ਸੀ। ਇਨ੍ਹਾਂ ਸਭ ਥਾਵਾਂ ’ਤੇ ਮਾਸਕ ਦੀ ਵਰਤੋਂ ਅਤੇ ਸੋਸ਼ਲ ਡਿਸਟੈਂਸਿੰਗ ਇਕ ਰਸਮ ਬਣ ਕੇ ਰਹਿ ਗਈ ਸੀ।
ਆਪਣੇ ਸਵਰੂਪ ਨੂੰ ਬਦਲ ਕੇ ਜਿਸ ਪ੍ਰਕਿਰਿਆ ਨੂੰ ਮਿਊਟੇਸ਼ਨ ਵੀ ਕਿਹਾ ਗਿਆ ਹੈ, ਇਸ ਵਾਇਰਸ ਨੇ ਮੁੜ ਤੋਂ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹੁਣ ਇਹ ਨਾ ਸਿਰਫ ਤੇਜ਼ ਰਫਤਾਰ ਨਾਲ ਫੈਲ ਰਿਹਾ ਹੈ, ਨਾਲ ਹੀ ਵਧੇਰੇ ਖਤਰਨਾਕ ਵੀ ਸਿੱਧ ਹੋ ਰਿਹਾ ਹੈ। ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ 1 ਹਫਤੇ ’ਚ ਕੋਰੋਨਾ ਕਾਰਨ ਬਿਮਾਰ ਰੋਗੀਆਂ ਦੀ ਗਿਣਤੀ ਅਤੇ ਮੌਤ ਦੀ ਦਰ ’ਚ ਰਿਕਾਰਡ ਵਾਧਾ ਹੋਇਆ ਹੈ।
ਆਪਣੇ ਇਕ ਨਵੇਂ ਸਵਰੂਪ ’ਚ ਪੰਜਾਬ ਦੇ ਲਗਭਗ 80 ਫੀਸਦੀ ਕੋਰੋਨਾ ਦੇ ਰੋਗੀ ਯੂ. ਕੇ. ਸਟ੍ਰੇਨ ਤੋਂ ਪੀੜਤ ਹਨ। ਇਹ ਰੋਗ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੀ ਇਸ ਲਹਿਰ ਦੀ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਰੋਗ ਨੌਜਵਾਨਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਿਹਾ ਹੈ।
ਇਹ ਸਟ੍ਰੇਨ ਨੱਕ ਅਤੇ ਗਲੇ ਦੀ ਬਜਾਏ ਮੁਖ ਰੂਪ ’ਚ ਫੇਫੜਿਆ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਹੀ ਇਹ ਜਲਦੀ ਘਾਤਕ ਹੋ ਜਾਂਦਾ ਹੈ। ਇਸ ਰੋਗ ਦੇ ਡਰ ਕਾਰਨ ਭਾਵੇਂ ਲੋਕ ਹੁਣ ਰੋਗ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕਰਨ ਲੱਗੇ ਹਨ ਪਰ ਰੋਗ ’ਤੇ ਕੰਟਰੋਲ ਕਰਨ ’ਚ ਅਜੇ ਸਮਾਂ ਲੱਗੇਗਾ। ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੋਵੇਗਾ।
ਚੰਗੇ ਭਾਗੀਂ, ਸਾਡੇ ਦੇਸ਼ ’ਚ ਇਸ ਰੋਗ ਤੋਂ ਬਚਾਅ ਲਈ ਇਸ ਸਮੇਂ ਦੋ ਤਰ੍ਹਾਂ ਦੀ ਵੈਕਸੀਨ ਉਪਲੱਬਧ ਹੈ। 16 ਜਨਵਰੀ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਹੁਣ ਤੱਕ ਦੇਸ਼ ’ਚ ਲਗਭਗ 11 ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਪਹਿਲ ਦੇ ਆਧਾਰ ’ਤੇ ਪਹਿਲਾਂ ਹੈਲਪ ਵਰਕਰਜ਼ ਅਤੇ ਫਰੰਟਲਾਈਨ ਵਰਕਰਜ਼ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਇਸ ਸਮੇਂ ਸਾਡੇ ਦੇਸ਼ ’ਚ ਇਹ ਵੈਕਸੀਨ 45 ਸਾਲ ਦੀ ਉਮਰ ਤੋਂ ਉਪਰ ਦੇ ਲੋਕਾਂ ’ਚ, ਭਾਵੇਂ ਉਹ ਕਿਸੇ ਹੋਰ ਰੋਗ ਤੋਂ ਵੀ ਪੀੜਤ ਨਾ ਵੀ ਹੋਣ, ਨੂੰ ਲਾਏ ਜਾ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਬਾਰੇ ਅਜੇ ਭੁਲੇਖੇ ਹਨ।
ਆਮ ਲੋਕਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਦੇਸ਼ ’ਚ ਉਪਲੱਬਧ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਵੈਕਸੀਨ ਹੀ ਇਸ ਰੋਗ ਦੀ ਰੋਕਥਾਮ ਲਈ ਕਾਰਗਰ ਉਪਾਅ ਹੈ। ਇਹ ਜਾਣਨਾ ਵੀ ਬੇਹੱਦ ਜ਼ਰੂਰੀ ਹੈ ਕਿ ਵੈਕਸੀਨ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗੀ ਜਦੋਂ ਦੇਸ਼ ਦੀ ਲਗਭਗ 70 ਫੀਸਦੀ ਆਬਾਦੀ ਦਾ ਟੀਕਾਕਰਨ ਪੂਰਾ ਹੋ ਜਾਵੇਗਾ। ਦੇਸ਼ ਦੀ ਆਬਾਦੀ ਨੂੰ ਵੇਖਦਿਅਾਂ ਇਸ ਨਿਸ਼ਾਨੇ ਨੂੰ ਹਾਸਲ ਕਰਨ ’ਚ ਘੱਟੋ-ਘੱਟ 1 ਸਾਲ ਲੱਗ ਜਾਵੇਗਾ।
ਕੋਰੋਨਾ ਤੋਂ ਕੋਈ ਵੀ ਵੈਕਸੀਨ 100 ਫੀਸਦੀ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਵੈਕਸੀਨ ਲੈਣ ਪਿੱਛੋਂ ਵੀ ਕੋਰੋਨਾ ਦੇ ਰੋਗ ਦੇ ਦੁਬਾਰਾ ਹੋ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਦੋਂ ਰੋਗ ਦੇ ਲੱਛਣ ਬਹੁਤ ਘੱਟ ਹੁੰਦੇ ਹਨ ਅਤੇ ਇਹ ਰੋਗ ਘਾਤਕ ਵੀ ਨਹੀਂ ਹੁੰਦਾ। ਅਜਿਹੇ ਹਾਲਾਤ ’ਚ ਵੈਕਸੀਨ ਲਵਾਉਣ ਤੋਂ ਬਾਅਦ ਵੀ ਸਰਕਾਰ ਵੱਲੋਂ ਨਿਰਧਾਰਿਤ ਨਿਰਦੇਸ਼ਾਂ ਦੀ ਪਾਲਣਾ ਕਰਨੀ ਆਪਣਾ ਧਰਮ ਸਮਝ ਲੈਣਾ ਚਾਹੀਦਾ ਹੈ।
(ਟੈਗੋਰ ਹਸਪਤਾਲ, ਜਲੰਧਰ)