ਕੋਰੋਨਾ : ਆਸ ਦੀਆਂ ਕਿਰਨਾਂ
Thursday, May 20, 2021 - 03:29 AM (IST)

ਡਾ. ਵੇਦਪ੍ਰਤਾਪ ਵੈਦਿਕ
ਭਾਰਤ ਜਦੋਂ ਤੋਂ ਆਜ਼ਾਦ ਹੋਇਆ ਹੈ, ਕੋੋਰੋਨਾ-ਵਰਗਾ ਸੰਕਟ ਉਸ ’ਤੇ ਕਦੀ ਨਹੀਂ ਆਇਆ। ਇਸ ਸੰਕਟ ਨੇ ਰਾਜਾ-ਰੰਕ, ਕਰੋੜਪਤੀ-ਕੌਡੀਪਤੀ, ਔਰਤ-ਮਰਦ, ਸ਼ਹਿਰੀ-ਦਿਹਾਤੀ, ਡਾਕਟਰ-ਮਰੀਜ਼-ਕਿਸੇ ਨੂੰ ਨਹੀਂ ਛੱਡਿਆ। ਸਭ ਨੂੰ ਨਿਗਲ ਗਿਆ। ਸ਼ਮਸ਼ਾਨਘਾਟਾਂ ਅਤੇ ਕਬਰਿਸਤਾਨਾਂ ’ਚ ਲਾਸ਼ਾਂ ਦੇ ਇੰਨੇ ਢੇਰ ਦੇਸ਼ ’ਚ ਪਹਿਲਾਂ ਕਿਸੇ ਨੇ ਨਹੀਂ ਦੇਖੇ।
ਭਾਰਤ ’ਚ ਉਂਝ ਤਾਂ ਬਿਮਾਰੀਆਂ, ਦੁਰਘਟਨਾਵਾਂ ਅਤੇ ਬਿਰਧ ਅਵਸਥਾ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਰੋਜ਼ ਦੀ ਹੈ। ਉਸ ’ਚ ਜੇਕਰ 4-5 ਹਜ਼ਾਰ ਵੱਧ ਜੁੜ ਜਾਣ ਤਾਂ ਇਹ ਦੁੱਖ ਤਾਂ ਹੈ ਪਰ ਕੋਈ ਭੂਚਾਲ ਵਰਗੀ ਗੱਲ ਨਹੀਂ ਹੈ ਪਰ ਸਰਕਾਰੀ ਅੰਕੜਿਆਂ ’ਤੇ ਹਰ ਸੂਬੇ ’ਚ ਸਵਾਲ ਉਠ ਰਹੇ ਹਨ।
ਦੇਸ਼ ’ਚ ਅਜਿਹੇ ਲੋਕ ਹੁਣ ਮਿਲਣੇ ਮੁਸ਼ਕਲ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਕੋਰੋਨਾ ਦਾ ਸ਼ਿਕਾਰ ਨਾ ਹੋਇਆ ਹੋਵੇ। ਉਂਜ ਤਾਂ ਭਾਰਤ ਦੇ ਦੋ ਫੀਸਦੀ ਲੋਕਾਂ ਨੂੰ ਇਹ ਬਿਮਾਰੀ ਹੋਈ ਹੈ ਪਰ ਸੌ ਫੀਸਦੀ ਲੋਕ ਇਸ ਕਾਰਨ ਡਰ ਗਏ ਹਨ। ਇਸ ਡਰ ਨੇ ਵੀ ਕੋੋਰੋਨਾ ਨੂੰ ਵਧਾ ਦਿੱਤਾ ਹੈ।
ਮ੍ਰਿਤਕਾਂ ਦੀ ਗਿਣਤੀ ਅਜੇ ਵੀ ਰੋਜ਼ਾਨਾ 4 ਹਜ਼ਾਰ ਦੇ ਆਲੇ-ਦੁਆਲੇ ਹੈ ਪਰ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ। ਇਨਫੈਕਸ਼ਨ ਘੱਟ ਰਿਹਾ ਹੈ ਅਤੇ ਇਨਫੈਕਟਿਡ ਵੱਡੀ ਗਿਣਤੀ ’ਚ ਠੀਕ ਹੋ ਰਹੇ ਹਨ।
ਜੇਕਰ ਇਹੀ ਰਫਤਾਰ ਅਗਲੇ ਇਕ-ਦੋ ਹਫਤੇ ਚਲਦੀ ਰਹੀ ਤਾਂ ਆਸ ਹੈ ਕਿ ਹਾਲਾਤ ਕਾਬੂ ’ਚ ਆ ਜਾਣਗੇ। 15-20 ਦਿਨ ਪਹਿਲਾਂ ਜਦ ਕੋਰੋਨਾ ਦਾ ਦੂਸਰਾ ਹਮਲਾ ਸ਼ੁਰੂ ਹੋਇਆ ਤਾਂ ਆਕਸੀਜਨ, ਇੰਜੈਕਸ਼ਨ ਅਤੇ ਬੈੱਡਾਂ ਦੀ ਘਾਟ ਨੇ ਦੇਸ਼ ’ਚ ਕਹਿਰ ਮਚਾ ਦਿੱਤਾ ਸੀ। ਕਈ ਅਾਦਮਖੋਰ ਕਾਲਾਬਾਜ਼ਾਰੀ ’ਤੇ ਉੱਤਰ ਆਏ ਸਨ। ਨਿੱਜੀ ਹਸਪਤਾਲ ਅਤੇ ਡਾਕਟਰਾਂ ਨੂੰ ਲੁੱਟ-ਮਾਰ ਕਰਨ ਦਾ ਵੱਡਾ ਮੌਕਾ ਮਿਲ ਗਿਆ ਸੀ ਪਰ ਸਰਕਾਰਾਂ ਦੀ ਚੌਕਸੀ, ਲੋਕਸੇਵੀ ਸੰਸਥਾਵਾਂ ਦੀ ਉਦਾਰਤਾ ਅਤੇ ਵਿਦੇਸ਼ੀ ਸਹਾਇਤਾ ਦੇ ਕਾਰਨ ਹੁਣ ਸਾਰਾ ਦੇਸ਼ ਥੋੜ੍ਹੀ ਠੰਡਕ ਮਹਿਸੂਸ ਕਰ ਰਿਹਾ ਹੈ।
ਪਰ ਚਿੰਤਾ ਅਜੇ ਘੱਟ ਨਹੀਂ ਹੋਈ। ਸੂਬਾ-ਸਰਕਾਰਾਂ ਕੋਰੋਨਾ ਦੇ ਤੀਸਰੇ ਹਮਲੇ ਦੇ ਮੁਕਾਬਲੇ ਦੇ ਲਈ ਕਮਰ ਕੱਸ ਰਹੀਆਂ ਹਨ। ਦਿੱਲੀ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਮਾਰੇ ਪੀੜ੍ਹਤਾਂ ਦੇ ਸਬੰਧ ’ਚ ਕਈ ਵੇਡੇ ਕਦਮ ਚੁੱਕੇ ਹਨ। ਕੇਦਰ ਅਤੇ ਸੂਬਿਆਂ ਨੇ ਪਹਿਲੇ ਹਮਲੇ ਦੇ ਸਮੇਂ ਵਰਤੀ ਗਈ ਲਾਪ੍ਰਵਾਹੀ ਤੋਂ ਕੁਝ ਸਬਕ ਸਿੱਖਿਆ ਹੈ।
ਪਰ ਸਾਡੀਆਂ ਸਿਆਸੀ ਪਾਰਟੀਆਂ ਦੇ ਨੇਤਾ ਅਜੇ ਵੀ ਇਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਲੱਗੇ ਹੋਏ ਹਨ। ਉਹ ਇਹ ਨਹੀਂ ਸੋਚਦੇ ਕਿ ਉਹ ਆਪਣੇ ਵਿਰੋਧੀ ਦੀ ਥਾਂ ’ਤੇ ਹੁੰਦੇ ਤਾਂ ਕੀ ਕਰਦੇ? ਜੇਕਰ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਤਾਂ ਲਗਭਗ ਦਰਜਨ ਭਰ ਸੂਬਿਆਂ ’ਚ ਵਿਰੋਧੀਆਂ ਦੀਆਂ ਸਰਕਾਰਾਂ ਹਨ। ਕੋਰੋਨਾ ਦੇ ਪਹਿਲੇ ਦੌਰ ਦੇ ਬਾਅਦ ਕੀ ਉਨ੍ਹਾਂ ਨੇ ਘੱਟ ਲਾਪ੍ਰਵਾਹੀ ਦਿਖਾਈ?
ਹੁਣ ਜੇਕਰ ਉਨ੍ਹਾਂ ਦੇ ਨੇਤਾ ਕਹਿੰਦੇ ਹਨ ਕਿ ਕੋਰੋਨਾ ਦਾ ਇਹ ਦੂਸਰਾ ਹਮਲਾ ‘ਮੋਦੀ ਹਮਲਾ’ ਹੈ ਤਾਂ ਅਜਿਹਾ ਕਹਿ ਕੇ ਉਹ ਆਪਣਾ ਹੀ ਮਜ਼ਾਕ ਉਡਾ ਰਹੇ ਹਨ।
ਭਾਜਪਾ ਦੇ ਬੁਲਾਰੇ ਵੀ ਵਿਰੋਧੀ ਨੇਤਾਵਾਂ ਦੇ ਮੂੰਹ ਲੱਗ ਕੇ ਆਪਣਾ ਸਮਾਂ ਖਰਾਬ ਕਰ ਰਹੇ ਹਨ। ਇਹ ਸਮਾਂ ਜੰਗ ਦਾ ਸਮਾਂ ਹੈ। ਇਸ ਸਮੇਂ ਸਾਡਾ ਦੁਸ਼ਮਣ ਸਿਰਫ ਕੋਰੋਨਾ ਹੈ। ਉਸ ਦੇ ਵਿਰੁੱਧ ਪੂਰੇ ਦੇਸ਼ ਨੇ ਇਕੱਠੇ ਹੋ ਕੇ ਲੜਨਾ ਹੈ। ਦੇਸ਼ ਦੇ ਲਗਭਗ 15 ਕਰੋੜ ਸਿਆਸੀ ਵਰਕਰ, 60 ਲੱਖ ਸਿਹਤ ਕਰਮਚਾਰੀ ਅਤੇ 20 ਲੱਖ ਫੌਜੀ ਜਵਾਨ ਇਕੱਠੇ ਜੁੱਟ ਜਾਣ ਤਾਂ ਕੋਰੋਨਾ ਦਾ ਲੱਕ ਤੋੜਣਾ ਸੌਖਾ ਹੋਵੇਗਾ। ਡਰ ਦੇ ਬੱਦਲ ਛਟਣ ਤਾਂ ਆਸ ਦੀਆਂ ਕਿਰਨਾਂ ਉਭਰਨ।