ਕਾਂਗਰਸ ਥੱਕੇ, ਹਾਰੇ ਅਤੇ ਅਯੋਗ ਪੁਰਾਣੇ ਆਗੂਆਂ ਦਾ ਇਕ ਸਮੂਹ
Thursday, Feb 29, 2024 - 12:56 PM (IST)
ਰਾਸ਼ਟਰੀ ਪੱਧਰ ਦੀ ਪ੍ਰਮੁੱਖ ਵਿਰੋਧੀ ਧਿਰ ਪਾਰਟੀ ਕਾਂਗਰਸ ਇਕ ਵਾਰ ਫਿਰ ਝਪਕੀ ਲੈਂਦਿਆਂ ਫੜੀ ਗਈ ਹੈ, ਜਿਸ ਦੇ ਸਿੱਟੇ ਵਜੋਂ ਪਾਰਟੀ ਨੂੰ ਸੂਬਾਈ ਵਿਧਾਨ ਸਭਾ ’ਚ ਲੋੜੀਂਦੀ ਬਹੁਮਤ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਚੋਣ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਅਪਮਾਨਜਨਕ ਹਾਰ ਪਾਰਟੀ ਦੇ ਅੰਦਰ ਇਕਜੁੱਟਤਾ ਦੀ ਘਾਟ ਅਤੇ ਆਪਣੇ ਮੁੱਖ ਵਿਰੋਧੀ, ਭਾਰਤੀ ਜਨਤਾ ਪਾਰਟੀ ਨਾਲ ਨਜਿੱਠਣ ਦੇ ਮਾਮਲੇ ’ਚ ਰਣਨੀਤੀ ਦੀ ਪੂਰੀ ਗੈਰ-ਹਾਜ਼ਰੀ ਨੂੰ ਉਜਾਗਰ ਕਰਦੀ ਹੈ।
ਇਸ ਤੱਥ ਦੇ ਬਾਵਜੂਦ ਕਿ ਵਿਧਾਨ ਸਭਾ ’ਚ ਕਾਂਗਰਸ ਪਾਰਟੀ ਦੇ 40 ਵਿਧਾਇਕਾਂ ਦੇ ਮੁਕਾਬਲੇ ਉਸ ਕੋਲ ਸਿਰਫ 25 ਵਿਧਾਇਕ ਸਨ, ਕਾਂਗਰਸ ਨੂੰ ਹਰਾਉਣ ਦੀ ਰਣਨੀਤੀ ਬਣਾਉਣ ਲਈ ਭਾਜਪਾ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਸੀਟ ਜਿੱਤਣ ਲਈ ਬਸ 6 ਕਾਂਗਰਸ ਵਿਧਾਇਕਾਂ ਅਤੇ 3 ਆਜ਼ਾਦ ਵਿਧਾਇਕਾਂ ਦੀ ਹਮਾਇਤ ਦੀ ਲੋੜ ਸੀ। ਉਸ ਨੇ ਉਮੀਦਵਾਰ ਮਨੂ ਸਿੰਘਵੀ ਸਮੇਤ ਕਾਂਗਰਸ ਆਗੂਆਂ ਨੂੰ ਭਾਜਪਾ ਵੱਲੋਂ ਬਣਾਈ ਗਈ ਰਣਨੀਤੀ ਦੀ ਭਿਣਕ ਲੱਗੇ ਬਿਨਾਂ ਅਜਿਹਾ ਕੀਤਾ।
ਹਿਮਾਚਲ ’ਚ ਉਸ ਦੇ ਉਮੀਦਵਾਰਾਂ ਦੀ ਹੈਰਾਨ ਕਰ ਦੇਣ ਵਾਲੀ ਹਾਰ ਪੂਰੇ ਦੇਸ਼ ’ਚ ਕਾਂਗਰਸ ਦੀ ਮੰਦੀ ਹਾਲਤ ਨੂੰ ਦਰਸਾਉਂਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਰਾਸ਼ਟਰੀ ਵਿਰੋਧੀ ਧਿਰ ਪਾਰਟੀ ਵਜੋਂ ਇਹ ਪਾਰਟੀ ਦਾ ਕਰਤੱਵ ਹੈ ਕਿ ਉਹ ਇਕ ਮਜ਼ਬੂਤ ਵਿਰੋਧੀ ਧਿਰ ਪਾਰਟੀ ਵਜੋਂ ਕਾਰਜ ਕਰੇ ਜੋ ਸਰਕਾਰ ਨੂੰ ਆਪਣੇ ਕੰਟਰੋਲ ’ਚ ਰੱਖੇ। ਹਾਲਾਂਕਿ ਪਾਰਟੀ ਵਾਰ-ਵਾਰ ਉਨ੍ਹਾਂ ਲੋਕਾਂ ਨੂੰ ਨਿਰਾਸ਼ ਕਰ ਰਹੀ ਹੈ ਜੋ ਮੰਨਦੇ ਹਨ ਕਿ ਜੇ ਵਿਹਾਰੀ ਵਿਰੋਧੀ ਧਿਰ ਹੋਵੇ ਤਾਂ ਲੋਕਤੰਤਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਫਲ-ਫੁੱਲ ਸਕਦਾ ਹੈ।
ਲੋਕ ਸਭਾ ਚੋਣਾਂ ’ਚ ਲੱਗਭਗ 2 ਹਾਰਾਂ ਅਤੇ ਹੈਟ੍ਰਿਕ ਵੱਲ ਵਧਣ ਦੇ ਬਾਵਜੂਦ ਪਾਰਟੀ ਨੇ ਸਬਕ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਇਸ ਦੇ ਆਗੂਆਂ ਦਾ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਸਾਲਾਂ ’ਚ ਤਕਰੀਬਨ ਇਕ ਦਰਜਨ ਸਾਬਕਾ ਮੁੱਖ ਮੰਤਰੀਆਂ ਨੇ ਪਾਰਟੀ ਛੱਡ ਦਿੱਤੀ ਹੈ। ਕੁਝ ਲੋਕ ਸੂਬਿਆਂ ’ਚ ਸਰਕਾਰਾਂ ਦੀ ਅਗਵਾਈ ਕਰ ਰਹੇ ਹਨ।
ਕਾਂਗਰਸ ਥੱਕੇ, ਹਾਰੇ ਅਤੇ ਅਯੋਗ ਪੁਰਾਣੇ ਆਗੂਆਂ ਦੇ ਇਕ ਸਮੂਹ ਵੱਲੋਂ ‘ਨਿਰਦੇਸ਼ਿਤ’ ਹੋ ਰਹੀ ਹੈ, ਜਿਨ੍ਹਾਂ ਨੇ ਪਾਰਟੀ ਨੂੰ ਵਾਰ-ਵਾਰ ਅਸਫਲ ਕੀਤਾ ਹੈ। ਫਿਰ ਵੀ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਲੀਡਰਸ਼ਿਪ ਦਾ ਉਨ੍ਹਾਂ ਤੋਂ ਛੁਟਕਾਰਾ ਪਾਉਣ ਅਤੇ ਨਵੇਂ ਸਿਰੇ ਤੋਂ ਜੋਸ਼ ਭਰਨ ਦਾ ਕੋਈ ਇਰਾਦਾ ਨਹੀਂ ਹੈ। ਸ਼ਾਇਦ ਗਾਂਧੀ ਪਰਿਵਾਰ, ਜਿਸ ਦਾ ਪਾਰਟੀ ’ਤੇ ਦਬਦਬਾ ਬਣਿਆ ਹੋਇਆ ਹੈ, ਨੌਜਵਾਨ ਅਤੇ ਵੱਧ ਬੁੱਧੀਮਾਨ ਆਗੂਆਂ ਤੋਂ ਬਹੁਤ ਡਰਦੀ ਹੈ ਜੋ ‘ਰਾਜਕੁਮਾਰ’ ’ਤੇ ਭਾਰੀ ਪੈ ਸਕਦੇ ਹਨ।
ਇਹ ਹੁਣ ਇਕ ਚੰਗੀ ਤਰ੍ਹਾਂ ਨਾਲ ਸਥਾਪਤ ਤੱਥ ਹੈ ਕਿ ਆਪਣੇ ਸਾਰੇ ਯਤਨਾਂ ਦੇ ਬਾਵਜੂਦ, ਰਾਹੁਲ ਗਾਂਧੀ ਇਕ ਭਰੋਸੇਯੋਗ ਆਗੂ ਵਜੋਂ ਸਿੱਖਣ ਅਤੇ ਵਿਕਸਤ ਹੋਣ ਤੋਂ ਇਨਕਾਰ ਕਰ ਰਹੇ ਹਨ। ਅਸਲ ’ਚ ਉਹ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਅਤੇ ਲੁਕਵੇਂ ਵਰਦਾਨ ਸਾਬਿਤ ਹੋ ਰਹੇ ਹਨ।
ਭਾਰਤ ਜੋੜੋ ਯਾਤਰਾ ਆਯੋਜਿਤ ਕਰਨ ਦੀ ਉਨ੍ਹਾਂ ਦੀ ਨਵੀਨਤਮ ਰਣਨੀਤੀ ’ਤੇ ਗੌਰ ਕਰੋ। ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ ਤਾਂ ਇਹ ਯੁੱਧ ਦਾ ਸਮਾਂ ਹੈ। ਯੁੱਧ ਦੇ ਸਮੇਂ ਸਿਖਰਲੀ ਲੀਡਰਸ਼ਿਪ ਯੁੱਧ ਦੇ ਮੋਰਚੇ ’ਤੇ ਨਹੀਂ ਸਗੋਂ ਆਪਣੇ ਹੈੱਡਕੁਆਰਟਰ ’ਚ ਰਣਨੀਤੀ ਬਣਾਉਂਦੀ ਹੈ। ਇਹ ਗੱਠਜੋੜ ਬਣਾਉਣ, ਉਮੀਦਵਾਰਾਂ ਦੀ ਚੋਣ ਕਰਨ, ਪ੍ਰਚਾਰ ਲਈ ਚੰਗੀ ਤਰ੍ਹਾਂ ਸੋਚੀ ਸਮਝੀ ਰਣਨੀਤੀ ਬਣਾਉਣ ਅਤੇ ਵੋਟਰਾਂ ਨੂੰ ਖਿੱਚਣ ਲਈ ਇਕ ਏਜੰਡਾ ਜਾਂ ਐਲਾਨਨਾਮਾ ਤਿਆਰ ਕਰਨ ਦਾ ਸਮਾਂ ਹੈ। ਇਸ ਦੀ ਥਾਂ ਉਹ ਸੜਕ ’ਤੇ ਹਨ ਅਤੇ ਪੱਤਰਕਾਰਾਂ ਕੋਲੋਂ ਉਨ੍ਹਾਂ ਦੇ ਸੰਪਾਦਕਾਂ ਦੀ ਜਾਤ ਪੁੱਛ ਰਹੇ ਹਨ!
ਅਤੇ ਖੁਦ ਨੂੰ ਛੁੱਟੀ ਦਿੰਦੇ ਹੋਏ, ਜਦ ਉਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਆਗੂਆਂ ਨਾਲ ਰਣਨੀਤੀ ਬਣਾਉਣੀ ਚਾਹੀਦੀ ਹੈ, ਉਹ ਭਾਸ਼ਣ ਦੇਣ ਲਈ ਸੰਭਵ ਤੌਰ ’ਤੇ ਇਕ ਹਫਤੇ ਲਈ ਆਕਸਫੋਰਡ ਜਾ ਰਹੇ ਹਨ। ਕਿਸੇ ਨੂੰ ਆਪਣੇ ਸਲਾਹਕਾਰਾਂ ਦੀ ‘ਕਾਰਜਕੁਸ਼ਲਤਾ’ ਲਈ ਹੋਰ ਕੀ ਸਬੂਤ ਚਾਹੀਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਉਹ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਲਈ ਸਰਵੋਤਮ ਦਾਅ ਹਨ।
ਮੋਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਕਾਂਗਰਸ ਤਦ ਤੱਕ ਖਤਰਾ ਨਹੀਂ ਹੋ ਸਕਦੀ ਜਦ ਤੱਕ ਉਹ ਗਾਂਧੀ ਪਰਿਵਾਰ ਅਤੇ ਖਾਸ ਕਰ ਕੇ ਰਾਹੁਲ ਗਾਂਧੀ ’ਤੇ ਆਪਣਾ ਭਰੋਸਾ ਬਰਕਰਾਰ ਰੱਖਦੀ ਹੈ। ਇਸ ਲਈ ਮੋਦੀ ਖੇਤਰੀ ਪਾਰਟੀਆਂ ਦੇ ਖਿਲਾਫ ਟਿੱਪਣੀ ਕਰਨ ਤੋਂ ਬਚਦੇ ਰਹੇ ਹਨ ਅਤੇ ਸਿਰਫ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਅਤੇ ਉਨ੍ਹਾਂ ਨੂੰ ‘ਬੇਨਕਾਬ’ ਕਰਦੇ ਰਹੇ ਹਨ, ਜੋ ਜ਼ਾਹਿਰ ਤੌਰ ’ਤੇ ਉਨ੍ਹਾਂ ਲਈ ਕੋਈ ਮੁਕਾਬਲਾ ਨਹੀਂ ਹਨ।
ਕਾਂਗਰਸ ’ਚ ਵਿਰੋਧ ਦੀ ਲਹਿਰ ਸ਼ੁਰੂ ਹੋ ਗਈ ਹੈ। 23 ਦੇ ਸਮੂਹ ਦਾ ਗਠਨ ਇਸੇ ਦਾ ਹਿੱਸਾ ਸੀ। ਹਾਲਾਂਕਿ ਇਸ ਦੇ ਕੁਝ ਮੈਂਬਰਾਂ ਦੇ ਪਾਰਟੀ ਛੱਡਣ ਪਿੱਛੋਂ ਇਹ ਖਤਮ ਹੋ ਗਿਆ। ਦੂਜਿਆਂ ਨੇ ਚੁੱਪ ਰਹਿਣਾ ਚੁਣਿਆ ਹੈ। ਇਹ ਬਦਕਿਸਮਤੀ ਹੈ ਕਿ ਜਿਸ ਪਾਰਟੀ ਨੇ ਰਾਸ਼ਟਰੀ ਕਰਤੱਵ ਨਿਭਾਉਣਾ ਹੈ, ਉਹ ਅਣਭਿੱਜ ਬਣੀ ਹੋਈ ਹੈ ਅਤੇ ਖੁਦ ’ਚ ਬਦਲਾਅ ਲਈ ਤਿਆਰ ਨਹੀਂ ਹੈ। ਪਾਰਟੀ ਆਪਣੀ ਤਰਸਯੋਗ ਸਥਿਤੀ ਲਈ ਸਿਰਫ ਖੁਦ ਨੂੰ ਦੋਸ਼ੀ ਠਹਿਰਾ ਸਕਦੀ ਹੈ। ਇਸ ਦੇ ਬੁੱਢੇ, ਥੱਕੇ ਅਤੇ ਹਾਰੇ ਹੋਏ ਯੁੱਧ ਘੋੜਿਆਂ ਨੂੰ ਜਾਣਾ ਹੀ ਪਵੇਗਾ।
ਵਿਪਿਨ ਪੱਬੀ