ਚੀਨ ਸਰਕਾਰ ਨੇ ਪੁਰਾਣਾ ਸਮਝੌਤਾ ਤੋੜ ਕੇ ਕੱਟੇ 30 ਹਜ਼ਾਰ ਰੁੱਖ
Tuesday, Nov 28, 2023 - 12:53 PM (IST)
ਚੀਨ ’ਚ ਇਸ ਸਮੇਂ ਨਾ ਸਿਰਫ ਅਰਥ-ਵਿਵਸਥਾ ਦੀ ਹਾਲਤ ਖਰਾਬ ਹੈ ਸਗੋਂ ਨਿਰਮਾਣ, ਸੇਵਾ ਉਦਯੋਗ ਦੇ ਨਾਲ-ਨਾਲ ਖੇਤੀਬਾੜੀ ਦੀ ਹਾਲਤ ਵੀ ਖਸਤਾ ਹੈ। ਚੀਨ ਆਪਣੇ ਚੰਗੇ ਦਿਨਾਂ ’ਚ ਵੀ ਦਾਅਵਾ ਕਰਦਾ ਸੀ ਕਿ ਉਸ ਦੇ ਖੇਤਾਂ ’ਚ ਭਰਪੂਰ ਅਨਾਜ ਹੁੰਦਾ ਹੈ ਅਤੇ ਕਈ ਸਾਲ ਉਨ੍ਹਾਂ ਨੇ ਰਿਕਾਰਡ ਅਨਾਜ ਉਤਪਾਦਨ ਦੀ ਗੱਲ ਕਹੀ ਪਰ ਚੋਰੀ-ਛਿਪੇ ਕਈ ਦੇਸ਼ਾਂ ਤੋਂ ਕਣਕ ਅਤੇ ਚੌਲਾਂ ਦੀ ਦਰਾਮਦ ਵੀ ਕੀਤੀ। ਇਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਚੀਨ ਕੋਲ ਆਪਣੇ ਲੋਕਾਂ ਦਾ ਢਿੱਡ ਭਰਨ ਜੋਗਾ ਅਨਾਜ ਨਹੀਂ ਹੈ।
ਇਸ ਸਮੱਸਿਆ ਤੋਂ ਬਚਣ ਲਈ ਚੀਨ ਨੇ ਨਵਾਂ ਤਰੀਕਾ ਲੱਭ ਲਿਆ ਹੈ। ਇਸ ਸਮੇਂ ਚੀਨ ਜੰਗਲਾਂ ਨੂੰ ਕੱਟ ਕੇ ਉਨ੍ਹਾਂ ਨੂੰ ਵੀ ਖੇਤੀਬਾੜੀ ਵਾਲੀ ਜ਼ਮੀਨ ’ਚ ਬਦਲ ਰਿਹਾ ਹੈ। ਇਹ ਉਹ ਜੰਗਲ ਹਨ ਜੋ ਪਹਿਲਾਂ ਖੇਤੀਬਾੜੀ ਵਾਲੀ ਜ਼ਮੀਨ ’ਚ ਸਨ ਪਰ ਸਰਕਾਰ, ਖੇਤੀਬਾੜੀ ਵਿਭਾਗ, ਗ੍ਰਾਮ ਪ੍ਰੀਸ਼ਦ ਅਤੇ ਕਾਊਂਟੀ ਪ੍ਰਸ਼ਾਸਨ ਦੀ ਸਹਿਮਤੀ ਨਾਲ ਇਨ੍ਹਾਂ ਜ਼ਮੀਨਾਂ ’ਤੇ ਕਿਸਾਨਾਂ ਨੂੰ ਰੁੱਖ ਲਗਾਉਣ ਦੀ ਆਗਿਆ ਦਿੱਤੀ ਗਈ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਖਰੋਟਾਂ ਸਮੇਤ ਕਈ ਰੁੱਖ ਲਾਏ ਸਨ ਜਿਨ੍ਹਾਂ ਦੇ ਫਲ ਅਤੇ ਲੱਕੜੀਆਂ ਬਹੁਤ ਕੀਮਤੀ ਸਨ।
ਅਚਾਨਕ ਜੰਗਲ ਕੱਟ ਕੇ ਖੇਤ ਬਣਾਉਣ ਪਿੱਛੇ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪਿਛਲੇ ਕੁਝ ਦਹਾਕਿਆਂ ’ਚ ਚੀਨ ਨੇ ਆਪਣੀ ਵਿਸ਼ਾਲ ਆਬਾਦੀ ਦਾ ਪੇਟ ਭਰਨ ਲਈ ਆਪਣੇ ਖੇਤਾਂ ’ਚ ਯੂਰੀਆ ਅਤੇ ਕੀਟਨਾਸ਼ਕਾਂ ਦੀ ਇੰਨੇ ਵੱਡੇ ਪੈਮਾਨੇ ’ਤੇ ਵਰਤੋਂ ਕੀਤੀ ਹੈ ਕਿ ਚੀਨ ਦੀ ਕੁੱਲ ਖੇਤੀਬਾੜੀ ਵਾਲੀ ਜ਼ਮੀਨ ਦਾ 20 ਫੀਸਦੀ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ, ਜਿਸ ਕਾਰਨ ਉੱਥੇ ਖੇਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਜ਼ਹਿਰੀਲਾ ਜ਼ਮੀਨ ਹੇਠਲਾ ਪਾਣੀ ਕਿਸੇ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ।
ਇਨ੍ਹੀਂ ਦਿਨੀਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਵਰਕਰ ਜੰਗਲਾਂ ਨੂੰ ਕੱਟ ਕੇ ਉਸ ਨੂੰ ਖੇਤੀਬਾੜੀ ਵਾਲੀ ਜ਼ਮੀਨ ਬਣਾ ਰਹੇ ਹਨ। ਹਾਲ ਹੀ ’ਚ ਇਨ੍ਹਾਂ ਲੋਕਾਂ ਨੇ ਕਿਸਾਨਾਂ ਨੂੰ ਬਿਨਾਂ ਦੱਸੇ ਅਤੇ ਬਿਨਾਂ ਕੋਈ ਮੁਆਵਜ਼ਾ ਦਿੱਤੇ 30 ਹਜ਼ਾਰ ਰੁੱਖ ਸ਼ਾਂਕਸੀ ਸੂਬੇ ’ਚ ਕੱਟ ਦਿੱਤੇ, ਜਿਸ ਨਾਲ ਖੇਤੀਬਾੜੀ ਵਾਲੀ ਜ਼ਮੀਨ ਦਾ ਵਿਸਥਾਰ ਕੀਤਾ ਜਾ ਸਕੇ। ਉਪਰੋਕਤ ਥਾਂ ਥਾਨ ਫਾਂਗ ਕਾਊਂਟੀ ਦੇ ਖਾਈਸ਼ਵਾਨ ਕਸਬੇ ਦੇ ਤਾਈਸੀਮੀਓ ਪਿੰਡ ਦੀ ਹੈ, ਜਿੱਥੇ 8 ਸਾਲ ਪਹਿਲਾਂ ਪਿੰਡ ਅਤੇ ਕਸਬੇ ਦੀ ਸਰਕਾਰ, ਥਾਨ ਫਾਂਗ ਕਾਊਂਟੀ ਦੇ ਖੇਤੀਬਾੜੀ ਬਿਊਰੋ ਅਤੇ ਪਿੰਡ ਕਮੇਟੀ ਦੇ ਨਾਲ ਇਨ੍ਹਾਂ ਪਿੰਡ ਵਾਲਿਆਂ ਨੇ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ਦੇ ਤਹਿਤ ਇਨ੍ਹਾਂ ਨੇ ਇੱਥੇ ਰੁੱਖ ਲਾਉਣੇ ਅਤੇ ਪਸ਼ੂ ਬ੍ਰੀਡਿੰਗ ਕੇਂਦਰ ਖੋਲ੍ਹਣਾ ਸੀ, ਜਿਸ ਨਾਲ ਪਿੰਡ ਵਾਸੀਆਂ ਨੂੰ ਪਸ਼ੂ ਧਨ ਤੋਂ ਹੋਰ ਲਾਭ ਮਿਲ ਸਕੇ।
ਪਰ ਹਾਲ ਹੀ ’ਚ ਇਨ੍ਹਾਂ ਪਿੰਡ ਵਾਲਿਆਂ ਨੇ ਸਰਕਾਰ ਵੱਲੋਂ ਇਕ ਨੋਟਿਸ ਦੇਖਿਆ ਜਿਸ ਵਿਚ ਲਿਖਿਆ ਸੀ ਕਿ ਜਿਸ ਜ਼ਮੀਨ ’ਤੇ ਪਿੰਡ ਵਾਲਿਆਂ ਨੇ ਰੁੱਖ ਲਾਏ ਹਨ ਦਰਅਸਲ ਉਹ ਜ਼ਮੀਨ ਖੇਤੀ ਲਈ ਨਿਰਧਾਰਿਤ ਕੀਤੀ ਗਈ ਸੀ, ਇਸ ਲਈ ਉੱਥੇ ਰੁੱਖ ਲਾਉਣੇ ਨਾਜਾਇਜ਼ ਹਨ। 11 ਨਵੰਬਰ ਦੀ ਇਸ ਘਟਨਾ ’ਚ ਪਿੰਡ ਵਾਲਿਆਂ ਨੂੰ ਇਕ ਨੋਟਿਸ ਦਿੱਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਕਿ ਪਿੰਡ ਵਾਲੇ ਆਪਣੀ ਇਸ ਗਲਤੀ ’ਚ ਸੁਧਾਰ ਕਰਨ ਅਤੇ ਉਸ ਜ਼ਮੀਨ ਨੂੰ ਫਿਰ ਤੋਂ ਖੇਤੀ ਦੇ ਲਾਇਕ ਬਣਾ ਦੇਣ ਨਹੀਂ ਤਾਂ ਪ੍ਰਸ਼ਾਸਨ ਉਨ੍ਹਾਂ ਨੂੰ ਜੁਰਮਾਨਾ ਕਰੇਗਾ। ਨੋਟਿਸ ’ਚ ਅੱਗੇ ਲਿਖਿਆ ਸੀ ਕਿ ਛੇਤੀ ਹੀ ਉਨ੍ਹਾਂ ਦੀ ਇਕ ਪਾਰਟੀ ਉਨ੍ਹਾਂ ਦੇ ਪਿੰਡ ਆਵੇਗੀ ਅਤੇ ਰੁੱਖਾਂ ਨੂੰ ਕੱਟ ਕੇ ਉਸ ਜ਼ਮੀਨ ਨੂੰ ਫਿਰ ਤੋਂ ਖੇਤੀਬਾੜੀਯੋਗ ਬਣਾਵੇਗੀ।
ਚੀਨ ਦੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੇ ਆਲੇ-ਦੁਆਲੇ ਦੇ ਪਿੰਡਾਂ ਦੀ ਕੁੱਲ 5.3 ਏਕੜ ਜ਼ਮੀਨ ਨੂੰ, ਜਿਸ ’ਤੇ ਪਿੰਡ ਵਾਲਿਆਂ ਨੇ ਰੁੱਖ ਲਗਾ ਕੇ ਜੰਗਲ ਬਣਾਇਆ ਸੀ, ਉਸ ਨੂੰ ਜ਼ਬਰਦਸਤੀ ਜ਼ਬਤ ਕਰ ਲਿਆ ਅਤੇ ਉੱਥੋਂ ਜੰਗਲ ਸਾਫ ਕਰ ਕੇ ਫਿਰ ਤੋਂ ਖੇਤੀਬਾੜੀ ਵਾਲੀ ਜ਼ਮੀਨ ਬਣਾ ਦਿੱਤੀ। ਚੀਨ ਸਰਕਾਰ ਆਪਣੇ ਲੋਕਾਂ ’ਤੇ ਇਨ੍ਹੀਂ ਦਿਨੀਂ ਇੰਨਾ ਅੱਤਿਆਚਾਰ ਕਰ ਰਹੀ ਹੈ ਕਿ ਉਹ ਅਧਿਕਾਰਤ ਤੌਰ ’ਤੇ ਆਪਣੇ ਵੱਲੋਂ ਕੀਤੇ ਗਏ ਪੁਰਾਣੇ ਸਮਝੌਤਿਆਂ ਨੂੰ ਵੀ ਨਕਾਰ ਰਹੀ ਹੈ।
ਸ਼ਾਂਕਸੀ ਸੂਬੇ ਤੋਂ ਇਲਾਵਾ ਵੀ ਕਈ ਦੂਸਰੇ ਸੂਬਿਆਂ ’ਚ ਜਿੱਥੇ ਸਰਕਾਰ ਦੀ ਸਹਿਮਤੀ ਨਾਲ ਲੋਕਾਂ ਨੇ ਖੇਤਾਂ ਦੀ ਜ਼ਮੀਨ ’ਤੇ ਰੁੱਖ ਲਾ ਕੇ ਉਸ ਤੋਂ ਕਮਾਈ ਕਰਨੀ ਚਾਹੀ ਤਾਂ ਉਸ ’ਤੇ ਵੀ ਕਮਿਊਨਿਸਟ ਸਰਕਾਰ ਨੇ ਪਾਣੀ ਫੇਰ ਦਿੱਤਾ। ਪਿੰਡ ਵਾਲਿਆਂ ਨੇ ਬਹੁਤ ਮਿਹਨਤ ਨਾਲ ਇੱਥੇ ਰੁੱਖ ਲਾਏ ਸਨ ਅਤੇ ਲੰਬੀ ਉਡੀਕ ਪਿੱਛੋਂ ਉਨ੍ਹਾਂ ਨੂੰ ਇਸ ਦਾ ਫਲ ਮਿਲਣਾ ਸੀ ਪਰ ਸਰਕਾਰੀ ਮੁਲਾਜ਼ਮਾਂ ਨੇ ਆ ਕੇ ਉਸ ਜੰਗਲ ਨੂੰ ਫੈਲਣ ਤੋਂ ਪਹਿਲਾਂ ਹੀ ਕੱਟ ਦਿੱਤਾ।
ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ’ਚ ਇਨ੍ਹੀਂ ਦਿਨੀਂ ਕੋਈ ਵੀ ਨੀਤੀ ਬਣਾਉਣ ਤੋਂ ਪਹਿਲਾਂ ਸਰਕਾਰ ਦਿਮਾਗ ਦੀ ਵਰਤੋਂ ਨਹੀਂ ਕਰਦੀ। ਇਸ ਕਾਰਨ ਚੀਨ ਦੀ ਅਰਥ-ਵਿਵਸਥਾ ਦਾ ਕਈ ਸੈਕਟਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਥਾਨ ਫਾਂਗ ਦੇ ਥਾਈਸ਼ਵਾਨ ਪਿੰਡ ਦੀ ਇਸ ਜ਼ਾਲਮਾਨਾ ਘਟਨਾ ਦਾ ਵੀਡੀਓ ਅਤੇ ਖਬਰ ਜਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਦ ਲੋਕਾਂ ਨੇ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ। ਇਸ ’ਚ ਪ੍ਰਸ਼ਾਸਨ ਨੇ ਪਿੰਡ ਵਾਲਿਆਂ ਨਾਲ ਹੱਥੋਪਾਈ ਵੀ ਕੀਤੀ। ਜਦ ਇਸ ਵੀਡੀਓ ਰਾਹੀਂ ਚੀਨ ਦੀ ਕਮਿਊਨਿਸਟ ਸਰਕਾਰ ਦੀ ਬੁਰਾਈ ਹੋਣ ਲੱਗੀ ਤਦ ਸਰਕਾਰ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਇਸ ਖਬਰ ਨੂੰ ਛਾਪਦਿਆਂ ਲਿਖਿਆ ਕਿ ਇਸ ਪਿੰਡ ’ਚ ਜਦ ਸਰਕਾਰੀ ਅਧਿਕਾਰੀ ਜਾਂਚ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਪਿੰਡ ਵਾਲਿਆਂ ਨੇ ਸਰਕਾਰ ਵੱਲੋਂ ਨਿਰਧਾਰਤ ਖੇਤੀਬਾੜੀ ਜ਼ਮੀਨ ’ਤੇ ਜਬਰੀ ਕਬਜ਼ਾ ਕਰ ਕੇ ਉਸ ’ਤੇ ਨਾਜਾਇਜ਼ ਢੰਗ ਨਾਲ ਰੁੱਖ ਲਾਉਣੇ ਸ਼ੁਰੂ ਕਰ ਦਿੱਤੇ।
ਹੁਣ ਸਰਕਾਰ ਮਜਬੂਰ ਹੋ ਕੇ ਇਸ ਨਾਜਾਇਜ਼ ਕਬਜ਼ੇ ਨੂੰ ਤਾਕਤ ਦੀ ਵਰਤੋਂ ਨਾਲ ਹਟਾ ਰਹੀ ਹੈ ਜਿਸ ਵਿਚੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਇਸ ਘਟਨਾ ਕਾਰਨ ਸੋਸ਼ਲ ਮੀਡੀਆ ’ਤੇ ਸਰਕਾਰ ਦੀ ਬਹੁਤ ਨਿੰਦਾ ਹੋ ਰਹੀ ਹੈ। ਲੋਕਾਂ ਦੀ ਬਹੁਤ ਜ਼ਿਆਦਾ ਹਮਦਰਦੀ ਉਨ੍ਹਾਂ ਕਿਸਾਨਾਂ ਨਾਲ ਹੈ, ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਰੁੱਖ ਲਾਏ ਸਨ।
ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਆਪਣੇ ਪੁਰਾਣੇ ਹੁਕਮਾਂ ਨੂੰ ਰਾਤੋ-ਰਾਤ ਰੱਦ ਕਰ ਦੇਣਾ ਕਿਹੋ ਜਿਹਾ ਸਾਮਵਾਦ ਹੈ? ਇਹ ਤਾਂ ਤਾਨਾਸ਼ਾਹੀ ਹੈ ਜਿਸ ਵਿਚ ਅਸੀਂ ਸਭ ਰਹਿਣ ਨੂੰ ਮਜਬੂਰ ਹਾਂ ਪਰ ਚੀਨ ਸਰਕਾਰ ਨੂੰ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਨਾਲ ਕੋਈ ਫਰਕ ਨਹੀਂ ਪੈਂਦਾ, ਸਰਕਾਰ ਦਾ ਕੰਮ ਬਾਦਸਤੂਰ ਜਾਰੀ ਹੈ, ਫਿਰ ਭਾਵੇਂ ਇਸ ਵਿਚ ਕਿਸੇ ਨੂੰ ਆਰਥਿਕ ਨੁਕਸਾਨ ਹੁੰਦਾ ਰਹੇ ਜਾਂ ਫਿਰ ਕਿਸੇ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ।