ਇਟਲੀ ’ਚ ਟੈਕਸ ਦੀ ਚੋਰੀ ਕਰਦੇ ਚੀਨੀ ਬੈਂਕ
Tuesday, Aug 22, 2023 - 02:29 PM (IST)

ਵਿਦੇਸ਼ਾਂ ’ਚ ਚੀਨ ਨੇ ਸਿਰਫ ਆਪਣੇ ਨਾਜਾਇਜ਼ ਪੁਲਸ ਸਟੇਸ਼ਨ ਹੀ ਨਹੀਂ ਚਲਾਏ ਸਗੋਂ ਜ਼ਮੀਨਦੋਜ਼ ਬੈਂਕਿੰਗ ਸੇਵਾ ਵੀ ਚਲਾਈ। ਇਸ ਕੰਮ ’ਚ ਵੀ ਚੀਨ ਨੂੰ ਮੁਹਾਰਤ ਹਾਸਲ ਹੈ। ਤਾਜ਼ਾ ਮਾਮਲਾ ਇਟਲੀ ਦਾ ਹੈ ਜਿੱਥੇ ਇਟਲੀ ਦੀ ਖੁਫੀਆ ਪੁਲਸ ਨੇ ਇਹ ਪਤਾ ਲਗਾਇਆ ਹੈ ਕਿ ਚੀਨ ਦੀ ਸਰਕਾਰ ਆਪਣੇ ਰਾਸ਼ਟਰੀ ਬੈਂਕਾਂ ਰਾਹੀਂ ਨਾਜਾਇਜ਼ ਪੈਸਿਆਂ ਦੇ ਲੈਣ-ਦੇਣ ਦਾ ਕਾਰੋਬਾਰ ਚਲਾ ਰਹੀ ਹੈ।
ਇਹ ਜ਼ਮੀਨਦੋਜ਼ ਬੈਂਕ ਬਹੁਤ ਹੀ ਖੁਫੀਆ ਢੰਗ ਨਾਲ ਇਟਲੀ ਦੇ ਕਈ ਸ਼ਹਿਰਾਂ ’ਚ ਚਲਾਏ ਜਾ ਰਹੇ ਸਨ। ਇਨ੍ਹਾਂ ਨਾਜਾਇਜ਼ ਬੈਂਕਾਂ ਰਾਹੀਂ ਕਾਲੇ ਧਨ ਦੇ ਲੈਣ-ਦੇਣ ਦਾ ਲੰਬੇ ਸਮੇਂ ਤੋਂ ਕਾਰੋਬਾਰ ਇਟਲੀ ਦੀ ਨੱਕ ਹੇਠ ਚਲਾਇਆ ਜਾ ਰਿਹਾ ਸੀ ਅਤੇ ਇਸ ’ਚ ਚੀਨ ਦੀ ਸਰਕਾਰ ਸਿੱਧੇ ਢੰਗ ਨਾਲ ਸ਼ਾਮਲ ਹੈ।
ਅਸਲ ’ਚ ਚੀਨ ਦਾ ਇਕ ਅਸੂਲ ਹੈ ਕਿ ਜਿਸ ਦੇਸ਼ ’ਚ ਉਹ ਵਪਾਰ ਕਰਦਾ ਹੈ ਉੱਥੋਂ ਦੇ ਕਾਨੂੰਨਾਂ ’ਚ ਕਮੀਆਂ ਲੱਭ ਕੇ ਉਨ੍ਹਾਂ ਦੀ ਵਰਤੋਂ ਆਪਣੇ ਫਾਇਦੇ ਲਈ ਕਰਦਾ ਹੈ। ਚੀਨ ’ਚ ਅਨੈਤਿਕਤਾ ਜ਼ਰਾ ਜਿੰਨੀ ਵੀ ਨਹੀਂ ਹੈ।
ਇਟਲੀ ’ਚ ਚੀਨ ਦੀ ਨਾਜਾਇਜ਼ ਬੈਂਕਿੰਗ ਕਾਰਨ ਅਰਬਾਂ ਡਾਲਰ ਦਾ ਹੇਰ-ਫੇਰ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਚੀਨ ਦੀ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ। ਚੀਨ ਆਪਣੇ ਕਾਲੇ ਧਨ ਨੂੰ ਜਾਇਜ਼ ਬਣਾਉਣ ਦੀ ਇਹ ਖੇਡ ਪਿਛਲੇ ਕੁਝ ਸਾਲਾਂ ਤੋਂ ਇਟਲੀ ’ਚ ਖੇਡਦਾ ਆ ਰਿਹਾ ਹੈ। ਇਸ ’ਤੇ ਇਟਲੀ ਦੇ ਮੀਡੀਆ ’ਚ ਖਬਰਾਂ ਵੀ ਛਪੀਆਂ ਸਨ।
ਉਦਾਹਰਣ ਲਈ ਸਾਲ 2017 ’ਚ ਮਿਲਾਨ ਦੇ ਬੈਂਕ ਆਫ ਚਾਈਨਾ ਉਪਰ ਨਾਜਾਇਜ਼ ਪੈਸੇ ਦੇ ਕਾਰੋਬਾਰ, ਭ੍ਰਿਸ਼ਟਾਚਾਰ, ਨਕਲੀ ਕਰੰਸੀ, ਟੈਕਸ ਦੀ ਚੋਰੀ ਅਤੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ ਅਤੇ ਇਹ ਖਬਰਾਂ ਇਟਲੀ ਦੇ ਮੀਡੀਆ ’ਚ ਵੀ ਛਪੀਆਂ ਸਨ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬੈਂਕ ਆਫ ਚਾਈਨਾ ’ਚ ਇਕ ਖੁਫੀਆ ਵਿਭਾਗ ਹੈ ਜੋ ਆਪਣੇ ਵਿਸ਼ੇਸ਼ ਗਾਹਕਾਂ ਨੂੰ ਕੁਝ ਚੋਣਵੀਆਂ ਸੇਵਾਵਾਂ ਦਿੰਦਾ ਹੈ, ਇਹ ਸੇਵਾਵਾਂ ਰੂਸ ਦੇ ਅਰਬਪਤੀ ਡਰੱਗ ਮਾਫੀਆਵਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਉਪਰ ਯੂਕ੍ਰੇਨ ਜੰਗ ਸ਼ੁਰੂ ਹੋਣ ਪਿੱਛੋਂ ਪਾਬੰਦੀ ਲਗਾਈ ਗਈ ਹੈ।
ਇਸ ਦੇ ਇਲਾਵਾ ਇਹ ਸੇਵਾਵਾਂ ਉਨ੍ਹਾਂ ਅਮੀਰ ਚੀਨੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਜੋ ਬੈਂਕ ਆਫ ਚਾਈਨਾ ਦੀ ਓਵਰਸੀਜ਼ ਅਕਾਊਂਟ ਦੀ 5 ਲੱਖ ਯੂਰੋ ਦੇ ਲੈਣ-ਦੇਣ ਦੀ ਹੱਦ ਤੋਂ ਕਿਤੇ ਵੱਧ ਪੈਸਿਆਂ ਦਾ ਲੈਣ-ਦੇਣ ਕਰਦੇ ਹਨ।
ਇਟਲੀ ਦੀ ਅਖਬਾਰ ਲਾਅ ਰਿਪਬਲਿਕ ਦੀ 5 ਮਾਰਚ ਨੂੰ ਛਪੀ ਖਬਰ ਮੁਤਾਬਕ ਇਟਲੀ ਦੀ ਵਿੱਤੀ ਪੁਲਸ ਨੇ ਆਪਣੀ ਜਾਂਚ ’ਚ ਪਾਇਆ ਕਿ ਇਟਲੀ ’ਚ ਰਹਿਣ ਵਾਲੇ ਕੁਝ ਚੀਨੀਆਂ ਵੱਲੋਂ ਘੱਟ ਗਿਣਤੀ ’ਚ ਜੋ ਪੈਸੇ ਉਨ੍ਹਾਂ ਦੇ ਆਪਣੇ ਦੇਸ਼ ’ਚ ਭੇਜੇ ਜਾ ਰਹੇ ਹਨ, ਅਸਲ ’ਚ ਉਹ ਇਟਲੀ ’ਚ ਟੈਕਸ ਦੀ ਚੋਰੀ ਅਤੇ ਨਾਜਾਇਜ਼ ਤੌਰ ’ਤੇ ਦੇਸ਼ ਤੋਂ ਬਾਹਰ ਪੈਸੇ ਭੇਜਣ ਦਾ ਇਕ ਵੱਡਾ ਮਾਮਲਾ ਹੈ। ਇਸ ਮੁੱਦੇ ’ਤੇ ਇਟਲੀ ਦੀ ਯੂਰੋ ਪੁਲਸ ਨੂੰ ਸਾਵਧਾਨ ਕੀਤਾ ਸੀ, ਇਸ ਦੇ ਬਾਅਦ ਯੂਰਪੀਅਨ ਯੂਨੀਅਨ ਦੇ ਸਬੰਧਤ ਵਿਭਾਗ ਨੂੰ ਵੀ ਇਸ ਬਾਰੇ ਸਾਵਧਾਨ ਕੀਤਾ ਗਿਆ ਸੀ।
ਇਹ ਜਾਂਚ ਜਦੋਂ ਵੱਡੇ ਪੱਧਰ ’ਤੇ ਹੋਈ ਤਦ ਪਤਾ ਲੱਗਾ ਕਿ ਚੀਨ ਸਰਕਾਰ ਵੱਲੋਂ ਵਿਦੇਸ਼ਾਂ ’ਚ ਰਹਿਣ ਵਾਲੇ ਚੀਨੀਆਂ ਨੂੰ ਇਹ ਸਖਤ ਹੁਕਮ ਦਿੱਤੇ ਗਏ ਸਨ ਕਿ ਉਹ ਲੋਕ ਵਿਦੇਸ਼ਾਂ ’ਚ ਆਪਣੀ ਕਮਾਈ ਦਾ ਇਕ ਯਕੀਨੀ ਹਿੱਸਾ ਚੀਨ ਭੇਜਣ।
ਜਾਂਚ ’ਚ ਇਟਲੀ ਦੀ ਪੁਲਸ ਨੇ ਪਾਇਆ ਕਿ ਚੀਨ ਵੱਲੋਂ ਬਣਾਏ ਗਏ ਇਸ ਕਾਨੂੰਨ ਦੇ ਪਿੱਛੇ ਦਾ ਇਰਾਦਾ ਇਟਲੀ ’ਚ ਟੈਕਸ ਦੀ ਚੋਰੀ ਕਰਨਾ ਅਤੇ ਨਾਜਾਇਜ਼ ਤੌਰ ’ਤੇ ਵੱਧ ਪੈਸੇ ਚੀਨ ਭੇਜਣਾ ਸ਼ਾਮਲ ਹੈ, ਚੀਨ ਦੀ ਇਸ ਹਰਕਤ ਨਾਲ ਇਟਲੀ ਨੂੰ ਅਰਬਾਂ ਡਾਲਰ ਦੇ ਟੈਕਸ ਦਾ ਨੁਕਸਾਨ ਉਠਾਉਣਾ ਪਿਆ ਸੀ।
ਇਟਲੀ ਦੇ ਇਸ ਮਾਮਲੇ ਨੇ ਯੂਰਪੀਅਨ ਯੂਨੀਅਨ ਦੇ ਬਾਕੀ ਦੇਸ਼ਾਂ ਨੂੰ ਵੀ ਚੌਕੰਨਾ ਕਰ ਦਿੱਤਾ ਸੀ ਕਿਉਂਕਿ ਇਸ ਤਰ੍ਹਾਂ ਦੀ ਸੰਗਠਿਤ ਧੋਖਾਦੇਹੀ ਦੇ ਮਾਮਲੇ ’ਚ ਚੀਨ ਪਹਿਲਾਂ ਵੀ ਦੂਜੇ ਦੇਸ਼ਾਂ ’ਚ ਦੋਸ਼ੀ ਪਾਇਆ ਗਿਆ ਸੀ, ਚੀਨ ਦੀ ਸਾਖ ਪਹਿਲਾਂ ਤੋਂ ਹੀ ਖਰਾਬ ਹੈ ਅਤੇ ਇਟਲੀ ’ਚ ਕਰੰਸੀ ਦੇ ਨਾਜਾਇਜ਼ ਕਾਰੋਬਾਰ ਪਿੱਛੋਂ ਇਸ ਮਾਮਲੇ ਨੇ ਤੂਲ ਫੜੀ, ਜਿਸ ਪਿੱਛੋਂ ਦੂਜੇ ਦੇਸ਼ਾਂ ’ਚ ਵੀ ਚੀਨ ਦੇ ਸੰਸਥਾਨਾਂ ’ਤੇ ਉੱਥੋਂ ਦੀਆਂ ਸਰਕਾਰਾਂ ਨੇ ਨੱਥ ਕੱਸਣੀ ਸ਼ੁਰੂ ਕਰ ਦਿੱਤੀ।
ਇਸ ਰਿਪੋਰਟ ’ਚ ਇਹ ਵੀ ਖੁਲਾਸਾ ਹੋਇਆ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਚੀਨੀ ਨਾਗਰਿਕਾਂ ਵੱਲੋਂ ਅਧਿਕਾਰਤ ਤੌਰ ’ਤੇ ਚੀਨ ਭੇਜੇ ਗਏ ਪੈਸੇ ਦੀ ਤੁਲਨਾ ’ਚ ਉੱਥੇ ਸਮਾਜਿਕ ਅਤੇ ਆਰਥਿਕ ਤਰੱਕੀ ਬਹੁਤ ਘੱਟ ਹੋਈ ਹੈ, ਇਸ ਗੱਲ ਨੇ ਵੀ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਚੀਨ ਬਾਰੇ ਚੌਕਸ ਕਰ ਦਿੱਤਾ।
ਸਾਲ 2017 ’ਚ ਚੀਨੀਆਂ ਵੱਲੋਂ ਇਟਲੀ ਤੋਂ 5 ਅਰਬ ਯੂਰੋ ਚੀਨ ਭੇਜੇ ਗਏ ਜਦਕਿ ਸਾਲ 2021 ’ਚ ਸਿਰਫ 90 ਲੱਖ ਯੂਰੋ ਹੀ ਚੀਨ ਭੇਜੇ ਗਏ ਸਨ। ਇਸ ਨਾਲ ਇਤਾਲਵੀ ਵਿੱਤ ਵਿਭਾਗ ਅਤੇ ਵਿੱਤ ਪੁਲਸ ਦੇ ਕੰਨ ਖੜ੍ਹੇ ਹੋਏ ਕਿ ਬਾਕੀ ਪੈਸੇ ਕਿੱਥੇ ਜਾ ਰਹੇ ਹਨ? ਤਦ ਇਟਲੀ ਦੇ ਵਿੱਤ ਵਿਭਾਗ ਅਤੇ ਪੁਲਸ ਦਾ ਧਿਆਨ ਚੀਨ ਦੇ ਜ਼ਮੀਨਦੋਜ਼ ਬੈਂਕਾਂ ’ਤੇ ਗਿਆ ਜੋ ਇਟਲੀ ’ਚ ਟੈਕਸ ਦੀ ਚੋਰੀ ਕਰ ਕੇ ਆਪਣਾ ਵਧੇਰੇ ਪੈਸਾ ਚੀਨ ਭੇਜ ਰਹੇ ਸਨ।
ਇੰਨੇ ਵੱਡੇ ਪੱਧਰ ’ਤੇ ਇਹ ਕੰਮ ਸਰਕਾਰ ਦੀ ਸ਼ਹਿ ਦੇ ਬਿਨਾਂ ਕਦੀ ਨਹੀਂ ਹੋ ਸਕਦਾ। ਚੀਨ ਇਸ ਤਰ੍ਹਾਂ ਦੇ ਨਾਜਾਇਜ਼ ਕੰਮਾਂ ’ਚ ਹਮੇਸ਼ਾ ਤੋਂ ਲੱਗਾ ਰਿਹਾ ਹੈ ਜਿਸ ’ਚ ਕਮਿਊਨਿਸਟ ਸਰਕਾਰ ਦੀ ਮਿਲੀਭੁਗਤ ਰਹੀ ਹੈ।