ਸੁਨਹਿਰੀ ਹਫ਼ਤੇ ’ਚ ਵੀ ਚੀਨ ਦੀ ਅਰਥਵਿਵਸਥਾ ’ਚ ਮੰਦੀ ਜਾਰੀ

10/15/2023 2:19:44 PM

ਹਰ ਸਾਲ ਚੀਨ ’ਚ 1 ਤੋਂ 7 ਅਕਤੂਬਰ ਤੱਕ ਛੁੱਟੀਆਂ ਮਨਾਈਆਂ ਜਾਂਦੀਆਂ ਹਨ। ਚੀਨੀ ਲੋਕ ਇਸ ਨੂੰ ਗੋਲਡਨ ਵੀਕ ਭਾਵ ਸੁਨਹਿਰੀ ਹਫ਼ਤਾ ਬੋਲਦੇ ਹਨ। ਦਰਅਸਲ, 1 ਅਕਤੂਬਰ 1949 ਨੂੰ ਕਮਿਊਨਿਸਟ ਚੀਨ ਦਾ ਸਥਾਪਨਾ ਦਿਵਸ ਹੈ। ਚੀਨ ਅੰਗ੍ਰੇਜ਼ਾਂ ਦੇ ਚੁੰਗਲ ’ਚੋਂ ਆਜ਼ਾਦ ਹੋ ਕੇ ਇਕ ਕਮਿਊਨਿਸਟ ਦੇਸ਼ ਬਣਿਆ ਸੀ। ਉਸ ਖੁਸ਼ੀ ’ਚ ਚੀਨ ’ਚ ਹਰ ਸਾਲ ਇਕ ਹਫਤੇ ਦੀਆਂ ਛੁੱਟੀਆਂ ਮਨਾਈਆਂ ਜਾਂਦੀਆਂ ਹਨ।

ਇਸ ਦੌਰਾਨ ਲੋਕ ਆਪਣੇ ਸਬੰਧੀਆਂ ਨੂੰ ਮਿਲਣ ਆਪਣੇ ਪਿੰਡਾਂ ਅਤੇ ਕਸਬਿਆਂ ਨੂੰ ਜਾਂਦੇ ਹਨ, ਬਹੁਤ ਸਾਰੇ ਲੋਕ ਚੀਨ ਦੇ ਦੂਜੇ ਸ਼ਹਿਰਾਂ ’ਚ ਘੁੰਮਣ ਜਾਂਦੇ ਹਨ। ਇਸ ਦੌਰਾਨ ਉਹ ਬਹੁਤ ਸਾਰਾ ਪੈਸਾ ਖਰਚ ਕਰਦੇ ਹਨ। ਇਹ ਪੈਸਾ ਉਹ ਦੂਜੇ ਸ਼ਹਿਰਾਂ ਦੀ ਯਾਤਰਾ ’ਤੇ ਖਰਚ ਕਰਦੇ ਹਨ। ਉਦਾਹਰਣ ਵਜੋਂ ਯਾਤਰਾ ਲਈ ਹਵਾਈ ਜਹਾਜ਼, ਟਰੇਨ ਅਤੇ ਬੱਸਾਂ ਦੀਆਂ ਟਿਕਟਾਂ ਖਰੀਦਦੇ ਹਨ।

ਦੂਜੇ ਸ਼ਹਿਰਾਂ ’ਚ ਜਾ ਕੇ ਹੋਟਲ ਬੁੱਕ ਕਰਦੇ ਹਨ, ਉੱਥੇ ਸਥਾਨਕ ਰੇਸਤਰਾਂ ’ਚ ਖਾਣਾ ਖਾਂਦੇ ਹਨ, ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਘੁੰਮਣ ਲਈ ਉੱਥੋਂ ਦੀਆਂ ਟਿਕਟਾਂ ਖਰੀਦਦੇ ਹਨ। ਸਥਾਨਕ ਦੁਕਾਨਾਂ ਤੋਂ ਹਸਤਕਲਾ ਦੀਆਂ ਵਸਤਾਂ ਖਰੀਦਦੇ ਹਨ। ਇਨ੍ਹਾਂ ਸਭ ਕੁਝ ’ਤੇ ਚੀਨੀ ਲੋਕ ਖੂਬ ਪੈਸਾ ਖਰਚ ਕਰਦੇ ਹਨ।

ਇਸ ਦੌਰਾਨ ਸੈਰ-ਸਪਾਟਾ ਅਤੇ ਉਸ ਨਾਲ ਜੁੜੇ ਦੂਜੇ ਉਦਯੋਗ ਵੀ ਫਲਦੇ-ਫੁਲਦੇ ਹਨ ਪਰ ਇਸ ਵਾਰ ਸੁਨਹਿਰੀ ਹਫ਼ਤਾ ਬੀਤੇ ਅਜੇ ਸਿਰਫ ਹਫਤਾ ਹੋਇਆ ਹੈ ਅਤੇ ਇਸ ਦੀ ਰਿਪੋਰਟ ਚੀਨ ਨੇ ਜਾਰੀ ਕੀਤੀ ਹੈ। ਇਸ ਵਾਰ ਚੀਨ ਸਰਕਾਰ ਵੱਲੋਂ ਜਾਰੀ ਰਿਪੋਰਟ ਬਹੁਤ ਹੈਰਾਨ ਕਰਨ ਵਾਲੀ ਹੈ। ਪਿਛਲੇ 23 ਸਾਲਾਂ ’ਚ ਸੁਨਹਿਰੀ ਹਫ਼ਤੇ ਦੌਰਾਨ ਚੀਨੀਆਂ ਨੇ ਇਸ ਸਾਲ ਸਭ ਤੋਂ ਘੱਟ ਪੈਸਾ ਖਰਚ ਕੀਤਾ ਹੈ। ਇਸ ਵਾਰ ਸੁਨਹਿਰੀ ਹਫ਼ਤੇ ’ਚ ਕੁਲ 82 ਕਰੋੜ 60 ਲੱਖ ਚੀਨੀ ਘਰਾਂ ਤੋਂ ਬਾਹਰ ਘੁੰਮਣ ਨਿਕਲੇ ਸਨ।

ਸਾਲ 2019 ਦੀ ਤੁਲਨਾ ’ਚ ਇਹ 4.1 ਫੀਸਦੀ ਵੱਧ ਸੀ ਕਿਉਂਕਿ ਉਸ ਪਿੱਛੋਂ ਚੀਨੀ ਕੋਰੋਨਾ ਮਹਾਮਾਰੀ ਅਤੇ ਚੀਨ ਦੀਆਂ ਤਾਨਸ਼ਾਹੀ ਯਾਤਰਾ ਪਾਬੰਦੀ ਸਬੰਧੀ ਨੀਤੀਆਂ ਨਾਲ ਜੂਝ ਰਿਹਾ ਸੀ। ਇਸ ਦੌਰਾਨ ਸੈਲਾਨੀਆਂ ਵੱਲੋਂ ਸਾਲ 2019 ਦੀ ਤੁਲਨਾ ’ਚ ਸਿਰਫ 1.5 ਫੀਸਦੀ ਵੱਧ ਖਰਚ ਕੀਤਾ ਗਿਆ, ਚੀਨੀਆਂ ਨੇ ਕੁਲ 753.43 ਅਰਬ ਯੁਆਨ ਖਰਚ ਕੀਤੇ ਜੋ ਅਮਰੀਕੀ ਡਾਲਰ ’ਚ 103 ਅਰਬ ਹੈ।

ਪਰ ਇਹ ਦੋਵਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਬਹੁਤ ਘੱਟ ਸੀ। ਸਰਕਾਰ ਨੂੰ ਆਸ ਸੀ ਕਿ ਇਸ ਸਾਲ ਗੋਲਡਨ ਵੀਕ ਦੌਰਾਨ 89 ਕਰੋੜ 60 ਲੱਖ ਚੀਨੀ ਘੁੰਮਣ ਨਿਕਲਣਗੇ, ਉੱਥੇ ਹੀ ਸਰਕਾਰ ਨੂੰ ਆਸ ਸੀ ਕਿ ਚੀਨੀ ਸੈਲਾਨੀ ਘੁੰਮਣ ਦੌਰਾਨ 782.5 ਅਰਬ ਯੂਆਨ ਖਰਚ ਕਰਨਗੇ ਪਰ ਦੋਵਾਂ ਖੇਤਰਾਂ ’ਚ ਸਰਕਾਰ ਨੂੰ ਨਿਰਾਸ਼ਾ ਹੱਥ ਲੱਗੀ। ਚੀਨ ਸਰਕਾਰ ਅਤੇ ਗੋਲਡਮੈਨ ਸੈਕਸ ਦੇ ਅੰਕੜੇ ਦੱਸਦੇ ਹਨ ਕਿ ਚੀਨ ਦੀ ਅਰਥਵਿਵਸਥਾ ਇਸ ਦੇ ਬਾਵਜੂਦ ਮੰਦੀ ’ਚੋਂ ਨਿਕਲ ਨਹੀਂ ਸਕੀ ਹੈ।

ਇਹ ਸੰਕੇਤ ਚੀਨ ਦੀ ਅਰਥਵਿਵਸਥਾ ਲਈ ਬਹੁਤ ਚਿੰਤਾਜਨਕ ਹਨ। ਚੀਨ ਸਰਕਾਰ ਨੂੰ ਆਸ ਸੀ ਕਿ ਗੋਲਡਨ ਵੀਕ ਦੌਰਾਨ ਚੀਨੀ ਲੋਕ ਦੇਸ਼ ਦੀ ਅਰਥਵਿਵਸਥਾ ’ਚ ਜਾਨ ਪਾਉਣ ਲਈ ਪੈਸੇ ਖਰਚ ਕਰਨਗੇ ਜਿਸ ਨਾਲ ਚੀਨ ਦੀਆਂ ਕਈ ਸੂਬਾਈ ਸਰਕਾਰਾਂ ਜੋ ਹੁਣ ਤੱਕ ਆਰਥਿਕ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ, ਉਨ੍ਹਾਂ ਨੂੰ ਲਾਭ ਮਿਲੇਗਾ। ਨਾਲ ਹੀ ਚੀਨ ਦੀ ਕੇਂਦਰੀ ਸਰਕਾਰ ਨੂੰ ਵੀ ਆਰਥਿਕ ਮਦਦ ਮਿਲੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ।

ਛੁੱਟੀਆਂ ਦੌਰਾਨ ਚੀਨੀ ਲੋਕ ਫਿਲਮਾਂ ਵੀ ਬਹੁਤ ਦੇਖਦੇ ਹਨ ਪਰ ਇਸ ਵਾਰ ਉੱਥੇ ਵੀ ਚੀਨ ਸਰਕਾਰ ਨੂੰ ਨਾ-ਉਮੀਦੀ ਹੱਥ ਲੱਗੀ। ਇਸ ਵਾਰ ਗੋਲਡਨ ਵੀਕ ਦੌਰਾਨ ਪੂਰੇ ਚੀਨ ’ਚ 2 ਅਰਬ 70 ਕਰੋੜ ਯੁਆਨ ਦੀਆਂ ਸਿਨੇਮਾ ਟਿਕਟਾਂ ਵਿਕੀਆਂ ਜਿਨ੍ਹਾਂ ਦੀ ਕੀਮਤ ਅਮਰੀਕੀ ਡਾਲਰ ’ਚ 37 ਕਰੋੜ ਹੁੰਦੀ ਹੈ।

ਇਹ ਅੰਕੜੇ ਦੱਸਦੇ ਹਨ ਕਿ ਸਾਲ 2019 ਦੀ ਤੁਲਨਾ ’ਚ ਇਸ ’ਚ 39 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਅੰਕੜੇ ਚੀਨ ਦੇ ਟਿਕਟਿੰਗ ਪਲੇਟਫਾਰਮ ਮਾਯੋਯਾਨ ਐਂਟਰਟੇਨਮੈਂਟ ਤੋਂ ਮਿਲੇ ਹਨ ਜੇ ਟੇਨਸੈਂਟ ਹੋਲਡਿੰਗਜ਼ ਦੀ ਕੰਪਨੀ ਹੈ। ਪਿਛਲੇ 5 ਸਾਲਾਂ ’ਚ ਇਹ ਦੂਜਾ ਸਭ ਤੋਂ ਘੱਟ ਕਮਾਈ ਵਾਲਾ ਬਾਕਸ ਆਫਿਸ ਕੁਲੈਕਸ਼ਨ ਹਫਤਾ ਸੀ।

ਇਸ ਤੋਂ ਇਲਾਵਾ ਦੂਜੇ ਖੇਤਰਾਂ ਤੋਂ ਮਿਲਣ ਵਾਲੇ ਅੰਕੜੇ ਵੀ ਤਸੱਲੀਬਖਸ਼ ਨਹੀਂ ਹਨ। ਚਾਈਨਾ ਪੈਸੇਂਜਰ ਕਾਰ ਐਸੋਸੀਏਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ ਟੈਸਲਾ ਨੇ ਆਪਣੀਆਂ ਬੈਟਰੀ ਵਾਲੀਆਂ 74,073 ਕਾਰਾਂ ਸਤੰਬਰ ਮਹੀਨੇ ’ਚ ਵੇਚੀਆਂ, ਜੋ ਪਿਛਲੇ ਸਾਲ ਸਤੰਬਰ ਮਹੀਨੇ ’ਚ ਵਿਕੀਆਂ ਗੱਡੀਅਾਂ ਦੀ ਤੁਲਨਾ ’ਚ 10.9 ਫੀਸਦੀ ਘੱਟ ਹੈ। ਇਹ ਅੰਕੜੇ ਇਸ ਸਾਲ ਅਗਸਤ ਮਹੀਨੇ ਦੀ ਤੁਲਨਾ ’ਚ 12 ਫੀਸਦੀ ਘੱਟ ਹਨ।


Rakesh

Content Editor

Related News