ਕਸ਼ਮੀਰ ’ਚ ਕੇਂਦਰ ਸਰਕਾਰ ਦੀ ਐਡਵਾਈਜ਼ਰੀ

08/05/2019 7:04:15 AM

ਰਾਹਿਲ ਨੋਰਾ ਚੋਪੜਾ
ਕੇਂਦਰ ਸਰਕਾਰ ਵਲੋਂ ਸ਼ੁੱਕਰਵਾਰ ਜਾਰੀ ਕੀਤੀ ਗਈ ਐਡਵਾਈਜ਼ਰੀ ਤੋਂ ਬਾਅਦ ਜ਼ਿਆਦਾਤਰ ਸੈਲਾਨੀ ਅਤੇ ਅਮਰਨਾਥ ਯਾਤਰੀ ਵਾਦੀ ਛੱਡ ਚੁੱਕੇ ਹਨ। ਜ਼ਿਆਦਾ ਸੈਲਾਨੀ ਅਤੇ ਯਾਤਰੀ ਏਅਰਫੋਰਸ ਏਅਰਕ੍ਰਾਫਟ, ਕਮਰਸ਼ੀਅਲ ਉਡਾਣਾਂ ਅਤੇ ਜੰਮੂ-ਕਸ਼ਮੀਰ ਰਾਜਪੱਥ ਪਰਿਵਹਨ ਨਿਗਮ ਦੀਆਂ ਬੱਸਾਂ ਰਾਹੀਂ ਵਾਦੀ ’ਚੋਂ ਬਾਹਰ ਨਿਕਲੇ। ਜੋ ਲੋਕ ਹਵਾਈ ਜਹਾਜ਼ ਦੀ ਟਿਕਟ ਖਰੀਦ ਸਕਦੇ ਸਨ, ਉਹ ਹਵਾਈ ਜਹਾਜ਼ ਰਾਹੀਂ, ਜਦਕਿ ਜੋ ਨਹੀਂ ਖਰੀਦ ਸਕਦੇ ਸਨ, ਉਨ੍ਹਾਂ ਨੂੰ ਏਅਰਫੋਰਸ ਦੇ ਜਹਾਜ਼ ਰਾਹੀਂ ਭੇਜਿਆ ਗਿਆ ਅਤੇ ਬਹੁਤ ਸਾਰੇ ਲੋਕ ਬੱਸ ਰਾਹੀਂ ਵਾਦੀ ’ਚੋਂ ਬਾਹਰ ਨਿਕਲੇ। ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਸ਼੍ਰੀਨਗਰ ਦੇ ਬਾਹਰੀ ਸੂਬਿਆਂ ਨਾਲ ਸਬੰਧਤ ਲੱਗਭਗ 1400 ਵਿਦਿਆਰਥੀਆਂ ਨੂੰ ਮੈਨੇਜਮੈਂਟ ਵਲੋਂ ਹਾਇਰ ਕੀਤੀਆਂ ਗਈਆਂ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਗਿਆ। ਲੱਗਭਗ 3,42,000 ਲੋਕਾਂ ਨੇ ਅਮਰਨਾਥ ਯਾਤਰਾ ਕੀਤੀ। ਇਹ ਯਾਤਰਾ 15 ਅਗਸਤ ਨੂੰ ਖਤਮ ਹੋਣੀ ਸੀ। ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਧਾਰਾ-370 ਅਤੇ 35ਏ ਨੂੰ ਨਹੀਂ ਹਟਾਇਆ ਜਾਵੇਗਾ। ਇਹ ਐਡਵਾਈਜ਼ਰੀ ਸੁਰੱਖਿਆ ਬਲਾਂ ਵਲੋਂ ਪਾਕਿਸਤਾਨ ਦੀਆਂ ਬਣੀਆਂ ਬਾਰੂਦੀ ਸੁਰੰਗਾਂ ਅਤੇ ਵੱਡੀ ਪੱਧਰ ’ਤੇ ਹਥਿਆਰਾਂ ਦੀ ਬਰਾਮਦਗੀ ਅਤੇ ਅਮਰਨਾਥ ਯਾਤਰਾ ਦੇ ਰਸਤੇ ਦੇ ਕੰਢੇ ਅਮਰੀਕਾ ਦੀ ਬਣੀ ਐੱਮ-24 ਸਨਾਈਪਰ ਰਾਈਫਲ ਮਿਲਣ ਤੋਂ ਬਾਅਦ ਜਾਰੀ ਕੀਤੀ ਗਈ ਹੈ।

ਤਿੰਨ ਤਲਾਕ ਬਿੱਲ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ

ਰਾਜ ਸਭਾ ’ਚ ਤਿੰਨ ਤਲਾਕ ਬਿੱਲ ਪਾਸ ਕੀਤੇ ਜਾਣ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਦੀ ਵੱਡੇ ਪੱਧਰ ’ਤੇ ਗੈਰ-ਹਾਜ਼ਰੀ ਭਾਜਪਾ ਅਤੇ ਏ. ਆਈ. ਏ. ਡੀ. ਐੱਮ. ਕੇ. ਅਤੇ ਜਦ (ਯੂ) ਸੁਪਰੀਮੋ ਵਿਚਾਲੇ ਹੋਈ ਗੁਪਤ ਗੱਲਬਾਤ ਦਾ ਨਤੀਜਾ ਸੀ। ਇਹੀ ਕਾਰਣ ਸੀ ਕਿ ਇਨ੍ਹਾਂ ਦਲਾਂ ਦੇ ਸੰਸਦ ਮੈਂਬਰਾਂ ਨੇ ਸੰਸਦ ’ਚੋਂ ਵਾਕਆਊਟ ਕੀਤਾ। ਭਾਜਪਾ ਨੇ ਬੀਜਦ ਨੂੰ ਵਾਅਦਾ ਕੀਤਾ ਸੀ ਕਿ ਉਹ ਓਡਿਸ਼ਾ ’ਚ ਉਪਰਲੇ ਸਦਨ ਦੀ ਸਥਾਪਨਾ ਵਿਚ ਮਦਦ ਕਰੇਗੀ ਅਤੇ ਸੂਬੇ ’ਚ ਹੜ੍ਹ ਅਤੇ ਸੋਕੇ ਨਾਲ ਹੋਏ ਨੁਕਸਾਨ ਲਈ ਰਾਸ਼ੀ ਮਨਜ਼ੂਰ ਕਰੇਗੀ। ਇਸ ਦੇ ਸਿੱਟੇ ਵਜੋਂ ਬੀਜਦ ਨੇ ਬਿੱਲ ਦਾ ਸਮਰਥਨ ਕੀਤਾ ਪਰ ਬਸਪਾ, ਟੀ. ਡੀ. ਪੀ. ਅਤੇ ਟੀ. ਆਰ. ਐੱਸ. ਨੇ ਬਿੱਲ ਦਾ ਵਿਰੋਧ ਕਰਨ ਵਿਚ ਕੋਈ ਵਿਸ਼ੇਸ਼ ਉਤਸ਼ਾਹ ਨਹੀਂ ਦਿਖਾਇਆ ਕਿਉਂਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਡਰ ਸੀ ਪਰ ਸਮਾਜਵਾਦੀ ਪਾਰਟੀ ਦੇ 12 ’ਚੋਂ 6 ਅਤੇ ਟੀ. ਡੀ. ਪੀ. ਦੇ 2 ਸੰਸਦ ਮੈਂਬਰ ਇਸ ਲਈ ਗੈਰ-ਹਾਜ਼ਰ ਰਹੇ ਕਿਉਂਕਿ ਭਾਜਪਾ ਨੇ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਸਿੱਧਾ ਸੰਪਰਕ ਸਾਧਿਆ ਹੋਇਆ ਸੀ। ਅਸਲ ਵਿਚ ਭਾਜਪਾ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਨੇ ਵ੍ਹਿਪ ਜਾਰੀ ਨਹੀਂ ਕੀਤਾ ਸੀ। ਕਾਂਗਰਸ ਦੇ ਸੰਜੇ ਸਿੰਘ ਨੇ ਮਤਦਾਨ ਵਾਲੇ ਦਿਨ ਪਾਰਟੀ ਛੱਡ ਦਿੱਤੀ ਅਤੇ ਕਾਂਗਰਸ ਦੇ 4 ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ਵੀ ਪਾਰਟੀ ਨੂੰ ਦੁਚਿੱਤੀ ਵਿਚ ਪਾਉਣ ਵਾਲੀ ਸੀ ਅਤੇ ਹੁਣ ਕਈ ਹੋਰ ਸੰਸਦ ਮੈਂਬਰ ਵੀ ਸੰਜੇ ਸਿੰਘ ਦੇ ਰਸਤੇ ’ਤੇ ਜਾ ਸਕਦੇ ਹਨ।

ਦਿੱਲੀ ਕਾਂਗਰਸ ਪ੍ਰਧਾਨ ਲਈ ਦੌੜ

ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਨੇ ਹੁਣ ਤਕ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਨਹੀਂ ਕੀਤੀ ਹੈ, ਜਦਕਿ ਬਹੁਤ ਸਾਰੇ ਸੂਬਿਆਂ ’ਚ ਵਰਕਰਾਂ ਅਤੇ ਨੇਤਾਵਾਂ ਵਿਚਾਲੇ ਕਾਨੂੰਨੀ ਕਲੇਸ਼ ਵਧ ਰਿਹਾ ਹੈ। ਦਿੱਲੀ ਵਿਚ ਸ਼ੀਲਾ ਦੀਕਸ਼ਤ ਦੇ ਦਿਹਾਂਤ ਤੋਂ ਬਾਅਦ ਪਾਰਟੀ ਅਜੇ ਤਕ ਨਵੇਂ ਪ੍ਰਦੇਸ਼ ਪ੍ਰਧਾਨ ਦੀ ਚੋਣ ਨਹੀਂ ਕਰ ਸਕੀ ਹੈ। ਇਸ ਅਹੁਦੇ ਲਈ ਅਜੇ ਮਾਕਨ, ਸੰਦੀਪ ਦੀਕਸ਼ਤ, ਜੈਪ੍ਰਕਾਸ਼ ਅਗਰਵਾਲ, ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸੁਫ, ਦੇਵੇਂਦਰ ਯਾਦਵ ਅਤੇ ਸੁਭਾਸ਼ ਚੋਪੜਾ ਦੇ ਨਾਂ ਚਰਚਾ ਵਿਚ ਹਨ ਪਰ ਅਜਿਹਾ ਲੱਗਦਾ ਹੈ ਕਿ ਇਥੇ ਅੰਦਰੂਨੀ ਕਲੇਸ਼ ਇੰਨਾ ਜ਼ਿਆਦਾ ਹੈ ਕਿ ਪਾਰਟੀ ਕਿਸੇ ਸਰਬਸੰਮਤ ਉਮੀਦਵਾਰ ਦੀ ਚੋਣ ਨਹੀਂ ਕਰ ਪਾ ਰਹੀ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਹੁਣ ਹਾਈਕਮਾਨ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦਿੱਲੀ ਦੇ ਬਾਹਰੋਂ ਨਿਯੁਕਤ ਕੀਤਾ ਜਾਵੇ। ਇਸ ਸਬੰਧ ਵਿਚ ਸ਼ਤਰੂਘਨ ਸਿਨ੍ਹਾ ਅਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸਭ ਤੋਂ ਅੱਗੇ ਹੈ। ਇਸੇ ਤਰ੍ਹਾਂ ਝਾਰਖੰਡ ’ਚ ਵੀ ਅੰਦਰੂਨੀ ਕਲੇਸ਼ ਪਾਰਟੀ ਲਈ ਸਿਰਦਰਦ ਬਣਿਆ ਹੋਇਆ ਹੈ, ਜਿਥੇ ਪ੍ਰਦੇਸ਼ ਪ੍ਰਧਾਨ ਡਾ. ਅਜੇ ਕੁਮਾਰ ਅਤੇ ਝਾਰਖੰਡ ਦੇ ਇੰਚਾਰਜ ਜਨਰਲ ਸਕੱਤਰ ਆਰ. ਪੀ. ਐੱਨ. ਸਿੰਘ ਵਿਚ ਭਾਰੀ ਮੱਤਭੇਦ ਹਨ, ਜਿਸ ਕਾਰਣ ਇਥੇ ਪਾਰਟੀ ਦੋ ਧੜਿਆਂ ਵਿਚ ਵੰਡੀ ਗਈ ਹੈ। ਬਹੁਤ ਸਾਰੇ ਸੂਬਿਆਂ ’ਚ ਕਾਂਗਰਸ ਨੇਤਾ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਦੀ ਉਡੀਕ ਕਰ ਰਹੇ ਹਨ।

ਮਮਤਾ ਦੀ ਫੀਡਬੈਕ ਮੁਹਿੰਮ

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਮਮਤਾ ਬੈਨਰਜੀ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਮਮਤਾ ਨੇ ਇਕ ਵੈੱਬਸਾਈਟ ਅਤੇ ਹੈਲਪਲਾਈਨ ਨੰਬਰ ਲਾਂਚ ਕੀਤਾ ਹੈ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਸੂਬੇ ਦੇ ਆਮ ਆਦਮੀ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ। ਉਹ ਇਸ ਸਬੰਧ ਵਿਚ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਵੀ ਸਹਾਇਤਾ ਲੈ ਰਹੇ ਹਨ, ਜਿਨ੍ਹਾਂ ਨੇ ਮਮਤਾ ਨੂੰ ਪਾਰਟੀ ਦੇ ਆਧੁਨਿਕੀਕਰਨ ਦੀ ਸਲਾਹ ਦਿੱਤੀ ਹੈ। ਹੁਣ ਮਮਤਾ ਨੇ ਆਪਣੇ 1000 ਨੇਤਾਵਾਂ ਅਤੇ ਵਰਕਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪਿੰਡਾਂ ਵਿਚ ਜਾਣ ਅਤੇ ਉਥੇ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਪਿਛਲੇ 8 ਸਾਲਾਂ ਵਿਚ ਸਰਕਾਰ ਵਲੋਂ ਕੀਤੇ ਗਏ ਕੰਮਕਾਜ ਦੀ ਫੀਡਬੈਕ ਹਾਸਿਲ ਕਰਨ। ਇਸ ਤੋਂ ਇਲਾਵਾ ਲੋਕ ਮਮਤਾ ਦੇ ਨਾਲ ਹੈਲਪਲਾਈਨ ਅਤੇ ਵੈੱਬਸਾਈਟ ਰਾਹੀਂ ਵੀ ਸੰਪਰਕ ਕਰ ਸਕਦੇ ਹਨ। ਇਹ ਮੁਹਿੰਮ ਪੱਛਮੀ ਬੰਗਾਲ ਦੇ ਸਾਰੇ 10,000 ਪਿੰਡਾਂ ਵਿਚ ਚਲਾਈ ਜਾਵੇਗੀ, ਅਜਿਹਾ ਪਾਰਟੀ ਦੀ ਬਿਹਤਰ ਦਿੱਖ ਬਣਾਉਣ ਲਈ ਕੀਤਾ ਜਾ ਰਿਹਾ ਹੈ, ਜੋ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਧੁੰਦਲੀ ਹੋ ਗਈ ਸੀ।

ਰਾਜਸਥਾਨ ’ਚ ਨਵੇਂ ਭਾਜਪਾ ਪ੍ਰਧਾਨ ਦੀ ਭਾਲ

ਰਾਜਸਥਾਨ ਦੇ ਸਾਬਕਾ ਭਾਜਪਾ ਪ੍ਰਧਾਨ ਮਦਨ ਲਾਲ ਸੈਣੀ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ ਅਜੇ ਤਕ ਖਾਲੀ ਪਿਆ ਹੈ ਅਤੇ ਇਸ ਦੇ ਲਈ ਬਹੁਤ ਸਾਰੇ ਭਾਜਪਾ ਨੇਤਾ ਦੌੜ ਵਿਚ ਹਨ ਪਰ ਆਰ. ਐੱਸ. ਐੱਸ. ਦੇ ਦਬਾਅ ਕਾਰਣ ਹਾਈਕਮਾਨ ਹੁਣ ਤਕ ਕਿਸੇ ਢੁੱਕਵੇਂ ਨੇਤਾ ਦੀ ਚੋਣ ਨਹੀਂ ਕਰ ਸਕੀ ਹੈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਇਸ ਸਮੇਂ ਵਿਦੇਸ਼ ਵਿਚ ਹੈ ਅਤੇ ਉਸ ਦੀ ਗੈਰ-ਹਾਜ਼ਰੀ ਵਿਚ ਰਾਜਵਰਧਨ ਸਿੰਘ ਰਾਠੌਰ ਸੁਭਾਵਿਕ ਪਸੰਦ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਕੇਂਦਰ ਵਿਚ ਮੰਤਰੀ ਨਹੀਂ ਬਣਾਇਆ ਗਿਆ ਪਰ ਆਰ. ਐੱਸ. ਐੱਸ. ਨੇ ਸਤੀਸ਼ ਪੂਨੀਆ, ਮਦਨ ਦਿਲਾਵਰ ਅਤੇ ਵਾਸੂਦੇਵ ਦੇਵਨਾਨੀ ਦੇ ਨਾਂ ਸੁਝਾਏ ਹਨ। ਇਹ ਸਾਰੇ ਲੋਕ ਵਿਧਾਇਕ ਹਨ ਤੇ ਉਨ੍ਹਾਂ ਦਾ ਪਿਛੋਕੜ ਆਰ. ਐੱਸ. ਐੱਸ. ਦਾ ਹੈ। ਸੰਗਠਨ ਵਿਚ ਉਨ੍ਹਾਂ ਦਾ ਕਾਫੀ ਤਜਰਬਾ ਹੈ। ਪਾਰਟੀ ਸੂਤਰਾਂ ਅਨੁਸਾਰ ਭਾਜਪਾ ਹਾਈਕਮਾਨ ਕਿਸੇ ਜੱਟ ਜਾਂ ਬ੍ਰਾਹਮਣ ਨੂੰ ਸੂਬਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਇਸ ਦੇ ਲਈ ਚਿਤੌੜਗੜ੍ਹ ਤੋਂ ਸੰਸਦ ਮੈਂਬਰ ਚੰਦਰਪ੍ਰਕਾਸ਼ ਜੋਸ਼ੀ (ਬ੍ਰਾਹਮਣ) ਅਤੇ ਜਾਟ ਸਤੀਸ਼ ਪੂਨੀਆ ਦੇ ਨਾਂ ਚਰਚਾ ਵਿਚ ਹਨ ਪਰ ਅਰੁਣ ਚਤੁਰਵੇਦੀ ਵੀ ਇਸ ਅਹੁਦੇ ਦੀ ਦੌੜ ਵਿਚ ਸ਼ਾਮਿਲ ਹਨ। ਹਾਈਕਮਾਨ ਆਰ. ਐੱਸ. ਐੱਸ. ਨੇਤਾਵਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਛੇਤੀ ਹੀ ਇਸ ਸਬੰਧ ਵਿਚ ਫੈਸਲਾ ਲੈ ਸਕਦੀ ਹੈ।

nora_chopra@yahoo.com
 


Bharat Thapa

Content Editor

Related News