ਵਤਨ ਦੀ ਸੁਰੱਖਿਆ ਖਤਰੇ ’ਚ ਹੈ ਦੇਸ਼ ਭਰ ’ਚ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ

05/06/2022 2:58:51 AM

-ਵਿਜੇ ਕੁਮਾਰ

ਸਾਡੀ ਤਰੱਕੀ ਤੋਂ ਸੜਨ ਵਾਲੀਆਂ ਤਾਕਤਾਂ ਸਾਡੇ ਇੱਥੇ ਤਬਾਹੀ ਮਚਾਉਣ ਲਈ ਲਗਾਤਾਰ ਦੇਸ਼ ਦੇ ਆਸ-ਪਾਸ ’ਚ ਖਤਰਨਾਕ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਭਿਜਵਾ ਰਹੀਆਂ ਹਨ। ਇਸ ਮਹੀਨੇ ਦੇ ਕੇਵਲ ਪੰਜ ਦਿਨਾਂ ’ਚ ਹੀ ਸਾਹਮਣੇ ਆਈਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਰਹੀ ਹੈ :
* 1 ਮਈ ਨੂੰ ਮਿਜ਼ੋਰਮ ਦੇ ਆਈਜੋਲ ਜ਼ਿਲੇ ’ਚ ਸੁਰੱਖਿਆ ਬਲਾਂ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 3 ਬੰਦੂਕਾਂ, 5 ਰਾਈਫਲਾਂ, ਜਿਲੇਟਿਨ ਦੀਆਂ 3000 ਛੜਾਂ ਅਤੇ 100 ਕਿਲੋ ਗੋਲਾ-ਬਾਰੂਦ ਜ਼ਬਤ ਕੀਤਾ।
* 2 ਮਈ ਨੂੰ ਹੀ ਝਾਰਖੰਡ ਦੇ ਚਾਈਬਾਸਾ ਜ਼ਿਲੇ ’ਚ ਮਾਓਵਾਦੀਆਂ ਦੇ ਵਿਰੁੱਧ ਮੁਹਿੰਮ ਦੇ ਦੌਰਾਨ ਟੋਂਟੋ ਥਾਣਾ ਇਲਾਕੇ ਦੇ ‘ਮਟਕੁਲੋਰ’ ਦੇ ਜੰਗਲਾਂ ’ਚੋਂ 5-5 ਕਿਲੋ ਦੇ 3 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਰਾਮਦ ਕੀਤੇ ਗਏ।
* 3 ਮਈ ਨੂੰ ਅਰੁਣਾਚਲ ਪ੍ਰਦੇਸ਼ ਦੇ ‘ਚਾਂਗਲਾਂਗ’ ਜ਼ਿਲੇ ਦੇ ਜੰਗਲਾਂ ’ਚ ਸੁਰੱਖਿਆ ਬਲਾਂ ਨੇ ਇਕ ਪਾਬੰਦੀਸ਼ੁਦਾ ਗਿਰੋਹ ਵੱਲੋਂ ਲੁਕਾ ਕੇ ਰੱਖੇ 4 ਕਾਰਤੂਸਾਂ ਸਮੇਤ ਇਕ ਏ. ਕੇ. 56 ਰਾਈਫਲ, 2 ਐੱਸ. ਬੀ. ਐੱਮ. ਐੱਲ. ਬੰਦੂਕਾਂ, 3 ਕਾਰਤੂਸਾਂ ਸਮੇਤ ਇਕ ਪਿਸਤੌਲ ਅਤੇ ਤਰਲ ਧਮਾਕਾਖੇਜ਼ ਸਮੱਗਰੀ ਨਾਲ ਭਰੀ ਹੋਈ ਬੋਤਲ ਜ਼ਬਤ ਕੀਤੀ। * 4 ਮਈ ਨੂੰ ਬੀ. ਐੱਸ. ਐੱਫ. ਦੀ 48ਵੀਂ ਬਟਾਲੀਅਨ ਨੇ ਜੰਮੂ-ਕਸ਼ਮੀਰ ’ਚ ਸਾਂਬਾ ਜ਼ਿਲੇ ਦੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਅੱਤਵਾਦੀ ਸਰਗਰਮੀਆਂ ਕਰਨ ਲਈ ‘ਚੱਕ ਫਕੀਰਾ’ ’ਚ ਤਾਰਬੰਦੀ ਦੇ ਹੇਠੋਂ ਖੋਦੀ ਗਈ ਲਗਭਗ 150 ਮੀਟਰ ਲੰਬੀ ਇਕ ਸੁਰੰਗ ਦਾ ਪਤਾ ਲਗਾਇਆ। ਜ਼ੀਰੋ ਲਾਈਨ ਤੋਂ ਕੁਝ ਹੀ ਦੂਰੀ ’ਤੇ ਇਸ ਸੁਰੰਗ ਦਾ ਦੂਸਰਾ ਮੁਹਾਣਾ ਕੌਮਾਂਤਰੀ ਸਰਹੱਦ ਦੇ ਪਾਰ ਪਾਕਿਸਤਾਨ ਇਲਾਕੇ ’ਚ ਹੈ।
ਸਰਹੱਦ ਪਾਰ ਲਾਈ ਗਈ ਤਾਰਬੰਦੀ ਦਾ ਸੁਰੱਖਿਆ ਘੇਰਾ ਤੋੜਨ ’ਚ ਅਸਫਲ ਪਾਕਿਸਤਾਨ ਹੁਣ ਸਾਂਬਾ ਜ਼ਿਲੇ ਦੀਆਂ ਭੂਗੋਲਿਕ ਹਾਲਤਾਂ ਦੀ ਘੁਸਪੈਠ ਲਈ ਵਰਤੋਂ ਕਰ ਰਿਹਾ ਹੈ। ਸਰਕੰਡਿਆਂ ਦੀ ਆੜ ਅਤੇ ਰੇਤਲੀ ਤੇ ਦੋਮਟ ਮਿੱਟੀ ਦੇ ਹੇਠਾਂ ਸੁਰੰਗ ਖੋਦ ਕੇ ਅੱਤਵਾਦੀ ਭੇਜੇ ਜਾ ਰਹੇ ਹਨ। ਚੱਕ ਫਕੀਰਾ ਪੋਸਟ ਦੇ ਕੋਲ ਮਿਲੀ ਸੁਰੰਗ ਦੀ ਭੂਗੋਲਿਕ ਸਥਿਤੀ ਵੀ ਅਜਿਹੀ ਹੀ ਹੈ। ਇੱਥੇ ਵੀ ਰੇਤਲੀ ਅਤੇ ਦੋਮਟ ਮਿੱਟੀ ਦੇ ਟਿੱਲੇ ਹਨ ਜਿੱਥੇ ਪਾਣੀ ਦਾ ਰਿਸਾਵ ਹੋਣ ਦਾ ਖਤਰਾ ਨਹੀਂ ਹੁੰਦਾ।
ਇਸ ਤੋਂ ਪਹਿਲਾਂ 29 ਅਗਸਤ, 2020 ਨੂੰ ਚੱਕ ਫਕੀਰਾ ਪੋਸਟ ਤੋਂ 3 ਕਿ. ਮੀ. ਦੂਰ ਬੈਨਗਲਾਡ ’ਚ, 22 ਨਵੰਬਰ, 2020 ਨੂੰ ਸਾਂਬਾ ਸਰਹੱਦ ’ਤੇ ਹੀ ਰਿਗਾਲ ਦੇ ਨੇੜੇ ਅਤੇ ਜਨਵਰੀ, 2021 ’ਚ ਕਠੂਆ ਦੇ ਹੀਰਾਨਗਰ ’ਚ ਸੁਰੰਗਾਂ ਫੜੀਆਂ ਜਾ ਚੁੱਕੀਆਂ ਹਨ। ਘੁਸਪੈਠ ਦੇ ਲਈ ਸੁਰੰਗਾਂ ਦੇ ਨਿਰਮਾਣ ’ਚ ਪਾਕਿਸਤਾਨੀ ਫੌਜ ਬੇਹੱਦ ਪੇਸ਼ੇਵਰ ਇੰਜੀਨੀਅਰਾਂ ਨੂੰ ਕੰਮ ’ਤੇ ਲਗਾ ਰਹੀ ਹੈ ਅਤੇ ਇਸ ਦੇ ਲਈ ਅਜਿਹੇ ਸਥਾਨ ਚੁਣੇ ਜਾਂਦੇ ਹਨ ਜਿੱਥੇ ਖੋਦਾਈ ਆਸਾਨ ਅਤੇ ਜਲ ਰਿਸਾਵ ਦਾ ਖਤਰਾ ਵੀ ਨਾ ਹੋਵੇ। ਕਠੂਆ ਤੇ ਸਾਂਬਾ ’ਚ ਕੌਮਾਂਤਰੀ ਬਾਰਡਰ ’ਤੇ ਪਾਕਿਸਤਾਨ ਦੇ ਓਵਰ ਗਰਾਊਂਡ ਵਰਕਰਾਂ ਦਾ ਨੈੱਟਵਰਕ ਵੀ ਸਰਗਰਮ ਹੈ ਜੋ ਬਾਹਰੀ ਅੱਤਵਾਦੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਸੁਰੰਗ ਖੋਦਣ ਤੋਂ ਲੈ ਕੇ ਘੁਸਪੈਠ ਦੇ ਬਾਅਦ ਅੱਤਵਾਦੀਆਂ ਨੂੰ ਟਿਕਾਣਿਆਂ ਤੱਕ ਪਹੁੰਚਾਉਣ ’ਚ ਇਹ ਨੈੱਟਵਰਕ ਕੰਮ ਕਰ ਰਿਹਾ ਹੈ।
* ਅਤੇ ਹੁਣ 5 ਮਈ ਨੂੰ ਹਰਿਆਣਾ ਪੁਲਸ ਨੇ ਕਰਨਾਲ ਜ਼ਿਲੇ ਦੇ ਬਸਤਾੜਾ ਟੋਲ ਪਲਾਜ਼ਾ ਦੇ ਨੇੜੇ ਦਿੱਲੀ ਵੱਲ ਜਾ ਰਹੇ 4 ਸ਼ੱਕੀ ਅੱਤਵਾਦੀਆਂ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਹਨ ਜਿਨ੍ਹਾਂ ਨੂੰ ਇਹ ਚਾਰੇ ਫਿਰੋਜ਼ਪੁਰ ਤੋਂ ਨਾਂਦੇੜ (ਮਹਾਰਾਸ਼ਟਰ) ਲੈ ਕੇ ਜਾ ਰਹੇ ਸਨ, ਜਿੱਥੋਂ ਇਨ੍ਹਾਂ ਨੂੰ ਤੇਲੰਗਾਨਾ ਦੇ ਆਦਿਲਾਬਾਦ ਭੇਜਣਾ ਸੀ। ਪੁਲਸ ਦੇ ਅਨੁਸਾਰ ਇਸ ’ਚ 1 ਦੇਸੀ ਪਿਸਤੌਲ, 31 ਜ਼ਿੰਦਾ ਕਾਰਤੂਸ, ਢਾਈ-ਢਾਈ ਕਿਲੋ ਭਾਰ ਦੇ ਧਮਾਕਾਖੇਜ਼ ਸਮੱਗਰੀ ਦੇ 3 ਕੰਟੇਨਰ ਸ਼ਾਮਲ ਹਨ। ਇਨ੍ਹਾਂ ਦੇ ਕਬਜ਼ੇ ’ਚੋਂ 1 ਲੱਖ 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ।
ਪੁਲਸ ਅਨੁਸਾਰ ਪਾਕਿਸਤਾਨ ’ਚ ਰਹਿਣ ਵਾਲਾ ‘ਬੱਬਰ ਖਾਲਸਾ’ ਦਾ ਅੱਤਵਾਦੀ ਹਰਜਿੰਦਰ ਜਿੰਦਾ ਉਨ੍ਹਾਂ ਨੂੰ ਧਮਾਕਾਖੇਜ਼ ਸਮੱਗਰੀ ਪਹੁੰਚਾਉਂਦਾ ਸੀ ਅਤੇ ਫੋਨ ’ਤੇ ਲੋਕੇਸ਼ਨ ਭੇਜ ਕੇ ਫਲਾਣੀ ਥਾਂ ’ਤੇ ਰੱਖਣ ਲਈ ਕਿਹਾ ਜਾਂਦਾ ਸੀ ਜਿਸ ਦੇ ਬਦਲੇ ’ਚ ਇਨ੍ਹਾਂ ਨੌਜਵਾਨਾਂ ਨੂੰ ਭਾਰੀ ਰਕਮ ਮਿਲਦੀ ਸੀ।
ਸ਼ੱਕੀਆਂ ਵੱਲੋਂ ਵਰਤੇ ਜਾ ਰਹੇ ਵਾਹਨ ’ਚ ਹੋਰ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਪੁਲਸ ਨੇ ਇਸ ਦੀ ਤਲਾਸ਼ੀ ਦੇ ਲਈ ਰੋਬੋਟ ਦੀ ਸਹਾਇਤਾ ਲਈ। ਇਨ੍ਹਾਂ ਦੇ ਕੋਲੋਂ ਇੰਨੀਆਂ ਗੋਲੀਆਂ ਅਤੇ ਬਾਰੂਦ ਮਿਲਿਆ ਹੈ ਜਿਸ ਨਾਲ ਇਹ ਲੋਕ ਕਈ ਥਾਵਾਂ ’ਤੇ ਖੂਨ-ਖਰਾਬੇ ਦੀਆਂ ਵੱਡੀਆਂ ਘਟਨਾਵਾਂ ਕਰ ਸਕਦੇ ਸਨ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਪਾਕਿਸਤਾਨ ’ਚ ਇਮਰਾਨ ਸਰਕਾਰ ਦੇ ਸੱਤਾ ਤੋਂ ਹਟਣ ਦੇ ਬਾਅਦ ਉਥੇ ਭਾਰਤ ਵਿਰੋਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਚੀਨ ਵੀ ਇਹੀ ਚਾਹੁੰਦਾ ਹੈ ਕਿ ਭਾਰਤ ’ਚ ਅਸ਼ਾਂਤੀ ਦਾ ਮਾਹੌਲ ਬਣੇ।
ਸਿਰਫ 5 ਦਿਨਾਂ ਦੇ ਅੰਦਰ ਸਾਹਮਣੇ ਆਈਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ਧ੍ਰੋਹੀ ਤਾਕਤਾਂ ਕਿਸ ਤਰ੍ਹਾਂ ਭਾਰਤ ’ਚ ਤਬਾਹੀ ਮਚਾਉਣ ਲਈ ਲਗਾਤਾਰ ਸਾਜ਼ਿਸ਼ ਰਚ ਰਹੀਆਂ ਹਨ। ਇਹ ਤਾਂ ਸੁਰੱਖਿਆ ਬਲਾਂ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਲਗਾਤਾਰ ਇਨ੍ਹਾਂ ਦੀਆਂ ਘਿਨੌਣੀਆਂ ਸਾਜ਼ਿਸ਼ਾਂ ਅਸਫਲ ਕਰਦੇ ਆ ਰਹੇ ਹਨ ਅਤੇ ਇਸ ਦੇ ਲਈ ਉਹ ਧੰਨਵਾਦ ਦੇ ਪਾਤਰ ਹਨ। ਜੇਕਰ ਇਹ ਤੱਤ ਆਪਣੇ ਮਕਸਦ ’ਚ ਸਫਲ ਹੋ ਜਾਂਦੇ ਤਾਂ ਪਤਾ ਨਹੀਂ ਦੇਸ਼ ’ਚ ਕਿੰਨੀ ਤਬਾਹੀ ਮਚਾ ਸਕਦੇ ਸਨ। ਲਿਹਾਜ਼ਾ ਇਨ੍ਹਾਂ ਦੀਆਂ ਨਾ ਰੁਕਣ ਵਾਲੀਆਂ ਕਰਤੂਤਾਂ ਨੂੰ ਦੇਖਦੇ ਹੋਏ ਸੁਰੱਖਿਆ ਬਲਾਂ ਨੂੰ ਹੋਰ ਮੁਸਤੈਦੀ ਵਧਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋੜ ਇਸ ਗੱਲ ਦੀ ਵੀ ਹੈ ਕਿ ਫੜੇ ਗਏ ਦੋਸ਼ੀਆਂ ਦੇ ਵਿਰੁੱਧ ਜਲਦੀ ਤੋਂ ਜਲਦੀ ਜਾਂਚ ਅਤੇ ਅਦਾਲਤੀ ਕਾਰਵਾਈ ਪੂਰੀ ਕਰ ਕੇ ਉਨ੍ਹਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਉਨ੍ਹਾਂ ਦੇ ਅੰਜਾਮ ਤੋਂ ਦੂਸਰੇ ਵੀ ਸਬਕ ਲੈਣ ਅਤੇ ਇਸ ਤਰ੍ਹਾਂ ਦੀ ਦੇਸ਼ਧ੍ਰੋਹੀ ਹਰਕਤ ਕਰਨ ਤੋਂ ਤੌਬਾ ਕਰਨ।
 


Gurdeep Singh

Content Editor

Related News