ਕੀ ਹਿੰਦੂ ਅਤੇ ਮੁਸਲਮਾਨ ਮਿਲ ਕੇ ਨਹੀਂ ਰਹਿ ਸਕਦੇ

12/02/2019 1:47:32 AM

ਵਿਨੀਤ ਨਾਰਾਇਣ

ਹਾਲ ਹੀ ’ਚ ਰਾਮ ਜਨਮ ਭੂਮੀ ’ਤੇ ਆਏ ਫੈਸਲੇ ਮਗਰੋਂ ਦੇਸ਼ ਦੇ ਬਹੁਗਿਣਤੀ ਮੁਸਲਮਾਨਾਂ ਨੇ ਜਿਸ ਸ਼ਾਂਤੀ ਅਤੇ ਸਦਭਾਵਨਾ ਦਾ ਸਬੂਤ ਦਿੱਤਾ ਹੈ, ਉਹ ਸ਼ਲਾਘਾਯੋਗ ਹੈ। ਸਾਰੀਆਂ ਉਮੀਦਾਂ ਨੂੰ ਨਿਰਮੂਲ ਕਰਦੇ ਹੋਏ ਘੱਟਗਿਣਤੀ ਭਾਈਚਾਰੇ ਨੇ ਇਸ ਫੈਸਲੇ ਦੇ ਵਿਰੁੱਧ ਕੋਈ ਵੀ ਭੜਕਾਊ ਰੋਸ ਵਿਖਾਵਾ ਜਾਂ ਹਿੰਸਕ ਵਾਰਦਾਤ ਨਾ ਕਰ ਕੇ ਇਹ ਦੱਸ ਦਿੱਤਾ ਹੈ ਕਿ ਫਿਰਕਾਪ੍ਰਸਤੀ ਸੱਭਿਅਕ ਸਮਾਜ ਵਿਚ ਨਹੀਂ ਹੁੰਦੀ, ਸਗੋਂ ਸਿਆਸੀ ਪਾਰਟੀਆਂ ਦੇ ਦਿਮਾਗ ਦੀ ਸਾਜ਼ਿਸ਼ ਹੁੰਦੀ ਹੈ। ਕੋਈ ਵੀ ਪਾਰਟੀ ਇਸ ਦਾ ਅਪਵਾਦ ਨਹੀਂ ਹੈ। ਇਤਿਹਾਸ ਵਿਚ ਇਸ ਗੱਲ ਦੇ ਅਨੇਕਾਂ ਸਬੂਤ ਹਨ ਕਿ ਜੇਕਰ ‘ਰਾਮ ਜਨਮ ਮੁਕਤੀ ਅੰਦੋਲਨ’ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਂਦੀ ਤਾਂ ਇਹ ਮਾਮਲਾ ਤਿੰਨ ਦਹਾਕੇ ਪਹਿਲਾਂ ਹੱਲ ਹੋਣ ਦੇ ਕੰਢੇ ’ਤੇ ਸੀ।

ਦਰਅਸਲ, ਆਦਮੀ ਨੂੰ ਆਪਣੀ ਰੋਜ਼ੀ-ਰੋਟੀ ਅਤੇ ਰੋਜ਼ਗਾਰ ਦੀ ਚਿੰਤਾ ਹੁੰਦੀ ਹੈ। ਇਹ ਚਿੰਤਾ ਭਾਰਤ ਦੇ ਬਹੁਗਿਣਤੀ ਲੋਕਾਂ ਨੂੰ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਸਤਾ ਰਹੀ ਹੈ। ਜਦੋਂ ਢਿੱਡ ਭਰੇ ਹੁੰਦੇ ਹਨ, ਉਦੋਂ ਧਰਮ ਅਤੇ ਸਿਆਸਤ ਸੁੱਝਦੀ ਹੈ। ਜੋ ਰਾਜ ਸੱਤਾਵਾਂ ਆਪਣੀ ਪਰਜਾ ਦੀਆਂ ਇਨ੍ਹਾਂ ਮੁੱਢਲੀਆਂ ਲੋੜਾਂ ਨੂੰ ਪੂਰਿਆਂ ਨਹੀਂ ਕਰ ਸਕਦੀਅਾਂ, ਉਹੀ ਧਾਰਮਿਕ ਜਨੂੰਨ ਦਾ ਸਹਾਰਾ ਲੈਂਦੀਆਂ ਹਨ, ਜਿਸ ਨਾਲ ਜਨਤਾ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਇਨ੍ਹਾਂ ਸਵਾਲਾਂ ਵਿਚ ਉਲਝ ਜਾਵੇ।

ਹਿੰਦੋਸਤਾਨ ਦੇ ਸੱਭਿਆਚਾਰ ’ਚ ਜਦੋਂ ਤੋਂ ਮੁਸਲਮਾਨ ਇਥੇ ਆਏ, ਉਦੋਂ ਤੋਂ ਦੋ ਧਾਰਾਵਾਂ ਨਾਲ-ਨਾਲ ਚੱਲੀਆਂ ਹਨ। ਇਕ ਤਾਂ ਉਹ, ਜਿਸ ਵਿਚ 2 ਉਲਟ ਵਿਚਾਰਧਾਰਾਵਾਂ ਦੇ ਧਾਰਮਿਕ ਪੈਰੋਕਾਰਾਂ ਨੇ ਇਕ-ਦੂਜੇ ਨੂੰ ਭਰਮਾ ਲਿਆ ਅਤੇ ਇਕ-ਦੂਜੇ ਦੀ ਜੀਵਨਸ਼ੈਲੀ, ਸੋਚ-ਵਿਚਾਰ ਅਤੇ ਰੀਤੀ-ਰਿਵਾਜਾਂ ਨੂੰ ਪ੍ਰਭਾਵਿਤ ਕੀਤਾ। ਭਾਰਤ ਦੀ ਬਹੁਗਿਣਤੀ ਜਨਤਾ ਇਸੇ ਮਾਨਸਿਕਤਾ ਦੀ ਹੈ। ਇਹ ਆਜ਼ਾਦੀ ਤੋਂ ਬਾਅਦ ਯੋਜਨਾਬੱਧ ਢੰਗ ਨਾਲ ਉਪਜਾਈ ਪ੍ਰਵਿਰਤੀ ਨਹੀਂ। ਇਸ ਦੀਆਂ ਜੜ੍ਹਾਂ ਸਦੀਆਂ ਪੁਰਾਣੀਆਂ ਹਨ।

ਮੁਗਲਕਾਲ ਵਿਚ ਹੀ ਅਜਿਹੇ ਸੈਂਕੜੇ ਮੁਸਲਮਾਨ ਹੋਏ, ਜਿਨ੍ਹਾਂ ਨੇ ਹਿੰਦੂ ਸੱਭਿਆਚਾਰ ਨੂੰ ਨਾ ਸਿਰਫ ਸਲਾਹਿਆ, ਸਗੋਂ ਖ਼ੁਦ ਨੂੰ ਇਸ ਵਿਚ ਅਧਿਆਤਮਕ ਤੌਰ ’ਤੇ ਢਾਲ ਲਿਆ। ਇਕ ਉਦਾਹਰਣ ਨਜ਼ੀਰ ਅਕਬਰਾਵਾਦੀ ਦੀ ਹੈ, ਜੋ ਕਹਿੰਦੇ ਹਨ, ‘‘ਕਿਆ-ਕਿਆ ਕਹੂੰ ਮੈਂ ਤੁਮਸੇ ਕਨ੍ਹੱਈਆ ਕਾ ਬਾਲਪਨ, ਐਸਾ ਥਾ ਬਾਂਸੁਰੀ ਕੇ ਬਜੈਯਾ ਕਾ ਬਾਲਪਨ।’’ ਇਕ ਦੂਜੀ ਰਚਨਾ, ਜਿਸ ਦਾ ਸਿਰਲੇਖ ਹੈ ‘ਹਰਿ ਜੀ ਸੁਮਿਰਨ’, ਇਸ ਵਿਚ ਉਹ ਲਿਖਦੇ ਹਨ, ‘‘ਸ਼੍ਰੀ ਕ੍ਰਿਸ਼ਨ ਜੀ ਕੀ ਯਾਦ ਦਿਲੋਂ ਜਾਂ ਸੇ ਕੀਜੀਏ, ਲੇ ਨਾਮ ਵਾਸੁਦੇਵ ਕਾ ਅਬ ਧਿਆਨ ਕੀਜੀਏ, ਕਿਆ ਵਾਦਾ ਬੇਖੁਮਾਰ ਦਿਲੋਂ ਜਾਂ ਸੇ ਪੀਜੀਏ, ਸਬ ਕਾਮ ਛੋੜ ਨਾਮ ਚਤੁਰਭੁਜ ਕਾ ਲੀਜੀਏ।’’ ਆਮ ਮੁਸਲਮਾਨ ਹੀ ਨਹੀਂ, ਖ਼ੁਦ ਮੁਗਲੀਆ ਖਾਨਦਾਨ ਦੀ ਤਾਜ ਬੇਗਮ, ਜੋ ਆਗਰੇ ਦੇ ਮਹੱਲ ਛੱਡ ਕੇ ਮਥੁਰਾ ਦੇ ਗੋਕੁਲ ਪਿੰਡ ਵਿਚ ਆ ਵਸੀ ਸੀ, ਉਹ ਲਿਖਦੀ ਹੈ, ‘‘ਨੰਦ ਕੇ ਦੁਲਾਲ ਕੁਰਬਾਨ ਤੇਰੀ ਸੂਰਤ ਪੇ, ਹੂੰ ਤੋ ਮੁਗਲਾਨੀ, ਹਿੰਦੁਆਨੀ ਹੈ, ਰਹੂੰਗੀ ਮੈਂ।’’ ਰਸਖਾਨ ਨੂੰ ਕਿਸ ਨੇ ਨਹੀਂ ਪੜ੍ਹਿਆ, ਇਹ ਬ੍ਰਜਵਾਸੀ ਮੁਸਲਮਾਨ ਸੰਤ ਲਿਖਦੇ ਹਨ, ‘‘ਰਸਖਾਨ ਕਬੌਂ ਇਨ ਨੈਂਨਨ ਸੌਂ, ਬ੍ਰਜ ਕੇ ਬਨਬਾਗ ਤੜਾਗ ਨਿਹਾਰੂੰ।....ਜੋ ਪਸੂ ਹੌਂ ਤੋ ਕਿਆ ਬਸ ਮੇਰੌ, ਬਸੂੰ ਨਿਤਯ ਨੰਦ ਕੇ ਧੇਨੂ ਮਝਾਰਨ।’’ ਇਹ ਧਾਰਾ ਅੱਜ ਵੀ ਚੱਲਦੀ ਹੈ।

ਸਾਡੇ ਬ੍ਰਜ ਵਿਚ ਭਗਵਾਨ ਦੀ ਪੋਸ਼ਾਕ ਬਣਨੀ ਹੋਵੇ ਜਾਂ ਬਿਹਾਰੀ ਜੀ ਦਾ ਫੂਲ ਬੰਗਲਾ ਜਾਂ ਠਾਕੁਰ ਜੀ ਦੀ ਸ਼ੋਭਾ ਯਾਤਰਾ ਵਿਚ ਸ਼ਹਿਨਾਈ ਵਾਦਨ, ਸਾਰਾ ਕੰਮ ਮੁਸਲਮਾਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਦੇ ਹਨ। ਇਥੋਂ ਤਕ ਕਿ ਇਥੇ ਮੁਸਲਮਾਨ ਫਲ ਵਾਲਾ ਤੁਹਾਡਾ ਸਵਾਗਤ ਵੀ, ‘ਰਾਧੇ-ਰਾਧੇ’ ਕਹਿ ਕੇ ਕਰਦਾ ਹੈ। ਭਾਰਤ ਰਤਨ ਬਿਸਮਿੱਲ੍ਹਾ ਖਾਂ ਨਮਾਜ਼ੀ ਮੁਸਲਮਾਨ ਹੁੰਦੇ ਹੋਏ ਵੀ ਮੈਹਰ ਦੀ ਦੇਵੀ ਦੇ ਉਪਾਸ਼ਕ ਸਨ ਅਤੇ ਉਨ੍ਹਾਂ ਦੇ ਮੰਦਰ ਵਿਚ ਬੈਠ ਕੇ ਤਪੱਸਿਆ ਕਰਦੇ ਹੁੰਦੇ ਸਨ। ਦੂਰ ਕਿਉਂ ਜਾਈਏ, ਭਾਰਤ ਦੇ ਰਾਸ਼ਟਰਪਤੀ ਰਹੇ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਭਗਵਦ ਗੀਤਾ ਦਾ ਨਿਯਮਿਤ ਪਾਠ ਕਰਦੇ ਸਨ। ਰਾਮੇਸ਼ਵਰਮ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਵੀ ਮੰਦਰ ਤੋਂ ਮਹਾਪ੍ਰਸ਼ਾਦ ਦਾ ਪੱਤਲ ਰੋਜ਼ ਮਿਲਦਾ ਹੈ ਕਿਉਂਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਜਾਨ ਜੋਖ਼ਮ ਵਿਚ ਪਾ ਕੇ ਇਕ ਡੂੰਘੇ ਸਰੋਵਰ ’ਚੋਂ ਅਭਿਸ਼ੇਕ ਦੇ ਸਮੇਂ ਤਿਲਕ ਕੇ ਡੁੱਬ ਗਈ, ਭਾਰੀ ਦੇਵ ਪ੍ਰਤਿਮਾ ਨੂੰ ਕੱਢਿਆ ਸੀ। ਇਹ ਸੀ ਉਨ੍ਹਾਂ ਦੀ ਸ਼ਰਧਾ। ਮੈਨੂੰ ਜਾਪਦਾ ਹੈ ਕਿ ਅਜਿਹੀ ਭਾਵਨਾ ਵਾਲੇ ਮੁਸਲਮਾਨਾਂ ਨਾਲ ਜੇਕਰ ਬੜੀ ਨਿਮਰਤਾ ਨਾਲ ਹਿੰਦੂ, ਬੜੀ ਸਹਿਜ ਤੇ ਪਿਆਰ ਭਰੀ ਭਾਸ਼ਾ ਵਿਚ ਬੇਨਤੀ ਕਰਨ ਕਿ ਉਹ ਕਾਸ਼ੀ ਅਤੇ ਮਥੁਰਾ ’ਚੋਂ ਵੀ ਮਸਜਿਦਾਂ ਨੂੰ ਬਿਨਾਂ ਸੰਘਰਸ਼ ਦੇ ਹਟਾਉਣ ਨੂੰ ਰਾਜ਼ੀ ਹੋ ਜਾਣ ਤਾਂ ਇਸ ਦੇ ਹਾਂ-ਪੱਖੀ ਨਤੀਜੇ ਆ ਸਕਦੇ ਹਨ।

ਜੋ ਦੂਜੀ ਧਾਰਾ ਵਹੀ, ਉਹ ਸੀ ਕੱਟੜਪੰਥੀ ਇਸਲਾਮ ਦੀ, ਜਿਸ ਦੇ ਪ੍ਰਭਾਵ ਵਿਚ ਮੁਸਲਮਾਨ ਹਮਲਾਵਰਾਂ ਨੇ ਹਜ਼ਾਰਾਂ ਮੰਦਰ ਤੋੜੇ ਅਤੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ। ਇਸ ਦੇ ਪਿੱਛੇ ਧਾਰਮਿਕ ਜਨੂੰਨ ਘੱਟ, ਸਿਆਸੀ ਮਹੱਤਤਾ ਜ਼ਿਆਦਾ ਸੀ। ਸ਼ਾਸਕ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਜਾਂ ਪਰਜਾ ਵਿਚ ਡਰ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਅੱਤਿਆਚਾਰ ਕਰਦੇ ਸਨ ਪਰ ਅਜਿਹਾ ਸਿਰਫ ਮੁਸਲਮਾਨ ਸ਼ਾਸਕਾਂ ਨੇ ਕੀਤਾ ਹੋਵੇ, ਇਹ ਸੱਚ ਨਹੀਂ ਹੈ। ਦੱਖਣੀ ਭਾਰਤ ਵਿਚ ਸ਼ੈਵ ਰਾਜਿਆਂ ਨੇ ਵੈਸ਼ਣਵਾਂ ਦੇ ਅਤੇ ਵੈਸ਼ਣਵ ਰਾਜਿਆਂ ਨੇ ਸ਼ੈਵਾਂ ਦੇ ਮੰਦਰਾਂ ਨੂੰ ਹਮਲਿਆਂ ਦੌਰਾਨ ਤਬਾਹ ਕੀਤਾ। ਇਸੇ ਤਰ੍ਹਾਂ ਹਿੰਦੂ ਰਾਜਿਆਂ ਨੇ ਬੋਧੀ ਮੰਦਰ ਅਤੇ ਵਿਹਾਰ ਵੀ ਤੋੜੇ। ਰੌਚਕ ਤੱਥ ਇਹ ਹੈ ਕਿ ਜਿਹੜੇ ਮਰਾਠਾ ਸ਼ਾਸਕ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਨੂੰ ਕਰਾਰੀ ਹਾਰ ਦਿੱਤੀ, ਉਨ੍ਹਾਂ ਦੇ ਵਫ਼ਾਦਾਰਾਂ ਵਿਚ ਕਈ ਯੋਧੇ ਮੁਸਲਮਾਨ ਸਨ। ਠੀਕ ਉਵੇਂ ਹੀ, ਜਿਵੇਂ ਝਾਂਸੀ ਦੀ ਰਾਣੀ ਦਾ ਸੈਨਾਪਤੀ ਇਕ ਮੁਸਲਮਾਨ ਸੀ। ਟੀਪੂ ਸੁਲਤਾਨ ਦੇ ਵਫ਼ਾਦਾਰ ਫੌਜੀ ਨਾਇਕਾਂ ਵਿਚ ਕਈ ਹਿੰਦੂ ਸਨ।

ਇਸ ਲਈ ਇਕ ਹਜ਼ਾਰ ਸਾਲ ਦੇ ਮੁਸਲਮਾਨਾਂ ਦੇ ਸ਼ਾਸਨਕਾਲ ਵਿਚ ਵੀ ਭਾਰਤ ਦੀ ਬਹੁਗਿਣਤੀ ਆਬਾਦੀ ਹਿੰਦੂ ਹੀ ਬਣੀ ਰਹੀ ਪਰ ਪਿਛਲੇ ਕੁਝ ਦਹਾਕਿਆਂ ਤੋਂ ਕੌਮਾਂਤਰੀ ਪੱਧਰ ’ਤੇ ਕੱਟੜਪੰਥੀ ਇਸਲਾਮ ਨੂੰ ਥੋਪਣ ਦੀ ਇਕ ਡੂੰਘੀ ਸਾਜ਼ਿਸ਼ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ’ਚੋਂ ਕੀਤੀ ਜਾ ਰਹੀ ਹੈ, ਜਿਸ ਦਾ ਬੁਰਾ ਅਸਰ ਮਲੇਸ਼ੀਆ, ਇੰਡੋਨੇਸ਼ੀਆ ਅਤੇ ਤੁਰਕੀ ਵਰਗੇ ਸੈਕੁਲਰ ਮੁਸਲਿਮ ਦੇਸ਼ਾਂ ਦੀ ਜਨਤਾ ’ਤੇ ਵੀ ਪੈਣ ਲੱਗਾ ਹੈ। ਇਸ ਮਾਨਸਿਕਤਾ ਨੂੰ ਅਸੀਂ ਤਾਲਿਬਾਨੀ ਮਾਨਸਿਕਤਾ ਕਹਿ ਸਕਦੇ ਹਾਂ।

ਚਿੰਤਾ ਦੀ ਗੱਲ ਇਹ ਹੈ ਕਿ ਹਿੰਦੂ ਸਮਾਜ ਵਿਚ ਵੀ ਕੁਝ ਤਾਲਿਬਾਨੀ ਪ੍ਰਵਿਰਤੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਤੋਂ ਇਸਲਾਮ ਨੂੰ ਖਤਰਾ ਹੋਵੇ ਨਾ ਹੋਵੇ, ਹਿੰਦੂਆਂ ਨੂੰ ਬੜਾ ਖਤਰਾ ਹੈ। ਹਿੰਦੂ ਪ੍ਰੰਪਰਾ ਤੋਂ ਨਰਮ ਹੁੰਦੇ ਹਨ, ਫਿਰਕਿਆਂ ਨੂੰ ਲੈ ਕੇ ਲੜਦੇ ਨਹੀਂ, ਸਗੋਂ ਇਕ-ਦੂਜੇ ਦਾ ਸਨਮਾਨ ਕਰਦੇ ਹਨ। ਸਾਡੇ ਦਰਸ਼ਨ ਵਿਚ ਨਿਰਗੁਣ ਤੋਂ ਸਦਗੁਣ ਉਪਾਸ਼ਨਾ ਤਕ ਦਾ ਬਦਲ ਮੌਜੂਦ ਹੈ। ਤੁਹਾਨੂੰ ਇਕ ਹੀ ਪਰਿਵਾਰ ਵਿਚ ਕੋਈ ਸਦਗੁਣ ਉਪਾਸ਼ਕ ਮਿਲੇਗਾ। ਕੋਈ ਗਿਆਨੀ-ਧਿਆਨੀ ਅਤੇ ਕੋਈ ਹੱਠ ਯੋਗੀ। ਇਨ੍ਹਾਂ ਸਾਰਿਆਂ ਦਾ ਇਕ ਛੱਤ ਦੇ ਹੇਠਾਂ ਪ੍ਰੇਮ ਨਾਲ ਰਹਿਣਾ ਦੱਸਦਾ ਹੈ ਕਿ ਅਸੀਂ ਕਿੰਨੇ ਸਹਿਜ ਰੂਪ ’ਚ ਵਿਭਿੰਨਤਾ ਨੂੰ ਪ੍ਰਵਾਨ ਕਰ ਲੈਂਦੇ ਹਾਂ ਕਿਉਂਕਿ ਅਸੀਂ ਈਸਾਈਆਂ ਅਤੇ ਮੁਸਲਮਾਨਾਂ ਵਾਂਗ ਇਕ ਹੀ ਗ੍ਰੰਥ ਅਤੇ ਇਕ ਹੀ ਪੈਗੰਬਰ ਨੂੰ ਮੰਨ ਕੇ ਉਸ ਨੂੰ ਦੂਜਿਆਂ ’ਤੇ ਥੋਪਦੇ ਨਹੀਂ। ਇਹੀ ਕਾਰਣ ਹੈ ਕਿ ਇਕਬਾਲ ਨੇ ਲਿਖਿਆ ਹੈ, ‘‘ਯੂਨਾਨ, ਰੋਮ, ਮਿਸਰ ਸਭ ਮਿਟ ਗਏ ਜਹਾਂ ਸੇ, ਕੁਛ ਬਾਤ ਹੈ ਕੇ ਹਸਤੀ ਮਿਟਤੀ ਨਹੀਂ ਹਮਾਰੀ। ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜਹਾਂ ਹਮਾਰਾ, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ।’’ ਅਸੀਂ ਅਜਿਹਾ ਹੀ ਹਿੰਦੋਸਤਾਨ ਬਣਾਉਣਾ ਹੈ, ਜਿਥੇ ਅਸੀਂ ਸਾਰੇ ਮਿਲ ਕੇ ਪ੍ਰੇਮ ਨਾਲ ਰਹੀਏ ਅਤੇ ਅੱਗੇ ਵਧੀਏ।

(www.vineetnarain.net)


Bharat Thapa

Content Editor

Related News