ਬ੍ਰਿਟੇਨ ’ਚ ''ਲੀਡਸ'' ਕਿਉਂ ਧੁੱਖ ਉੱਠਿਆ
Thursday, Jul 25, 2024 - 05:28 PM (IST)

ਬੀਤੇ ਦਿਨੀਂ ਬ੍ਰਿਟੇਨ ਦੇ ਲੀਡਸ ਸਥਿਤ ਹੇਅਰਹਿਲਸ ਉਪਨਗਰ ’ਚ ਜੋ ਕੁਝ ਹੋਇਆ, ਉਹ ਕਿਉਂ ਹੋਇਆ ਤੇ ਉਸ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? ਇਸ ਦੇ 2 ਪਹਿਲੂ ਹਨ, ਜਿਸ ’ਤੇ ਵਿਸਥਾਰਤ ਚਰਚਾ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ 18 ਜੁਲਾਈ ਨੂੰ ਹੇਅਰਹਿਲਸ ਕਿਉਂ ਧੁੱਖ ਉੱਠਿਆ? ਇਸ ਇਲਾਕੇ ਦੀ ਲਕਸਰ ਸਟ੍ਰੀਟ ’ਚ ‘ਬਾਲ ਕਲਿਆਣ ਸੰਸਥਾ’ ਦੇ ਮੁਲਾਜ਼ਮਾਂ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲੋਂ ਵੱਖ ਕਰਨ ਅਤੇ ਜਬਰੀ ‘ਚਾਈਲਡ ਕੇਅਰ ਹੋਮ’ ’ਚ ਰੱਖਣ ਦੇ ਬਾਅਦ ਦੰਗਾ ਭਖ ਗਿਆ। ਪਰਿਵਾਰ ਦੇ 4 ਬੱਚਿਆਂ ’ਚੋਂ 1 ਦੀ ਕੁੱਟਮਾਰ ਦਾ ਵੀਡੀਓ ਕਿਸੇ ਗੁਆਂਢੀ ਨੇ ਸ਼ਹਿਰ ਦੀ ਬਾਲ ਕਲਿਆਣ ਏਜੰਸੀ ਨੂੰ ਭੇਜ ਦਿੱਤਾ ਸੀ।
ਪੂਰਾ ਮਾਮਲਾ ਹੇਅਰਹਿਲਸ ਦੇ ਖਾਨਾਬਦੋਸ਼ ਰੋਮਾ (ਜਿਪਸੀ) ਭਾਈਚਾਰੇ ਨਾਲ ਜੁੜਿਆ ਸੀ ਜਿਨ੍ਹਾਂ ਦੇ ਲੋਕਾਂ ਨੇ ਪਹਿਲਾਂ ਝਗੜਾ ਸ਼ੁਰੂ ਕੀਤਾ ਪਰ ਬਾਅਦ ’ਚ ਪੁਲਸ ’ਤੇ ਆਪਣਾ ਗੁੱਸਾ ਕੱਢਣ ਲਈ ਪਾਕਿਸਤਾਨੀ-ਬੰਗਲਾਦੇਸ਼ੀ ਮੂਲ ਦੇ ਮੁਸਲਮਾਨ ਵੀ ਇਸ ’ਚ ਕੁੱਦ ਪਏ ਅਤੇ ਦੇਖਦੇ ਹੀ ਦੇਖਦੇ ਖੇਤਰ ’ਚ ਅਰਾਜਕਤਾ ਫੈਲ ਗਈ। ਦੰਗਾਕਾਰੀਆਂ ਨੇ ਥਾਂ-ਥਾਂ ਸਾੜ-ਫੂਕ ਕਰਦਿਆਂ ਡਬਲ-ਡੈਕਰ ਬੱਸ ਨੂੰ ਫੂਕ ਦਿੱਤਾ, ਨਿੱਜੀ-ਜਨਤਕ ਜਾਇਦਾਦ ’ਤੇ ਪੱਥਰ ਵਰ੍ਹਾਏ ਅਤੇ ਪੁਲਸ ਅਧਿਕਾਰੀਆਂ ’ਤੇ ਹਮਲਾ ਬੋਲ ਕੇ ਉਨ੍ਹਾਂ ਦੇ ਵਾਹਨਾਂ ਨੂੰ ਪਲਟ ਦਿੱਤਾ।
ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹਨ। ਹੇਅਰਹਿਲਸ ਦੀ ਆਬਾਦੀ ਲਗਭਗ 31 ਹਜ਼ਾਰ ਹੈ, ਜਿਸ ’ਚ 42 ਫੀਸਦੀ ਹਿੱਸੇਦਾਰੀ ਮੁਸਲਮਾਨਾਂ ਦੀ ਹੈ ਤਾਂ ਇਸਾਈ ਆਬਾਦੀ 37 ਫੀਸਦੀ ਹੈ।
ਦਰਅਸਲ ਲੀਡਸ ਦੰਗੇ ਨੇ ਆਪਣੇ ਅੰਦਰ 2 ਸਮੱਸਿਆਵਾਂ ਨੂੰ ਸਮੇਟਿਆ ਹੋਇਆ ਹੈ। ਇਸ ’ਚ ਪਹਿਲਾ ਸੰਕਟ ਪੱਛਮੀ ਅਤੇ ਪੂਰਬੀ ਦੁਨੀਆ ਦੇ ਦਰਮਿਆਨ ਸੱਭਿਆਚਾਰਕ ਵਿਭਿੰਨਤਾ ਨਾਲ ਜੁੜਿਆ ਹੈ। ਕਿਸੇ ਵੀ ਦੇਸ਼ ਦੇ ਨਿਯਮਾਂ-ਕਾਨੂੰਨਾਂ ’ਚ ਉਸ ਦੇ ਸੱਭਿਆਚਾਰ ਦੀ ਝਲਕ ਦਿਸਦੀ ਹੈ। ਅਮਰੀਕਾ ਅਤੇ ਯੂਰਪੀ ਦੇਸ਼ ਪੂਰਵਾਗ੍ਰਹਿ-ਗਫਲਤ ਦੇ ਸ਼ਿਕਾਰ ਹਨ ਕਿ ਉਨ੍ਹਾਂ ਦਾ ਸੱਭਿਆਚਾਰ-ਰਵਾਇਤ, ਜੀਵਨਸ਼ੈਲੀ ਅਤੇ ਤੌਰ-ਤਰੀਕੇ ਹੀ ਬਾਕੀ ਦੁਨੀਆ ਲਈ ਆਦਰਸ਼ ਹਨ।
ਜਦਕਿ ਸੱਚਾਈ ਕੀ ਹੈ, ਇਹ ਅਮਰੀਕਾ ’ਚ 13 ਕਰੋੜ ਬਾਲਗਾਂ ਦੇ ਇਕੱਲੇਪਨ ਦਾ ਸ਼ਿਕਾਰ ਹੋਣ, ਮਾਪਿਆਂ-ਬੱਚਿਆਂ ਵੱਲੋਂ ਇਕ-ਦੂਜੇ ਨਾਲ ਰਹਿਣਾ ਪਸੰਦ ਨਾ ਕਰਨ, ਵੱਧ ਤਲਾਕ ਦਰ ਹੋਣ ਅਤੇ ਅਮਰੀਕੀ ਸਰਕਾਰ ਵੱਲੋਂ ਆਪਣੇ ਕੁੱਲ ਬਜਟ ਦਾ 40 ਫੀਸਦੀ ਤੋਂ ਵੱਧ ਹਿੱਸਾ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ’ਤੇ ਖਰਚ ਕਰਨ ਦੀ ਮਜਬੂਰੀ ਤੋਂ ਸਪੱਸ਼ਟ ਹੈ। ਇਸ ਦੀ ਤੁਲਨਾ ’ਚ ਭਾਰਤੀ ਉਪ-ਮਹਾਦੀਪ ’ਚ ਪਰਿਵਾਰਕ-ਸਮਾਜਿਕ ਕਦਰਾਂ-ਕੀਮਤਾਂ ਅਜੇ ਵੀ ਬੜੀਆਂ ਮਜ਼ਬੂਤ ਹਨ ਜਿਨ੍ਹਾਂ ਨੂੰ ਤੋੜਨ ਲਈ ਔਖੇ ਯਤਨ ਦਹਾਕਿਆਂ ਤੋਂ ਕੀਤੇ ਜਾ ਰਹੇ ਹਨ।
ਬ੍ਰਿਟੇਨ ਦੇ ਨਾਲ ਜਰਮਨੀ, ਨਾਰਵੇ ਸਮੇਤ ਕਈ ਪੱਛਮੀ ਦੇਸ਼ਾਂ ’ਚ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਸਖਤ ਨਿਯਮ ਹਨ। ਬਾਲ-ਭਲਾਈ ਨਾਲ ਜੁੜੀਆਂ ਸੰਸਥਾਵਾਂ ਅਜਿਹੇ ਪਰਿਵਾਰਾਂ ਦੀ ਭਾਲ ’ਚ ਰਹਿੰਦੀਆਂ ਹਨ, ਜਿਨ੍ਹਾਂ ਦੇ ਬੱਚਿਆਂ ਨੂੰ ਲੈ ਕੇ ‘ਚਾਈਲਡ ਪ੍ਰੋਟੈਕਸ਼ਨ’ ਨਾਲ ਜੁੜੇ ਨਿਯਮਾਂ ਤਹਿਤ ਕਾਰਵਾਈ ਹੋ ਸਕੇ। ਇਨ੍ਹਾਂ ’ਚ ਮਾਪਿਆਂ ਵੱਲੋਂ ਬੱਚਿਆਂ ਨੂੰ ਚਪੇੜ ਮਾਰਨ ਜਾਂ ਉਨ੍ਹਾਂ ਦੇ ਸਾਹਮਣੇ ਹਿੰਸਾ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਝਿੜਕਣਾ, ਹੱਥ ਨਾਲ ਖਾਣਾ ਖੁਆਉਣ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਨਾਲ ਇਕੱਠਿਆਂ ਹੀ ਬਿਸਤਰ ’ਤੇ ਸੁਆਉਣ ਤੱਕ ਵੀ ਜੁਰਮ ਦੀ ਸ਼੍ਰੇਣੀ ’ਚ ਆਉਂਦਾ ਹੈ।
ਇਸ ਪ੍ਰਕਿਰਿਆ ’ਚ ਸੁਰੱਖਿਆ ਦਾ ਹਵਾਲਾ ਦੇ ਕੇ ‘ਵੈੱਲਫੇਅਰ ਕੋਰਟ’ ਬੱਚੇ ਨੂੰ ਉਸ ਦੇ ਮਾਂ-ਬਾਪ ਨਾਲੋਂ ਵੱਖ ਕਰ ਕੇ ਸਥਾਨਕ ਪਰਿਵਾਰਾਂ ਨੂੰ ਸੌਂਪ ਦਿੰਦੀਆਂ ਹਨ, ਜਿਨ੍ਹਾਂ ਨੂੰ ‘ਫੋਸਟਰ ਪੇਰੈਂਟਸ’ ਕਿਹਾ ਜਾਂਦਾ ਹੈ ਅਤੇ ਕੁਝ ਦੇਸ਼ਾਂ ’ਚ ਇਨ੍ਹਾਂ ਨੂੰ ਦੂਜਿਆਂ ਦੇ ਬੱਚੇ ਸੰਭਾਲਣ ਦੇ ਬਦਲੇ ਮੋਟੀ ਰਕਮ ਦਿੱਤੀ ਜਾਂਦੀ ਹੈ। ਪ੍ਰਵਾਸੀ ਭਾਰਤੀਆਂ ਨਾਲ ਜੁੜੀਆਂ ਅਜਿਹੀਆਂ ਢੇਰ ਸਾਰੀਆਂ ਉਦਾਹਰਣਾਂ ’ਚੋਂ ਇਕ ਚਰਚਿਤ ਮਾਮਲਾ ਜਰਮਨੀ ਤੋਂ ਵੀ ਸਾਹਮਣੇ ਆਇਆ ਸੀ। ਇਸ ’ਚ 23 ਸਤੰਬਰ, 2021 ਨੂੰ 7 ਮਹੀਨਿਆਂ ਦੀ ਅਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ ਨਾਲੋਂ ਉਦੋਂ ਵੱਖ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਧੀ ਨੂੰ ‘ਅਚਾਨਕ ਲੱਗੀ’ ਸੱਟ ਦਾ ਇਲਾਜ ਕਰਵਾਉਣ ਹਸਪਤਾਲ ਲੈ ਗਏ ਸਨ।
ਉਦੋਂ ਡਾਕਟਰਾਂ ਨੇ ‘ਚਾਈਲਡ ਕੇਅਰ ਸਰਵਿਸ’ ਨੂੰ ਫੋਨ ਕਰ ਕੇ ਸੱਦਿਆ ਤੇ ਬੱਚੀ ਨੂੰ ਉਨ੍ਹਾਂ ਨੂੰ ਸੌਂਪ ਦਿੱਤਾ। ਅਰਿਹਾ ਹੁਣ 3 ਸਾਲ ਤੋਂ ਵੱਧ ਦੀ ਹੋ ਗਈ ਹੈ ਅਤੇ ਅਜੇ ਵੀ ਜਰਮਨੀ ਦੇ ਨੌਜਵਾਨ ਭਲਾਈ ਦਫਤਰ (ਜੁਗੇਂਡਮਟ) ਦੀ ਰਖਵਾਲੀ ’ਚ ਹੈ। ਉਸ ਦੀ ਵਾਪਸੀ ਲਈ ਅਰਿਹਾ ਦਾ ਪਰਿਵਾਰ ਭਾਰਤ ਸਰਕਾਰ ਦੇ ਸਮਰਥਨ ਨਾਲ ਨਿਆਇਕ ਅਤੇ ਕੂਟਨੀਤਕ ਰਸਤਾ ਅਪਣਾ ਰਿਹਾ ਹੈ। ਇਸ ਸੰਦਰਭ ’ਚ ਹੇਅਰਹਿਲਸ ’ਚ ਬਾਲ ਕਲਿਆਣ ਏਜੰਸੀ ਵਿਰੁੱਧ ਖਾਨਾਬਦੋਸ਼ ਰੋਮਾ ਭਾਈਚਾਰਾ ਅਤੇ ਉਨ੍ਹਾਂ ਦੇ ਸਮਰਥਨ ’ਚ ਪਾਕਿਸਤਾਨੀ-ਬੰਗਲਾਦੇਸ਼ੀ ਮੁਸਲਮਾਨਾਂ ਵੱਲੋਂ ਮਚਾਇਆ ਗਿਆ ਹੱਲਾ-ਗੁੱਲਾ ਕੀ ਦਰਸਾਉਂਦਾ ਹੈ? ਅਕਸਰ, ਮੁਸਲਿਮ ਸਮਾਜ ਦਾ ਇਕ ਵਰਗ, ਖਾਸ ਕਰ ਕੇ ਉਸ ਦੇਸ਼ ’ਚ ਜਿੱਥੇ ਉਹ ਘੱਟਗਿਣਤੀ ਹੁੰਦੇ ਹਨ, ਕਿਸੇ ਵੀ ਮਾਮਲੇ ’ਚ ਅਸਹਿਮਤੀ ਜਾਂ ਵਿਰੋਧ ਪ੍ਰਗਟਾਉਣ ਲਈ ਹਿੰਸਾ ਦਾ ਸਹਾਰਾ ਲੈਂਦਾ ਹੈ।
ਲੀਡਸ ਘਟਨਾਕ੍ਰਮ ਤੋਂ 2 ਸਾਲ ਪਹਿਲਾਂ ਬ੍ਰਿਟੇਨ ਦੇ ਲੇਸਟਰ-ਬਰਮਿੰਘਮ ’ਚ ਵੀ ਹਿੰਦੂਆਂ ਨੂੰ ਚੁਣ-ਚੁਣ ਕੇ ਉਨ੍ਹਾਂ ਦੇ ਘਰਾਂ-ਮੰਦਰਾਂ ’ਤੇ ਯੋਜਨਾਬੱਧ ਹਮਲਾ ਕੀਤਾ ਗਿਆ ਸੀ। ਸਵੀਡਨ, ਫਰਾਂਸ, ਜਰਮਨੀ ਆਦਿ ਯੂਰਪੀ ਦੇਸ਼ ਵੀ ਹਾਲੀਆ ਸਾਲਾਂ ’ਚ ਇਸੇ ਤਰ੍ਹਾਂ ਦੇ ਮਜ਼੍ਹਬੀ ਦੰਗਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਦਿਲਚਸਪ ਹੈ ਕਿ ਜੋ ਰਾਸ਼ਟਰ ਐਲਾਨੇ ਤੌਰ ’ਤੇ ਇਸਲਾਮੀ ਹੈ ਜਾਂ ਸ਼ਰੀਆ ਵੱਲੋਂ ਸੰਚਾਲਿਤ ਹੈ, ਉੱਥੇ ਵੀ ਮੁਸਲਮਾਨਾਂ ਦਾ ਆਪਣੇ ਸਹਿ-ਭਰਾਵਾਂ ਨਾਲ ਮਜ਼੍ਹਬ ਦੇ ਨਾਂ ’ਤੇ ਹਿੰਸਕ ਟਕਰਾਅ ਹੈ। ਯੂਰਪ ’ਚ ਵਧੇਰੇ ਮੁਸਲਮਾਨ ਪ੍ਰਵਾਸੀ ਮੂਲ ਦੇ ਹਨ, ਜਿਨ੍ਹਾਂ ਦਾ ਸਬੰਧ ਉਨ੍ਹਾਂ ਹੀ ਖਾਨਾਜੰਗੀ ਨਾਲ ਜੂਝਦੇ ਜਾਂ ਜੰਗੀ ਮੱਧਪੂਰਬੀ ਇਸਲਾਮੀ ਦੇਸ਼ਾਂ ਨਾਲ ਹੈ।
ਇਸ ਸੰਕਟ ਦਾ ਵੱਡਾ ਕਾਰਨ ਇਕ ਈਸ਼ਵਰਵਾਦੀ ਮੁਸਲਿਮ ਸਮਾਜ ’ਚ ਪ੍ਰਚੱਲਿਤ ਮੱਧਯੁੱਗ ਦੀ ਧਾਰਨਾ (ਕਾਫਿਰ-ਕੁਫਰ-ਸ਼ਿਰਕ ਸਮੇਤ) ਅਤੇ ਸਾਰਿਆਂ ਦੀਆਂ ਮੰਨਣ ਵਾਲੀਆਂ ਕਦਰਾਂ-ਕੀਮਤਾਂ (ਸਹਿਹੋਂਦ ਸਮੇਤ) ਦੇ ਦਰਮਿਆਨ ਟਕਰਾਅ ਹੈ। ਕਿਸੇ ਵੀ ਸੱਭਿਅਕ ਸਮਾਜ ’ਚ ਅਸਹਿਮਤੀ ਦਾ ਸਥਾਨ ਹੁੰਦਾ ਹੈ, ਹਿੰਸਾ ਦਾ ਨਹੀਂ। ਇਸ ਲਈ ਸਾਰੀਆਂ ਪੂਜਾ-ਪ੍ਰਣਾਲੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਗਲੀਆਂ-ਸੜੀਆਂ ਧਾਰਨਾਵਾਂ ਨੂੰ ਪਿੱਛੇ ਛੱਡਦਿਆਂ ਉਸ ਨੂੰ ਸਹੀ ਸਹਿਹੋਂਦ ਦੀ ਭਾਵਨਾ ਨਾਲ ਭਰਪੂਰ ਬਣਾਉਣ।