ਬੋਰਿਸ ਜਾਨਸਨ ਕੋਲ ਯੂ. ਕੇ. ਨੂੰ ਨਵੇਂ ਸਿਰਿਓਂ ਬਣਾਉਣ ਦਾ ‘ਮੌਕਾ’

12/15/2019 1:59:01 AM

ਕਰਨ ਥਾਪਰ

ਜ਼ਬਰਦਸਤ ਜਿੱਤ ਨਾਲ ਬੋਰਿਸ ਜਾਨਸਨ ਕੋਲ ਆਪਣੇ ਵਿਚਾਰਾਂ ਦੇ ਮੁਤਾਬਿਕ ਯੂ. ਕੇ. ਨੂੰ ਨਵੇਂ ਸਿਰਿਓਂ ਬਣਾਉਣ ਦਾ ਮੌਕਾ ਹੈ। ਬ੍ਰਿਟਿਸ਼ ਚੋਣਾਂ ਦੇ ਨਤੀਜੇ ਇਕ ਭੂਚਾਲ ਤੋਂ ਘੱਟ ਨਹੀਂ। ਇਹ ਸਪੱਸ਼ਟ ਸੰਕੇਤ ਹੈ ਕਿ ਕੌਮਾਂਤਰੀ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਯੂਨਾਈਟਿਡ ਕਿੰਗਡਮ ਰਾਜਨੀਤਕ, ਆਰਥਿਕ ਅਤੇ ਖੇਤਰੀ ਤੌਰ ’ਤੇ ਇਕ ਵੱਖਰਾ ਦੇਸ਼ ਦਿਖਾਈ ਦੇਵੇਗਾ। ਲੱਗਭਗ ਇਕ ਦਹਾਕੇ ਜਾਂ ਫਿਰ ਕਮਜ਼ੋਰ ਗੱਠਜੋੜ ਪ੍ਰਧਾਨ ਮੰਤਰੀ ਤੋਂ ਬਾਅਦ ਬੋਰਿਸ ਜਾਨਸਨ ਸਰਕਾਰ ਦੇ ਸ਼ਕਤੀਸ਼ਾਲੀ ਮੁਖੀ ਹੋਣਗੇ। ਉਨ੍ਹਾਂ ਨੇ 364 ਸੀਟਾਂ ਲੈ ਕੇ ਜਿਥੇ ਆਪਣੀ ਪਾਰਟੀ ਨੂੰ ਬਹੁਮਤ ਦਿਵਾ ਕੇ ਮਜ਼ਬੂਤੀ ਪ੍ਰਦਾਨ ਕੀਤੀ, ਉਥੇ ਹੀ 1935 ਤੋਂ ਬਾਅਦ ਸਭ ਤੋਂ ਕਮਜ਼ੋਰ ਵਿਰੋਧੀ ਲੇਬਰ ਪਾਰਟੀ ਦਿਖਾਈ ਦਿੱਤੀ।

ਸਭ ਤੋਂ ਪਹਿਲਾ ਬਦਲਾਅ ਬ੍ਰੈਗਜ਼ਿਟ ਹੋਵੇਗਾ। ਬ੍ਰਿਟੇਨ 31 ਜਨਵਰੀ ਨੂੰ ਯੂਰਪ ਨੂੰ ਛੱਡ ਦੇਵੇਗਾ। ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਜਾਨਸਨ ਕੋਲ ਯੂਰਪੀਅਨ ਯੂਨੀਅਨ ਦੇ ਨਾਲ ਹੀ ਨਹੀਂ, ਸਗੋਂ ਬ੍ਰਿਟੇਨ ਦੇ ਹੋਰ ਮਹੱਤਵਪੂਰਨ ਵਪਾਰਕ ਸਹਿਯੋਗੀ, ਜਿਵੇਂ ਅਮਰੀਕਾ, ਆਸਟਰੇਲੀਆ, ਚੀਨ ਅਤੇ ਭਾਰਤ ਦੇ ਨਾਲ ਵਪਾਰਕ ਸਮਝੌਤੇ ਹਾਸਿਲ ਕਰਨ ਲਈ 11 ਮਹੀਨਿਆਂ ਦਾ ਸਮਾਂ ਹੈ। ਕੀ ਇੰਨੀ ਛੋਟੀ ਮਿਆਦ ਵਿਚ ਇਹ ਸਭ ਕੁਝ ਹੋ ਸਕੇਗਾ? ਇਹ ਇੰਨਾ ਆਸਾਨ ਨਹੀਂ ਹੋਵੇਗਾ।

ਜਾਨਸਨ ਦੀ ਜਿੱਤ ਤੋਂ ਬਾਅਦ ਸਿਆਸੀ ਅਤੇ ਆਰਥਿਕ ਤਬਦੀਲੀਆਂ ਦੇ ਨਵੇਂ ਮੋੜ ਆਉਣਗੇ। 1987 ’ਚ ਮਾਰਗ੍ਰੇਟ ਥੈਚਰ ਦੀ ਜਿੱਤ ਤੋਂ ਬਾਅਦ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 45 ਫੀਸਦੀ ਵੋਟਾਂ ਹਾਸਿਲ ਕੀਤੀਆਂ ਹਨ। ਅਸਲ ’ਚ 1970 ਤੋਂ ਬਾਅਦ ਵੋਟਾਂ ਦੀ ਹਿੱਸੇਦਾਰੀ ਸਭ ਤੋਂ ਬਿਹਤਰ ਦਿਖਾਈ ਦਿੱਤੀ। ਲੇਬਰ ਪਾਰਟੀ ਦੇ ਕਈ ਖੇਤਰਾਂ, ਜਿਵੇਂ ਮਿਡਲੈਂਡਸ, ਨਾਰਥ ਵੈਸਟ ਅਤੇ ਨਾਰਥ ਈਸਟ ’ਤੇ ਕੰਜ਼ਰਵੇਟਿਵ ਪਾਰਟੀ ਨੇ ਫਾਇਦਾ ਉਠਾਇਆ। ਟੋਨੀ ਬਲੇਅਰ ਦਾ ਸੈਜਫੀਲਡ ਵੀ ਹਥਿਆ ਲਿਆ ਗਿਆ। ਸਟਾਕ-ਆਨ-ਟ੍ਰੈਂਟ ਅਤੇ ਗ੍ਰੇਟ ਗ੍ਰਿਮਸਬਾਯ ਵਰਗੇ ਇਲਾਕਿਆਂ, ਜਿਨ੍ਹਾਂ ਨੂੰ ਟੋਰੀ ਪਾਰਟੀ ਨੇ ਕਦੇ ਵੀ ਨਹੀਂ ਜਿੱਤਿਆ ਸੀ, ਹੁਣ ਇਹ ਬੋਰਿਸ ਜਾਨਸਨ ਦੇ ਕਬਜ਼ੇ ’ਚ ਹਨ। ਇਥੋਂ ਤਕ ਕਿ ਲੰਡਨ ਦੇ ਕੇਨਸਿੰਗਟਨ ਵਰਗਾ ਚੋਣ ਖੇਤਰ ਵੀ ਬੋਰਿਸ ਜਾਨਸਨ ਦੀ ਪਾਰਟੀ ਨੇ ਖੋਹ ਲਿਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਕੰਜ਼ਰਵੇਟਿਵ ਨੇ ਆਪਣੀ ਪਾਰਟੀ ਨੂੰ ਸੂਬਿਆਂ ’ਚੋਂ ਕੱਢ ਕੇ ਲੰਡਨ ਅਤੇ ਵਰਕਿੰਗ ਕਲਾਸ ਦੀ ਪ੍ਰਤੀਨਿਧਤਾ ਕੀਤੀ ਹੈ।

ਲੇਬਰ ਪਾਰਟੀ ਦੇ ਨੇਤਾ ਜੇਰੇਮੀ ਪਾਰਟੀ ਛੱਡ ਸਕਦੇ ਹਨ

ਇਸ ਦੇ ਮੁਕਾਬਲੇ ’ਚ ਲੇਬਰ ਪਾਰਟੀ ਘਟੀ ਹੈ। 1935 ਤੋਂ ਲੈ ਕੇ ਇਹ ਪਾਰਟੀ ਦੀ ਸਭ ਤੋਂ ਸ਼ਰਮਨਾਕ ਹਾਰ ਹੈ। 1983 ’ਚ ਮਾਈਕਲ ਫੁਟ ਵਲੋਂ ਜਿੱਤੀਆਂ ਗਈਆਂ 209 ਸੀਟਾਂ ਦੇ ਮੁਕਾਬਲੇ ਇਸ ਵਾਰ ਪਾਰਟੀ ਨੇ 203 ਸੀਟਾਂ ਹੀ ਜਿੱਤੀਆਂ। ਪਾਰਟੀ ਦੇ ਐਲਾਨ ਪੱਤਰ ਨੂੰ ਇਤਿਹਾਸ ਦਾ ‘ਸਭ ਤੋਂ ਲੰਮੀ ਆਤਮ-ਹੱਤਿਆ ਟਿੱਪਣੀ’ ਕਿਹਾ ਜਾ ਰਿਹਾ ਹੈ। ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਪਾਰਟੀ ਛੱਡ ਸਕਦੇ ਹਨ, ਜਿਨ੍ਹਾਂ ਨੇ ਕਿ ਪਾਰਟੀ ਨੂੰ ਦਫਨ ਹੀ ਕਰ ਦਿੱਤਾ। ਇਹ ਹੈਰਾਨੀ ਵਾਲੀ ਗੱਲ ਹੋਵੇਗੀ ਕਿ ਜੇਰੇਮੀ ਕੋਰਬਿਨ ਨੇ ਐਲਾਨ ਕੀਤਾ ਹੈ ਕਿ ਅਗਲੀਆਂ ਚੋਣਾਂ ’ਚ ਉਹ ਲੇਬਰ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਅਜਿਹਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਛੱਡੇਗੀ। ਸੱਚਾਈ ਇਹ ਹੈ ਕਿ ਲੇਬਰ ਪਾਰਟੀ ਬ੍ਰੈਗਜ਼ਿਟ ਕਾਰਣ ਹੀ ਨਹੀਂ ਹਾਰੀ, ਸਗੋਂ ਉਹ ਤਾਂ ਇਸ ਲਈ ਵੀ ਹਾਰੀ ਹੈ ਕਿਉਂਕਿ ਬ੍ਰਿਟੇਨ ਜੇਰੇਮੀ ਕੋਰਬਿਨ ਦੀਆਂ ਸਮਾਜਿਕ ਨੀਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਉਹ ਇਸ ਹਾਰ ਤੋਂ ਆਪਣਾ ਪੱਲਾ ਨਹੀਂ ਝਾੜ ਸਕਦੇ।

ਇਹ ਚੋਣਾਂ ਲਿਬਰਲ ਡੈਮੋਕ੍ਰੇਟਸ ਨੇਤਾ ਜੋ ਸਵਿੰਸਨ ਲਈ ਵੀ ਨਿਰਾਸ਼ਾਜਨਕ ਸਾਬਿਤ ਹੋਈਆਂ, ਉਨ੍ਹਾਂ ਨੇ ਆਪਣੀ ਸੀਟ ਵੀ ਗੁਆਈ। ਪਾਰਟੀ ਦੇ ਆਪਣੇ ਮੌਜੂਦਾ ਸੰਸਦ ਮੈਂਬਰਾਂ ਤੋਂ ਵੀ ਘੱਟ 11 ਸੰਸਦ ਮੈਂਬਰ ਹੀ ਜਿੱਤ ਸਕੇ ਪਰ ਸਕਾਟਲੈਂਡ ਦੀ ਹੱਦ ਦੇ ਆਸ-ਪਾਸ ਨਿਕੋਲਾਸਟ੍ਰਜਨ ਦੀ ਸਕਾਟਿਸ਼ ਨੈਸ਼ਨਲਿਸਟ ਲਈ ਨਤੀਜੇ ਚੰਗੇ ਰਹੇ, ਇਨ੍ਹਾਂ ਦੀ ਪਾਰਟੀ ਨੇ 48 ਸੀਟਾਂ ਜਿੱਤੀਆਂ ਅਤੇ ਵੋਟ ਹਿੱਸੇਦਾਰੀ ਵੀ 45 ਫੀਸਦੀ ਰਹੀ। ਬੋਰਿਸ ਜਾਨਸਨ ਦੇ ਨਾਲ-ਨਾਲ ਇਸ ਚੋਣ ’ਚ ਉਹ ਹੋਰਨਾਂ ਖੇਤਰਾਂ ’ਚ ਵੀ ਜੇਤੂ ਰਹੀ।

ਕਿਸੇ ਵੀ ਖਦਸ਼ੇ ਤੋਂ ਬਿਨਾਂ ਸਕਾਟਿਸ਼ ਨੈਸ਼ਨਲਿਸਟ ਹੁਣ ਸਕਾਟਲੈਂਡ ਲਈ ਆਜ਼ਾਦੀ ਨੂੰ ਲੈ ਕੇ ਦੂਜੀ ਮਰਦਮਸ਼ੁਮਾਰੀ ਦੀ ਮੰਗ ਕਰਨਗੇ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਇਸ ਦੇ ਲਈ ਹੁਣ ਲੋਕ-ਫਤਵਾ ਹੈ। ਦੂਜੇ ਪਾਸੇ ਜਾਨਸਨ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਨਾਲ ਸਹਿਮਤ ਨਹੀਂ ਹੋਣਗੇ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਦੋਹਾਂ ਵਿਚ ਅੱਗੇ ਜਾ ਕੇ ਟਕਰਾਅ ਦੀ ਵੱਡੀ ਸੰਭਾਵਨਾ ਹੈ।

ਉਹ ਜੋ ਕਰਨਾ ਚਾਹੁਣਗੇ, ਉਹੀ ਕਰਕੇ ਦਿਖਾਉਣਗੇ

ਅਜਿਹੇ ਹਾਲਾਤ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੀ ਕਰਨਾ ਹੋਵੇਗਾ? ਪਹਿਲਾ ਇਹ ਕਿ ਜਾਨਸਨ ਪਾਰਟੀ ਦੇ ਨਿਰਵਿਰੋਧ ਨੇਤਾ ਹਨ ਅਤੇ ਉਨ੍ਹਾਂ ਦੀ ਸੰਸਦ ’ਤੇ ਪੂਰੀ ਪਕੜ ਹੈ। ਉਹ ਜੋ ਕਰਨਾ ਚਾਹੁਣਗੇ, ਉਹੀ ਕਰ ਕੇ ਦਿਖਾਉਣਗੇ।

ਸਿਆਸੀ ਸਥਿਤੀ ਦੇ ਤੌਰ ’ਤੇ ਜਿੱਤ ਤੋਂ ਬਾਅਦ ਜਾਨਸਨ ਦਾ ਸੰਦੇਸ਼ ਇਹ ਦਰਸਾਉਂਦਾ ਹੈ ਕਿ ਹੁਣ ਉਹ ਸੱਜੇ ਪਾਸਿਓਂ ਕੇਂਦਰ ਵੱਲ ਵਧਣਗੇ। ਉਨ੍ਹਾਂ ਨੇ ਆਪਣੀ ਪਾਰਟੀ ਨੂੰ ‘ਇਕ ਰਾਸ਼ਟਰ’ ਵਾਲੀ ਪਾਰਟੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਸੀਂ ਬਦਲਾਅ ਜ਼ਰੂਰ ਲਿਆਵਾਂਗੇ। ਉਹ ਟੋਰੀ ਦੇ ਜੈਕਬ ਰੀਸ ਮੋਗ ਤੋਂ ਵੀ ਦੂਰੀ ਰੱਖਣਾ ਚਾਹੁਣਗੇ ਅਤੇ ਜੇਕਰ ਜਾਨਸਨ ਲੇਬਰ ਪਾਰਟੀ ਦੇ ਗੜ੍ਹ ਉੱਤਰੀ ਅਤੇ ਮੱਧ ਖੇਤਰਾਂ ਵਿਚ ਜਿੱਤੀਆਂ ਗਈਆਂ ਆਪਣੀਆਂ ਸੀਟਾਂ ’ਤੇ ਪਕੜ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਇਹ ਜ਼ਰੂਰੀ ਵੀ ਹੋਵੇਗਾ ਕਿ ਉਹ ਰੀਸ ਤੋਂ ਦੂਰੀ ਬਣਾਉਣ।

ਲੇਬਰ ਪਾਰਟੀ ਨਾਲ ਵੀ ਕੁਝ ਅਜਿਹਾ ਹੀ ਮਿਲਦਾ-ਜੁਲਦਾ ਹੋਵੇਗਾ। ਪਾਰਟੀ ਨੂੰ ਕਿਸੇ ਨੌਜਵਾਨ ਚਿਹਰੇ ਦੀ ਭਾਲ ਹੈ, ਜੋ ਟੋਨੀ ਬਲੇਅਰ ਦਾ ਸਟਾਈਲ ਅਤੇ ਬੋਲਣ ਦੀ ਉਨ੍ਹਾਂ ਦੀ ਸ਼ੈਲੀ ਰੱਖਦਾ ਹੋਵੇ।

2016 ਵਿਚ ਬ੍ਰੈਗਜ਼ਿਟ ਅੰਦੋਲਨ ਦੇ ਨੇਤਾ ਦੇ ਤੌਰ ’ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਕੋਈ ਬ੍ਰੈਗਜ਼ਿਟ ਸਮਰਥਕਾਂ ਦੇ ਸਰਪ੍ਰਸਤਵਾਦ, ਸੰਸਾਰੀਕਰਨ ਵਿਰੋਧੀ ਅਤੇ ਸਖਤ ਅਪ੍ਰਵਾਸੀ ਵਿਰੋਧੀ ਸਟੈਂਡ ਨੂੰ ਨਹੀਂ ਅਪਣਾਇਆ। ਹੁਣ ਬਤੌਰ ਪ੍ਰਧਾਨ ਮੰਤਰੀ ਮਾਰਚ ਦੇ ਮਹੀਨੇ ਵਿਚ ਆਪਣੇ ਪਹਿਲੇ ਬਜਟ ਭਾਸ਼ਣ ਵਿਚ ਉਹ ਮੌਲਿਕ ਟੈਕਸ ਸੁਧਾਰ, ਉੱਦਮੀਆਂ ਲਈ ਹੋਰ ਬਦਲ ਲਿਆਉਣ ਵਾਲੀਆਂ ਗੱਲਾਂ ਨੂੰ ਪੇਸ਼ ਕਰਨਗੇ। ਹੋਰਨਾਂ ਕਲਿਆਣਕਾਰੀ ਸੁਧਾਰਾਂ ਦੇ ਨਾਲ-ਨਾਲ ਜਾਨਸਨ ਵਿਸ਼ੇਸ਼ ਤੌਰ ’ਤੇ ਸਿਹਤ ਅਤੇ ਮੁੱਢਲੀਆਂ ਸਹੂਲਤਾਂ, ਜਿਵੇਂ ਜਨਤਕ ਖਰਚਿਆਂ ਨੂੰ ਵਧਾਉਣਗੇ।

ਵਿਦੇਸ਼ ਨੀਤੀ ਵਿਚ ਵੀ ਜਾਨਸਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਬੰਧ ਬਿਹਤਰ ਕਰਨਗੇ। ਇਸ ਦੇ ਨਾਲ-ਨਾਲ ਉਹ ਯੂਰਪ ਨਾਲ ਵੀ ਪ੍ਰਭਾਵਸ਼ਾਲੀ ਰਿਸ਼ਤੇ ਰੱਖਣਾ ਚਾਹੁਣਗੇ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮੈਂ ਯੂਰਪ ਵਿਰੋਧੀ ਨਹੀਂ ਹਾਂ। ਉਨ੍ਹਾਂ ਦੀ ਸੋਚ ਛੋਟਾ ਇੰਗਲੈਂਡ ਅਤੇ ਬ੍ਰਿਟਿਸ਼ ਵੱਖਵਾਦ ਵਾਲੀ ਨਹੀਂ ਹੈ।

ਭਾਰਤ ਵਿਚ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੇਸ਼ ਨਾਲ ਚੰਗੇ ਸਬੰਧ ਰੱਖਣਗੇ, ਹਾਲਾਂਕਿ ਉਹ ਆਪਣੀ ਪਤਨੀ ਮੈਰੀਨਾ, ਜੋ ਅੱਧੀ ਭਾਰਤੀ ਹੈ, ਤੋਂ ਵੱਖ ਹੋ ਚੁੱਕੇ ਹਨ। ਉਨ੍ਹਾਂ ਦੇ 4 ਬੱਚਿਆਂ ਦੀਆਂ ਨਸਾਂ ਵਿਚ ਭਾਰਤੀ ਖੂਨ ਵਹਿੰਦਾ ਹੈ। ਪਿਛਲੇ ਸਾਲ ਉਨ੍ਹਾਂ ਨੇ ਰਣਥੰਮਬੋਰ ਦੀ ਗੈਰ-ਪ੍ਰਚਾਰਿਤ ਯਾਤਰਾ ਕੀਤੀ ਸੀ।

ਮੋਦੀ ਦੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ, ਨਾਗਰਿਕਤਾ ਸੋਧ ਕਾਨੂੰਨ ਅਤੇ ਹਿੰਦੂਤਵ ਵਾਲੀਆਂ ਨੀਤੀਆਂ ’ਤੇ ਉਹ ਚਿੰਤਤ ਹੋ ਸਕਦੇ ਹਨ। ਉਹ ਜਨਤਕ ਤੌਰ ’ਤੇ ਇਸ ਦੀ ਆਲੋਚਨਾ ਤਾਂ ਨਹੀਂ ਕਰਨਗੇ ਪਰ ਬੰਦ ਦਰਵਾਜ਼ੇ ਦੇ ਪਿੱਛੇ ਰਹਿ ਕੇ ਉਹ ਅਜਿਹੀਆਂ ਨੀਤੀਆਂ ਪ੍ਰਤੀ ਨਾਮਨਜ਼ੂਰੀ ਜ਼ਰੂਰ ਪ੍ਰਗਟ ਕਰਨਗੇ।

ਆਖਰੀ ਵਿਅੰਗ ਇਹ ਹੋਵੇਗਾ ਕਿ ਬ੍ਰਿਟੇਨ, ਜਦਕਿ ਯੂਰਪ ਤੋਂ ਆਪਣੀ ਦੂਰੀ ਵਧਾ ਰਿਹਾ ਹੈ ਤਾਂ ਪੂਰਾ ਵਿਸ਼ਵ ਇਹ ਦੇਖਣਾ ਚਾਹੇਗਾ ਕਿ ਬੋਰਿਸ ਜਾਨਸਨ ਕਿਹੜੇ ਬਦਲਾਅ ਲਿਆਉਣਗੇ ਅਤੇ ਕਿਸ ਦਿਸ਼ਾ ਵਿਚ ਜਾਣਗੇ। 1945 ਅਤੇ 1979 ਦੀਆਂ ਚੋਣਾਂ ਇਕ ਟਰਨਿੰਗ ਪੁਆਇੰਟ ਸਨ। ਮੌਜੂਦਾ ਸਥਿਤੀ ਵੀ ਉਹੋ ਜਿਹੀ ਹੀ ਹੈ। ਜਾਨਸਨ, ਜਿਨ੍ਹਾਂ ਨੂੰ ਕਿ ਇਕ ਗੈਰ-ਗੰਭੀਰ ਰਾਜਨੇਤਾ ਸਮਝਿਆ ਜਾਂਦਾ ਹੈ, ਦੀ ਇਕ ਦਿਨ ਕਲੀਮੈਂਟ ਏਟਲੀ ਅਤੇ ਮਾਰਗ੍ਰੇਟ ਥੈਚਰ ਨਾਲ ਤੁਲਨਾ ਕੀਤੀ ਜਾਵੇਗੀ।

(karanthapar@itvindia.net)


Bharat Thapa

Content Editor

Related News