ਭਾਰਤ ਵਰਗੇ ਦੇਸ਼ ’ਚ ਖੂਨ ਦਾ ਵਪਾਰ ਹੋ ਰਿਹਾ ਹੈ

06/14/2021 3:11:31 AM

ਦੇਵੇਂਦ੍ਰਰਾਜ ਸੁਥਾਰ 
ਖੂਨਦਾਨ ਇਕ ਜ਼ਿੰਦਗੀ ਮੁਹੱਈਆ ਕਰਨ ਵਾਲੀ ਸਰਗਰਮੀ ਹੈ। ਤਾਂ ਹੀ ਤਾਂ ਖੂਨਦਾਨ ਨੂੰ ਮਹਾਦਾਨ ਦਾ ਨਾਂ ਦਿੱਤਾ ਗਿਆ ਹੈ। ਸਾਡੇ ਖੂਨ ਦਾ ਹਰ ਇਕ ਕਤਰਾ ਕਿਸੇ ਦੀ ਜਾਨ ਬਚਾਉਣ ਦਾ ਸਰੋਤ ਬਣ ਸਕਦਾ ਹੈ। ਅਸੀਂ ਖੂਨਦਾਨ ਕਰ ਕੇ ਇਕ ਪੁੰਨ ਦਾ ਕੰਮ ਕਰਨ ਦੇ ਨਾਲ ਦੁਨੀਆ ਨੂੰ ਤੰਦਰੁਸਤ ਬਣਾਉਣ ’ਚ ਮਦਦ ਕਰ ਸਕਦੇ ਹਾਂ। ਖੂਨਦਾਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਖੂਨ ਦੀ ਲੋੜ ਪੈਣ ’ਤੇ ਉਸ ਲਈ ਪੈਸੇ ਦੇਣ ਦੀ ਲੋੜ ਨਹੀਂ ਪੈਣੀ ਚਾਹੀਦੀ ਵਰਗੇ ਮਕਸਦਾਂ ਲਈ 14 ਜੂਨ ਨੂੰ ਵਿਸ਼ਵ ਭਰ ’ਚ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ।

ਦਰਅਸਲ, ਇਸ ਦਿਨ ਪ੍ਰਸਿੱਧ ਆਸਟਰੀਆਈ ਜੀਵ ਵਿਗਿਆਨੀ ਅਤੇ ਭੌਤਿਕ ਵਿਗਿਆਨ ਦੇ ਮਾਹਿਰ ਕਾਰਲ ਲੈਂਡਸਟਾਈਨਰ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਖੂਨ ’ਚ ਅੱਗੁਲਯੂਟਿਨਿਨ ਦੀ ਮੌਜੂਦਗੀ ਦੇ ਆਧਾਰ ’ਤੇ ਖੂਨ ਦਾ ਵੱਖ-ਵੱਖ ਖੂਨ ਸਮੂਹਾਂ-ਏ, ਬੀ, ਓ ’ਚ ਵਰਗੀਕਰਨ ਕਰ ਕੇ ਮੈਡੀਕਲ ਵਿਗਿਆਨ ’ਚ ਅਹਿਮ ਹਿੱਸਾ ਪਾਇਆ, ਜਿਸ ਕਾਰਨ ਉਨ੍ਹਾਂ ਨੂੰ ਸੰਨ 1930 ’ਚ ਸਰੀਰ ਵਿਗਿਆਨ ’ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸਮੇਂ ’ਤੇ ਖੂਨ ਨਾ ਮਿਲਣ ਅਤੇ ਪੈਸੇ ਨਾ ਦੇ ਸਕਣ ਦੇ ਕਾਰਨ ਭਾਰਤ ’ਚ ਹਰ ਸਾਲ 15 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਅਨੁਸਾਰ, ਕਿਸੇ ਵੀ ਦੇਸ਼ ’ਚ ਕਿਸੇ ਵੀ ਸਥਿਤੀ ’ਚ ਉਸ ਦੀ ਆਬਾਦੀ ਦਾ ਘੱਟ ਤੋਂ ਘੱਟ 1 ਫੀਸਦੀ ਖੂਨ ਰਾਖਵਾਂ ਹੋਣਾ ਹੀ ਚਾਹੀਦਾ ਹੈ।

ਉਕਤ ਮਾਪਦੰਡ ਅਨੁਸਾਰ ਸਾਡੇ ਦੇਸ਼ ’ਚ ਘੱਟੋ-ਘੱਟ 1 ਕਰੋੜ 30 ਲੱਖ ਯੂਨਿਟ ਖੂਨ ਦਾ ਹਰ ਸਮੇਂ ਰਾਖਵਾਂ ਭੰਡਾਰ ਹੋਣਾ ਚਾਹੀਦਾ ਹੈ ਪਰ ਪਿਛਲੇ ਸਾਲਾਂ ਦੇ ਅੰਕੜੇ ਅਨੁਸਾਰ ਸਾਡੇ ਕੋਲ ਪ੍ਰਤੀ ਸਾਲ ਖੂਨ ਦੀਆਂ ਔਸਤਨ 90 ਲੱਖ ਯੂਨਿਟਾਂ ਹੀ ਮੁਹੱਈਆ ਹੁੰਦੀਆਂ ਹਨ। ਪ੍ਰਤੀ ਸਾਲ ਲਗਭਗ 25 ਤੋਂ 30 ਫੀਸਦੀ ਖੂਨ ਦੀ ਕਮੀ ਰਹਿ ਜਾਂਦੀ ਹੈ। ਤੰਜਾਨੀਆ ’ਚ 80 ਫੀਸਦੀ ਲੋਕ ਖੂਨਦਾਨ ਲਈ ਪੈਸੇ ਨਹੀਂ ਲੈਂਦੇ ਹਨ।

ਓਧਰ ਬ੍ਰਾਜ਼ੀਲ ਅਤੇ ਆਸਟ੍ਰੇਲੀਆ ’ਚ ਤਾਂ ਇਹ ਕਾਨੂੰਨ ਹੈ ਕਿ ਕੋਈ ਵੀ ਖੂਨਦਾਨ ਲਈ ਪੈਸਿਆਂ ਦੀ ਮੰਗ ਨਹੀਂ ਕਰ ਸਕਦਾ। ਇਸ ਦੇ ਉਲਟ ਭਾਰਤ ’ਚ ਖੂਨਦਾਨ ਲਈ ਪੈਸੇ ਲੈਣ ’ਤੇ ਕਿਸੇ ਕਿਸਮ ਦੀ ਰੋਕ ਨਹੀਂ ਹੈ। ਇਹ ਸ਼ਰਮਨਾਕ ਹੈ ਕਿ ਭਾਰਤ ਵਰਗੇ ਦੇਸ਼ ’ਚ ਖੂਨ ਦਾ ਵਪਾਰ ਹੋ ਰਿਹਾ ਹੈ। ਨਿਸ਼ਚਿਤ ਹੀ ਮਸ਼ੀਨੀ ਯੁੱਗ ਨੇ ਸਾਡੀ ਸੋਚ ਨੂੰ ਵਿਗਾੜਣ ਅਤੇ ਸੰਵੇਦਨਾ ਨੂੰ ਨਿਗਲਣ ਦਾ ਕੰਮ ਕੀਤਾ ਹੈ, ਤਦ ਹੀ ਤਾਂ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਲਈ ਸਾਨੂੰ ਪੈਸੇ ਲੈਣ ਦੀ ਲੋੜ ਪੈ ਰਹੀ ਹੈ।

ਖੂਨ ਦੀ ਕਮੀ ਦੇ ਇਲਾਵਾ ਦੂਸਰੀ ਚਿੰਤਾ ਵਾਲੀ ਗੱਲ ਖੂਨ ਦੀ ਸ਼ੁੱਧਤਾ ਹੈ। ਇਸ ਲਈ ਇਨਫੈਕਟਿਡ ਖੂਨ ਚੜ੍ਹਾਉਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਭਾਰਤ ’ਚ ਖੂਨਦਾਨ ਕਰਨ ਵਾਲੇ ਸੂਬਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ’ਚ ਸਾਲ 2006 ’ਚ 56.2 ਫੀਸਦੀ, ਸਾਲ 2007 ’ਚ 65.27 ਫੀਸਦੀ, ਸਾਲ 2008 ’ਚ 68.75 ਫੀਸਦੀ ਦੇ ਲਗਭਗ ਰਿਹਾ।

ਓਧਰ ਹਰਿਆਣਾ ਦੀ ਸਥਿਤੀ ’ਚ ਵਾਧਾ ਹੋਇਆ, ਜਿਸ ਨੇ ਹੁਣ ਤੱਕ ਦੇ ਸਭ ਤੋਂ ਵੱਧ 210 ਯੂਨਿਟ ਦਾ ਰਿਕਾਰਡ 256 ਦੇ ਨਾਲ ਤੋੜ ਦਿੱਤਾ ਜੋ ਕਿ ਸ਼ਲਾਘਾਯੋਗ ਹੈ, ਜਦਕਿ ਰਾਜਸਥਾਨ ਦੇ ਚੁਰੂ ਦਾ ਅੰਕੜਾ 80 ਫੀਸਦੀ ਤੱਕ ਦਾ ਹੈ। ਚੁਰੂ ’ਚ 2015 ’ਚ 7 ਹਜ਼ਾਰ 219 ਖੂਨਦਾਨੀਆਂ ਨੇ ਖੂਨਦਾਨ ਕੀਤਾ। ਹੋਰਨਾਂ ਸੂਬਿਆਂ ਦੀ ਹਾਲਤ ਪੱਛੜੀ ਹੈ।

ਚਿੰਤਾ ਵਾਲੀ ਗੱਲ ਹੈ ਕਿ ਭਾਰਤ ’ਚ ਕੁੱਲ ਆਬਾਦੀ ਦੇ ਅਨੁਪਾਤ ’ਚ ਇਕ ਫੀਸਦੀ ਆਬਾਦੀ ਵੀ ਖੂਨਦਾਨ ਨਹੀਂ ਕਰਦੀ ਜਦਕਿ ਥਾਈਲੈਂਡ ’ਚ 95 ਫੀਸਦੀ, ਇੰਡੋਨੇਸ਼ੀਆ ’ਚ 77 ਫੀਸਦੀ ਅਤੇ ਮਿਅਾਂਮਾਰ ’ਚ 60 ਫੀਸਦੀ ਹਿੱਸਾ ਖੂਨਦਾਨ ਨਾਲ ਪੂਰਾ ਹੁੰਦਾ ਹੈ। ਭਾਰਤ ’ਚ ਸਿਰਫ 46 ਲੱਖ ਲੋਕ ਸਵੈ-ਇੱਛੁਕ ਖੂਨਦਾਨ ਕਰਦੇ ਹਨ। ਇਨ੍ਹਾਂ ’ਚ ਔਰਤਾਂ ਸਿਰਫ 6 ਤੋਂ 10 ਫੀਸਦੀ ਹਨ।

ਸਾਡੇ ਦੇਸ਼ ’ਚ ਲੋੜੀਂਦੀ ਮਾਤਰਾ ’ਚ ਬਲੱਡ ਬੈਂਕ ਨਾ ਹੋਣ ਦੀ ਵੱਖਰੀ ਸਮੱਸਿਆ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪਿਛਲੇ 5 ਸਾਲਾਂ ’ਚ ਦੇਸ਼ ’ਚ ਸਾਰੇ ਬਲੱਡ ਬੈਂਕਾਂ ਨੇ ਕੁਲ ਮਿਲਾ ਕੇ 28 ਲੱਖ ਯੂਨਿਟ ਤੋਂ ਵੱਧ ਖੂਨ ਬਰਬਾਦ ਕੀਤਾ ਹੈ। ਜੇਕਰ ਇਸ ਨੂੰ ਲਿਟਰ ਨਾਲ ਜੋੜਿਆ ਜਾਵੇ ਤਾਂ 5 ਸਾਲਾਂ ’ਚ ਲਗਭਗ 6 ਲੱਖ ਲਿਟਰ ਖੂਨ ਬਰਬਾਦ ਹੋਇਆ ਹੈ, ਜੋ ਪਾਣੀ ਦੇ 56 ਟੈਂਕਰਾਂ ਦੇ ਬਰਾਬਰ ਹੈ।

ਦੇਸ਼ ਦੇ ਤੇਲੰਗਾਨਾ ਸੂਬੇ ’ਚ 31 ਜ਼ਿਲੇ ਹਨ, ਜਿਨ੍ਹਾਂ ’ਚੋਂ 13 ਜ਼ਿਲਿਆਂ ’ਚ ਤਾਂ ਬਲੱਡ ਬੈਂਕ ਹੈ ਹੀ ਨਹੀਂ। ਓਧਰ, ਛੱਤੀਸਗੜ੍ਹ ’ਚ 11 ਜ਼ਿਲੇ, ਮਣੀਪੁਰ ਅਤੇ ਝਾਰਖੰਡ ’ਚ 9 ਜ਼ਿਲੇ, ਯੂ. ਪੀ. ਦੇ 4 ਜ਼ਿਲੇ ਅਜਿਹੇ ਹਨ, ਜਿੱਥੇ ਬਲੱਡ ਬੈਂਕ ਦਾ ਕੋਈ ਅਤਾ-ਪਤਾ ਹੀ ਨਹੀਂ ਹੈ। ਇਸ ਦੇ ਇਲਾਵਾ ਨਾਗਾਲੈਂਡ, ਉੱਤਰਾਂਚਲ, ਤ੍ਰਿਪੁਰਾ, ਕਰਨਾਟਕ ਦੇ ਹਰੇਕ 3 ਜ਼ਿਲਿਆਂ ’ਚ ਬਲੱਡ ਬੈਂਕ ਦੀ ਤਾਂ ਕੋਈ ਸਹੂਲਤ ਹੀ ਨਹੀਂ ਹੈ। ਸਿੱਕਮ ਦੇ ਦੋ ਜ਼ਿਲਿਆਂ ਅਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਇਕ-ਇਕ ਜ਼ਿਲੇ ’ਚ ਬਲੱਡ ਬੈਂਕ ਮੁਹੱਈਆ ਹੀ ਨਹੀਂ ਹੈ।

ਓਧਰ, ਬਿਹਾਰ, ਅਸਾਮ ਅਤੇ ਮੇਘਾਲਿਆ ’ਚੋਂ ਹਰੇਕ ਸੂਬੇ ਦੇ 5 ਜ਼ਿਲਿਆਂ ’ਚ ਬਲੱਡ ਬੈਂਕ ਨਹੀਂ ਹੈ। ਜੇਕਰ ਖੂਨ ਦੀ ਬਰਬਾਦੀ ’ਚ ਸੂਬਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ, ਯੂ. ਪੀ., ਕਰਨਾਟਕ ਵਰਗੇ ਸੂਬੇ ਇਸ ’ਚ ਸਭ ਤੋਂ ਅੱਗੇ ਹਨ।

ਭਾਰਤ ਵਰਗੇ ਭੂਗੋਲਿਕ ਵੰਨ-ਸੁਵੰਨਤਾ ਵਾਲੇ ਵਿਸ਼ਾਲ ਦੇਸ਼ ’ਚ ਜਿੱਥੇ ਕਈ ਖੇਤਰਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਅਕਸਰ ਦਸਤਕ ਦਿੰਦੀਆਂ ਹਨ, ਅੱਤਵਾਦ ਪ੍ਰ੍ਰਭਾਵਿਤ ਇਲਾਕਿਆਂ ’ਚ ਸਾਡੇ ਜਵਾਨ ਫਰਜ਼ ਨਿਭਾਉਂਦੇ ਹੋਏ ਖੂਨ ਵਹਾਉਂਦੇ ਹਨ ਅਤੇ ਸਾਡੇ ਅਸਥਿਰ ਗੁਆਂਢੀ ਦੇਸ਼ ਹਮੇਸ਼ਾ ਜੰਗ ਵਰਗੇ ਹਾਲਾਤ ਪੈਦਾ ਕਰਦੇ ਹਨ, ਅਜਿਹੇ ਵਿਚ ਖੂਨ ਦਾ ਲੋੜੀਂਦਾ ਰਾਖਵਾਂ ਭੰਡਾਰ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।


Bharat Thapa

Content Editor

Related News