ਆਰਥਿਕਤਾ, ਵਾਤਾਵਰਣ ਅਤੇ ਰੋਜ਼ਗਾਰ ਲਈ ਬਾਇਓ-ਟੈਕਨਾਲੋਜੀ
Thursday, Aug 29, 2024 - 02:12 PM (IST)
ਦੂਰਗਾਮੀ ਪ੍ਰਭਾਵ ਵਾਲੀ ਇਕ ਇਤਿਹਾਸਕ ਪਹਿਲਕਦਮੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਕੈਬਨਿਟ ਨੇ ਬਾਇਓ-ਟੈਕਨਾਲੋਜੀ ਵਿਭਾਗ (ਡੀ. ਬੀ. ਟੀ.) ਦੇ ਬਾਇਓਟੈਕਨਾਲੋਜੀ (ਆਰਥਿਕਤਾ, ਵਾਤਾਵਰਣ ਅਤੇ ਰੋਜ਼ਗਾਰ ਲਈ ਬਾਇਓਟੈਕਨਾਲੋਜੀ) ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੀਤੀ ਦਾ ਉਦੇਸ਼ ਸਵੱਛ, ਹਰਿਆ-ਭਰਿਆ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਲਈ ਉੱਚ-ਪ੍ਰਦਰਸ਼ਨ ਵਾਲੇ ਬਾਇਓ-ਨਿਊਫੈਕਚਰਿੰਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਨੀਤੀ ਵਿਸ਼ਵ ਭਰ 'ਚ ਭਵਿੱਖੀ ਆਰਥਿਕ ਵਿਕਾਸ ਦੇ ਸ਼ੁਰੂਆਤੀ ਮਾਰਗਦਰਸ਼ਕਾਂ 'ਚੋਂ ਇਕ ਵਜੋਂ ਵਿਸ਼ਵ ਖੇਤਰ ਵਿਚ ਭਾਰਤ ਲਈ ਇਕ ਮੋਹਰੀ ਭੂਮਿਕਾ ਨੂੰ ਯਕੀਨੀ ਬਣਾਏਗੀ।
ਸਮੱਗਰੀ ਦੀ ਖਪਤ, ਬਹੁਤ ਜ਼ਿਆਦਾ ਸਰੋਤਾਂ ਦੀ ਵਰਤੋਂ ਅਤੇ ਰਹਿੰਦ-ਖੂੰਹਦ ਦੀ ਪੈਦਾਵਾਰ ਦੇ ਅਸੰਤੁਲਿਤ ਪੈਟਰਨ ਨੇ ਵੱਖ-ਵੱਖ ਗਲੋਬਲ ਆਫ਼ਤਾਂ ਨੂੰ ਜਨਮ ਦਿੱਤਾ ਹੈ, ਜਿਵੇਂ ਕਿ ਜੰਗਲ ਦੀ ਅੱਗ, ਗਲੇਸ਼ੀਅਰਾਂ ਦਾ ਪਿਘਲਣਾ ਅਤੇ ਜੈਵ ਵਿਭਿੰਨਤਾ ਦਾ ਨੁਕਸਾਨ ਆਦਿ। ਭਾਰਤ ਨੂੰ ‘ਹਰੇ ਵਿਕਾਸ’ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਣ ਦੀ ਰਾਸ਼ਟਰੀ ਤਰਜੀਹ ਨੂੰ ਧਿਆਨ ਵਿਚ ਰੱਖਦੇ ਹੋਏ ਏਕੀਕ੍ਰਿਤ ਬਾਇਓ ਈ-3 (ਆਰਥਿਕਤਾ, ਵਾਤਾਵਰਣ ਅਤੇ ਰੋਜ਼ਗਾਰ ਲਈ ਬਾਇਓ ਟੈਕਨਾਲੋਜੀ) ਨੀਤੀ ਜਲਵਾਯੂ ਤਬਦੀਲੀ , ਘਟਦੇ ਗੈਰ-ਨਵਿਆਉਣਯੋਗ ਸਰੋਤ ਅਤੇ ਅਸਥਿਰ ਰਹਿੰਦ-ਖੂੰਹਦ ਉਤਪਾਦਨ ਦੀ ਚੁਣੌਤੀਪੂਰਨ ਪਿੱਠਭੂਮੀ ਵਿਚ, ਟਿਕਾਊ ਵਿਕਾਸ ਵੱਲ ਇਕ ਸਕਾਰਾਤਮਕ ਅਤੇ ਨਿਰਣਾਇਕ ਕਦਮ ਹੈ। ਇਸ ਨੀਤੀ ਦਾ ਮੁੱਖ ਉਦੇਸ਼ ਰਸਾਇਣ ਆਧਾਰਿਤ ਉਦਯੋਗਾਂ ਨੂੰ ਵਧੇਰੇ ਟਿਕਾਊ ਬਾਇਓ-ਆਧਾਰਿਤ ਉਦਯੋਗਿਕ ਮਾਡਲ ਵਿਚ ਬਦਲਣਾ ਹੈ।
ਇਹ ਸਰਕੂਲਰ ਬਾਇਓ-ਇਕਾਨਮੀ ਨੂੰ ਵੀ ਉਤਸ਼ਾਹਿਤ ਕਰੇਗਾ ਤਾਂ ਜੋ ਸ਼ੁੱਧ-ਜ਼ੀਰੋ ਕਾਰਬਨ ਨਿਕਾਸ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਦੇ ਲਈ ਇਹ ਬਾਇਓ-ਆਧਾਰਿਤ ਉਤਪਾਦਾਂ ਦੇ ਉਤਪਾਦਨ ਲਈ ਮਾਈਕ੍ਰੋਬਾਇਲ ਸੈੱਲ ਫੈਕਟਰੀਆਂ ਦੁਆਰਾ ਬਾਇਓਮਾਸ, ਲੈਂਡਫਿਲ, ਗ੍ਰੀਨ ਹਾਊਸ ਗੈਸਾਂ ਵਰਗੇ ਕੂੜੇ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ ਬਾਇਓ ਈ-3 ਨੀਤੀ ਭਾਰਤ ਦੀ ਬਾਇਓ-ਆਰਥਿਕਤਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ, ਪੈਮਾਨੇ ਦਾ ਵਿਸਥਾਰ ਕਰਨ ਅਤੇ ਬਾਇਓ-ਆਧਾਰਿਤ ਉਤਪਾਦਾਂ ਦੇ ਵਪਾਰੀਕਰਨ ਦੀ ਸਹੂਲਤ ਦੇਣ, ਰਹਿੰਦ-ਖੂੰਹਦ ਸਮੱਗਰੀ ਨੂੰ ਘਟਾਉਣ, ਇਸ ਦੀ ਦੁਬਾਰਾ ਵਰਤੋਂ ਅਤੇ ਰੀਸਾਈਕਲਿੰਗ ਕਰਨ, ਭਾਰਤ ਦੇ ਉੱਚ ਹੁਨਰਮੰਦ ਕਰਮਚਾਰੀਆਂ ਦੇ ਪੂਲ ਦਾ ਵਿਸਥਾਰ ਕਰਨਾ, ਰੋਜ਼ਗਾਰ ਪੈਦਾ ਕਰਨ ਅਤੇ ਉੱਦਮਤਾ ਦੀ ਗਤੀ ਨੂੰ ਤੇਜ਼ ਕਰਨ ਲਈ ਨਵੀਨਤਾਕਾਰੀ ਹੱਲ ਤਿਆਰ ਕਰੇਗੀ।
ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਸ਼ਾਮਲ ਹਨ :
1) ਉੱਚ ਮੁੱਲ ਵਾਲੇ ਬਾਇਓ-ਆਧਾਰਿਤ ਰਸਾਇਣ, ਬਾਇਓਪੋਲੀਮਰ ਅਤੇ ਐਨਜ਼ਾਈਮ, ਸਮਾਰਟ ਪ੍ਰੋਟੀਨ ਅਤੇ ਕਾਰਜਸ਼ੀਲ ਭੋਜਨ, ਸ਼ੁੱਧ ਬਾਇਓਮੈਡੀਸਨ, ਜਲਵਾਯੂ-ਅਨੁਕੂਲ ਖੇਤੀਬਾੜੀ ਵਰਤੋਂ , ਸਾਗਰ ਅਤੇ ਪੁਲਾੜ ਖੋਜ ਵਰਗੇ ਵਿਸ਼ਾ-ਵਸਤੂ ਖੇਤਰਾਂ ਵਿਚ ਸਵਦੇਸ਼ੀ ਖੋਜ ਅਤੇ ਵਿਕਾਸ-ਕੇਂਦ੍ਰਿਤ ਉੱਦਮਤਾ ਨੂੰ ਉਤਸ਼ਾਹਿਤ ਅਤੇ ਸਮਰਥਨ ਕਰਨਾ, 2) ਬਾਇਓ-ਨਿਰਮਾਣ ਸੁਵਿਧਾਵਾਂ, ਬਾਇਓਫਾਊਂਡਰੀ ਕਲੱਸਟਰਾਂ ਅਤੇ ਬਾਇਓ-ਆਰਟੀਫੀਸ਼ੀਅਲ ਇੰਟੈਲੀਜੈਂਸ (ਬਾਇਓ-ਏ ਆਈ) ਹੱਬਾਂ ਦੀ ਸਥਾਪਨਾ ਦੁਆਰਾ ਤਕਨਾਲੋਜੀ ਦੇ ਵਿਕਾਸ ਅਤੇ ਵਪਾਰੀਕਰਨ ਨੂੰ ਤੇਜ਼ ਕਰਨਾ, 3) ਨੈਤਿਕ ਅਤੇ ਜੀਵ-ਸੁਰੱਖਿਆ ਵਿਚਾਰਾਂ ’ਤੇ ਜ਼ੋਰ ਦੇ ਕੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਦੇ ਮੁੜ ਉਤਪਾਦਨ ਮਾਡਲਾਂ ਨੂੰ ਤਰਜੀਹ ਦੇਣਾ, 4) ਗਲੋਬਲ ਮਾਪਦੰਡਾਂ ਦੇ ਅਨੁਸਾਰ ਰੈਗੂਲੇਟਰੀ ਸੁਧਾਰਾਂ ਦਾ ਤਾਲਮੇਲ।
ਇਹ ਕਲਪਨਾ ਕੀਤੀ ਗਈ ਹੈ ਕਿ ਬਾਇਓ ਨਿਊ ਫੈਕਚਰਿੰਗ ਹੱਬ ਕੇਂਦਰੀਕ੍ਰਿਤ ਸੁਵਿਧਾਵਾਂ ਵਜੋਂ ਕੰਮ ਕਰਨਗੇ ਜੋ ਉੱਨਤ ਨਿਰਮਾਣ ਤਕਨੀਕਾਂ ਅਤੇ ਸਹਿਯੋਗੀ ਯਤਨਾਂ ਰਾਹੀਂ ਬਾਇਓ-ਆਧਾਰਿਤ ਉਤਪਾਦਾਂ ਦੇ ਉਤਪਾਦਨ, ਵਿਕਾਸ ਅਤੇ ਵਪਾਰੀਕਰਨ ਨੂੰ ਤੇਜ਼ ਕਰਨਗੇ। ਇਹ ਇਕ ਅਜਿਹਾ ਭਾਈਚਾਰਾ ਬਣਾਏਗਾ ਜਿੱਥੇ ਬਾਇਓ ਨਿਊ ਫੈਕਚਰਿੰਗ ਪ੍ਰਕਿਰਿਆਵਾਂ ਦੇ ਪੈਮਾਨੇ, ਸਥਿਰਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਰੋਤ, ਮੁਹਾਰਤ ਅਤੇ ਤਕਨਾਲੋਜੀ ਨੂੰ ਸਾਂਝਾ ਕੀਤਾ ਜਾ ਸਕਦਾ ਹੈ।
ਇਹ ਬਾਇਓ ਨਿਊ ਫੈਕਚਰਿੰਗ ਹੱਬ ਬਾਇਓ-ਆਧਾਰਿਤ ਉਤਪਾਦਾਂ ਦੇ ‘ਲੈਬ-ਟੂ-ਪਾਇਲਟ’ ਅਤੇ ‘ਪੂਰਵ-ਵਪਾਰਕ ਪੈਮਾਨੇ’ ਦੇ ਨਿਰਮਾਣ ਵਿਚਕਾਰ ਪਾੜੇ ਨੂੰ ਪੂਰਾ ਕਰਨਗੇ। ਸਟਾਰਟ-ਅੱਪ ਨਵੀਨਤਾਕਾਰੀ ਵਿਚਾਰਾਂ ਨੂੰ ਲਿਆ ਕੇ ਅਤੇ ਵਿਕਸਤ ਕਰ ਕੇ ਅਤੇ ਉਨ੍ਹਾਂ ਨੂੰ ਛੋਟੇ ਅਤੇ ਮੱਧਮ ਆਕਾਰ ਦੇ ਉਦਯੋਗਾਂ (ਐੱਸ.ਐੱਮ.ਈ.) ਵਿਚ ਬਦਲਣ ਅਤੇ ਸਥਾਪਿਤ ਨਿਰਮਾਤਾ ਬਣਨ ਵਿਚ ਮਦਦ ਕਰ ਕੇ ਇਸ ਪ੍ਰਕਿਰਿਆ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਏ.ਆਈ. ਵਿਚ ਬਾਇਓ-ਏ ਆਈ ਹੱਬ ਖੋਜ ਅਤੇ ਵਿਕਾਸ ਦੇ ਏਕੀਕਰਨ ਲਈ ਉਤਸ਼ਾਹਿਤ ਕਰਨ ਲਈ ਇਕ ਫੋਕਲ ਪੁਆਇੰਟ ਵਜੋਂ ਕੰਮ ਕਰੇਗਾ। ਏ.ਆਈ. ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਕੇ ਇਹ ਬਾਇਓ-ਏ.ਆਈ. ਹੱਬ ਬਾਇਓਟੈਕਨਾਲੋਜੀ ਮੁਹਾਰਤ, ਅਤਿ-ਆਧੁਨਿਕ ਬੁਨਿਆਦੀ ਢਾਂਚਾ ਅਤੇ ਵੱਡੇ ਪੈਮਾਨੇ ਦੇ ਜੈਵਿਕ ਡੇਟਾ ਦੇ ਏਕੀਕਰਨ, ਸਟੋਰੇਜ ਅਤੇ ਵਿਸ਼ਲੇਸ਼ਣ ਲਈ ਲਾਜਿਸਟਿਕਸ ਸਹਾਇਤਾ ਪ੍ਰਦਾਨ ਕਰਨਗੇ।
ਇਨ੍ਹਾਂ ਸਰੋਤਾਂ ਨੂੰ ਵੱਖ-ਵੱਖ ਵਿਸ਼ਿਆਂ (ਜਿਵੇਂ ਕਿ ਜੀਵ-ਵਿਗਿਆਨ, ਮਹਾਮਾਰੀ ਵਿਗਿਆਨ, ਕੰਪਿਊਟਰ ਵਿਗਿਆਨ, ਇੰਜਨੀਅਰਿੰਗ, ਡੇਟਾ ਸਾਇੰਸ) ਦੇ ਮਾਹਿਰਾਂ ਲਈ ਪਹੁੰਚਯੋਗ ਬਣਾਉਣਾ, ਨਵੀਨਤਾਕਾਰੀ ਬਾਇਓ-ਆਧਾਰਿਤ ਅੰਤਿਮ ਉਤਪਾਦਾਂ ਦੀ ਸਿਰਜਣਾ ਦੀ ਸਹੂਲਤ ਦੇਵੇਗਾ, ਭਾਵੇਂ ਇਹ ਇਕ ਨਵੀਂ ਕਿਸਮ ਦੀ ਜੀਨ ਥੈਰੇਪੀ ਹੋਵੇ ਜਾਂ ਇਕ ਨਵਾਂ ਫੂਡ ਪ੍ਰੋਸੈਸਿੰਗ ਬਦਲ ਹੋਵੇ।
ਭਾਰਤ ਦੀ ਆਰਥਿਕਤਾ, ਵਾਤਾਵਰਣ ਅਤੇ ਰੋਜ਼ਗਾਰ ਵਿਚ ਨਿਵੇਸ਼ ਕਰ ਕੇ ਇਹ ਵਿਆਪਕ ਨੀਤੀ ਰਾਸ਼ਟਰ ਦੇ ‘ਵਿਕਸਿਤ ਭਾਰਤ’ ਸੰਕਲਪ ਵਿਚ ਯੋਗਦਾਨ ਦੇਵੇਗੀ। ਇਹ ਨੀਤੀ ਇਕ ਮਾਪਦੰਡ ਵਜੋਂ ਕੰਮ ਕਰੇਗੀ ਅਤੇ ਇਹ ਦਰਸਾਏਗੀ ਕਿ ਇਕ ਪ੍ਰਭਾਵਸ਼ਾਲੀ ਵਿਗਿਆਨ ਨੀਤੀ ਰਾਸ਼ਟਰ ਨਿਰਮਾਣ ਅਤੇ ਵਿਕਾਸ ਵਿਚ ਸਰਗਰਮੀ ਨਾਲ ਯੋਗਦਾਨ ਪਾ ਸਕਦੀ ਹੈ।