ਬਿਹਾਰ ’ਚ ਪ੍ਰਸ਼ਾਂਤ ਕਿਸ਼ੋਰ ਦਾ ਉੱਖੜ ਜਾਵੇਗਾ ਤੰਬੂ
Thursday, Feb 20, 2025 - 04:05 PM (IST)

ਦਿੱਲੀ ਵਿਧਾਨ ਸਭਾ ਚੋਣਾਂ ਨੇ ਦੇਸ਼ ਦੀ ਸਿਆਸਤ ਲਈ ਕਈ ਸੰਦੇਸ਼ ਛੱਡੇ ਹਨ। ਵਿਰੋਧੀ ਧਿਰ ਦੀ ਇਕਜੁੱਟਤਾ ਦਾ ਮਹੱਤਵ ਚੋਣ ਨਤੀਜਿਆਂ ਨੇ ਰੇਖਾਂਕਿਤ ਕੀਤਾ ਹੈ ਤਾਂ ਸੱਤਾਧਾਰੀ ਐੱਨ. ਡੀ. ਏ. ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਸੁਚੇਤ ਕੀਤਾ ਹੈ। ਸਿਆਸਤ ’ਚ ਅਰਵਿੰਦ ਕੇਜਰੀਵਾਲ ਦੇ ਉਦੈ ਦੀ ਘਟਨਾ ਨੂੰ ਬਿਹਾਰ ’ਚ ਨਵੀਂ ਬਣੀ ਪਾਰਟੀ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਨਵੇਂ ਅੰਦਾਜ਼ ’ਚ ਦੁਹਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਪਰ ਦਿੱਲੀ ਚੋਣ ਨਤੀਜਿਆਂ ਨਾਲ ਉਨ੍ਹਾਂ ਦੇ ਯਤਨਾਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ।
ਹਾਲਾਤ ਅਜਿਹੇ ਰਹੇ ਤਾਂ ਉਨ੍ਹਾਂ ਨੂੰ ਬਿਹਾਰ ’ਚ ਬਦਲਵੀਂ ਸਿਆਸਤ ਦਾ ਇਰਾਦਾ ਤਿਆਗਣਾ ਪੈ ਸਕਦਾ ਹੈ। ਉਨ੍ਹਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਰਿਹਾ ਹੋਵੇਗਾ ਕਿ ਬਿਹਾਰ ’ਚ ਹੁਣ ਚੋਣ ਲੜਾਈ ਭਾਜਪਾ ਬਨਾਮ ਰਾਜਦ ਬਣ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਜਦ ਨੂੰ ਹੁਣ ਕਾਂਗਰਸ ਤੋਂ ਚੌਕਸ ਹੋ ਜਾਣਾ ਚਾਹੀਦਾ ਹੈ। ਭਾਵ ਉਹ ਵੀ ਮੰਨਦੇ ਹਨ ਕਿ ਭਾਜਪਾ ਨੂੰ ਕਾਂਗਰਸ ਤੋਂ ਵੱਧ ਭੈਅ ਰਾਜਦ ਤੋਂ ਹੈ।
ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੂੰ ਅੰਦਾਜ਼ਾ ਸੀ ਕਿ ਬਿਹਾਰ ’ਚ ਜਾਤੀ ਦੀ ਸਿਆਸਤ ਨੂੰ ਉਹ ਆਪਣੇ ਹਿਸਾਬ ਨਾਲ ਮੋੜ ਲੈਣਗੇ। ਇਸ ਲਈ ਉਨ੍ਹਾਂ ਨੇ ਦਲਿਤਾਂ, ਮੁਸਲਮਾਨਾਂ ਅਤੇ ਔਰਤਾਂ ’ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਸੰਸਦੀ ਸਿਆਸਤ ’ਚ ਉਨ੍ਹਾਂ ਨੇ ਢੁੱਕਵੀਂ ਪ੍ਰਤੀਨਿਧਤਾ ਦੇਣ ਦਾ ਐਲਾਨ ਕੀਤਾ। 2 ਸਾਲ ਤਕ ਬਿਹਾਰ ਦੇ ਪਿੰਡਾਂ ਦੀ ਯਾਤਰਾ ਕਰਦੇ ਰਹੇ। ਬੀਤੇ ਸਾਲ ਅਕਤੂਬਰ ’ਚ ਜਦੋਂ ਜਨ ਸੁਰਾਜ ਪਾਰਟੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੀ ਸਿਆਸਤ ਧਰਾਤਲ ’ਤੇ ਦਿਸੀ।
ਨੌਕਰਸ਼ਾਹੀ ਤੋਂ ਛੁੱਟੀ ਲੈ ਕੇ ਦਲਿਤ ਸਮਾਜ ਤੋਂ ਆਉਣ ਵਾਲੇ ਮਨੋਜ ਭਾਰਤੀ ਨੂੰ ਉਨ੍ਹਾਂ ਨੇ ਪਾਰਟੀ ਦਾ ਮੁਖੀ ਬਣਾਇਆ। ਮੁਸਲਮਾਨਾਂ ਨੂੰ ਆਬਾਦੀ ਅਨੁਸਾਰ ਉਨ੍ਹਾਂ ਨੂੰ ਪ੍ਰਤੀਨਿਧਤਾ ਨਾ ਦੇਣ ਦਾ ਰਾਜਦ ਅਤੇ ਹੋਰ ਪਾਰਟੀਆਂ ’ਤੇ ਦੋਸ਼ ਲਾਇਆ। ਉਨ੍ਹਾਂ ਨੇ ਢੁੱਕਵੀਂ ਪ੍ਰਤੀਨਿਧਤਾ ਦੇਣ ਦੇ ਭਰੋਸੇ ’ਤੇ ਕਈ ਨਾਮਵਰ ਮੁਸਲਮਾਨ ਆਗੂਆਂ ਨੂੰ ਨਾਲ ਜੋੜਿਆ। ਅਕਤੂਬਰ 2024 ’ਚ ਬਣੀ ਜਨ ਸੁਰਾਜ ਪਾਰਟੀ ਦੇ ਮੁਸਲਮਾਨ ਆਗੂਆਂ ਨੂੰ ਇਸ ਗੱਲ ਦਾ ਅਹਿਸਾ ਨਵੰਬਰ ’ਚ ਹੀ ਹੋ ਗਿਆ ਕਿ ਉਹ ਮੁਸਲਮਾਨ ਵਿਰੋਧੀ ਹਨ।
ਮੁਜ਼ੱਫਰਪੁਰ ’ਚ ਜਨ ਸੁਰਾਜ ਦੀ ਇਕ ਮੀਟਿੰਗ ’ਚ ਜਾਵੇਦ ਅਖਤਰ ਨੂੰ ਪ੍ਰਸ਼ਾਂਤ ਨੇ ਬੋਲਣ ਨਹੀਂ ਦਿੱਤਾ। ਜਨਤਕ ਤੌਰ ’ਤੇ ਉਨ੍ਹਾਂ ਨੂੰ ਫਟਕਾਰ ਕੇ ਅਪਮਾਨਿਤ ਕੀਤਾ। ਉਸੇ ਦਿਨ ਜਾਵੇਦ ਨੇ ਉਨ੍ਹਾਂ ਨੂੰ ਪੋਲਿਟੀਕਲ ਕਿੱਲਰ ਦੱਸਦੇ ਹੋਏ ਆਪਣੇ 200 ਹਮਾਇਤੀਆਂ ਨਾਲ ਅਸਤੀਫੇ ਦਾ ਐਲਾਨ ਕਰ ਦਿੱਤਾ। ਨਵੰਬਰ ’ਚ ਵਿਧਾਨ ਸਭਾ ਦੀਆਂ 4 ਸੀਟਾਂ ’ਤੇ ਜ਼ਿਮਨੀ ਚੋਣਾਂ ਹੋਈਆਂ ਤਾਂ ਜਨ ਸੁਰਾਜ ਨੂੰ ਆਪਣੀ ਪਰਖ ਦਾ ਮੌਕਾ ਮਿਲਿਆ। ਜਨ ਸੁਰਾਜ ਦੇ ਚਾਰੋ ਉਮੀਦਵਾਰ ਹਾਰ ਗਏ। ਇਕ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਉਨ੍ਹਾਂ ਦੇ ਉਮੀਦਵਾਰਾਂ ਨੂੰ ਪਹਿਲੀ ਵਾਰ ਜਿੰਨੀਆਂ ਵੋਟਾਂ ਮਿਲੀਆਂ, ਓਨੀਆਂ ਨਾਲ ਉਹ ਕਿਸੇ ਦੀ ਹਾਰ ਦਾ ਕਾਰਨ ਵੀ ਨਹੀਂ ਬਣੇ।
ਉਮੀਦਵਾਰਾਂ ਨੂੰ ਵੋਟ ਉਨ੍ਹਾਂ ਦੇ ਅਕਸ ’ਤੇ ਮਿਲੇ, ਨਾ ਕਿ ਜਨ ਸੁਰਾਜ ਦੀ ਉਸ ’ਚ ਕੋਈ ਭੂਮਿਕਾ ਦਿਖਾਈ ਦਿੱਤੀ। ਹਾਂ, ਤਿਰਹੁਤ ’ਚ ਐੱਮ. ਐੱਲ. ਸੀ. ਜ਼ਿਮਨੀ ਚੋਣ ਦੌਰਾਨ ਜਨ ਸੁਰਾਜ ਦੀ ਤਾਕਤ ਜ਼ਰੂਰ ਦਿਸੀ, ਜੋ ਐੱਨ. ਡੀ. ਏ. ਅਤੇ ਮਹਾਗੱਠਜੋੜ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੀ ਪਰ ਇਸ ’ਚ ਵੀ ਜਨ ਸੁਰਾਜ ਦੇ ਰੌਸ਼ਨ ਭਵਿੱਖ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਬਿਹਾਰ ’ਚ ਹੁਣ ਲੋਕ ਇਹ ਮੰਨਣ ਲੱਗੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਬਹੁਤ ਹੋਇਆ ਤਾਂ ਵਿਧਾਨ ਸਭਾ ਚੋਣਾਂ ’ਚ ਵੋਟ ਕਟਵਾ ਕੇ ਹੀ ਰਹਿ ਜਾਵੇਗੀ। ਉਸ ਦੇ ਨਾਲ ਜੋ ਲੋਕ ਹਨ, ਉਹ ਵੀ ਚੋਣਾਂ ਤਕ ਐੱਨ. ਡੀ. ਏ. ਅਤੇ ਮਹਾਗੱਠਜੋੜ ਦਰਮਿਆਨ ਵੰਡੇ ਜਾਣਗੇ। ਦਿੱਲੀ ’ਚ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਹਾਰ ’ਚ ਜੋ ਭੂਮਿਕਾ ਨਿਭਾਈ ਹੈ, ਉਸ ਤੋਂ ਵੱਧ ਦੀ ਭੂਮਿਕਾ ਪ੍ਰਸ਼ਾਂਤ ਕਿਸ਼ੋਰ ਦੀ ਨਹੀਂ ਹੋਵੇਗੀ।
ਬੀ. ਪੀ. ਐੱਸ. ਸੀ. ਉਮੀਦਵਾਰਾਂ ਨਾਲ ਖੜ੍ਹੇ ਹੋ ਕੇ ਪ੍ਰਸ਼ਾਂਤ ਕਿਸ਼ੋਰ ਨੇ ਨੌਜਵਾਨਾਂ ਨੂੰ ਆਪਣੇ ਪੱਖ ’ਚ ਮੋੜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਸਰਕਾਰ ਤਾਂ ਉਨ੍ਹਾਂ ਦੇ ਦਬਾਅ ’ਚ ਨਹੀਂ ਆਈ ਅਤੇ ਹੁਣ ਮਾਮਲਾ ਹਾਈਕੋਰਟ ’ਚ ਹੈ। ਕੋਰਟ ਦਾ ਫੈਸਲਾ ਜੇਕਰ ਉਮੀਦਵਾਰਾਂ ਦੇ ਪੱਖ ’ਚ ਨਹੀਂ ਆਉਂਦਾ ਹੈ ਤਾਂ ਉਨ੍ਹਾਂ ਦਾ ਰੁਖ ਬਦਲਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਾਤੀਗਤ ਰਾਜਨੀਤੀ ਬਿਹਾਰ ਦੀ ਵਿਸ਼ੇਸ਼ਤਾ ਰਹੀ ਹੈ। ਬਿਹਾਰ ’ਚ 18 ਫੀਸਦੀ ਮੁਸਲਿਮ ਅਤੇ 17 ਫੀਸਦੀ ਦੇ ਕਰੀਬ ਦਲਿਤ ਹਨ। ਉਸ ਤੋਂ ਬਾਅਦ ਯਾਦਵ 14 ਫੀਸਦੀ ਦੇ ਆਸ-ਪਾਸ ਹਨ। ਲਾਲੂ ਪ੍ਰਸਾਦ ਯਾਦਵ ਨੇ ਆਪਣੀ ਪਾਰਟੀ ਰਾਜਦ ਦਾ ਆਧਾਰ ਵੋਟ ਮੁਸਲਿਮ-ਯਾਦਵ ਸਮੀਕਰਨ ਬਣਾ ਕੇ ਪੁਖਤਾ ਕਰ ਲਿਆ ਹੈ। ਦੋਵਾਂ ਦੀ ਆਬਾਦੀ ਸੰਯੁਕਤ ਤੌਰ ’ਤੇ ਤਕਰੀਬਨ 32 ਫੀਸਦੀ ਹੈ। ਰਾਜਦ ਨੂੰ ਕਾਮਯਾਬੀ ਲਈ ਹੋਰ 5-6 ਫੀਸਦੀ ਵੋਟਾਂ ਦੀ ਲੋੜ ਹੈ। ਇਸ ਦੀ ਭਰਪਾਈ ਲਈ ਲਾਲੂ ਨੇ ਲੋਕ ਸਭਾ ਚੋਣਾਂ ਤੋਂ ਕੁਸ਼ਵਾਹਾ ਵੋਟਰਾਂ ’ਤੇ ਡੋਰੇ ਪਾ ਦਿੱਤੇ ਹਨ।
ਭਾਜਪਾ ਦੇ ਆਪਣੇ ਕੋਰ ਵੋਟਰ ਹਨ, ਜਿਨ੍ਹਾਂ ’ਚ ਸਵਰਨ ਸ਼ਾਮਲ ਹਨ। ਵੈਸ਼ ਅਤੇ ਹੋਰ ਜਾਤਾਂ ’ਚ ਵੀ ਭਾਜਪਾ ਦੀਆਂ ਥੋੜ੍ਹੀਆਂ-ਬਹੁਤ ਵੋਟਾਂ ਹਨ। ਦਲਿਤ ਵੋਟਾਂ ਲਈ ਭਾਜਪਾ ਦੇ ਕੋਲ ਲੋਕ ਜਨਸ਼ਕਤੀ ਪਾਰਟੀ (ਆਰ) ਦੇ ਚਿਰਾਗ ਪਾਸਵਾਨ ਅਤੇ ਹਿੰਦੁਸਤਾਨੀ ਅਵਾਮ ਮੋਰਚਾ (ਹਮ) ਦੇ ਜੀਤਨ ਰਾਮ ਮਾਂਝੀ ਹਨ। ਨਿਤੀਸ਼ ਕੁਮਾਰ ਨੇ ਜਦ (ਯੂ) ਲਈ ਲਵ-ਕੁਸ਼ (ਕੁਰਮੀ-ਕੋਇਰੀ) ਦੀਆਂ ਆਧਾਰ ਵੋਟਾਂ ਤੋਂ ਇਲਾਵਾ ਅੱਧੀ ਆਬਾਦੀ ਦਾ ਜ਼ਬਰਦਸਤ ਧਰੁਵੀਕਰਨ ਕੀਤਾ ਹੈ।
ਲੋਕ ਸਭਾ ਚੋਣਾਂ ’ਚ ਜੇ ਜਦ (ਯੂ) ਨੂੰ ਭਾਜਪਾ ਦੇ ਬਰਾਬਰ 12 ਸੀਟਾਂ ਮਿਲੀਆਂ ਤਾਂ ਇਸ ਦੀ ਅਸਲ ਵਜ੍ਹਾ ਔਰਤਾਂ ਹੀ ਸਨ। ਮੁਸਲਿਮ ਵੋਟਾਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਹੀ ਜਾਣਗੀਆਂ, ਇਸ ’ਚ ਕੋਈ ਸ਼ੱਕ ਨਹੀਂ। ਕਾਂਗਰਸ ਨੇ ਜੇਕਰ ਦਿੱਲੀ ਵਰਗਾ ਰੁਖ ਅਪਣਾਇਆ ਤਾਂ ਮੁਸਲਿਮ ਭਾਜਪਾ ਵਿਰੋਧੀ ਜਿੱਤਣ ਵਾਲੇ ਉਮੀਦਵਾਰਾਂ ਨਾਲ ਜਾਣਗੇ, ਇਸ ’ਚ ਕੋਈ ਭਰਮ ਨਹੀਂ। ਅਜਿਹੇ ’ਚ ਪ੍ਰਸ਼ਾਂਤ ਕਿਸ਼ੋਰ ਦਾ ਸਿਆਸੀ ਪ੍ਰਭਾਵ ਇਸ ਸਾਲ ਬਿਹਾਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਹੀ ਦਿਖਾਈ ਦੇ ਦੇਵੇ ਤਾਂ ਹੈਰਾਨੀ ਦੀ ਗੱਲ ਨਹੀਂ। ਅਜਿਹੇ ’ਚ ਉਨ੍ਹਾਂ ਦਾ ਸਿਆਸੀ ਤੰਬੂ ਉੱਖੜਦਾ ਦਿਖਾਈ ਦੇ ਰਿਹਾ ਹੈ।