ਬਿਹਾਰ : ਸੱਤਾ ਬ੍ਰਹਮਾ ਹੈ, ਗਠਜੋੜ ਮਿਥਿਆ

10/07/2020 3:47:26 AM

ਡਾ. ਵੇਦਪ੍ਰਤਾਪ ਵੈਦਿਕ

ਬਿਹਾਰ ਦੀਆਂ ਚੋਣਾਂ ਪਿੱਛੋਂ ਕਿਸ ਦੀ ਸਰਕਾਰ ਬਣੇਗੀ, ਕੁਝ ਕਿਹਾ ਨਹੀਂ ਜਾ ਸਕਦਾ। ਜੇ ਦੋ ਪ੍ਰਮੁੱਖ ਗਠਜੋੜ ਸਹੀ ਸਲਾਮਤ ਰਹਿੰਦੇ ਤਾਂ ਉਨ੍ਹਾਂ ’ਚੋਂ ਇਕ ਦੀ ਸਰਕਾਰ ਬਣ ਸਕਦੀ ਸੀ। ਇਕ ਤਾਂ ਨਿਤੀਸ਼ ਕੁਮਾਰ ਦੀ ਅਤੇ ਦੂਜੇ ਲਾਲੂ ਪ੍ਰਸਾਦ ਦੀ ਪਰ ਬਿਹਾਰ ’ਚ ਹੁਣ 4 ਗਠਜੋੜ ਬਣ ਗਏ ਹਨ। ਨਿਤੀਸ਼ ਕੁਮਾਰ ਦੇ ਗਠਜੋੜ ’ਚ ਜਨਤਾ ਦਲ (ਯੂ) ਅਤੇ ਭਾਜਪਾ ਹਨ। ਲਾਲੂ ਦੇ ਗਠਜੋੜ ’ਚ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਹਨ।

ਲਾਲੂ ਦੇ ਬੇਟੇ ਤੇਜਸਵੀ ਯਾਦਵ ਦੀ ਅਗਵਾਈ ਹੇਠ ਲੜੀਆਂ ਜਾ ਰਹੀਆਂ ਚੋਣਾਂ ’ਚ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸਰਕਾਰ ਬਣਾਉਣਗੇ ਕਿਉਂਕਿ 4 ਵਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲੋਂ ਬਿਹਾਰ ਦੇ ਲੋਕ ਅੱਕ ਚੁੱਕੇ ਹਨ। ਉਨ੍ਹਾਂ ਨੇ ਵਾਅਦੇ ਤਾਂ ਵੱਡੇ-ਵੱਡੇ ਕੀਤੇ ਪਰ ਉਨ੍ਹਾਂ ’ਤੇ ਅਮਲ ਨਹੀਂ ਕੀਤਾ। ਕੋਰੋਨਾ ਦੀ ਤਾਲਾਬੰਦੀ ਦੌਰਾਨ ਨਿਤੀਸ਼ ਦਾ ਰਵੱਈਆ ਬਹੁਤ ਹੀ ਲਾਪ੍ਰਵਾਹੀ ਵਾਲਾ ਰਿਹਾ। ਲਾਲੂ ਪਰਿਵਾਰ ਨੂੰ ਦਿੱਤੀ ਜਾ ਰਹੀ ਸਜ਼ਾ ਦਾ ਵੀ ਲੋਕਾਂ ’ਤੇ ਉਲਟ ਅਸਰ ਹੋ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਈ ਨੀਤੀਆਂ ਜਿਵੇਂ ਨੋਟਬੰਦੀ, ਤਾਲਾਬੰਦੀ, ਜੀ. ਐੱਸ. ਟੀ., ਖੇਤੀਬਾੜੀ ਕਾਨੂੰਨ, ਹਾਥਰਸ ਕਾਂਡ ਆਦਿ ਨੇ ਆਮ ਲੋਕਾਂ ਨੂੰ ਇੰਨਾ ਪ੍ਰੇਸ਼ਾਨ ਕੀਤਾ ਹੈ, ਉਸਦਾ ਅਸਰ ਵੀ ਬਿਹਾਰ ਦੀਆਂ ਚੋਣਾਂ ’ਤੇ ਨਜ਼ਰ ਆਵੇਗਾ।

ਰਾਜਗ ਦੀ ਸਭ ਤੋਂ ਵੱਡੀ ਦਲੀਲ ਇਹ ਹੈ ਕਿ ਨਿਤੀਸ਼ ਕੁਮਾਰ ਦਾ ਕੋਈ ਭਰੋਸਾ ਨਹੀਂ ਕਿ ਉਹ ਕਦੋਂ ਕਿਸ ਨਾਲ ਹੱਥ ਮਿਲਾ ਲੈਣ। ਉਨ੍ਹਾਂ 2015 ’ਚ ਭਾਜਪਾ ਨਾਲੋਂ ਰਿਸ਼ਤਾ ਤੋੜਿਆ ਅਤੇ ਫਿਰ ਰਾਜਗ ਨਾਲ ਹੱਥ ਮਿਲਾ ਕੇ 2017 ਦੀਆਂ ਚੋਣਾਂ ਲੜੀਆਂ। ਹੁਣ ਉਹ ਮੁੜ ਭਾਜਪਾ ਦੀ ਗੋਦ ’ਚ ਬੈਠੇ ਹਨ। ਰਾਜਗ ਦੀਆਂ ਇਨ੍ਹਾਂ ਦਲੀਲਾਂ ਵਿਰੁੱਧ ਸਭ ਤੋਂ ਮਜ਼ਬੂਤ ਲੋਹੇ ਦੀ ਕੰਧ ਜੇ ਕੋਈ ਹੈ ਤਾਂ ਉਹ ਨਰਿੰਦਰ ਮੋਦੀ ਦਾ ਅਕਸ ਹੈ। ਭਾਜਪਾ ਨੂੰ ਭਰੋਸਾ ਹੈ ਕਿ ਉਹ ਆਪਣੀਆਂ ਸੀਟਾਂ ਮੋਦੀ ਦੇ ਨਾਂ ’ਤੇ ਜਿੱਤੇਗੀ। ਬਿਹਾਰ ਦੇ ਲੋਕ ਭਾਜਪਾ ਨੂੰ ਇੰਨੀਆਂ ਸੀਟਾਂ ’ਤੇ ਜਿਤਾਉਣਗੇ ਕਿ ਭਾਜਪਾ ਹੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ।

ਸਪੱਸ਼ਟ ਹੈ ਕਿ ਫਿਰ ਮੁੱਖ ਮੰਤਰੀ ਵੀ ਭਾਜਪਾ ਦਾ ਹੀ ਬਣੇਗਾ ਪਰ ਉਹ ਅਜੇ ਇਸ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰ ਰਹੀ। ਚੋਣ ਨਤੀਜੇ ਆਉਣ ਪਿੱਛੋਂ ਉਕਤ ਗਠਜੋੜ ਕਿਹੜਾ-ਕਿਹੜਾ ਰੂਪ ਲੈ ਸਕਦੇ ਹਨ, ਇਸ ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕਿਹੜੀ ਪਾਰਟੀ ਕਿਸ ਤੋਂ ਵੱਖ ਹੋ ਕੇ ਕਿਸ ਹੋਰ ਨਾਲ ਮਿਲ ਜਾਵੇਗੀ, ਇਹ ਵੀ ਕੁਝ ਪਤਾ ਨਹੀਂ। ਅਜੇ ਰਾਮਵਿਲਾਸ ਪਾਸਵਾਨ ਦੀ ਲੋਜਪਾ ਨਿਤੀਸ਼ ਕੁਮਾਰ ਦਾ ਵਿਰੋਧ ਕਰ ਰਹੀ ਹੈ ਅਤੇ ਭਾਜਪਾ ਦੀ ਹਮਾਇਤ ਕਰ ਰਹੀ ਹੈ। ਉਸਨੇ ਆਪਣੇ-ਆਪ ਨੂੰ ਕਿਸੇ ਹੱਦ ਤੱਕ ਵੱਖਰਾ ਹੀ ਰੱਖਿਆ ਹੋਇਆ ਹੈ। ਚੋਣਾਂ ਪਿੱਛੋਂ ਜਿਸਦਾ ਪੱਲੜਾ ਭਾਰੀ ਹੋਵੇਗਾ, ਉਹ ਉਸ ਵੱਲ ਚਲੀ ਜਾਵੇਗੀ। ਬਿਹਾਰ ’ਚ ਜਾਂ ਭਾਰਤ ’ਚ ਕਿਤੇ ਵੀ ਕਾਂਗਰਸ ਅਤੇ ਭਾਜਪਾ ਵਲੋਂ ਆਪਸ ’ਚ ਗਠਜੋੜ ਨਹੀਂ ਬਣਾਇਆ ਜਾ ਸਕਦਾ। ਬਾਕੀ ਹੋਰ ਕੋਈ ਵੀ ਪਾਰਟੀ ਮੌਕੇ ਮੁਤਾਬਕ ਆਪਣਾ ਭਵਿੱਖ ਤੈਅ ਕਰੇਗੀ ਕਿਉਂਕਿ ਇਨ੍ਹਾਂ ਪਾਰਟੀਆਂ ਲਈ ਸੱਤਾ ਹੀ ਬ੍ਰਹਮਾ ਹੈ, ਗਠਜੋੜ ਤਾਂ ਮਿਥਿਆ ਹੈ।


Bharat Thapa

Content Editor

Related News