ਕੋਚਿੰਗ ਇੰਸਟੀਚਿਊਟ ਤੋਂ ਰਹੋ ਸਾਵਧਾਨ
Thursday, Dec 28, 2023 - 04:25 PM (IST)
ਜੇ. ਈ. ਈ. ਅਤੇ ਐੱਨ. ਈ. ਈ. ਟੀ. ਦੇ ਕੋਰਸਾਂ ਵਿਚ ਸਫਲਤਾ ਦੇ ਪਿੱਛੇ ਭੱਜਣਾ, ਭਾਰਤ ਵਿਚ ਅਣਗਿਣਤ ਵਿਦਿਆਰਥੀਆਂ ਅਤੇ ਮਾਪਿਆਂ ਦਾ ਹਮੇਸ਼ਾ ਹੀ ਇਕ ਮਹੱਤਵਪੂਰਨ ਸੁਪਨਾ ਰਿਹਾ ਹੈ। ਇਹ ਕੋਚਿੰਗ ਸੰਸਥਾਵਾਂ ਇਸ ਉੱਚ ਮੁਕਾਬਲੇ ਵਾਲੀ ਪ੍ਰੀਖਿਆ ਵਿਚ ਉੱਤਮਤਾ ਲਈ ਲੋੜੀਂਦੇ ਮਾਰਗਦਰਸ਼ਨ ਅਤੇ ਤਿਆਰੀ ਕਰਵਾਉਣ ਦੀ ਦਿਸ਼ਾ ਵੱਲ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਹਾਲਾਂਕਿ, ਇਹ ਸਾਹਮਣੇ ਆਇਆ ਹੈ ਕਿ ਕੁਝ ਸੰਸਥਾਵਾਂ ਧੋਖੇਬਾਜ਼ੀ ਨਾਲ ਅਤੇ ਝੂਠੇ ਵਾਅਦੇ ਕਰ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਜ਼ੀਫ਼ਿਆਂ, ਤਜਰਬੇਕਾਰ ਫੈਕਲਟੀ ਅਤੇ ਬੇਮਿਸਾਲ ਨਤੀਜਿਆਂ ਦੀ ਸੰਭਾਵਨਾ ਨਾਲ ਭਰਮਾਉਂਦੀਆਂ ਹਨ।
ਇਸ ਲੇਖ ਦੁਆਰਾ, ਮੈਂ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ ’ਤੇ ਰੌਸ਼ਨੀ ਪਾਉਂਦੇ ਹੋਏ ਅਜਿਹੇ ਧੋਖੇਬਾਜ਼ ਅਦਾਰਿਆਂ ਤੋਂ ਆਪਣੇ ਬੱਚੇ ਦੇ ਭਵਿੱਖ ਦੀ ਰੱਖਿਆ ਕਰਨ ਬਾਰੇ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਸਕਾਲਰਸ਼ਿਪ ਦੇ ਝੂਠੇ ਵਾਅਦੇ : ਕੁਝ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਸਕਾਲਰਸ਼ਿਪ ਦੇਣ ਦਾ ਵਾਅਦਾ ਕਰਦੀਆਂ ਹਨ। ਹਾਲਾਂਕਿ, ਇਹ ਸਕਾਲਰਸ਼ਿਪ ਅਕਸਰ ਮਾਰਕੀਟਿੰਗ ਰਣਨੀਤੀਆਂ ਅਤੇ ਅਸਪੱਸ਼ਟ ਨਿਯਮਾਂ ਅਤੇ ਸ਼ਰਤਾਂ ਤੋਂ ਵੱਧ ਕੁਝ ਨਹੀਂ ਹੁੰਦੇ।
ਤਜਰਬੇਕਾਰ ਫੈਕਲਟੀ ਦੀ ਘਾਟ : ਕਈ ਸੰਸਥਾਵਾਂ ਆਪਣੀ ਫੈਕਲਟੀ ਦੀ ਮੁਹਾਰਤ ਬਾਰੇ ਵਧ- ਚੜ੍ਹ ਕੇ ਦੱਸਦੀਆਂ ਹਨ, ਜਦਕਿ ਅਸਲੀਅਤ ਵਿਚ ਕੁਝ ਹੋਰ ਹੀ ਹੁੰਦਾ ਹੈ। ਕੁਝ ਸੰਸਥਾਵਾਂ ਅਸਥਾਈ ਜਾਂ ਨਾ-ਤਜਰਬੇਕਾਰ ਇੰਸਟ੍ਰਕਟਰਾਂ ਨੂੰ ਨਿਯੁਕਤ ਕਰਦੀਆਂ ਹਨ ਜੋ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਦੇ ਕਾਬਿਲ ਹੀ ਨਹੀਂ ਹੁੰਦੇ ।
ਅਢੁੱਕਵੀਂ ਅਧਿਐਨ ਸਮੱਗਰੀ : ਵਿਆਪਕ ਅਧਿਐਨ ਸਮੱਗਰੀ ਦੇ ਵਾਅਦੇ ਖੋਖਲੇ ਸਾਬਤ ਹੋ ਸਕਦੇ ਹਨ ਜਦੋਂ ਪ੍ਰਦਾਨ ਕੀਤੀ ਗਈ ਸਮੱਗਰੀ ਪੁਰਾਣੀ, ਮਾੜੀ ਢਾਂਚਾਗਤ ਜਾਂ ਜੇ. ਈ. ਈ ਅਤੇ ਐੱਨ. ਈ. ਈ. ਟੀ. ਸਿਲੇਬਸ ਦੇ ਅਨੁਰੂਪ ਨਾ ਹੋਣ ।
ਗੁੰਮਰਾਹਕੁੰਨ ਨਤੀਜੇ : ਧੋਖੇਬਾਜ਼ ਕੋਚਿੰਗ ਸੈਂਟਰ ਆਪਣੇ ਘੱਟ ਨੰਬਰਾਂ ਵਾਲੇ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿਰਫ ਇਕ ਜਾਂ ਦੋ ਸਫਲ ਵਿਦਿਆਰਥੀਆਂ ਦੀਆਂ ਤਸਵੀਰਾਂ ਹੀ ਦਿਖਾਉਂਦੇ ਹਨ ਅਤੇ ਝੂਠੇ ਜਾਂ ਅਤਿਕਥਨੀ ਨਤੀਜੇ ਪੇਸ਼ ਕਰਦੇ ਹਨ।
ਜਾਗਰੂਕਤਾ ਅਤੇ ਸੁਰੱਖਿਆ : ਪੂਰੀ ਜਾਣਕਾਰੀ ਲਵੋ: ਆਪਣੇ ਬੱਚੇ ਨੂੰ ਕੋਚਿੰਗ ਇੰਸਟੀਚਿਊਟ ਵਿਚ ਦਾਖਲ ਕਰਵਾਉਣ ਤੋਂ ਪਹਿਲਾਂ, ਵਿਆਪਕ ਤੌਰ ’ਤੇ ਪੂਰੀ ਜਾਣਕਾਰੀ ਇਕੱਠੀ ਕਰੋ। ਇੰਸਟੀਚਿਊਟ ਦੀ ਅਸਲ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਥੋਂ ਪੜ੍ਹ ਚੁੱਕੇ ਵਿਦਿਆਰਥੀਆਂ ਵਲੋਂ ਦਿੱਤੀਆਂ ਗਈਆਂ ਅਸਲ ਸਮੀਖਿਆਵਾਂ ਦੇਖੋ ਅਤੇ ਮੌਜੂਦਾ ਜਾਂ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਸੱਚ ਦਾ ਪਤਾ ਕਰਨ ਦੀ ਕੋਸ਼ਿਸ਼ ਕਰੋ।
ਸਕਾਲਰਸ਼ਿਪ ਪੇਸ਼ਕਸ਼ਾਂ ਦੀ ਜਾਂਚ ਕਰੋ : ਜਦੋਂ ਸੰਸਥਾਵਾਂ ਵਲੋਂ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਥੋੜ੍ਹਾ ਸਾਵਧਾਨ ਰਹੋ। ਉਨ੍ਹਾਂ ਨੂੰ ਸਪੱਸ਼ਟ ਅਤੇ ਵਿਸਤ੍ਰਿਤ ਸਕਾਲਰਸ਼ਿਪ ਨਿਯਮਾਂ ਅਤੇ ਸ਼ਰਤਾਂ ਦਿਖਾਉਣ ’ਤੇ ਜ਼ੋਰ ਦਿਓ। ਇਹ ਵੀ ਪਤਾ ਕਰੋ ਕਿ ਕੀ ਸੰਸਥਾ ਕੋਲ ਸਕਾਲਰਸ਼ਿਪ ਵੰਡ ਲਈ ਪਾਰਦਰਸ਼ੀ ਪ੍ਰਕਿਰਿਆ ਹੈ ਵੀ ਜਾਂ ਨਹੀਂ ।
ਅਸਥਿਰ ਫੈਕਲਟੀ : ਫੈਕਲਟੀ ਦੀ ਸਥਾਈਤਾ ਅਤੇ ਅਨੁਭਵ ਬਾਰੇ ਪੁੱਛੋ। ਇਕ ਕੋਚਿੰਗ ਸੰਸਥਾ ਨੂੰ ਆਪਣੇ ਅਧਿਆਪਨ ਸਟਾਫ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
ਸਟੱਡੀ ਸਮੱਗਰੀ : ਪ੍ਰਦਾਨ ਕੀਤੀ ਜਾਣ ਵਾਲੀ ਅਧਿਐਨ ਸਮੱਗਰੀ ਦੇ ਨਮੂਨੇ ਦਿਖਾਉਣ ਦੀ ਬੇਨਤੀ ਕਰੋ। ਯਕੀਨੀ ਬਣਾਓ ਕਿ ਇਹ ਐੱਨ. ਈ. ਈ. ਟੀ. ਲੋੜਾਂ ਨੂੰ ਪੂਰਾ ਕਰਨ ਲਈ ਅੱਪ-ਟੂ-ਡੇਟ ਅਤੇ ਸਹੀ ਢੰਗ ਨਾਲ ਢਾਂਚਾਗਤ ਹੈ।
ਨਤੀਜੇ ਅਤੇ ਟ੍ਰੈਕ ਰਿਕਾਰਡ : ਇਕ ਨਾਮਵਰ ਸੰਸਥਾ ਕੋਲ ਸਫਲ ਐੱਨ. ਈ. ਈ. ਟੀ. ਉਮੀਦਵਾਰ ਪੈਦਾ ਕਰਨ ਦਾ ਇਕਸਾਰ ਟਰੈਕ ਰਿਕਾਰਡ ਹੋਣਾ ਚਾਹੀਦਾ ਹੈ। ਪਿਛਲੇ ਸਾਲਾਂ ਦੇ ਨਤੀਜਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਲਈ ਬੇਨਤੀ ਕਰੋ।
ਪਾਰਦਰਸ਼ਤਾ : ਉਨ੍ਹਾਂ ਸੰਸਥਾਵਾਂ ਦੀ ਚੋਣ ਕਰੋ ਜੋ ਫੀਸਾਂ, ਨੀਤੀਆਂ ਅਤੇ ਅਭਿਆਸਾਂ ਵਿਚ ਪਾਰਦਰਸ਼ਤਾ ਨੂੰ ਤਰਜੀਹ ਦਿੰਦੀਆਂ ਹਨ। ਜਾਣਕਾਰੀ ਪ੍ਰਦਾਨ ਕਰਨ ਵਿਚ ਕਿਸੇ ਵੀ ਝਿਜਕ ਜਾਂ ਅਸਪੱਸ਼ਟਤਾ ਦਿਖਾਉਣ ਵਾਲੀਆਂ ਸੰਸਥਾਵਾਂ ਧੋਖੇਬਾਜ਼ ਹੋ ਸਕਦੀਆਂ ਹਨ ।
ਇੰਸਟੀਚਿਊਟ ਦਾ ਦੌਰਾ ਕਰੋ : ਸੁਵਿਧਾਵਾਂ ਦੇਖਣ ਅਤੇ ਫੈਕਲਟੀ ਮੈਂਬਰਾਂ ਨੂੰ ਮਿਲਣ ਲਈ, ਜੇਕਰ ਸੰਭਵ ਹੋਵੇ ਤਾਂ ਨਿੱਜੀ ਤੌਰ ’ਤੇ ਇੰਸਟੀਚਿਊਟ ਦਾ ਦੌਰਾ ਜ਼ਰੂਰ ਕਰੋ।
ਸਿੱਖਿਅਕਾਂ ਨਾਲ ਸਲਾਹ ਕਰੋ : ਖੇਤਰ ਵਿਚ ਤਜਰਬੇਕਾਰ ਸਿੱਖਿਅਕਾਂ ਜਾਂ ਪੇਸ਼ੇਵਰਾਂ ਤੋਂ ਸਲਾਹ ਲਓ। ਉਹ ਅਕਸਰ ਨਾਮਵਰ ਅਤੇ ਭਰੋਸੇਯੋਗ ਕੋਚਿੰਗ ਸੰਸਥਾਵਾਂ ਦੀ ਸਿਫ਼ਾਰਸ਼ ਹੀ ਕਰਨਗੇ ।
ਬੱਚਿਆਂ ਨੂੰ ਧੋਖੇਬਾਜ਼ ਜੇ. ਈ. ਈ. ਅਤੇ ਐੱਨ. ਈ. ਈ. ਟੀ. ਕੋਚਿੰਗ ਸੰਸਥਾਵਾਂ ਤੋਂ ਬਚਾਉਣਾ ਸਾਰੇ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਹੈ। ਜੇ. ਈ. ਈ. ਅਤੇ ਐੱਨ.ਈ. ਈ. ਟੀ. ਵਿਚ ਸਫ਼ਲਤਾ ਦੀ ਰਾਹ ਔਖੀ ਹੈ ਅਤੇ ਇਸ ਲਈ ਸਹੀ ਮਾਰਗਦਰਸ਼ਨ ਅਤੇ ਸਮਰਥਨ ਦੀ ਲੋੜ ਹੈ।