ਘਰੇਲੂ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਬਣੋ

Monday, May 12, 2025 - 05:29 PM (IST)

ਘਰੇਲੂ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਬਣੋ

ਭਾਰਤ ਵਿਚ ਘਰੇਲੂ ਕਾਮੇ, ਜਿਨ੍ਹਾਂ ਨੂੰ ਆਮ ਤੌਰ ’ਤੇ ਨੌਕਰ, ਨੌਕਰਾਣੀ ਜਾਂ ਸਹਾਇਕ ਵਜੋਂ ਜਾਣਿਆ ਜਾਂਦਾ ਹੈ, ਬਹੁਤ ਸਾਰੇ ਪਰਿਵਾਰਾਂ ਦੇ ਰੋਜ਼ਾਨਾ ਜੀਵਨ ਦਾ ਇਕ ਅਨਿੱਖੜਵਾਂ ਅੰਗ ਹਨ। ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿਚ, ਇਹ ਕਾਮੇ ਘਰਾਂ ਦੀ ਸਫਾਈ, ਖਾਣਾ ਪਕਾਉਣ, ਬੱਚਿਆਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਕੰਮਾਂ ’ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਹਾਲਾਂਕਿ, ਅਸੀਂ ਉਨ੍ਹਾਂ ਨਾਲ ਜਿਸ ਤਰ੍ਹਾਂ ਵਿਵਹਾਰ ਕਰਦੇ ਹਾਂ, ਉਹ ਅਕਸਰ ਸਮਾਜਿਕ, ਆਰਥਿਕ ਅਤੇ ਨੈਤਿਕ ਸਵਾਲ ਖੜ੍ਹੇ ਕਰਦਾ ਹੈ। ਅੱਜ ਦੇ ਮਾਹੌਲ ਵਿਚ ਇਹ ਜਾਣਨ ਦੀ ਜ਼ਰੂਰਤ ਹੈ ਕਿ ਘਰੇਲੂ ਕਾਮਿਆਂ ਨਾਲ ਸਤਿਕਾਰ, ਨਿਰਪੱਖਤਾ ਅਤੇ ਸੰਵੇਦਨਸ਼ੀਲਤਾ ਨਾਲ ਕਿਵੇਂ ਪੇਸ਼ ਆਉਣਾ ਹੈ ਤਾਂ ਜੋ ਇਕ ਸਿਹਤਮੰਦ ਅਤੇ ਸਦਭਾਵਨਾਪੂਰਨ ਕੰਮ ਦਾ ਮਾਹੌਲ ਬਣਾਇਆ ਜਾ ਸਕੇ।

ਘਰੇਲੂ ਕਾਮੇ ਵੀ, ਭਾਵੇਂ ਹੀ ਉਨ੍ਹਾਂ ਦੀ ਸਮਾਜਿਕ ਜਾਂ ਆਰਥਿਕ ਸਥਿਤੀ ਵੱਖਰੀ ਹੋਵੇ, ਸਨਮਾਨ ਦੇ ਹੱਕਦਾਰ ਹੁੰਦੇ ਹਨ। ਭਾਰਤ ਵਿਚ, ਜਿੱਥੇ ਸਮਾਜਿਕ ਵਰਗ ਭਿੰਨਤਾਵਾਂ ਅਜੇ ਵੀ ਪ੍ਰਚੱਲਿਤ ਹਨ, ਇਹ ਮਹੱਤਵਪੂਰਨ ਹੈ ਕਿ ਅਸੀਂ ਕਾਮਿਆਂ ਨੂੰ ਸਿਰਫ਼ ‘ਨੌਕਰ’ ਵਜੋਂ ਹੀ ਨਾ ਦੇਖੀਏ, ਸਗੋਂ ਉਨ੍ਹਾਂ ਦੀਆਂ ਆਪਣੀਆਂ ਭਾਵਨਾਵਾਂ, ਜ਼ਰੂਰਤਾਂ ਅਤੇ ਇੱਛਾਵਾਂ ਵਾਲੇ ਵਿਅਕਤੀਆਂ ਵਜੋਂ ਵੀ ਦੇਖੀਏ।

ਕਿਸੇ ਕਰਮਚਾਰੀ ਨੂੰ ‘ਬਾਈ’ ਜਾਂ ‘ਨੌਕਰਾਣੀ’ ਵਰਗੇ ਆਮ ਸ਼ਬਦਾਂ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਦੇ ਨਾਂ ਨਾਲ ਬੁਲਾਉਣਾ ਇਕ ਛੋਟਾ ਜਿਹਾ ਕਦਮ ਹੈ ਜੋ ਉਨ੍ਹਾਂ ਪ੍ਰਤੀ ਸਤਿਕਾਰ ਦਰਸਾਉਂਦਾ ਹੈ। ਕਠੋਰ ਸ਼ਬਦਾਂ ਜਾਂ ਹੁਕਮ ਦੇਣ ਵਾਲੇ ਲਹਿਜੇ ਤੋਂ ਬਚੋ। ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨਾ ਅਤੇ ਧੰਨਵਾਦ ਕਰਨਾ ਨਾ ਭੁੱਲੋ। ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਪਰਿਵਾਰ ਜਾਂ ਵਿੱਤੀ ਸਥਿਤੀ ਬਾਰੇ ਬੇਲੋੜੇ ਸਵਾਲ ਨਾ ਪੁੱਛੋ। ਜੇ ਉਹ ਆਪਣੀ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹਨ, ਤਾਂ ਹਮਦਰਦੀ ਨਾਲ ਸੁਣੋ।

ਘਰੇਲੂ ਕਾਮੇ ਅਕਸਰ ਮਾੜੀ ਵਿੱਤੀ ਸਥਿਤੀ ਵਿਚ ਹੁੰਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਇਸ ਲਈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਢੁੱਕਵਾਂ ਮਿਹਨਤਾਨਾ ਦੇਈਏ ਅਤੇ ਸਨਮਾਨਜਨਕ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰੀਏ। ਕਈ ਭਾਰਤੀ ਸ਼ਹਿਰਾਂ ਨੇ ਘਰੇਲੂ ਕਾਮਿਆਂ ਲਈ ਘੱਟੋ-ਘੱਟ ਉਜਰਤ ਨਿਰਧਾਰਤ ਕੀਤੀ ਹੈ। ਆਪਣੇ ਇਲਾਕੇ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਮਾਰਕੀਟ ਰੇਟ ਅਨੁਸਾਰ ਭੁਗਤਾਨ ਕਰੋ।

ਜੇ ਸੰਭਵ ਹੋਵੇ, ਤਾਂ ਸਮੇਂ-ਸਮੇਂ ’ਤੇ ਉਨ੍ਹਾਂ ਦੀ ਤਨਖਾਹ ਵੀ ਵਧਾਓ। ਕਾਮਿਆਂ ਨੂੰ ਅਣਮਿੱਥੇ ਸਮੇਂ ਲਈ ਕੰਮ ਕਰਨ ਲਈ ਮਜਬੂਰ ਨਾ ਕਰੋ। ਉਨ੍ਹਾਂ ਨਾਲ ਕੰਮ ਦੇ ਸਮੇਂ ਅਤੇ ਜ਼ਿੰਮੇਵਾਰੀਆਂ ਨੂੰ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਕਰੋ। ਉਨ੍ਹਾਂ ਨੂੰ ਹਫਤਾਵਾਰੀ ਛੁੱਟੀਆਂ, ਤਿਉਹਾਰਾਂ ’ਤੇ ਛੁੱਟੀਆਂ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਛੁੱਟੀ ਦੇਣ ਦਾ ਪ੍ਰਬੰਧ ਕਰੋ। ਬੀਮਾਰੀ ਜਾਂ ਪਰਿਵਾਰਕ ਜ਼ਰੂਰਤਾਂ ਲਈ ਵੀ ਲਚਕਤਾ ਦਿਖਾਓ।

ਘਰੇਲੂ ਸਟਾਫ਼ ਤੁਹਾਡੇ ਲਈ ਕੰਮ ਕਰਦਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਆਰਾਮ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ। ਯਕੀਨੀ ਬਣਾਓ ਕਿ ਤੁਹਾਡੇ ਘਰ ਵਿਚ ਕੋਈ ਵੀ ਖਤਰਨਾਕ ਉਪਕਰਣ ਜਾਂ ਰਸਾਇਣ ਨਾ ਹੋਣ ਜੋ ਕਾਮਿਆਂ ਦੀ ਪਹੁੰਚ ਵਿਚ ਹੋਣ। ਉਨ੍ਹਾਂ ਨੂੰ ਉਪਕਰਣਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿਓ। ਜੇਕਰ ਉਹ ਜ਼ਿਆਦਾ ਸਮਾਂ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਸਾਫ਼ ਪੀਣ ਵਾਲਾ ਪਾਣੀ, ਬੈਠਣ ਲਈ ਸਹੀ ਜਗ੍ਹਾ ਅਤੇ ਭੋਜਨ ਵੀ ਪ੍ਰਦਾਨ ਕਰੋ।

ਇਸ ਤੋਂ ਇਲਾਵਾ, ਮੌਸਮੀ ਸਹਾਇਤਾ ਪ੍ਰਦਾਨ ਕਰਨ ਬਾਰੇ ਵਿਚਾਰ ਕਰੋ ਜਿਵੇਂ ਕਿ ਗਰਮੀਆਂ ਵਿਚ ਪੱਖੇ ਜਾਂ ਕੂਲਰ ਅਤੇ ਸਰਦੀਆਂ ਵਿਚ ਗਰਮ ਕੱਪੜੇ। ਜੇ ਸੰਭਵ ਹੋਵੇ, ਤਾਂ ਉਨ੍ਹਾਂ ਨੂੰ ਸਿਹਤ ਬੀਮਾ ਪ੍ਰਦਾਨ ਕਰੋ ਜਾਂ ਡਾਕਟਰੀ ਖਰਚਿਆਂ ਵਿਚ ਮਦਦ ਕਰੋ। ਇਹ ਨਾ ਸਿਰਫ਼ ਇਕ ਦਾਨੀ ਕਾਰਜ ਹੈ, ਸਗੋਂ ਅਜਿਹਾ ਕਰਨ ਨਾਲ ਤੁਹਾਡੇ ਅਤੇ ਉਨ੍ਹਾਂ ਵਿਚਕਾਰ ਦੋਸਤੀ ਵੀ ਵਧਦੀ ਹੈ।

ਭਾਰਤ ਵਿਚ ਘਰੇਲੂ ਕਾਮਿਆਂ ਦੇ ਅਧਿਕਾਰਾਂ ਸੰਬੰਧੀ ਕਾਨੂੰਨਾਂ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਕ ਮਾਲਕ ਹੋਣ ਦੇ ਨਾਤੇ, ਤੁਹਾਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਘਰੇਲੂ ਕਾਮਿਆਂ ਦੇ ਅਧਿਕਾਰ ਹਨ ਜਿਵੇਂ ਕਿ ਘੱਟੋ-ਘੱਟ ਉਜਰਤ, ਜਿਨਸੀ ਪਰੇਸ਼ਾਨੀ ਤੋਂ ਸੁਰੱਖਿਆ ਅਤੇ ਕੰਮ ਵਾਲੀ ਥਾਂ ’ਤੇ ਵਿਤਕਰੇ ਤੋਂ ਆਜ਼ਾਦੀ। ਇਨ੍ਹਾਂ ਦੀ ਉਲੰਘਣਾ ਨਾ ਕਰੋ।

14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰੇਲੂ ਕੰਮ ਲਈ ਰੱਖਣਾ ਗੈਰ-ਕਾਨੂੰਨੀ ਹੈ। ਯਕੀਨੀ ਬਣਾਓ ਕਿ ਤੁਹਾਡੇ ਕਰਮਚਾਰੀ ਬਾਲਗ ਹਨ। ਜੇ ਸੰਭਵ ਹੋਵੇ, ਤਾਂ ਕਰਮਚਾਰੀ ਨਾਲ ਇਕ ਸਾਧਾਰਨ ਲਿਖਤੀ ਇਕਰਾਰਨਾਮਾ ਕਰੋ ਜਿਸ ਵਿਚ ਤਨਖਾਹ, ਕੰਮ ਦੇ ਘੰਟੇ, ਛੁੱਟੀਆਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਤੌਰ ’ਤੇ ਦੱਸੀਆਂ ਗਈਆਂ ਹੋਣ ਤਾਂ ਜੋ ਬਾਅਦ ਵਿਚ ਕੋਈ ਵਿਵਾਦ ਨਾ ਹੋਵੇ।

ਘਰੇਲੂ ਕਾਮੇ ਵੀ ਸਾਡੇ ਸਮਾਜ ਦਾ ਇਕ ਮਹੱਤਵਪੂਰਨ ਹਿੱਸਾ ਹਨ। ਫਿਰ ਵੀ ਉਨ੍ਹਾਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ। ਇਕ ਮਾਲਕ ਦੇ ਤੌਰ ’ਤੇ, ਤੁਸੀਂ ਉਨ੍ਹਾਂ ਦੇ ਜੀਵਨ ਵਿਚ ਇਕ ਸਕਾਰਾਤਮਕ ਬਦਲਾਅ ਵੀ ਲਿਆ ਸਕਦੇ ਹੋ। ਜੇਕਰ ਤੁਹਾਡੇ ਕਰਮਚਾਰੀ ਜਾਂ ਉਨ੍ਹਾਂ ਦੇ ਬੱਚੇ ਪੜ੍ਹਾਈ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਕੂਲਾਂ ਜਾਂ ਸਿਖਲਾਈ ਕੇਂਦਰਾਂ ਨਾਲ ਜੁੜਨ ਵਿਚ ਮਦਦ ਕਰੋ। ਉਨ੍ਹਾਂ ਨੂੰ ਆਪਣੇ ਹੁਨਰ ਵਿਕਸਤ ਕਰਨ ਲਈ ਉਤਸ਼ਾਹਿਤ ਕਰੋ। ਉਨ੍ਹਾਂ ਨੂੰ ਆਪਣੇ ਘਰ ਦੇ ਛੋਟੇ-ਛੋਟੇ ਜਸ਼ਨਾਂ ਵਿਚ ਸ਼ਾਮਲ ਕਰੋ, ਜਿਵੇਂ ਕਿ ਜਨਮਦਿਨ ਜਾਂ ਹੋਰ ਤਿਉਹਾਰ। ਇਸ ਨਾਲ ਉਨ੍ਹਾਂ ਨੂੰ ਘਰ ਵਰਗਾ ਮਹਿਸੂਸ ਹੁੰਦਾ ਹੈ। ਜੇਕਰ ਤੁਸੀਂ ਹੋਰਨਾਂ ਨੂੰ ਘਰੇਲੂ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਦੇ ਦੇਖਦੇ ਹੋ, ਤਾਂ ਵਿਰੋਧ ਕਰੋ ਅਤੇ ਜਾਗਰੂਕਤਾ ਫੈਲਾਓ।

ਕਈ ਵਾਰ ਤੁਹਾਡੇ ਅਤੇ ਕਰਮਚਾਰੀਆਂ ਵਿਚਕਾਰ ਮਤਭੇਦ ਜਾਂ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਦਾ ਹੱਲ ਸ਼ਾਂਤੀਪੂਰਵਕ ਅਤੇ ਸਮਝਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕੋਈ ਕਰਮਚਾਰੀ ਗਲਤੀ ਕਰਦਾ ਹੈ, ਤਾਂ ਉਸ ਨੂੰ ਝਿੜਕਣ ਦੀ ਬਜਾਏ, ਉਸ ਨੂੰ ਸਮਝਾਓ ਅਤੇ ਉਸ ਨੂੰ ਸੁਧਾਰ ਕਰਨ ਦਾ ਮੌਕਾ ਦਿਓ। ਪੇਂਡੂ ਖੇਤਰਾਂ ਤੋਂ ਆਉਣ ਵਾਲੇ ਕਾਮੇ ਸ਼ਹਿਰੀ ਜੀਵਨ ਸ਼ੈਲੀ ਤੋਂ ਅਣਜਾਣ ਹੋ ਸਕਦੇ ਹਨ। ਉਨ੍ਹਾਂ ਨੂੰ ਧੀਰਜ ਨਾਲ ਸਮਝਾਓ ਅਤੇ ਸਿਖਲਾਈ ਦਿਓ। ਜੇਕਰ ਕੋਈ ਵੱਡਾ ਵਿਵਾਦ ਹੈ, ਤਾਂ ਪਰਿਵਾਰ ਦੇ ਕਿਸੇ ਸੀਨੀਅਰ ਮੈਂਬਰ ਜਾਂ ਕਿਸੇ ਨਿਰਪੱਖ ਵਿਅਕਤੀ ਤੋਂ ਮਦਦ ਲਓ।

ਘਰੇਲੂ ਕਾਮਿਆਂ ਨਾਲ ਕੀਤਾ ਜਾਣ ਵਾਲਾ ਸਲੂਕ ਸਿਰਫ਼ ਮਾਲਕ-ਕਾਮੇ ਦੇ ਰਿਸ਼ਤੇ ਤੱਕ ਸੀਮਤ ਨਹੀਂ ਹੈ। ਇਹ ਮਨੁੱਖਤਾ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ਡੂੰਘੀਆਂ ਹਨ, ਘਰੇਲੂ ਕਾਮਿਆਂ ਪ੍ਰਤੀ ਸਾਡਾ ਵਿਵਹਾਰ ਸਮਾਜ ਵਿਚ ਤਬਦੀਲੀ ਲਿਆਉਣ ਵੱਲ ਇਕ ਛੋਟਾ ਪਰ ਮਹੱਤਵਪੂਰਨ ਕਦਮ ਹੋ ਸਕਦਾ ਹੈ।

ਸਤਿਕਾਰ, ਉਚਿਤ ਮਿਹਨਤਾਨਾ, ਸੁਰੱਖਿਆ ਅਤੇ ਸੰਚਾਰ ਰਾਹੀਂ, ਅਸੀਂ ਨਾ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ, ਸਗੋਂ ਆਪਣੇ ਘਰਾਂ ਵਿਚ ਇਕ ਸਕਾਰਾਤਮਕ ਅਤੇ ਸਦਭਾਵਨਾ ਵਾਲਾ ਮਾਹੌਲ ਵੀ ਬਣਾ ਸਕਦੇ ਹਾਂ। ਆਓ ਆਪਾਂ ਮਿਲ ਕੇ ਇਕ ਅਜਿਹਾ ਸੱਭਿਆਚਾਰ ਬਣਾਈਏ ਜਿੱਥੇ ਹਰ ਮਿਹਨਤੀ ਵਿਅਕਤੀ ਨੂੰ ਉਹ ਸਤਿਕਾਰ ਅਤੇ ਅਧਿਕਾਰ ਮਿਲੇ ਜਿਸ ਦਾ ਉਹ ਹੱਕਦਾਰ ਹੈ।

–ਵਿਨੀਤ ਨਾਰਾਇਣ


author

Harpreet SIngh

Content Editor

Related News