ਲਿੰਗਕ ਸਮਾਨਤਾ ਦਾ ਮੂਲ ਚਿੰਤਨ

Tuesday, Mar 05, 2024 - 02:39 PM (IST)

ਲਿੰਗਕ ਸਮਾਨਤਾ ਦਾ ਮੂਲ ਚਿੰਤਨ

ਈਸ਼ਵਰ ਦੀ ਬਣਾਈ ਇਸ ਸ੍ਰਿਸ਼ਟੀ ’ਚ ਮਨੁੱਖ ਵਜੋਂ ਜਨਮ ਲੈਣਾ ਇਕ ਦੁਰਲੱਭ ਖੁਸ਼ਕਿਸਮਤੀ ਦੀ ਗੱਲ ਹੁੰਦੀ ਹੈ ਅਤੇ ਹੁਣ ਜਦ ਉਹ ਜਨਮ ਇਕ ਇਸਤਰੀ ਦੇ ਰੂਪ ’ਚ ਮਿਲਦਾ ਹੈ ਤਾਂ ਉਹ ਪਰਮ ਖੁਸ਼ਕਿਸਮਤੀ ਦਾ ਵਿਸ਼ਾ ਹੁੰਦਾ ਹੈ ਕਿਉਂਕਿ ਇਸਤਰੀ ਈਸ਼ਵਰ ਦੀ ਸਭ ਤੋਂ ਖੂਬਸੂਰਤ ਉਹ ਕਲਾਕ੍ਰਿਤੀ ਹੈ ਜਿਸ ਨੂੰ ਉਸ ਨੇ ਸਿਰਜਣਾ ਕਰਨ ਦੀ ਪਾਤਰਤਾ ਦਿੱਤੀ ਹੈ।

ਸਨਾਤਨ ਸੱਭਿਆਚਾਰ ਅਨੁਸਾਰ ਸੰਸਾਰ ਦੇ ਹਰ ਜੀਵ ਵਾਂਗ ਇਸਤਰੀ ਅਤੇ ਪੁਰਸ਼ ਦੋਵਾਂ ’ਚ ਹੀ ਈਸ਼ਵਰ ਦਾ ਅੰਸ਼ ਹੁੰਦਾ ਹੈ ਪਰ ਇਸਤਰੀ ਨੂੰ ਉਸ ਨੇ ਕੁਝ ਵਿਸ਼ੇਸ਼ ਗੁਣਾਂ ਨਾਲ ਿਨਵਾਜਿਆ ਹੈ। ਇਹ ਗੁਣ ਉਸ ’ਚ ਕੁਦਰਤੀ ਰੂਪ ’ਚ ਪਾਏ ਜਾਂਦੇ ਹਨ ਿਜਵੇਂ ਸਹਿਣਸ਼ੀਲਤਾ, ਕੋਮਲਤਾ, ਪ੍ਰੇਮ, ਤਿਆਗ, ਬਲਿਦਾਨ, ਮਮਤਾ।

ਦੇਖਿਆ ਜਾਵੇ ਤਾਂ ਇਸ ਸ੍ਰਿਸ਼ਟੀ ਦੇ ਕ੍ਰਮ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ’ਚ ਜੋ ਜ਼ਿੰਮੇਵਾਰੀਆਂ ਇਸਤਰੀ ਨੂੰ ਸੌਂਪੀਆਂ ਹਨ, ਉਨ੍ਹਾਂ ਲਈ ਇਕ ਨਾਰੀ ’ਚ ਇਨ੍ਹਾਂ ਗੁਣਾਂ ਦਾ ਹੋਣਾ ਜ਼ਰੂਰੀ ਵੀ ਹੈ ਪਰ ਇਸ ਦੇ ਨਾਲ ਹੀ ਸਾਡੇ ਸਨਾਤਨ ਸੱਭਿਆਚਾਰ ’ਚ ਸ਼ਿਵ ਦਾ ਅਰਧਨਾਰੀਸ਼ਵਰ ਰੂਪ ਸਾਨੂੰ ਇਹ ਵੀ ਦੱਸਦਾ ਹੈ ਕਿ ਇਸਤਰੀ ਅਤੇ ਮਰਦ ਇਕ-ਦੂਜੇ ਦੇ ਪੂਰਕ ਹਨ, ਮੁਕਾਬਲੇਬਾਜ਼ ਨਹੀਂ ਅਤੇ ਇਸਤਰੀ ਦੇ ਇਹ ਗੁਣ ਉਸਦੀ ਸ਼ਕਤੀ ਹਨ, ਕਮਜ਼ੋਰੀ ਨਹੀਂ।

ਭਾਰਤ ਤਾਂ ਉਹ ਭੂਮੀ ਰਹੀ ਹੈ ਜਿੱਥੇ ਪ੍ਰਭੂ ਸ਼੍ਰੀ ਰਾਮ ਨੇ ਵੀ ਸੀਤਾ ਮਾਤਾ ਦੀ ਗੈਰ-ਹਾਜ਼ਰੀ ’ਚ ਅਸ਼ਵਮੇਧ ਯੱਗ ਉਨ੍ਹਾਂ ਦੀ ਸੋਨੇ ਦੀ ਮੂਰਤੀ ਨਾਲ ਕੀਤਾ ਸੀ। ਭਾਰਤ ਦੀ ਸੰਸਕ੍ਰਿਤੀ ਤਾਂ ਉਹ ਹੈ ਜਿੱਥੇ ਕ੍ਰਿਸ਼ਨ ਭਗਵਾਨ ਨੂੰ ਨੰਦਲਾਲ ਕਿਹਾ ਜਾਂਦਾ ਸੀ ਤਾਂ ਉਹ ਦੇਵਕੀਨੰਦਨ ਅਤੇ ਯਸ਼ੋਦਾਨੰਦਨ ਵੀ ਸਨ। ਸ਼੍ਰੀ ਰਾਮ ਦਸ਼ਰਥ ਨੰਦਨ ਸਨ ਤਾਂ ਕੌਸ਼ੱਲਿਆ ਨੰਦਨ ਹੋਣ ਦੇ ਨਾਲ-ਨਾਲ ਸਿਆਵਰ ਵੀ ਸਨ। ਭਾਰਤ ਤਾਂ ਉਹ ਰਾਸ਼ਟਰ ਰਿਹਾ ਹੈ ਜਿੱਥੇ ਮੈਤ੍ਰੇਈ, ਗਾਰਗੀ, ਇੰਦਰਾਣੀ, ਲੋਪਮੁਦਰਾ ਵਰਗੀਆਂ ਵੇਦ ਮੰਤਰ ਜਾਣਨ ਵਾਲੀਆਂ ਵਿਦਵਾਨੀ ਔਰਤਾਂ ਸਨ ਤਾਂ ਕੈਕਈ ਵਰਗੀਆਂ ਰਾਣੀਆਂ ਵੀ ਸਨ ਜੋ ਯੁੱਧ ’ਚ ਰਾਜਾ ਦਸ਼ਰਥ ਦੀਆਂ ਸਾਰਥੀ ਹੀ ਨਹੀਂ ਸਨ ਸਗੋਂ ਯੁੱਧ ’ਚ ਰਾਜਾ ਦਸ਼ਰਥ ਦੇ ਜ਼ਖਮੀ ਹੋਣ ਦੀ ਸਥਿਤੀ ’ਚ ਉਨ੍ਹਾਂ ਦੀਆਂ ਪ੍ਰਾਣ ਰੱਖਿਅਕ ਵੀ ਬਣੀਆਂ।

ਪਰ ਇਸ ਨੂੰ ਕੀ ਕਿਹਾ ਜਾਵੇ ਕਿ ਇਸਤਰੀ ਸ਼ਕਤੀ ਦੇ ਅਜਿਹੇ ਮਾਣ-ਮੱਤੇ ਸੱਭਿਆਚਾਰਕ ਅਤੀਤ ਦੇ ਬਾਵਜੂਦ ਵਰਤਮਾਨ ਭਾਰਤ ’ਚ ਔਰਤਾਂ ਨੂੰ ਸਮਾਜਿਕ ਤੌਰ ’ਤੇ ਸਮਰੱਥ ਕਰਨ ਦੀ ਦਿਸ਼ਾ ’ਚ ਸਰਕਾਰਾਂ ਨੂੰ ਮਹਿਲਾ ਦਿਵਸ ਮਨਾਉਣ ਵਰਗੇ ਵੱਖ-ਵੱਖ ਯਤਨ ਕਰਨੇ ਪੈ ਰਹੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਅੱਜ ਜਦ ਅਸੀਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਅਤੇ ਿਲੰਗਕ ਸਮਾਨਤਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਮੁੱਦਾ ਤਾਂ ਸਹੀ ਉਠਾਉਂਦੇ ਹਾਂ ਪਰ ਵਿਸ਼ੇ ਤੋਂ ਭਟਕ ਜਾਂਦੇ ਹਾਂ। ਮੁੱਦੇ ਦੀ ਗੱਲ ਕਰੀਏ ਤਾਂ ਅੱਜ ਔਰਤਾਂ ਹਰ ਖੇਤਰ ’ਚ ਆਪਣੇ ਕਦਮ ਰੱਖ ਰਹੀਆਂ ਹਨ।

ਧਰਤੀ ਹੋਵੇ ਜਾਂ ਆਕਾਸ਼, ਆਈ. ਟੀ. ਸੈਕਟਰ ਹੋਵੇ ਜਾਂ ਮਕੈਨੀਕਲ, ਸਮਾਜ ਸੇਵਾ ਹੋਵੇ ਜਾਂ ਸਿਆਸਤ ਔਰਤਾਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਹੀਆਂ ਹਨ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਵੀ ਮੰਨਵਾ ਰਹੀਆਂ ਹਨ। ਅੱਜ ਦੁਨੀਆ ਦੇ ਕਈ ਦੇਸ਼ਾਂ ਦੇ ਚੋਟੀ ਦੇ ਅਹੁਦਿਆਂ ’ਤੇ ਔਰਤਾਂ ਬਿਰਾਜਮਾਨ ਹਨ। ਇਸ ਤੋਂ ਇਲਾਵਾ ਅੱਜ ਦੇ ਆਤਮਨਿਰਭਰ ਭਾਰਤ ਦੇ ਇਸ ਦੌਰ ’ਚ ਅਨੇਕ ਮਹਿਲਾ ਉੱਦਮੀ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਦੇ ਰਹੀਆਂ ਹਨ।

ਪਰ ਇਹ ਤਸਵੀਰ ਦਾ ਇਕ ਪਾਸਾ ਹੈ। ਤਸਵੀਰ ਦਾ ਦੂਜਾ ਪਾਸਾ ਹੈ 2021 ਦੀ ਇਕ ਸਰਵੇ ਰਿਪਰੋਟ ਜਿਸ ’ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ 37 ਫੀਸਦੀ ਔਰਤਾਂ ਨੂੰ ਉਸੇ ਕੰਮ ਲਈ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ। 85 ਫੀਸਦੀ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਰੱਕੀ ਅਤੇ ਤਨਖਾਹ ਦੇ ਮਾਮਲੇ ’ਚ ਨੌਕਰੀ ’ਚ ਮਰਦਾਂ ਦੇ ਬਰਾਬਰ ਮੌਕੇ ਨਹੀਂ ਮਿਲਦੇ।

ਲਿੰਕਡਇਨ ਦੀ ਇਸ ਸਰਵੇ ਰਿਪੋਰਟ ਅਨੁਸਾਰ ਅੱਜ ਵੀ ਕਾਰਜ ਸਥਾਨ ’ਤੇ ਕੰਮਕਾਜੀ ਔਰਤਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਔਰਤਾਂ ਨੂੰ ਕੰਮ ਕਰਨ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਦੇ ਮਾਮਲੇ ’ਚ 55 ਦੇਸ਼ਾਂ ਦੀ ਸੂਚੀ ’ਚ ਭਾਰਤ 52ਵੇਂ ਨੰਬਰ ’ਤੇ ਹੈ।

ਇਸ ਨੂੰ ਕੀ ਕਿਹਾ ਜਾਵੇ ਕਿ ਅਸੀਂ ਵਿਸ਼ਵ ਪੱਧਰ ’ਤੇ ਮਹਿਲਾ ਦਿਵਸ ਵਰਗੇ ਆਯੋਜਨ ਕਰਦੇ ਹਾਂ ਜਿਨ੍ਹਾਂ ’ਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦੀਆਂ ਗੱਲਾਂ ਕਰਦੇ ਹਾਂ ਪਰ ਜਦ ਤਨਖਾਹ, ਤਰੱਕੀ, ਬਰਾਬਰ ਮੌਕੇ ਪ੍ਰਦਾਨ ਕਰਨ ਵਰਗੇ ਵਿਸ਼ੇ ਆਉਂਦੇ ਹਨ ਤਾਂ ਅਸੀਂ 55 ਦੇਸ਼ਾਂ ਦੀ ਸੂਚੀ ’ਚ ਆਖਰੀ ਪੌਡੇ ’ਤੇ ਹੁੰਦੇ ਹਾਂ।

ਜ਼ਾਹਿਰ ਹੈ ਕਿ ਜਦ ਇਸ ਮੁੱਦੇ ’ਤੇ ਚਰਚਾ ਹੁੰਦੀ ਹੈ ਤਾਂ ਕਈ ਤਰਕਾਂ-ਵਿਤਰਕਾਂ ਰਾਹੀਂ ਔਰਤ ਸਸ਼ਕਤੀਕਰਨ ਤੋਂ ਲੈ ਕੇ ਨਾਰੀ ਮੁਕਤੀ ਅਤੇ ਇਸਤਰੀ ਉਦਾਰਵਾਦ ਤੋਂ ਲੈ ਕੇ ਲਿੰਗਕ ਬਰਾਬਰੀ ਵਰਗੇ ਭਾਰੀ ਭਰਕਮ ਸ਼ਬਦ ਵੀ ਸਾਹਮਣੇ ਆਉਂਦੇ ਹਨ ਅਤੇ ਇੱਥੇ ਹੀ ਅਸੀਂ ਵਿਸ਼ੇ ਤੋਂ ਭਟਕ ਜਾਂਦੇ ਹਾਂ ਕਿਉਂਕਿ ਉਪਰੋਕਤ ਵਿਚਾਰਾਂ ਨਾਲ ਸ਼ੁਰੂ ਹੁੰਦਾ ਹੈ ਪਿੱਤਰਸੱਤਾ ਵਾਲੇ ਸਮਾਜ ਦਾ ਵਿਰੋਧ।

ਇਹ ਵਿਰੋਧ ਸ਼ੁਰੂ ਹੁੰਦਾ ਹੈ ਮਰਦਾਂ ਨਾਲ ਬਰਾਬਰੀ ਦੇ ਵਤੀਰੇ ਨਾਲ। ਮਰਦਾਂ ਵਰਗੇ ਕੱਪੜਿਆਂ ਤੋਂ ਲੈ ਕੇ ਮਰਦਾਂ ਵਰਗਾ ਆਹਾਰ-ਵਿਹਾਰ ਜਿਸ ’ਚ ਸ਼ਰਾਬ, ਪਾਨ, ਸਿਗਰਟ ਸੇਵਨ ਤੱਕ ਸ਼ਾਮਲ ਹੁੰਦੇ ਹਨ। ਜ਼ਾਹਿਰ ਹੈ ਕਿ ਨਾਮਨਿਹਾਦ ਉਦਾਰਵਾਦੀਆਂ ਦਾ ਇਸਤਰੀ ਸਬੰਧੀ ਵਿਚਾਰਾਂ ਦਾ ਇਹ ਅੰਦੋਲਨ ਉਦਾਰਵਾਦ ਦੇ ਨਾਂ ’ਤੇ ਫੂਹੜਤਾ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਬਰਾਬਰੀ ਦੇ ਨਾਂ ’ਤੇ ਮਾਨਸਿਕ ਦੀਵਾਲੀਏਪਨ ’ਤੇ ਖਤਮ ਹੋ ਜਾਂਦਾ ਹੈ।

ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਔਰਤਾਂ ਲਈ ਲਿੰਗਕ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨਾਲ ਹੋਣ ਵਾਲੇ ਲਿੰਗਕ ਭੇਦਭਾਵ ਦੀ ਗੱਲ ਕਰ ਰਹੇ ਹੁੰਦੇ ਹਾਂ। ਇਸ ਕ੍ਰਮ ’ਚ ਸਮਝਣ ਵਾਲਾ ਵਿਸ਼ਾ ਇਹ ਹੈ ਕਿ ਜੇਕਰ ਇਹ ਲਿੰਗਕ ਭੇਦਭਾਵ ਸਿਰਫ ਔਰਤਾਂ ਵੱਲੋਂ ਮਰਦਾਂ ਵਰਗੇ ਕੱਪੜੇ ਪਹਿਨਣ ਜਾਂ ਫਿਰ ਆਚਰਣ ਰੱਖਣ ਵਰਗੇ ਸਤਹੀ ਆਚਰਣ ਨਾਲ ਖਤਮ ਹੋਣਾ ਹੁੰਦਾ ਤਾਂ ਅਮਰੀਕਾ ਅਤੇ ਯੂਰਪੀ ਸੰਘ ਵਰਗੇ ਨਾਮਨਿਹਾਦ ਵਿਕਸਤ ਅਤੇ ਆਧੁਨਿਕ ਦੇਸ਼ਾਂ ’ਚ ਇਹ ਸਭ ਕਦੋਂ ਦਾ ਖਤਮ ਹੋ ਗਿਆ ਹੁੰਦਾ।

ਡਾ. ਨੀਲਮ ਮਹੇਂਦਰ


author

Rakesh

Content Editor

Related News