ਅਸ਼ਲੀਲਤਾ ਪਰੋਸਣ ਵਾਲੇ ਓ.ਟੀ.ਟੀ. ਪਲੇਟਫਾਰਮਾਂ ’ਤੇ ਪਾਬੰਦੀ ਦੇਰ ਨਾਲ ਲਿਆ ਗਿਆ ਸਹੀ ਫੈਸਲਾ
Sunday, Mar 17, 2024 - 02:30 AM (IST)
ਇਸ ਸਮੇਂ ਦੇਸ਼ ’ਚ ਕਈ ਓ.ਟੀ.ਟੀ. ਪਲੇਟਫਾਰਮ ਅਤੇ ਐਪ ਹੋਂਦ ’ਚ ਆ ਗਏ ਹਨ ਜੋ ਸਬਸਕ੍ਰਿਪਸ਼ਨ ਮਾਡਲ ’ਤੇ ਪੈਸੇ ਲੈ ਕੇ ਹਰ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਪਰੋਸ ਰਹੇ ਹਨ। ਇਸ ਦੇ ਤਹਿਤ ਕਹਾਣੀ ਦੇ ਰੂਪ ’ਚ ਛੋਟੀਆਂ ਫਿਲਮਾਂ ਅਤੇ ਅਸ਼ਲੀਲ ਆਡੀਓ ਕਹਾਣੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਦੂਜੇ ਦਰਜੇ ਦੇ ਓ.ਟੀ.ਟੀ. ਪਲੇਟਫਾਰਮਾਂ ’ਤੇ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਸਨ ਜਿਸ ਨਾਲ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਦੇ ਕਿਰਦਾਰ ’ਤੇ ਉਲਟ ਪ੍ਰਭਾਵ ਪੈ ਰਿਹਾ ਸੀ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਕੇਂਦਰ ਸਰਕਾਰ ਨੇ 18 ਓ.ਟੀ.ਟੀ. ਪਲੇਟਫਾਰਮਾਂ, 19 ਵੈੱਬਸਾਈਟਾਂ, 10 ਐਪਸ ਅਤੇ ਇਨ੍ਹਾਂ ਨਾਲ ਜੁੜੇ 57 ਸੋਸ਼ਲ ਮੀਡੀਆ ਅਕਾਊਂਟਸ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ’ਚ ਡਰੀਮ ਫਿਲਮਜ਼, ਅਨਕੱਟ ਅੱਡਾ, ਬੇਸ਼ਰਮਸ, ਐਕਸ ਵੀ.ਆਈ.ਪੀ., ਹੰਟਰਸ, ਮੂਡ ਐਕਸ, ਪ੍ਰਾਈਮ ਪਲੇਅ ਆਦਿ ਸ਼ਾਮਲ ਹਨ। ਇਨ੍ਹਾਂ ਦੇ ਸਬਸਕ੍ਰਾਈਬਰ ਇਨ੍ਹਾਂ ਨੂੰ ਆਪਣੇ ਘਰ ਦੇ ਟੀ.ਵੀ. ’ਤੇ ਨਹੀਂ ਸਗੋਂ ਜ਼ਿਆਦਾਤਰ ਮੋਬਾਈਲ ਜਾਂ ਲੈਪਟਾਪ ’ਤੇ ਹੀ ਦੇਖਦੇ ਹਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਸਬੰਧ ’ਚ ਕਿਹਾ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ, ਮੰਤਰਾਲਿਆਂ, ਮਾਹਿਰਾਂ ਅਤੇ ਮਹਿਲਾ ਅਤੇ ਬਾਲ ਅਧਿਕਾਰ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨ ਪਿੱਛੋਂ ਓ.ਟੀ.ਟੀ. ਪਲੇਟਫਾਰਮਾਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਨ੍ਹਾਂ ’ਤੇ ਸੂਚਨਾ ਤਕਨਾਲੋਜੀ ਦੀਆਂ ਧਾਰਾਵਾਂ 67 ਅਤੇ 67 ਏ ਦੇ ਭਾਰਤੀ ਦੰਡ ਵਿਧਾਨ ਦੀ ਧਾਰਾ 292 ਅਤੇ ਔਰਤਾਂ ਦੇ ਅਸ਼ਲੀਲ ਪ੍ਰਤੀਨਿਧਤਾ (ਰੋਕੂ) ਕਾਨੂੰਨ 1986 ਦੀ ਧਾਰਾ 4 ਦੀ ਉਲੰਘਣਾ ਕਰਨ ਲਈ ਪਾਬੰਦੀ ਲਾਈ ਗਈ ਹੈ, ਕਿਉਂਕਿ ਇਨ੍ਹਾਂ ਪਲੇਟਫਾਰਮਾਂ ’ਤੇ ਪੇਸ਼ ਕੀਤੇ ਜਾਣ ਵਾਲਾ ਕੰਟੈਂਟ ਅਸ਼ਲੀਲ ਅਤੇ ਔਰਤਾਂ ਨੂੰ ਨਿਰਾਦਰ ਭਰੇ ਤਰੀਕੇ ਨਾਲ ਦਿਖਾ ਰਿਹਾ ਸੀ।
ਸੋਸ਼ਲ ਮੀਡੀਆ ’ਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਦੇਰ ਨਾਲ ਲਿਆ ਗਿਆ ਇਹ ਸਹੀ ਫੈਸਲਾ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਜਿਨ੍ਹਾਂ ਅਜਿਹੇ ਓ.ਟੀ.ਟੀ. ਪਲੇਟਫਾਰਮਾਂ ’ਤੇ ਹਾਲੇ ਤਕ ਪਾਬੰਦੀ ਨਹੀਂ ਲਗਾਈ ਗਈ ਹੈ, ਉਨ੍ਹਾਂ ਦਾ ਪਤਾ ਲਾ ਕੇ ਉਨ੍ਹਾਂ ’ਤੇ ਵੀ ਜਲਦੀ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ