ਬਾਦਲ ਸਾਹਿਬ ਦੇ ਤੇਵਰ : ਵੱਡੇ ਭਰਾ ਦਾ ਦਾਅਵਾ ਖੁੱਸ ਜਾਣ ਦਾ ਡਰ?

03/05/2020 1:38:47 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਬੀਤੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਸਰਗਰਮ ਸਿਆਸਤ ਨਾਲੋਂ ਅਲੱਗ- ਥਲੱਗ ਕੀਤਾ ਹੋਇਆ ਸੀ, ਇਥੋਂ ਤਕ ਕਿ ਪੰਜਾਬ ਵਿਧਾਨ ਸਭਾ ਦੇ ਸਨਮਾਨਿਤ ਮੈਂਬਰ ਹੁੰਦੇ ਹੋਏ ਵੀ ਉਹ ਉਸਦੀਆਂ ਬੈਠਕਾਂ ਵਿਚ ਹਿੱਸਾ ਨਹੀਂ ਲੈ ਰਹੇ ਸਨ, ਦੇ ਅਚਾਨਕ ਹੀ ਦਿੱਲੀ ’ਚ ਹੋਈ ਹਿੰਸਾ ਨੂੰ ਆਧਾਰ ਬਣਾ ਕੇ ਕੇਂਦਰੀ ਸਰਕਾਰ ’ਤੇ ਹੱਲਾ ਬੋਲਦੇ ਹੋਏ, ਸਿਆਸਤ ’ਚ ਸਰਗਰਮ ਹੋ ਜਾਣ ਨੂੰ ਸਿਆਸੀ ਗਲਿਆਰਿਆਂ ’ਚ ਬੜੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਖਬਰਾਂ ਅਨੁਸਾਰ ਦਿੱਲੀ ਵਿਚ ਹੋਈ ਹਿੰਸਾ ਨੂੰ ਲੈ ਕੇ ਸ. ਬਾਦਲ ਨੇ ਕਿਹਾ ਹੈ ਕਿ 1984 ਤੋਂ ਬਾਅਦ ਹੁਣ ਦਿੱਲੀ ’ਚ ਹੋਈਆਂ ਹਿੰਸਕ ਘਟਨਾਵਾਂ ਬਹੁਤ ਦੁਖਦਾਈ ਹਨ। ਸਰਕਾਰ ਕੇਂਦਰ ਦੀ ਹੋਵੇ ਜਾਂ ਸੂਬੇ ਦੀ, ਉਸ ਦੇ ਲਈ ਭਾਰਤੀ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਸਮਝਣਾ ਅਤੇ ਘੱਟਗਿਣਤੀਆਂ ਸਮੇਤ ਸਾਰਿਆਂ ਦਾ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਹੈ। ਉਹ ਇਹ ਕਹਿਣ ਤੋਂ ਵੀ ਨਹੀਂ ਖੁੰਝੇ ਕਿ ਅੱਜ ਦੇਸ਼ ਵਿਚ ਨਾ ਤਾਂ ਧਰਮ ਨਿਰਪੱਖਤਾ ਰਹਿ ਗਈ ਅਤੇ ਨਾ ਹੀ ਸਮਾਜਵਾਦ, ਲੋਕਤੰਤਰ ਵੀ ਲੋਕ ਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਤਕ ਸੀਮਤ ਰਹਿ ਗਿਆ ਹੈ। ਪੰਜਾਬ ਅਤੇ ਅਕਾਲੀ ਰਾਜਨੀਤੀ ਨਾਲ ਸਬੰਧਤ ਚੱਲੇ ਆ ਰਹੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਅਚਾਨਕ ਹੀ ਪਰਦੇ ਦੇ ਪਿੱਛਿਓਂ ਸਾਹਮਣੇ ਆ ਕੇ ਕੇਂਦਰੀ ਸਰਕਾਰ ’ਤੇ ਹੱਲਾ ਬੋਲਣਾ ਆਮ ਲੋਕਾਂ ਲਈ ਤਾਂ ਹੈਰਾਨੀਜਨਕ ਹੋ ਸਕਦਾ ਹੈ ਪਰ ਉਨ੍ਹਾਂ ਦੀਆਂ ਨਜ਼ਰਾਂ ’ਚ ਅਜਿਹਾ ਨਹੀਂ ਹੈ। ਇਸ ਦਾ ਕਾਰਣ ਉਹ ਇਹ ਦੱਸਦੇ ਹਨ ਕਿ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ’ਚ ਹੋਏ ਗੋਲੀਕਾਂਡ ਕਾਰਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਗ੍ਰਾਫ ਲਗਾਤਾਰ ਡਿਗਦਾ ਚਲਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਨਾਗਰਿਕਤਾ ਨਾਲ ਸਬੰਧਤ ਕਾਨੂੰਨਾਂ ਦਾ ਸਿੱਖ ਜਗਤ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਅਕਾਲੀ ਸੰਸਦ ਮੈਂਬਰਾਂ ਦਾ ਇਨ੍ਹਾਂ ਦੇ ਪੱਖ ’ਚ ਵੋਟ ਪਾਉਣਾ ਅਤੇ ਦਿੱਲੀ ’ਚ ਹੋਈ ਹਿੰਸਾ ’ਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਦੀ ਚੁੱਪ ਬਾਦਲ ਅਕਾਲੀ ਦਲ ਲਈ ਖਤਰਨਾਕ ਸਾਬਤ ਹੋ ਰਹੀ ਹੈ। ਇਨ੍ਹਾਂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇੱਧਰ ਇਸ ਤਰ੍ਹਾਂ ਬਾਦਲ ਅਕਾਲੀ ਦਲ ਦੇ ਵਿਰੁੱਧ ਬਣੇ ਵਾਤਾਵਰਣ ਦਾ ਲਾਭ ਉਠਾਉਂਦੇ ਹੋਏ ਪੰਜਾਬ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਦਾ ਸਰਗਰਮ ਹੋਣ, ਆਪਣੀ ਸਥਿਤੀ ਮਜ਼ਬੂਤ ਕਰਨ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਅਾਂ ਚੋਣਾਂ ਲਈ ਵੱਡੇ ਭਰਾ ਹੋਣ ਦਾਅਵਾ ਠੋਕ ਿਦੱਤੇ ਜਾਣ ਨਾਲ ਸ਼ਾਇਦ ਪ੍ਰਕਾਸ਼ ਿਸੰਘ ਬਾਦਲ ਨੂੰ ਅਜਿਹਾ ਲੱਗਣ ਲੱਗਾ ਕਿ ਬਾਦਲ ਦਲ ਤੋਂ ਵੱਡਾ ਭਰਾ ਹੋਣ ਦਾ 30 ਸਾਲ ਤੋਂ ਚੱਲਿਆ ਆ ਰਿਹਾ ਦਾਅਵਾ ਖੁੱਸ ਜਾਣ ਨਾਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਦੇਖਣ ਦਾ ਸੁਪਨਾ ਪੂਰਾ ਨਹੀਂ ਹੋ ਸਕੇਗਾ, ਜਿਸ ਨੂੰ ਪਾਲ਼ੀ ਸੁਖਬੀਰ ਦੀ ਮਾਤਾ ਸੁਰਿੰਦਰ ਕੌਰ ਇਸ ਨਾਸ਼ਵਾਨ ਸੰਸਾਰ ਤੋਂ ਵਿਦਾ ਹੋ ਗਈ ਸੀ। ਮੰਨਿਆ ਜਾਂਦਾ ਹੈ ਕਿ ਇਸੇ ਸੋਚ ਕਾਰਣ ਹੀ ਗੱਠਜੋੜ ’ਚ ਵੱਡੇ ਭਰਾ ਦਾ ਦਾਅਵਾ ਬਣਾਈ ਰੱਖਣ ਲਈ ਉਨ੍ਹਾਂ (ਸੀਨੀਅਰ ਬਾਦਲ) ਨੂੰ ਸਰਗਰਮ ਹੋਣ ਲਈ ਮਜਬੂਰ ਕਰ ਦਿੱਤਾ।

ਸਿੱਖ ਵਰ-ਕੰਨਿਆ ਜਾਣ-ਪਛਾਣ ਸੰਮੇਲਨ : ਜੈਨੀ ਆਦਿ ਜਾਤੀਆਂ ’ਚ ਚੱਲੇ ਆ ਰਹੇ ਵਰ-ਕੰਨਿਆ ਜਾਣ-ਪਛਾਣ ਸੰਮੇਲਨ ਦੀ ਤਰਜ਼ ਉੱਤੇ ‘ਆਓ ਬਣੀਏ ਗੁਰਸਿੱਖ ਪਿਆਰਾ’ ਕੁਇੱਜ਼ ਸ਼ੋਅ ਦੇ ਆਯੋਜਕਾਂ ਵਲੋਂ ਗੁਰਸਿੱਖ ਬੱਚਿਆਂ ਅਤੇ ਬੱਚੀਆਂ ਲਈ ਵਰ-ਕੰਨਿਆ ਜਾਣ-ਪਛਾਣ ਸੰਮੇਲਨ ਦਾ ਆਯੋਜਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜਕਲ ਲੜਕਾ ਹੋਵੇ ਜਾਂ ਲੜਕੀ, ਦੇ ਲਈ ਢੁੱਕਵੇਂ ਰਿਸ਼ਤੇ ਦੀ ਭਾਲ ਉਨ੍ਹਾਂ ਦੇ ਮਾਤਾ-ਪਿਤਾ ਲਈ ਅਾਸਾਨੀ ਨਾਲ ਨਾ ਹੱਲ ਹੋ ਸਕਣ ਵਾਲੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਢੁੱਕਵਾਂ ਰਿਸ਼ਤਾ ਮਿਲ ਵੀ ਜਾਵੇ ਤਾਂ ਦਾਜ ਅਤੇ ਵਿਆਹ ਆਦਿ ’ਤੇ ਦਿਖਾਵੇ ਦੇ ਰੂਪ ’ਚ ਹੋਣ ਵਾਲੇ ਹੋਰ ਖਰਚ ਜੀਅ ਦਾ ਜੰਜਾਲ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਿਤੀਆਂ ਤੋਂ ਉੱਭਰਨ ਲਈ ‘ਆਓ ਬਣੀਏ ਗੁਰਸਿੱਖ ਪਿਆਰਾ’ ਕੁਇੱਜ਼ ਸ਼ੋਅ ਦੇ ਆਯੋਜਕਾਂ ਵਲੋਂ ਇਸ ਵਰ-ਕੰਨਿਆ ਜਾਣ-ਪਛਾਣ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮਿਲਨ ਸਮਾਰੋਹ 29 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਨਾਰਾਇਣਾ ਦਿੱਲੀ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਜੇਕਰ ਇਹ ਆਯੋਜਨ ਸਫਲ ਰਹਿੰਦਾ ਹੈ ਤਾਂ ਇਸ ਦਾ ਵਿਸਤਾਰ ਹੋ ਸਕਦਾ ਹੈ ਅਤੇ ਹੋਰ ਸਿੱਖ ਸੰਸਥਾਵਾਂ ਵੀ ਅਜਿਹੇ ਆਯੋਜਨ ਕਰਨ ਲਈ ਅੱਗੇ ਆ ਸਕਦੀਅਾਂ ਹਨ।

ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ-ਨਨਕਾਣਾ ਸਾਹਿਬ ਸ਼ਹੀਦੀ ਸਾਕਾ, ਜਿਸ ਵਿਚ ਕੁਕਰਮੀ ਮਹੰਤਾਂ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮੁਕਤ ਕਰਵਾਉਣ ਲਈ ਗਏ ਜਥੇ ਵਿਚ ਸ਼ਾਮਲ ਸਿੱਖਾਂ ਨੂੰ ਗੁਰਦੁਆਰਾ ਸਾਹਿਬ ’ਤੇ ਕਾਬਜ਼ ਮਹੰਤ ਦੇ ਗੁੰਡਿਆਂ ਨੇ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਸੀ। ਉਸ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਰੋਹ ਆਲ ਇੰਡੀਆ ਪੰਥਕ ਫੋਰਮ ਵਲੋਂ 7 ਮਾਰਚ ਨੂੰ ਕਸ਼ੱਤਰੀਆ ਭਵਨ ਪਹਾੜਗੰਜ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਫੋਰਮ ਦੇ ਉਪ ਪ੍ਰਧਾਨ ਕੁਲਬੀਰ ਸਿੰਘ ਦੇ ਅਨੁਸਾਰ ਇਸ ਮੌਕੇ ’ਤੇ ਸਿੱਖ ਧਰਮ ਅਤੇ ਇਤਿਹਾਸ ਦੇ ਪ੍ਰਮੁੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਮੌਜੂਦਾ ਪੰਥਕ ਹਾਲਾਤ ਦੀ ਰੌਸ਼ਨੀ ’ਚ ਸ਼ਹੀਦੀ ਸਾਕੇ ਦੀ ਯਾਦ ਤਾਜ਼ਾ ਕਰਵਾਉਣਗੇ।

ਇਨ੍ਹਾਂ ਦਾ ਬਾਈਕਾਟ ਕਿਉਂ ਨਾ ਹੋਵੇ?-ਬੀਤੇ ਇਕ ਲੰਮੇ ਸਮੇਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਕਰੋੜਾਂ ਰੁਪਿਆਂ ਦੇ ਹੋ ਰਹੇ ਘਪਲਿਆਂ ਨਾਲ ਸਬੰਧਤ ਦੋਸ਼-ਪ੍ਰਤੀਦੋਸ਼ ਲਾਏ ਜਾਣ ਦਾ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ, ਜਿਸ ਨਾਲ ਨਾ ਸਿਰਫ ਸਮੁੱਚੇ ਸਿੱਖ ਜਗਤ ਦਾ ਅਕਸ ਧੁੰਦਲਾ ਹੁੰਦਾ ਜਾ ਰਿਹਾ ਹੈ ਸਗੋਂ ਸਿੱਖ ਧਰਮ ਅਸਥਾਨਾਂ, ਗੁਰਦੁਆਰਿਆਂ ’ਚ ਧਰਮ-ਪ੍ਰਚਾਰ ਦੇ ਸ੍ਰੋਤ ਹੋਣ ’ਤੇ ਵੀ ਸਵਾਲੀਆ ਚਿੰਨ੍ਹ ਲਾਏ ਜਾਣ ਲੱਗੇ ਹਨ। ਇਸ ਸਥਿਤੀ ਤੋਂ ਦੁਖੀ ਸਿੱਖ ਫੈੱਡਰੇਸ਼ਨ ਦੇ ਮੁਖੀ ਗੁਰਮੀਤ ਸਿੰਘ ਫੈੱਡਰਨਿਸਟ ਦਾ ਕਹਿਣਾ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਸਿੱਖ ਧਰਮ ਦੀ ਮਾਣ-ਮਰਿਆਦਾ ਦੀ ਰੱਖਿਆ ਕਰਨ ਅਤੇ ਗੁਰ-ਅਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੇਕਰ ਉਹੀ ਆਪਣੀ ਜ਼ਿੰਮੇਵਾਰੀ ਦੀ ਅਣਦੇਖੀ ਕਰ ਕੇ ਸਮੁੱਚੇ ਸਿੱਖ ਜਗਤ ਦਾ ਮਜ਼ਾਕ ਬਣਾਉਣ ’ਤੇ ਤੁਲੇ ਬੈਠੇ ਹੋਣ ਤਾਂ ਕਿਉਂ ਨਾ ਸਿੱਖ ਜਗਤ ਨੂੰ ਜਾਗਰੂਕ ਕਰ ਕੇ ਉਨ੍ਹਾਂ ਦੇ ਬਾਈਕਾਟ ਦੀ ਮੁਹਿੰਮ ਆਰੰਭ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਦਾ ਅਹਿਸਾਸ ਕਰਵਾਇਆ ਜਾਵੇ? ਉਨ੍ਹਾਂ ਦਾ ਦਾਅਵਾ ਹੈ ਜੇਕਰ ਅਜਿਹੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਇਸ ਵਿਚ ਸਿੱਖ ਜਗਤ ਦਾ ਭਰਪੂਰ ਸਹਿਯੋਗ ਮਿਲ ਸਕਦਾ ਹੈ ਕਿਉਂਕਿ ਇਨ੍ਹਾਂ ਸਿੱਖ ਆਗੂਆਂ ਦੇ ਆਚਰਣ-ਵਿਹਾਰ ਤੋਂ ਸਮੁੱਚਾ ਸਿੱਖ ਜਗਤ ਦੁਖੀ ਹੈ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।

...ਅਤੇ ਆਖਿਰ ’ਚ-ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਨਜ਼ਰਾਂ ’ਚ ਆਇਆ, ਜਿਸ ’ਚ ਕੱਟੜ ਵਿਰੋਧੀ ਚੱਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਦੇ ਪ੍ਰਧਾਨ) ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਿਵਚ ‘ਗੁਪਤ’ ਮੁਲਾਕਾਤ ਹੋਣ ਦਾ ਜ਼ਿਕਰ ਕੀਤਾ ਹੋਇਆ ਸੀ ਪਰ ਇਸ ਮੁਲਾਕਾਤ ’ਚ ਕੀ ਗੱਲ ਹੋਈ, ਇਸ ਦਾ ਖੁਲਾਸਾ ਨਾ ਤਾਂ ਵੀਡੀਓ ’ਚ ਕੀਤਾ ਗਿਆ ਅਤੇ ਨਾ ਹੀ ਸ. ਸਰਨਾ ਅਤੇ ਜ. ਹਿੱਤ ਵਲੋਂ ਕੀਤਾ ਗਿਆ। ਦਿੱਲੀ ਦੇ ਸਿੱਖ ਸਿਆਸੀ ਇਤਿਹਾਸ ਦੇ ਅਨੁਸਾਰ ਲੱਗਭਗ 21 ਸਾਲ ਪਹਿਲਾਂ ਸ. ਸਰਨਾ ਨੂੰ ਅਕਾਲੀ ਦਲ (ਬਾਦਲ) ’ਚੋਂ ਬਾਹਰ ਕਢਵਾਉਣ ’ਚ ਜ. ਹਿੱਤ ਦੀ ਮਹੱਤਵਪੂਰਨ ਭੂਮਿਕਾ ਰਹੀ ਦੱਸੀ ਜਾ ਰਹੀ ਹੈ, ਇਸ ਤੋਂ ਉਪਰੰਤ ਸਰਨਾ ਨੇ ਮੁੜ ਕੇ ਵੀ ਬਾਦਲ ਅਕਾਲੀ ਵੱਲ ਨਹੀਂ ਦੇਖਿਆ। ਦੱਸਣ ਵਾਲੇ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸੱਤਾਕਾਲ ਦੌਰਾਨ ਲੰਬੇ ਸਮੇਂ ਤੋਂ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਚੱਲੇ ਆ ਰਹੇ ਬਾਦਲ ਅਕਾਲੀ ਦਲ ਨੂੰ ਗੁਰਦੁਆਰਾ ਪ੍ਰਬੰਧ ’ਚ ਭਾਈਵਾਲੀ ਦਿਵਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਸ. ਸਰਨਾ ਨਾਲ ਸਮਝੌਤਾ ਕੀਤਾ ਸੀ ਪਰ ਜਥੇਦਾਰ ਹਿੱਤ ਵਲੋਂ ਸਮਝੌਤੇ ਨੂੰ ਤਾਰਪੀਡੋ ਕਰ ਦਿੱਤਾ ਗਿਆ ਹੈ, ਜਿਸ ਦੇ ਫਲਸਰੂਪ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ’ਚ ਫੁੱਟ ਪੈ ਗਈ। ਇਕ ਧੜਾ ਸਰਨਾ ਦੇ ਨਾਲ ਆ ਗਿਆ, ਜਦਕਿ ਦੂਜਾ ਹਿੱਤ ਦੇ ਨਾਲ ਬਣਿਆ ਰਿਹਾ।


Bharat Thapa

Content Editor

Related News