ਅਸ਼ਟਲਕਸ਼ਮੀ ਰਾਜ : ‘ਦੇਖੋ’ ਤੋਂ ਵੱਧ ਕੇ ‘ਕਰੋ’ ਤੱਕ ਦੀ ਵਿਕਾਸ ਯਾਤਰਾ
Sunday, Sep 26, 2021 - 11:48 AM (IST)

ਨਵੰਬਰ, 2014 ਦੀ ਸ਼ੁਰੂਆਤ ਵਿਚ ਮੇਘਾਲਿਆ ਵਿਚ ਪਹਿਲੀ ਯਾਤਰੀ ਟਰੇਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਅੱਠ ਰਾਜਾਂ ਨੂੰ ‘ਅਸ਼ਟਲਕਸ਼ਮੀ’ ਰਾਜ ਦਾ ਨਾਂ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਰਾਜਾਂ ਵਿਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਸ ਨਾਲ ਭਾਰਤ ਦੇ ਹੋਰ ਹਿੱਸਿਆਂ ਨੂੰ ਵਿਕਸਿਤ ਕਰਨ ਵਿਚ ਵੀ ਮਦਦ ਮਿਲ ਸਕਦੀ ਹੈ।ਉਦੋਂ ਤੋਂ ਅਸੀਂ ਉੱਤਰ-ਪੂਰਬੀ ਖੇਤਰ ’ਚ ਵਿਕਾਸ ਕਾਰਜਾਂ ਵਿਚ ਤੇਜ਼ੀ ਦੇਖ ਰਹੇ ਹਾਂ। ਰੇਲ, ਸੜਕ, ਹਵਾਈ ਅਤੇ ਨੈੱਟਵਰਕ ਕੁਨੈਕਟੀਵਿਟੀ ਜਿਹੀਆਂ ਮਹੱਤਵਪੂਰਨ ਸੰਰਚਨਾਵਾਂ ਦੇ ਇਲਾਵਾ ਉੱਤਰ-ਪੂਰਬੀ ਖੇਤਰ ਵਿਚ ਵਿਦਰੋਹ ਦੀਆਂ ਘਟਨਾਵਾਂ ਵਿਚ ਜ਼ਿਕਰਯੋਗ ਕਮੀ ਆਈ ਹੈ ਅਤੇ ਸ਼ਾਂਤੀ ਯਤਨਾਂ ਵਿਚ ਮਹੱਤਵਪੂਰਨ ਸੁਧਾਰ ਹੋਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਰਾਜਾਂ ਵਿਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਏ. ਐੱਫ. ਐੱਸ. ਪੀ. ਏ.)-ਆਰਮਡ ਫੋਰਸਿਜ਼ ਸਪੈਸ਼ਲ ਪ੍ਰੋਵੀਜ਼ਨਸ ਐਕਟ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਜਾਂ ਅੰਸ਼ਿਕ ਰੂਪ ਨਾਲ ਵਾਪਸ ਲੈਣ ਵਾਲੇ ਕਾਰਜ ਵੀ ਹੋਏ ਹਨ। ਪਿਛਲੀਆਂ ਸਰਕਾਰਾਂ ਨੇ ਤਾਂ ਉੱਤਰ-ਪੂਰਬੀ ਦੀਆਂ ਸੰਭਾਵਨਾਵਾਂ ਨੂੰ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਅਸ਼ਟਲਕਸ਼ਮੀ ਰਾਜਾਂ ਵਿਚ ਅਪਾਰ ਕੁਦਰਤੀ ਸਰੋਤ ਹਨ ਜੋ ਦੇਸ਼ ਦੇ ਕੁੱਲ ਜਲ ਸਰੋਤਾਂ ਦਾ 34 ਪ੍ਰਤੀਸ਼ਤ ਅਤੇ ਭਾਰਤ ਦੀ ਕੁੱਲ ਪਣਬਿਜਲੀ ਸਮਰੱਥਾ ਦਾ ਲਗਭਗ 40 ਪ੍ਰਤੀਸ਼ਤ ਹੈ। ਰਣਨੀਤਕ ਰੂਪ ਨਾਲ ਇਹ ਖੇਤਰ ਪੂਰਬੀ ਭਾਰਤ ਦੇ ਰਵਾਇਤੀ ਘਰੇਲੂ ਬਾਜ਼ਾਰ ਤੱਕ ਪਹੁੰਚ ਦੇ ਨਾਲ-ਨਾਲ ਦੇਸ਼ ਦੇ ਪੂਰਬੀ ਰਾਜਾਂ ਅਤੇ ਬੰਗਲਾਦੇਸ਼ ਅਤੇ ਮਿਆਂਮਾਰ ਜਿਹੇ ਗੁਆਂਢੀ ਦੇਸ਼ਾਂ ਦੇ ਨਜ਼ਦੀਕ ਸਥਿਤ ਹੈ। ਇਹ ਖੇਤਰ ਦੱਖਣ-ਪੂਰਬ ਏਸ਼ੀਆਈ ਬਾਜ਼ਾਰਾਂ ਲਈ ਇਕ ਸੁਵਿਧਾਜਨਕ ਪ੍ਰਵੇਸ਼ ਮਾਰਗ ਵੀ ਹੈ। ਇਹ ਸੰਸਾਧਨ-ਸੰਪੰਨ ਖੇਤਰ, ਉਪਜਾਊ ਖੇਤੀਬਾੜੀ ਭੂਮੀ ਦੇ ਵਿਸ਼ਾਲ ਵਿਸਤਾਰ ਅਤੇ ਵੱਡੇ ਪੈਮਾਨੇ ’ਤੇ ਮਾਨਵ ਸੰਸਾਧਨਾਂ ਨਾਲ ਭਾਰਤ ਦਾ ਸਭ ਤੋਂ ਵੱਧ ਖੁਸ਼ਹਾਲ ਖੇਤਰ ਬਣਨ ਦੀ ਸਮਰੱਥਾ ਰੱਖਦਾ ਹੈ।
ਪਿਛਲੇ 7 ਸਾਲਾਂ ਵਿਚ ਉੱਤਰ-ਪੂਰਬੀ ਭਾਰਤ ਵਿਚ ਵਿਲੱਖਣ ਬਦਲਾਅ ਦੇਖਣ ਨੂੰ ਮਿਲੇ ਹਨ। ਇੰਨਾ ਹੀ ਨਹੀਂ ਭਾਰਤ ਸਰਕਾਰ ਨੇ ‘ਲੁੱਕ ਈਸਟ’ ਨੀਤੀ ਨੂੰ ਹੋਰ ਵੀ ਜ਼ਿਆਦਾ ਨਤੀਜਾ ਮੁਖੀ ਅਤੇ ਪ੍ਰਭਾਵਕਾਰੀ ਬਣਾਉਂਦੇ ਹੋਏ ਇਸ ਨੂੰ ‘ਐਕਟ ਈਸਟ’ ਨੀਤੀ ਦਾ ਰੂਪ ਦੇ ਦਿੱਤਾ ਹੈ। ਉੱਤਰ-ਪੂਰਬੀ ਖੇਤਰ ਇਕ ਸਮੇਂ ਤਾਂ ਦੇਸ਼ ਦਾ ਅਣਦੇਖਿਆ ਖੇਤਰ ਸੀ ਪਰ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਇੱਥੋਂ ਦੇ ਅੱਠ ਰਾਜਾਂ ਦੇ ਵਿਕਾਸ ਏਜੰਡੇ ਨੂੰ ਬੜੀ ਸਰਗਰਮੀ ਨਾਲ ਅਪਣਾਇਆ ਉਸ ਦੀ ਬਦੌਲਤ ਇਨ੍ਹਾਂ ਸਮੁੱਚੇ ਰਾਜਾਂ ਵਿਚ ਹੁਣ ਵਿਆਪਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ।ਸਾਲ 2014 ਤੋਂ ਪਹਿਲਾਂ ਪਿਛਲੀ ਸਰਕਾਰ ਨੇ ਇਸ ਖੇਤਰ ਵਿਚ ਆਪਣੀ ਮਹੱਤਵਪੂਰਨ ਰਾਜਨੀਤਕ ਪੈਠ ਤਾਂ ਯਕੀਨੀ ਕਰ ਲਈ ਸੀ ਪਰ ਲਾਪ੍ਰਵਾਹੀ ਅਤੇ ਅਲੱਗ-ਥਲੱਗ ਰੱਖਣ ਦੀ ਨੀਤੀ ਅਪਣਾਈ ਜਾਣ ਅਤੇ ਇਸ ਖੇਤਰ ਦੇ ਅੰਦਰ ਵਿਕਾਸ ਨਾਲ ਜੁੜੇ ਮੁੱਦਿਆਂ ਦੀ ਭਾਰੀ ਅਣਦੇਖੀ ਕਰਨ ਕਾਰਨ ਉੱਤਰ-ਪੂਰਬੀ ਖੇਤਰ ਨਿਰੰਤਰ ਹਾਸ਼ੀਏ ’ਤੇ ਹੀ ਰਿਹਾ।ਜਦੋਂ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਇਕ ਵਾਰ ਫਿਰ ਅਰਥਵਿਵਸਥਾ, ਬੁਨਿਆਦੀ ਢਾਂਚਾਗਤ ਸੁਵਿਧਾਵਾਂ, ਰੋਜ਼ਗਾਰ, ਉਦਯੋਗ ਅਤੇ ਸੱਭਿਆਚਾਰ ਸਮੇਤ ਵਿਕਾਸ ਦੇ ਸਮੁੱਚੇ ਆਯਾਮਾਂ ’ਤੇ ਇਸ ਖੇਤਰ ਵੱਲ ਵਿਸ਼ੇਸ਼ ਰੂਪ ਨਾਲ ਨੀਤੀਗਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਨੇ ਦੇਸ਼ ਦੇ ਕਿਸੇ ਵੀ ਹੋਰ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ-ਨਾਲ ਕਈ ਪ੍ਰਧਾਨ ਮੰਤਰੀਆਂ ਦੇ ਕੁੱਲ ਦੌਰਿਆਂ ਦੀ ਤੁਲਨਾ ਵਿਚ ਵੀ ਇਨ੍ਹਾਂ ਰਾਜਾਂ ਦਾ ਕਿਧਰੇ ਜ਼ਿਆਦਾ ਵਾਰ ਦੌਰਾ ਕੀਤਾ ਹੈ। ਇਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਪਿਛਲੇ ਚਾਰ ਦਹਾਕਿਆਂ ਵਿਚ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਉੱਤਰ-ਪੂਰਬੀ ਪ੍ਰੀਸ਼ਦ ਦੀ ਬੈਠਕ ਵਿਚ ਭਾਗ ਲਿਆ ਹੈ।75ਵੇਂ ਆਜ਼ਾਦੀ ਦਿਵਸ ਸੰਬੋਧਨ ਦੌਰਾਨ ਵੀ ਉਨ੍ਹਾਂ ਨੇ ਇਸ ਖੇਤਰ ਵਿਚ ਟੂਰਿਜ਼ਮ ਦੇ ਸਥਿਰ ਵਿਕਾਸ ਦੇ ਵਿਸ਼ੇਸ਼ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਟੂਰਿਜ਼ਮ ਅਤੇ ਸਾਹਸੀ ਖੇਡਾਂ ਦੀ ਗੱਲ ਕਰੀਏ ਤਾਂ ਉੱਤਰ-ਪੂਰਬੀ ਰਾਜਾਂ ਵਿਚ ਨਿਸ਼ਚਿਤ ਰੂਪ ਨਾਲ ਵਿਆਪਕ ਸੰਭਾਵਨਾਵਾਂ ਹਨ ਅਤੇ ਇਸ ਵਿਸ਼ੇਸ਼ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਅਤਿਅੰਤ ਜ਼ਰੂਰੀ ਹੈ। ਇਸ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਟੂਰਿਜ਼ਮ ਮੰਤਰਾਲਾ ਉੱਤਰ-ਪੂਰਬੀ ਖੇਤਰ ਵਿਚ ਟੂਰਿਜ਼ਮ ਦੀ ਸੰਪੂਰਨ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰਨ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ।ਇਹੀ ਨਹੀਂ, ਟੂਰਿਜ਼ਮ ਮੰਤਰਾਲਾ ਭਾਰਤ ਦੇ ਵਿਲੱਖਣ ਸੱਭਿਆਚਾਰ ਅਤੇ ਕੁਦਰਤੀ ਵਿਰਾਸਤ ਨੂੰ ਦੇਖਣ ਅਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਾਲ ਜੁੜੇ ਸਮਾਰੋਹ ਦਾ ਹਿੱਸਾ ਬਣਨ ਲਈ ਪੂਰੀ ਦੁਨੀਆ ਦੇ ਸੈਲਾਨੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਣ ਲਈ 15 ਅਗਸਤ, 2022 ਤੋਂ ‘ਭਾਰਤ ਯਾਤਰਾ ਵਰ੍ਹਾ’ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।
ਉੱਤਰ-ਪੂਰਬੀ ਖੇਤਰ ਦੇ ਹਰੇਕ ਰਾਜ ਕੋਲ ਟੂਰਿਜ਼ਮ ਸਥਾਨਾਂ ਦਾ ਖ਼ਜ਼ਾਨਾ ਹੈ। ਇਨ੍ਹਾਂ ਅਸ਼ਟਲਕਸ਼ਮੀ ਰਾਜਾਂ ਦੀ ਤੁਲਨਾ ਅਕਸਰ ਸੁੰਦਰ ਕੁਦਰਤੀ ਨਜ਼ਾਰਿਆਂ ਵਾਲੇ ਸਕਾਟਲੈਂਡ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਨਾਲ ਕੀਤੀ ਜਾਂਦੀ ਹੈ। ਮੰਤਰਾਲਾ ਇਹ ਯਕੀਨੀ ਕਰਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ ਕਿ ਬਾਕੀ ਦੁਨੀਆ ਉੱਤਰ-ਪੂਰਬੀ ਖੇਤਰ ਦੀ ਕੁਦਰਤੀ ਸੁੰਦਰਤਾ ਅਤੇ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਹੋਵੇ।ਇਹ ਸਭ ਇਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਦੀਰਘਕਾਲੀ ਤਰੀਕੇ ਨਾਲ ਕੀਤਾ ਜਾਵੇਗਾ ਤਾਂ ਕਿ ਇਸ ਖੇਤਰ ਨਾਲ ਸਬੰਧਤ ਲੋਕਾਚਾਰਾਂ ਅਤੇ ਭਾਵਨਾਵਾਂ ਨੂੰ ਬਰਕਰਾਰ ਰੱਖਿਆ ਜਾ ਸਕੇ।ਉੱਤਰ-ਪੂਰਬੀ ਰਾਜਾਂ ਵਿਚ ਵਿਕਾਸ ’ਤੇ ਧਿਆਨ ਦੇਣ ਦੇ ਨਾਲ-ਨਾਲ ਟੂਰਿਜ਼ਮ ਮੰਤਰਾਲੇ ਵੱਲੋਂ ਉੱਤਰ-ਪੂਰਬੀ ਖੇਤਰ ’ਤੇ ਕੇਂਦ੍ਰਿਤ ਗ੍ਰੀਨ ਟੂਰਿਜ਼ਮ, ਈਕੋ-ਟੂਰਿਜ਼ਮ, ਗ੍ਰਾਮੀਣ ਟੂਰਿਜ਼ਮ ਅਤੇ ਚਾਹ ਦੇ ਬਾਗਾਂ ਦਾ ਟੂਰਿਜ਼ਮ ਜਿਹੇ ਕਈ ਵਿਸ਼ੇਸ਼ ਟੂਰਿਜ਼ਮ ਥੀਮ ਸ਼ੁਰੂ ਕੀਤੇ ਜਾਣਗੇ।ਅੱਜ ਤੱਕ ਅਸੀਂ ਕੋਵਿਡ-19 ਤੋਂ ਬਚਾਅ ਦੇ ਟੀਕੇ ਦੀਆਂ 85 ਕਰੋੜ ਤੋਂ ਜ਼ਿਆਦਾ ਖੁਰਾਕਾਂ ਦੇ ਦਿੱਤੀਆਂ ਹਨ। ਇਹ ਸੈਰ-ਸਪਾਟਾ ਖੇਤਰ ਲਈ ਆਤਮਵਿਸ਼ਵਾਸ ਵਧਾਉਣ ਵਾਲਾ ਇਕ ਬਹੁਤ ਵੱਡਾ ਕਦਮ ਹੈ ਅਤੇ ਜਨਵਰੀ 2022 ਤੋਂ ਘਰੇਲੂ ਯਾਤਰੀਆਂ ਲਈ ਟੂਰਿਜ਼ਮ ਖੇਤਰ ਨੂੰ ਖੋਲ੍ਹਣ ਲਈ ਇਕ ਠੋਸ ਆਧਾਰ ਬਣਾਉਂਦਾ ਹੈ। ਸਾਡਾ ਧਿਆਨ ਉੱਤਰ-ਪੂਰਬੀ ਖੇਤਰ ਦੇ ਵੱਖ-ਵੱਖ ਭਾਈਚਾਰਿਆਂ ਦੇ ਕਲਿਆਣ ਅਤੇ ਖੁਸ਼ਹਾਲੀ ਲਈ ਟੂਰਿਜ਼ਮ ਨੂੰ ਇਕ ਉਪਕਰਣ ਦੇ ਰੂਪ ਵਿਚ ਇਸਤੇਮਾਲ ਕਰਨ ’ਤੇ ਹੋਵੇਗਾ।