‘ਤੁਸੀਂ ਲਵ ਲਈ ਜੇਹਾਦ ਕਰ ਰਹੇ ਹੋ ਜਾਂ ਫਿਰ ਜੇਹਾਦ ਲਈ ਲਵ’
Monday, Dec 28, 2020 - 03:48 AM (IST)

ਡਾ. ਵੇਦਪ੍ਰਤਾਪ ਵੈਦਿਕ
ਹੁਣ ਮੱਧ ਪ੍ਰਦੇਸ਼ ਨੇ ਵੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ‘ਲਵ ਜੇਹਾਦ’ ਦੇ ਵਿਰੁੱਧ ਜੇਹਾਦ ਬੋਲ ਦਿੱਤਾ ਹੈ। ਮੱਧ ਪ੍ਰਦੇਸ਼ ਸਰਕਾਰ ਦਾ ਇਹ ਕਾਨੂੰਨ ਪਿਛਲੇ ਕਾਨੂੰਨਾਂ ਦੇ ਮੁਕਾਬਲੇ ਜ਼ਿਆਦਾ ਸਖਤ ਜ਼ਰੂਰ ਹੈ ਪਰ ਇਹ ਕਾਨੂੰਨ ਉਨ੍ਹਾਂ ਨਾਲੋਂ ਵਧੀਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਹ ਕਥਨ ਵੀ ਗੌਰ ਕਰਨ ਲਾਇਕ ਹੈ ਕਿ ਜੇਕਰ ਕੋਈ ਸਵੈ-ਇੱਛਾ ਨਾਲ ਆਪਣਾ ਧਰਮ ਤਬਦੀਲ ਕਰਨਾ ਚਾਹੇ ਤਾਂ ਕਰੇ ਪਰ ਉਹ ਲਾਲਚ, ਡਰ ਅਤੇ ਧੋਖੇਬਾਜ਼ੀ ਦੇ ਕਾਰਨ ਅਜਿਹਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਸ ਨੂੰ 10 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਤਕ ਜੁਰਮਾਨਾ ਕੀਤਾ ਜਾ ਸਕਦਾ ਹੈ। ਇਹ ਤਾਂ ਠੀਕ ਹੈ।
ਪਰ ਵੱਡਾ ਸਵਾਲ ਇਹ ਹੈ ਕਿ ਲੋਕ ਕਿਸੇ ਧਰਮ ਨੂੰ ਕਿਉਂ ਮੰਨਣ ਲੱਗਦੇ ਹਨ ਜਾਂ ਉਹ ਇਕ ਧਰਮ ਨੂੰ ਛੱਡ ਕੇ ਦੂਸਰੇ ਧਰਮ ’ਚ ਕਿਉਂ ਚਲੇ ਜਾਂਦੇ ਹਨ? ਮੈਨੂੰ ਪਿਛਲੇ 70-75 ਸਾਲ ’ਚ ਸਾਰੀ ਦੁਨੀਆ ’ਚ ਅਜਿਹੇ ਲੋਕ ਸ਼ਾਇਦ ਦਰਜਨ ਭਰ ਵੀ ਨਹੀਂ ਮਿਲੇ, ਜੋ ਵੇਦ-ਉਪਨਿਸ਼ਦ ਪੜ੍ਹ ਕੇ ਹਿੰਦੂ ਬਣੇ ਹੋਣ, ਬਾਈਬਲ ਪੜ੍ਹ ਕੇ ਯਹੂਦੀ ਅਤੇ ਈਸਾਈ ਬਣੇ ਹੋਣ ਜਾਂ ਕੁਰਾਨ-ਸ਼ਰੀਫ ਪੜ੍ਹ ਕੇ ਮੁਸਲਮਾਨ ਬਣੇ ਹੋਣ। ਲਗਭਗ ਹਰ ਮਨੁੱਖ ਇਸ ਲਈ ਕਿਸੇ ਧਰਮ (ਭਾਵ ਸੰਸਕ੍ਰਿਤ ਦਾ ‘ਧਰਮ’ ਨਹੀਂ) ਸਗੋਂ ਰਿਲੀਜਨ ਜਾਂ ਮਜ਼੍ਹਬ ਜਾਂ ਪੰਥ ਜਾਂ ਫਿਰਕੇ ਦਾ ਪੈਰੋਕਾਰ ਹੁੰਦਾ ਹੈ ਕਿ ਉਸ ਦੇ ਮਾਂ-ਬਾਪ ਉਸ ਨੂੰ ਮੰਨਦੇ ਰਹੇ ਹਨ ਪਰ ਜੋ ਲੋਕ ਆਪਣਾ ਧਰਮ ਬਦਲਦੇ ਹਨ, ਉਹ ਕਿਉਂ ਕਰਦੇ ਹਨ? ਉਹ ਕੀ ਉਸ ‘ਧਰਮ’ ਦੀਅਾਂ ਸਾਰੀਅਾਂ ਬਾਰੀਕੀਅਾਂ ਨੂੰ ਸਮਝ ਕੇ ਅਜਿਹਾ ਕਰਦੇ ਹਨ? ਹਾਂ, ਕਰਦੇ ਹਨ ਪਰ ਉਨ੍ਹਾਂ ਦੀ ਗਿਣਤੀ ਲੱਖਾਂ ’ਚੋਂ ਇਕ-ਦੋ ਹੁੰਦੀ ਹੈ।
ਜ਼ਿਆਦਾਤਰ ‘ਧਰਮ ਪਰਿਵਰਤਨ’ ਥੋਕ ’ਚ ਹੁੰਦੇ ਹਨ, ਜਿਵੇਂ ਕਿ ਈਆਸੀਅਤ ਅਤੇ ਇਸਲਾਮ ’ਚ ਹੋਏ ਹਨ। ਇਹ ਕੰਮ ਤਲਵਾਰ, ਪੈਸੇ, ਅਹੁਦੇ, ਵਾਸਨਾ ਅਤੇ ਡਰ ਦੇ ਕਾਰਨ ਹੁੰਦੇ ਹਨ।
ਯੂਰਪ ਅਤੇ ਏਸ਼ੀਆ ਦਾ ਇਤਿਹਾਸ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਮੇਰੀ ਗੱਲ ਸਮਝ ’ਚ ਆ ਜਾਵੇਗੀ। ਜਦੋਂ ਇਹ ਮਜ਼੍ਹਬ ਸ਼ੁਰੂ ਹੋਏ ਤਾਂ ਇਨ੍ਹਾਂ ਦੀ ਭੂਮਿਕਾ ਕ੍ਰਾਂਤੀਕਾਰੀ ਰਹੀ ਅਤੇ ਹਜ਼ਾਰਾਂ-ਲੱਖਾਂ ਲੋਕਾਂ ਨੇ ਸਵੈ-ਇੱਛਾ ਨਾਲ ਇਨ੍ਹਾਂ ਨੂੰ ਪ੍ਰਵਾਨ ਕੀਤਾ ਪਰ ਬਾਅਦ ’ਚ ਇਹ ਸੱਤਾ ਅਤੇ ਵਾਸਨਾ ਦੀਅਾਂ ਪੌੜੀਅਾਂ ਬਣ ਗਏ। ਮਜ਼੍ਹਬ ਤਾਂ ਸਿਆਸਤ ਤੋਂ ਵੀ ਜ਼ਿਆਦਾ ਖਤਰਨਾਕ ਅਤੇ ਖੂਨੀ ਬਣ ਗਿਆ। ਮਜ਼੍ਹਬ ਦੇ ਨਾਂ ’ਤੇ ਇਕ ਮੁਲਕ ਹੀ ਖੜ੍ਹਾ ਕਰ ਦਿੱਤਾ ਗਿਆ। ਮਜ਼੍ਹਬ ਨੇ ਸਿਆਸਤ ਨੂੰ ਆਪਣਾ ਹਥਿਆਰ ਬਣਾ ਲਿਆ ਅਤੇ ਸਿਆਸਤ ਨੇ ਮਜ਼੍ਹਬ ਨੂੰ!
ਹੁਣ ਸਾਡੇ ਦੇਸ਼ ’ਚ ‘ਲਵ ਜੇਹਾਦ’ ਦੀ ਰਾਜਨੀਤੀ ਚੱਲ ਪਈ ਹੈ। ਅਸਲੀ ਸਵਾਲ ਇਹ ਹੈ ਕਿ ਤੁਸੀਂ ਲਵ ਦੇ ਲਈ ਜੇਹਾਦ ਕਰ ਰਹੇ ਹੋ ਜਾਂ ਜੇਹਾਦ ਦੇ ਲਈ ਲਵ ਕਰ ਰਹੇ ਹੋ? ਜੇਕਰ ਕਿਤੇ ਦੋ ਵੱਖ-ਵੱਖ ਧਰਮਾਂ ਦੇ ਔਰਤ ਅਤੇ ਮਰਦ ’ਚ ‘ਲਵ’ ਹੋ ਜਾਂਦਾ ਹੈ ਅਤੇ ਉਹ ਆਪਣੇ ਮਜ਼੍ਹਬ ਨੂੰ ਹੇਠਾਂ ਅਤੇ ਪਿਆਰ ਨੂੰ ਉੱਪਰ ਕਰ ਕੇ ਵਿਆਹ ਕਰ ਲੈਂਦੇ ਹਨ ਤਾਂ ਉਸ ਦਾ ਤਾਂ ਸਵਾਗਤ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲੋਂ ਵੱਡਾ ਮਨੁੱਖ ਧਰਮ ਨੂੰ ਮੰਨਣ ਵਾਲਾ ਕੌਣ ਹੋਵੇਗਾ? ਪਰ ਜੋ ਲੋਕ ਜੇਹਾਦ ਦੇ ਲਈ ਲਵ ਕਰਦੇ ਹਨ ਭਾਵ ਕਿਸੇ ਲੜਕੇ ਜਾਂ ਲੜਕੀ ਨੂੰ ਪਿਆਰ ਦਾ ਝਾਂਸਾ ਦੇ ਕੇ ਮੁਸਲਮਾਨ, ਈਸਾਈ ਜਾਂ ਹਿੰਦੂ ਬਣਨ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ, ਓਨੀ ਹੀ ਥੋੜ੍ਹੀ ਹੈ। ਹਾਲਾਂਕਿ ਇਸ ਮਜਬੂਰੀ ਨੂੰ ਅਦਾਲਤ ’ਚ ਸਿੱਧ ਕਰਨਾ ਬੜਾ ਔਖਾ ਹੈ।