ਤੀਖਣ ਰਾਸ਼ਟਰਵਾਦੀ ਚਿੰਤਕ ਅਤੇ ਸੰਗਠਨ ਦੇ ਹੁਨਰਮੰਦ ਸ਼ਿਲਪਕਾਰ ਹਨ ''ਅਮਿਤ ਸ਼ਾਹ''

Sunday, Oct 22, 2023 - 02:49 PM (IST)

ਭਾਰਤੀ ਸਿਆਸਤ ਦੀ ਇਕ ਵਿਸ਼ੇਸ਼ਤਾ ਰਹੀ ਹੈ ਕਿ ਸਮੇਂ-ਸਮੇਂ ’ਤੇ ਇਕ ਅਜਿਹੇ ਸਿਆਸੀ ਆਗੂ ਦਾ ਬੋਲਬਾਲਾ ਹੁੰਦਾ ਰਿਹਾ ਹੈ ਜੋ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਸੰਕਲਪ ਦੇ ਦਮ ’ਤੇ ਦੇਸ਼ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਆਪਣੇ ਵੱਡੇ-ਵਡੇਰਿਆਂ ਦੇ ਸੁਪਨੇ ਨੂੰ ਸਾਕਾਰ ਕਰ ਦਿਖਾਉਂਦਾ ਹੈ। 21ਵੀਂ ਸਦੀ ’ਚ ਅਜਿਹੇ ਹੀ ਸਿਆਸੀ ਆਗੂ ਦੇ ਰੂਪ ’ਚ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਆਪਣੇ ਹੁਨਰ ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਹੈ।

ਰਾਸ਼ਟਰਵਾਦੀ ਵਿਚਾਰਧਾਰਾ ਦੀ ਸਿਆਸਤ ਕਰਦੇ ਹੋਏ ਸਾਡੇ ਵੱਡੇ-ਵਡੇਰੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰ. ਦੀਨਦਿਆਲ ਉਪਾਧਿਆਏ ਨੇ 7 ਦਹਾਕੇ ਪਹਿਲਾਂ ਜੋ ਸੁਫਨਾ ਦੇਖਿਆ ਸੀ, ਉਸ ਨੂੰ 21ਵੀਂ ਸਦੀ ’ਚ ਸਾਕਾਰ ਕਰਨ ਵਾਲੇ ਅਮਿਤ ਸ਼ਾਹ ਅੱਜ ਕਰੋੜਾਂ ਵਰਕਰਾਂ ਅਤੇ ਦੇਸ਼ ਦੇ ਨੌਜਵਾਨਾਂ ਦੇ ਪ੍ਰੇਰਣਾਸਰੋਤ ਅਤੇ ਮਾਰਗਦਰਸ਼ਕ ਹਨ।

ਵਿਸ਼ੇਸ਼ ਸੰਗਠਨਾਤਮਕ ਹੁਨਰ ਅਤੇ ਗਤੀਸ਼ੀਲ ਅਗਵਾਈ ਦੇ ਧਨੀ ਅਮਿਤ ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਹੋਇਆ ਸੀ ਅਤੇ 14 ਸਾਲ ਦੀ ਉਮਰ ’ਚ ਰਾਸ਼ਟਰੀ ਸਵੈਮ-ਸੇਵਕ ਸੰਘ ’ਚ ਸ਼ਾਮਲ ਹੋ ਕੇ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੋ ਗਏ।

ਸਾਲ 1983 ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੁੱਖ ਵਰਕਰ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੇ। 1987 ’ਚ ਭਾਰਤੀ ਜਨਤਾ ਯੁਵਾ ਮੋਰਚਾ ’ਚ ਕੰਮ ਸ਼ੁਰੂ ਕੀਤਾ। ਸਾਲ 1991 ’ਚ 27 ਸਾਲ ਦੀ ਉਮਰ ’ਚ ਲੋਕ ਸਭਾ ਚੋਣਾਂ ਦੌਰਾਨ ਗਾਂਧੀਨਗਰ ’ਚ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦੇ ਚੋਣ ਇੰਚਾਰਜ ਦੇ ਨਾਤੇ ਜੋ ਕੰਮ ਕੀਤਾ, ਉਸ ਨਾਲ ਉਨ੍ਹਾਂ ਦੀ ਪ੍ਰਤਿਭਾ ਅਤੇ ਹੁਨਰ ਦੀ ਪਛਾਣ ਭਾਜਪਾ ਅਧਿਕਾਰੀਆਂ ਨੂੰ ਹੋਈ। ਗੁਜਰਾਤ ਦੇ ਸਰਖੇਜ਼ ਚੋਣ ਹਲਕੇ ਤੋਂ ਵਿਧਾਇਕ ਚੁਣੇ ਗਏ ਤਾਂ ਇਸ ਖੇਤਰ ਤੋਂ ਚਾਰ ਵਾਰ ਵਿਧਾਇਕ ਬਣੇ। 2009 ’ਚ ਉਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਬਣੇ।

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ 60 ਹਜ਼ਾਰ ਤੋਂ ਵੱਧ ਵੋਟਾਂ ਨਾਲ ਰਿਕਾਰਡ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਸਿਆਸੀ ਯਾਤਰਾ ਜਾਰੀ ਰਹੀ ਅਤੇ ਸਾਲ 2012 ’ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬਣੇ ਅਤੇ 2014 ’ਚ ਰਾਸ਼ਟਰੀ ਪ੍ਰਧਾਨ ਬਣੇ। ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਲਈ ਮਿਹਨਤ ਕੀਤੀ ਤਾਂ ਕੇਂਦਰ ’ਚ ਪੂਰਨ ਬਹੁਮਤ ਦੀ ਸਰਕਾਰ ਬਣੀ।

ਭਾਰਤੀ ਜਨਤਾ ਪਾਰਟੀ ਦੇ ਗਿਣਾਤਮਕ ਅਤੇ ਗੁਣਾਤਮਕ ਵਿਕਾਸ ਲਈ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਪਿੱਛੋਂ ਅਮਿਤ ਸ਼ਾਹ ਨੇ ਪਾਰਟੀ ਦੀ ਮੈਂਬਰਸ਼ਿਪ ਡਿਜੀਟਲ ਮਾਧਿਅਮ ਨਾਲ ਸ਼ੁਰੂ ਕੀਤੀ ਅਤੇ 10 ਕਰੋੜ ਵਰਕਰਾਂ ਨੂੰ ਸੰਗਠਿਤ ਕਰ ਕੇ ਅਤੇ ਮੈਂਬਰਸ਼ਿਪ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਨੂੰ ਬਣਾ ਕੇ ਆਪਣੇ ਖਾਸ ਸੰਗਠਨ ਹੁਨਰ ਦੀ ਪਛਾਣ ਕਰਵਾਈ।

ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਕਦੀ ਕਿਹਾ ਸੀ ਕਿ ਉਹ ਲੋਕ ਸਭਾ ’ਚ ਭਾਰਤੀ ਜਨਤਾ ਪਾਰਟੀ ਦੀਆਂ 300 ਸੀਟਾਂ ਦੇਖਣਾ ਚਾਹੁੰਦੇ ਹਨ। ਇਨ੍ਹਾਂ ਦੀ ਪ੍ਰਧਾਨਗੀ ਦੇ ਸਮੇਂ ’ਚ ਇਹ ਸੁਫਨਾ ਵੀ ਸਾਕਾਰ ਹੋਇਆ। ਸਾਲ 2019 ’ਚ ਦੁਬਾਰਾ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਬਣੀ। ਇਸ ਸਰਕਾਰ ’ਚ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਬਣੇ ਤਾਂ ਲੋਕਾਂ ’ਚ ਆਸ ਦੀ ਇਕ ਉਮੀਦ ਜਾਗੀ। ਉਨ੍ਹਾਂ ਨੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਵੀ ਕੀਤਾ।

ਉਨ੍ਹਾਂ ਨੇ ਕਈ ਅਜਿਹੇ ਇਤਿਹਾਸਕ ਫੈਸਲੇ ਲਏ ਜਿਸ ਲਈ ਜਨਸੰਘ ਨੇ 7 ਦਹਾਕੇ ਤੱਕ ਸੰਘਰਸ਼ ਕੀਤਾ। ਕਈ ਅੰਦੋਲਨ ਚੱਲੇ, ਹਜ਼ਾਰਾਂ ਵਰਕਰਾਂ ਨੇ ਜੇਲ ਯਾਤਰਾਵਾਂ ਕੀਤੀਆਂ, ਕਈ ਵਰਕਰ ਸ਼ਹੀਦ ਹੋਏ। ਗ੍ਰਹਿ ਮੰਤਰੀ ਦੇ ਤੌਰ ’ਤੇ ਉਨ੍ਹਾਂ ਦੀ ਹੁਨਰਮੰਦ ਰਣਨੀਤੀ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦਾ ਹੀ ਨਤੀਜਾ ਰਿਹਾ ਕਿ ਜੰਮੂ-ਕਸ਼ਮੀਰ ’ਚੋਂ ਧਾਰਾ 370 ਅਤੇ 35ਏ ਨੂੰ ਖਤਮ ਕਰ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਫਨੇ ਨੂੰ ਸਾਕਾਰ ਕੀਤਾ ਗਿਆ। ਇਹ ਆਜ਼ਾਦ ਭਾਰਤ ਦੀ 21ਵੀਂ ਸਦੀ ਦਾ ਸਭ ਤੋਂ ਵੱਡਾ ਫੈਸਲਾ ਸੀ। ਇਸ ਕਾਰਨ ਜੰਮੂ-ਕਸ਼ਮੀਰ ਹੁਣ ਪੂਰੀ ਤਰ੍ਹਾਂ ਭਾਰਤ ਦਾ ਹਿੱਸਾ ਬਣਿਆ।

ਧਾਰਾ 370 ਅਤੇ 35ਏ ਖਤਮ ਹੋਣ ਪਿੱਛੋਂ ਜੰਮੂ-ਕਸ਼ਮੀਰ ’ਚ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ। ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਹੋਇਆ। ਆਜ਼ਾਦੀ ਪਿੱਛੋਂ ਸਰਦਾਰ ਵੱਲਭਭਾਈ ਪਟੇਲ ਨੇ ਇਸ ਦੀ ਏਕਤਾ ਅਤੇ ਅਖੰਡਤਾ ਲਈ ਕਾਰਜ ਕੀਤੇ ਸਨ, ਉਸ ਦੇ 7 ਦਹਾਕੇ ਬਾਅਦ ਅਮਿਤ ਸ਼ਾਹ ਜੀ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾ ਕੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਕੀਤਾ ਅਤੇ ਇਕ ਭਾਰਤ ਅਤੇ ਉੱਤਮ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਸੰਕਲਪ ਨੂੰ ਅੱਗੇ ਵਧਾਇਆ।

ਆਜ਼ਾਦੀ ਪਿੱਛੋਂ ਪਹਿਲੀ ਵਾਰ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਨੂੰ ਉਚਿਤ ਸਥਾਨ ਅਤੇ ਸਨਮਾਨ ਮਿਲਿਆ, ਇਸ ਦਾ ਸਿਹਰਾ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਾਂਦਾ ਹੈ। ਸਹਿਕਾਰਤਾ ਮੰਤਰੀ ਵਜੋਂ ਉਨ੍ਹਾਂ ਨੇ ਪੂਰੇ ਦੇਸ਼ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਿਸ ਨਾਲ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਲਾਭ ਮਿਲ ਰਿਹਾ ਹੈ।

ਉਂਝ ਅਮਿਤ ਸ਼ਾਹ ਜੀ ਕੋਲ ਇਕ ਲੰਬਾ ਸਿਆਸੀ ਅਤੇ ਪ੍ਰਸ਼ਾਸਨਿਕ ਤਜਰਬਾ ਸੀ। ਗੁਜਰਾਤ ਦੀ ਸਿਆਸਤ ਅਤੇ ਸਰਕਾਰ ’ਚ ਇਨ੍ਹਾਂ ਦੇ ਕਾਰਜ ਅੱਜ ਵੀ ਯਾਦ ਕੀਤੇ ਜਾਂਦੇ ਹਨ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਅਮਿਤ ਸ਼ਾਹ ਨੇ ਸੂਬਾ ਸਰਕਾਰ ’ਚ ਕਈ ਮਹੱਤਵਪੂਰਨ ਵਿਭਾਗਾਂ ਨੂੰ ਨਾ ਸਿਰਫ ਸੰਭਾਲਿਆ ਸਗੋਂ ਆਪਣੀ ਛਾਪ ਵੀ ਛੱਡੀ।

ਕਰੋੜਾਂ ਵਰਕਰਾਂ ਦੇ ਪ੍ਰੇਰਣਾਸਰੋਤ, ਦੇਸ਼ ਦੇ ਸਫਲ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੂੰ ਜਨਮ ਦਿਨ ਦੀਆਂ ਦਿਲੀ ਸ਼ੁੱਭਕਾਮਨਾਵਾਂ। 

ਤਰੁਣ ਚੁਘ- (ਲੇਖਕ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਹਨ)


Rakesh

Content Editor

Related News