20 ਫੀਸਦੀ ਅਮਰੀਕੀ ਸੋਸ਼ਲ ਮੀਡੀਆ ’ਤੇ ਪ੍ਰਭਾਵਸ਼ਾਲੀ ਲੋਕਾਂ ਕੋਲੋਂ ਸਮਾਚਾਰ ਪ੍ਰਾਪਤ ਕਰਦੇ ਹਨ
Sunday, Nov 24, 2024 - 12:27 PM (IST)
ਪਿਊ ਰਿਸਰਚ ਸੈਂਟਰ ਵਲੋਂ ਜਾਰੀ ਇਕ ਰਿਪੋਰਟ ਦੇ ਅਨੁਸਾਰ, ਲਗਭਗ 5 ’ਚੋਂ ਇਕ ਅਮਰੀਕੀ ਅਤੇ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨਿਯਮਿਤ ਤੌਰ ’ਤੇ ਡਿਜੀਟਲ ਪ੍ਰਭਾਵਸ਼ਾਲੀ ਲੋਕਾਂ ਕੋਲੋਂ ਸਮਾਚਾਰ ਪ੍ਰਾਪਤ ਕਰਦੇ ਹਨ, ਜੋ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪਾਏ ਜਾਣ ਦੀ ਜ਼ਿਆਦਾ ਸੰਭਾਵਨਾ ਹੈ। 10,000 ਤੋਂ ਜ਼ਿਆਦਾ ਅਮਰੀਕੀ ਬਾਲਗਾਂ ਦੇ ਸਰਵੇਖਣ ਅਤੇ ਇਸ ਗਰਮੀ ’ਚ ਪ੍ਰਭਾਵਸ਼ਾਲੀ ਲੋਕਾਂ ਵਲੋਂ ਪੋਸਟ ਕੀਤੀਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਦੇ ਵਿਸ਼ਲੇਸ਼ਣ ’ਚੋਂ ਕੱਢੇ ਗਏ ਸਿੱਟੇ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਸਿਖਰ ’ਤੇ ਅਮਰੀਕੀਆਂ ਨੇ ਕਿਸ ਤਰ੍ਹਾਂ ਖਬਰਾਂ ਦੀ ਵਰਤੋਂ ਕੀਤੀ, ਜਿਸ ’ਚ ਰਾਸ਼ਟਰਪਤੀ-ਚੋਣਾਂ ’ਚ ਡੋਨਾਲਡ ਟਰੰਪ ਨੇ ਅਖੀਰ ਜਿੱਤ ਹਾਸਲ ਕੀਤੀ। ਅਧਿਐਨ ’ਚ ਅਜਿਹੇ ਲੋਕਾਂ ਵਲੋਂ ਚਲਾਏ ਜਾ ਰਹੇ ਖਾਤਿਆਂ ਦੀ ਜਾਂਚ ਕੀਤੀ ਗਈ ਜੋ ਨਿਯਮਿਤ ਤੌਰ ’ਤੇ ਮੌਜੂਦਾ ਘਟਨਾਵਾਂ ਬਾਰੇ ਪੋਸਟ ਕਰਦੇ ਅਤੇ ਗੱਲ ਕਰਦੇ ਹਨ ਜਿਸ ’ਚ ਪੌਡਕਾਸਟ ਅਤੇ ਨਿਊਜ਼ਲੈਟਰਜ਼ ਦੇ ਮਾਧਿਅਮ ਵੀ ਸ਼ਾਮਲ ਹਨ ਅਤੇ ਜਿਨ੍ਹਾਂ ਦੇ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਐਕਸ ਜਾਂ ਟਿਕ-ਟਾਕ ’ਤੇ ਇਕ ਲੱਖ ਤੋਂ ਵੱਧ ਫਾਲੋਅਰ ਹਨ। ਉਨ੍ਹਾਂ ’ਚ ਸਿਆਸੀ ਸਪੈਕਟ੍ਰਮ ਦੇ ਲੋਕ ਸ਼ਾਮਲ ਹਨ ਜਿਵੇਂ ਕਿ ਪ੍ਰਗਤੀਸ਼ੀਲ ਪੌਡਕਾਸਟ ਹੋਸਟ ਬ੍ਰਾਇਨ ਟਾਇਲਰ ਕੋਹੇਨ ਅਤੇ ਰੂੜੀਵਾਦੀ ਪੌਡਕਾਸਟਰ ਬੇਨ ਸ਼ਾਪਿਰੋ। ਨਾਲ ਹੀ ਕ੍ਰਿਸ ਸਿਲਿਜਾ ਵਰਗੀਆਂ ਗੈਰ-ਪੱਖਪਾਤੀ ਸ਼ਖਸੀਅਤਾਂ ਵੀ ਸ਼ਾਮਲ ਹਨ, ਜੋ ਇਕ ਸਾਬਕਾ ਸੀ.ਐੱਨ.ਐੱਨ. ਵਿਸ਼ਲੇਸ਼ਕ ਹਨ ਅਤੇ ਹੁਣ ਆਪਣਾ ਖੁਦ ਦਾ ਨਿਊਜ਼ਲੈਟਰ ਚਲਾਉਂਦੇ ਹਨ।
ਰਿਪੋਰਟ ’ਚ ਦੇਖਿਆ ਗਿਆ ਹੈ ਕਿ ਪ੍ਭਾਵਸ਼ਾਲੀ ਲੋਕਾਂ ਨੇ ਜ਼ਿਆਦਾਤਰ ਸਿਆਸਤ ਅਤੇ ਚੋਣਾਂ ਬਾਰੇ ਸਮਾਚਾਰ ਹੋਸਟ ਕੀਤੇ, ਉਸ ਪਿੱਛੋਂ ਨਿੱਜੀ ਅਤੇ ਗਰਭਪਾਤ ਵਰਗੇ ਸਮਾਜਿਕ ਮੁੱਦੇ ਅਤੇ ਅੰਤਰਰਾਸ਼ਟਰੀ ਘਟਨਾਵਾਂ, ਜਿਵੇਂ ਕਿ ਇਜ਼ਰਾਈਲ-ਹਮਾਸ ਯੁੱਧ ’ਤੇ ਪੋਸਟਾਂ ਪਾਈਆਂ। ਉਨ੍ਹਾਂ ਜ਼ਿਆਦਾਤਰ 63 ਫੀਸਦੀ ਮਰਦ ਹਨ ਅਤੇ 77 ਫੀਸਦੀ ਬਹੁਗਿਣਤੀ ਦਾ ਕਿਸੇ ਮੀਡੀਆ ਸੰਗਠਨ ਨਾਲ ਕੋਈ ਸੰਬੰਧ ਜਾਂ ਪਿਛੋਕੜ ਨਹੀਂ ਹੈ। ਪਿਊ ਨੇ ਕਿਹਾ ਕਿ ਜਿਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਦਾ ਉਸ ਨੇ ਨਮੂਨਾ ਲਿਆ, ਉਨ੍ਹਾਂ ’ਚੋਂ ਲਗਭਗ ਅੱਧਿਆਂ ਨੇ ਸਪੱਸ਼ਟ ਸਿਆਸੀ ਰੁਝਾਨ ਨਹੀਂ ਦਿਖਾਇਆ। ਜਿਨ੍ਹਾਂ ਲੋਕਾਂ ਨੇ ਦਿਖਾਇਆ ਉਨ੍ਹਾਂ ’ਚੋਂ ਥੋੜ੍ਹੇ ਜ਼ਿਆਦਾ ਨੇ ਖੁਦ ਨੂੰ ਉਦਾਰਵਾਦੀ ਦੀ ਤੁਲਨਾ ’ਚ ਰੂੜੀਵਾਦੀ ਦੱਸਿਆ। ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਦੋਵਾਂ ਪਾਰਟੀਆਂ ਨੇ ਅਜਿਹੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਜਿਨ੍ਹਾਂ ’ਚ ਅਜਿਹੇ ਨਿਰਮਾਤਾ ਵੀ ਸ਼ਾਮਲ ਸਨ ਜੋ ਬਹੁਤੇ ਸਿਆਸੀ ਨਹੀਂ ਸਨ। ਅਜਿਹਾ ਇਸ ਲਈ ਕੀਤਾ ਤਾਂਕਿ ਉਨ੍ਹਾਂ ਵੋਟਰਾਂ ਲਈ ਮੁਕਾਬਲੇਬਾਜ਼ੀ ਕੀਤੀ ਜਾ ਸਕੇ ਜੋ ਆਪਣੀਆਂ ਜ਼ਿਆਦਾਤਰ ਖਬਰਾਂ ਗੈਰ-ਰਵਾਇਤੀ ਸਰੋਤਾਂ ਤੋਂ ਪ੍ਰਾਪਤ ਕਰ ਰਹੇ ਹਨ।
ਰਿਪਬਲਿਕਨ ਅਤੇ ਡੈਮੋਕ੍ਰੇਟਿਕ ਰਾਸ਼ਟਰੀ ਸੰਮੇਲਨਾਂ ਨੇ ਪਿਛਲੀਆਂ ਗਰਮੀਆਂ ’ਚ ਆਪਣੇ ਪ੍ਰੋਗਰਾਮਾਂ ਨੂੰ ਕਵਰ ਕਰਨ ਲਈ ਪ੍ਰਭਾਵਸ਼ਾਲੀ ਲੋਕਾਂ ਨੂੰ ਮਾਨਤਾ ਦਿੱਤੀ ਸੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲੈਕਸ ਕੂਪਰ ਨਾਲ ਬੈਠ ਕੇ ‘ਕਾਲ ਹਰ ਡੈੱਡੀ’ ਪੌਡਕਾਸਟ ’ਤੇ ਚਰਚਾ ਕੀਤੀ ਅਤੇ ‘ਆਲ ਦਾ ਸਮਾਕ’ ’ਤੇ ਸਾਥੀਆਂ ਨਾਲ ਬੇਅ ਏਰੀਆ ਬਾਸਕਟਬਾਲ ’ਤੇ ਥੋੜ੍ਹੀ ਚਰਚਾ ਕੀਤੀ। ਇਸ ਦਰਮਿਆਨ ਟਰੰਪ ਨੇ ਮਰਦ ਵੋਟਰਾਂ ਵੱਲ ਸੇਧਤ ਪੇਸ਼ਕਾਰੀਆਂ ਦੀ ਇਕ ਲੜੀ ਦੇ ਹਿੱਸੇ ਵਜੋਂ ‘ਬੁਸਿਨ ਵਿਦ ਦਾ ਬੁਆਏਜ਼’, ‘ਫਲੈਗ੍ਰੈਂਟ’ ਅਤੇ ਹਰਮਨਪਿਆਰੇ ਪੌਡਕਾਸਟਰ ਜੋਅ ਰੋਗਨ ’ਤੇ ਆਪਣੇ ਸਾਥੀਆਂ ਨਾਲ ਸਮਾਂ ਬਤੀਤ ਕੀਤਾ। ਪਿਊ ਰਿਸਰਚ ਸੈਂਟਰ ਦੇ ਸੀਨੀਅਰ ਕੰਪਿਊਟੇਸ਼ਨਲ ਸੋਸ਼ਲ ਸਾਇੰਟਿਸਟ (ਸਮਾਜ ਵਿਗਿਆਨੀ) ਗੈਲੇਨ ਸਟਾਕਿੰਗ ਨੇ ਇਕ ਬਿਆਨ ’ਚ ਕਿਹਾ, ‘‘ਇਸ ਸਾਲ ਰਾਸ਼ਟਰਪਤੀ ਚੋਣਾਂ ਦੌਰਾਨ ਇਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨੇ ਅਸਲ ’ਚ ਧਿਆਨ ਅਤੇ ਪ੍ਰਮੁੱਖਤਾ ਦੇ ਨਵੇਂ ਪੱਧਰ ਨੂੰ ਛੂਹਿਆ ਹੈ। ਸਾਨੂੰ ਲੱਗਾ ਕਿ ਇਹ ਦੇਖਣਾ ਅਸਲ ’ਚ ਅਹਿਮ ਹੈ ਕਿ ਕੁਝ ਸਭ ਤੋਂ ਹਰਮਨ-ਪਿਆਰੇ ਖਾਤਿਆਂ ਪਿੱਛੇ ਕੌਣ ਹਨ, ਉਹ ਜੋ ਸਮਾਚਾਰ ਸੰਗਠਨ ਨਹੀਂ ਹਨ, ਸਗੋਂ ਅਸਲ ਲੋਕ ਹਨ।’’ ਭਾਵੇਂ ਹੀ 85 ਫੀਸਦੀ ਸਮਾਚਾਰ ਪ੍ਰਭਾਵਸ਼ਾਲੀ ਲੋਕਾਂ ਦੀ ‘ਐਕਸ’ ’ਤੇ ਪਏ ਹਨ, ਉਨ੍ਹਾਂ ’ਚੋਂ ਕਈਆਂ ਕੋਲ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਅਤੇ ਟਿਕ-ਟਾਕ ਵਰਗੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਵੀ ਹਨ।
ਰਿਪੋਰਟ ਅਨੁਸਾਰ, ਨਸਲੀ ਘੱਟ ਗਿਣਤੀ, ਨੌਜਵਾਨ, ਬਾਲਗ ਅਤੇ ਘੱਟ ਆਮਦਨ ਵਾਲੇ ਬਾਲਗਾਂ ਨੂੰ ਪ੍ਰਭਾਵਸ਼ਾਲੀ ਲੋਕਾਂ ਕੋਲੋਂ ਸਮਾਚਾਰ ਪ੍ਰਾਪਤ ਕਰਨ ਦੀ ਵੱਧ ਸੰਭਾਵਨਾ ਸੀ। ਪਿਊ ਵਲੋਂ ਸਰਵੇਖਣ ਕੀਤੇ ਗਏ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ਦੀ ਮੌਜੂਦਾ ਘਟਨਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ’ਚ ਮਦਦ ਕੀਤੀ ਹੈ। 9 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ਨੂੰ ਹੋਰ ਵੱਧ ਭ੍ਰਮਿਤ ਕੀਤਾ ਹੈ। ਮੀਡੀਆ ਵਿਸ਼ਲੇਸ਼ਕ ਲੰਮੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕਿਵੇਂ ਪ੍ਰਭਾਵਸ਼ਾਲੀ ਲੋਕ ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਸੰਪਾਦਕੀ ਮਾਣਕਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ, ਗਲਤ ਸੂਚਨਾ ਨੂੰ ਬੜ੍ਹਾਵਾ ਦੇ ਸਕਦੇ ਹਨ, ਜਾਂ ਇੱਥੋਂ ਤੱਕ ਕਿ ਅਮਰੀਕਾ ਦੇ ਵਿਰੋਧੀਆਂ ਵਲੋਂ ਉਨ੍ਹਾਂ ਦੇ ਹਿੱਤਾਂ ਅਨੁਕੂਲ ਸਮੱਗਰੀ ਤਿਆਰ ਕਰਨ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡੇਵਿਡ ਬਾਊਡਰ