ਭਾਰਤੀ ਸਿਆਸਤ ’ਚ ‘ਅਮਰ ਸਿੰਘ’ ਬਣੇ ਰਹਿਣਗੇ

08/03/2020 3:02:08 AM

ਵਿਨੀਤ ਨਾਰਾਇਣ

64 ਸਾਲ ਦੀ ਉਮਰ ’ਚ ਅਮਰ ਸਿੰਘ ਦਾ ਸਿੰਗਾਪੁਰ ’ਚ ਦਿਹਾਂਤ ਹੋ ਗਿਆ। ਅਮਰ ਸਿੰਘ ਵਰਗੇ ਬਹੁਤ ਲੋਕ ਭਾਰਤੀ ਸਿਆਸਤ ’ਚ ਹਨ ਪਰ ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਹ ਖੁਦ ਨੂੰ ਰਾਸ਼ਟਰੀ ਪ੍ਰਸਾਰਣ ’ਚ ਵੀ ਦਲਾਲ ਐਲਾਨਨ ’ਚ ਨਹੀਂ ਝਿਜਕਦੇ ਸਨ। ਸਿੰਧੀਆ ਪਰਿਵਾਰ, ਭਰਤੀਆ ਪਰਿਵਾਰ, ਅੰਬਾਨੀ ਪਰਿਵਾਰ, ਬੱਚਨ ਪਰਿਵਾਰ ਜਾਂ ਯਾਦਵ ਪਰਿਵਾਰ ’ਚ ਫੁੱਟ ਪੁਆਉਣ ਦਾ ਸਿਹਰਾ ਅਮਰ ਸਿੰਘ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ’ਤੇ ਦੋਸ਼ ਸੀ ਕਿ ਉਹ ਇਨ੍ਹਾਂ ਰੱਜੇ-ਪੁੱਜੇ, ਮਸ਼ਹੂਰ ਤੇ ਤਾਕਤਵਰ ਪਰਿਵਾਰਾਂ ’ਚ ਕੂਟਨੀਤੀ ਨਾਲ ਫੁੱਟ ਪੁਆਉਂਦੇ ਸਨ ਅਤੇ ਇਕ ਭਰਾ ਦਾ ਪੱਲਾ ਫੜ ਕੇ ਦੂਸਰੇ ਦਾ ਕੰਮ ਕਰਵਾਉਂਦੇ ਸਨ। ਸ਼ਾਇਦ ਇਸ ’ਚ ਆਪਣਾ ਫਾਇਦਾ ਵੀ ਉਠਾਉਂਦੇ ਹੋਣ।

ਵੱਡੀ ਗਿਣਤੀ ’ਚ ਫਿਲਮੀ ਹੀਰੋਇਨਾਂ ਨੂੰ ਸਿਆਸਤ ’ਚ ਜਾਂ ਸਿਆਸੀ ਗਲਿਆਰਿਆਂ ’ਚ ਮਹੱਤਵ ਦਿਵਾਉਣ ਦਾ ਕੰਮ ਵੀ ਅਮਰ ਸਿੰਘ ਬਾਖੂਬੀ ਕਰਦੇ ਸਨ। ਇਸ ਨੂੰ ਲੈ ਕੇ ਅਨੇਕ ਵਿਵਾਦ ਉੱਠੇ ਅਤੇ ਸੁਪਰੀਮ ਕੋਰਟ ਤੱਕ ਗਏ। ਉਨ੍ਹਾਂ ਦੀ ਮੁਹਾਰਤਾ ਇੰਨੀ ਸੀ ਕਿ ਕੇਂਦਰ ’ਚ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੱਕ ਆਪਣੀ ਪਾਰਟੀ ਦੇ ਨੇਤਾਵਾਂ ਨਾਲੋਂ ਵੱਧ ਅਮਰ ਸਿੰਘ ਨੂੰ ਪਹਿਲ ਦਿੰਦੇ ਸਨ। ਇਹ ਉਸ ਸਮੇਂ ਭਾਜਪਾ ਦੇ ਨੇਤਾਵਾਂ ’ਚ ਚਿੰਤਾ ਅਤੇ ਚਰਚਾ ਦਾ ਵਿਸ਼ਾ ਰਹਿੰਦਾ ਸੀ ਅਤੇ ਇਸੇ ਕਾਲਮ ’ਚ ਮੈਂ ਉਦੋਂ ਇਸ ’ਤੇ ਟਿੱਪਣੀ ਵੀ ਕੀਤੀ ਸੀ।

ਸਰਕਾਰਾਂ ਡਿੱਗਣ, ਬਚਾਉਣ ’ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਵਾਉਣ ’ਚ ਵੀ ਅਮਰ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਸੀ। ਪਾਠਕਾਂ ਨੂੰ ਅਰੁਣ ਜੇਤਲੀ ਦੇ ਘਰ ਅਮਰ ਸਿੰਘ ਦੀ ਦੇਰ ਰਾਤ ਹੋਈ ਉਹ ਖੁਫੀਆ ਬੈਠਕ ਯਾਦ ਹੋਵੇਗੀ ਜੋ ਮੀਡੀਆ ਦੀ ਸਰਗਰਮੀ ਨਾਲ ਚਰਚਾ ’ਚ ਆ ਗਈ ਸੀ ਕਿਉਂਕਿ ਉਸ ਸਮੇਂ ਦੇ ਸਿਆਸੀ ਮਾਹੌਲ ’ਚ 2 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਇਸ ਤਰ੍ਹਾਂ ਮਿਲਣਾ ਵੱਡੇ ਵਿਵਾਦ ਦਾ ਕਾਰਨ ਬਣਿਆ ਸੀ।

ਪੱਤਰਕਾਰਿਤਾ ’ਚ ਰਹਿੰਦੇ ਹੋਏ ਸਾਡਾ ਹਰ ਕਿਸਮ ਦੇ ਸਿਆਸੀ ਆਗੂ ਨਾਲ ਸੰਪਰਕ ਹੋ ਹੀ ਜਾਂਦਾ ਹੈ। ਖਬਰਾਂ ਨੂੰ ਜਾਣਨ ਦੀ ਤਾਂਘ ’ਚ ਅਜਿਹੇ ਸੰਪਰਕ ਮਹੱਤਵਪੂਰਨ ਸ੍ਰੋਤ ਹੁੰਦੇ ਹਨ। ਇਸ ਨਾਤੇ ਅਮਰ ਸਿੰਘ ਨਾਲ ਮੇਰਾ ਵੀ ਠੀਕ-ਠਾਕ ਸੰਪਰਕ ਸੀ ਪਰ 1995 ’ਚ ਇਕ ਘਟਨਾ ਅਜਿਹੀ ਹੋਈ ਜਿਸ ਤੋਂ ਬਾਅਦ ਅਮਰ ਸਿੰਘ ਨੇ ਮੇਰੇ ਨਾਲ ਸਬੰਧ ਤਾਂ ਸੁਖਾਵੇਂ ਰੱਖੇ ਪਰ ਇਹ ਸਮਝ ਲਿਆ ਕਿ ਮੈਂ ਉਨ੍ਹਾਂ ਦੇ ਮਤਲਬ ਦਾ ਆਦਮੀ ਨਹੀਂ ਹਾਂ। ਹਾਲਾਂਕਿ ਇਹ ਵੀ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ‘ਜੈਨ ਹਵਾਲਾ ਕਾਂਡ’ ’ਚ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਸੀ. ਬੀ. ਆਈ. ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਸਰਗਰਮ ਹੋਇਆ ਅਤੇ ਅਨੇਕ ਪਾਰਟੀਆਂ ਦੇ ਸਿਆਸੀ ਆਗੂਆਂ ’ਚ ਭੜਥੂ ਪੈ ਗਿਆ, ਤਾਂ ਅਮਰ ਸਿੰਘ ਵੀ ਦੂਸਰਿਆਂ ਵਾਂਗ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਤਜਵੀਜ਼ ਲੈ ਕੇ ਮੇਰੇ ਕੋਲ ਆਏ ਤਾਂ ਕਿ ਮੈਂ ਇਸ ਮੁੱਦੇ ਨੂੰ ਛੱਡ ਦੇਵਾਂ। ਮੇਰੇ ਰੁੱਖੇ ਅਤੇ ਸਖਤ ਲਹਿਜੇ ਤੋਂ ਉਹ ਪ੍ਰੇਸ਼ਾਨ ਹੋ ਗਏ ਅਤੇ ਬਾਅਦ ’ਚ ਥਾਂ-ਥਾਂ ਕਹਿੰਦੇ ਫਿਰੇ ਕਿ ‘‘ਵਿਨੀਤ ਨਾਰਾਇਣ....... (ਮੂਰਖ) ਹਨ, 100 ਕਰੋੜ ਰੁਪਏ ਮਿਲਦੇ ਅਤੇ ਕੇਂਦਰ ’ਚ ਮੰਤਰੀ ਦਾ ਅਹੁਦਾ।’’

ਜਿਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ, ਉਦੋਂ ਉਹ ‘ਉੱਤਰ ਪ੍ਰਦੇਸ਼ ਵਿਕਾਸ ਪ੍ਰੀਸ਼ਦ’ ਦੇ ਪ੍ਰਧਾਨ ਸਨ। ਉਸ ਨਾਤੇ ਮੈਂ ਉਨ੍ਹਾਂ ਨੂੰ ਵ੍ਰਿੰਦਾਵਨ ਆਉਣ ਦਾ ਸੱਦਾ ਦਿੱਤਾ ਕਿਉਂਕਿ ਉਦੋਂ ਮੈਂ ਬ੍ਰਜ ਸੇਵਾ ’ਚ ਜੁਟ ਗਿਆ ਸੀ। ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵੱਡੇ ਪੱਧਰ ਦਾ ਕੋਈ ਵੀ ਵਿਕਾਸ ਕਾਰਜ ਅਾਸਾਨੀ ਨਾਲ ਪੂਰਾ ਨਹੀਂ ਹੁੰਦਾ, ਉਸ ’ਚ ਬੜੇ ਅੜਿੱਕੇ ਆਉਂਦੇ ਹਨ, ਇਸ ਲਈ ਮੈਨੂੰ ਜਾਪਿਆ ਕਿ ਅਮਰ ਸਿੰਘ ਨੂੰ ਸੱਦਣ ਨਾਲ ਇਨ੍ਹਾਂ ਸੇਵਾ ਕਾਰਜਾਂ ’ਚ ਮਦਦ ਮਿਲੇਗੀ।

ਇਸ ਆਯੋਜਨ ਤੋਂ ਬਾਅਦ ਮੈਂ ਅਮਰ ਸਿੰਘ ਨੂੰ ਮਿਲਣ ਦਿੱਲੀ ਗਿਆ ਅਤੇ ਕਿਹਾ ਕਿ ‘‘ਬ੍ਰਜ (ਮਥੁਰਾ) ਦੇ ਵਿਕਾਸ ਨੂੰ ਲੈ ਕੇ ਮੈਂ ਕੁਝ ਠੋਸ ਯੋਜਨਾਵਾਂ ਤਿਆਰ ਕੀਤੀਅਾਂ ਹਨ। ਉਸ ’ਚ ਤੁਸੀਂ ਮੇਰੀ ਮਦਦ ਕਰੋ।’’ ਅਮਰ ਸਿੰਘ ਨੇ ਸਤਿਕਾਰ ਤਾਂ ਪੂਰਾ ਕੀਤਾ ਪਰ ਟਕੇ ਵਰਗਾ ਜਵਾਬ ਦੇ ਦਿੱਤਾ, ‘‘ਤੁਸੀਂ ਅਮਿਤਾਭ ਬੱਚਨ ਵਾਂਗ ਮੇਰੇ ਗੂੜ੍ਹੇ ਮਿੱਤਰ ਤਾਂ ਹੈ ਨਹੀਂ। ‘ਹਵਾਲਾ ਕਾਂਡ’ ’ਚ ਮੈਂ ਇਕ ਤਜਵੀਜ਼ ਲੈ ਕੇ ਤੁਹਾਡੇ ਕੋਲ ਆਇਆ ਸੀ ਪਰ ਤੁਸੀਂ ਤਾਂ ਮੈਨੂੰ ਬੇਰੰਗ ਮੋੜ ਦਿੱਤਾ। ਤਾਂ ਹੁਣ ਤੁਸੀਂ ਮੇਰੇ ਕੋਲੋਂ ਕਿਸੇ ਮਦਦ ਦੀ ਆਸ ਕਿਵੇਂ ਕਰ ਸਕਦੇ ਹੋ?’’ ਮੈਂ ਸਮਝਦਾ ਹਾਂ ਕਿ ਅਮਰ ਸਿੰਘ ਵਰਗੀ ਸਥਿਤੀ ’ਚ ਕੋਈ ਕਿਸੇ ਨੂੰ ਸਾਫ-ਸਾਫ ਅਜਿਹਾ ਕਹਿਣ ਦੀ ਹਿੰਮਤ ਨਹੀਂ ਕਰੇਗਾ। ਇਹ ਖਾਸੀਅਤ ਉਨ੍ਹਾਂ ’ਚ ਹੀ ਸੀ।

ਅਮਰ ਸਿੰਘ ਦੀ ਇਕ ਫਿਤਰਤ ਸੀ ਕਿ ਉਹ ਪੈਸੇ ਵਾਲੇ ਲੋਕਾਂ ਦੇ ਜਾਂ ਆਪਣੇ ਮਿੱਤਰਾਂ ਦੇ ਵੱਡੇ ਤੋਂ ਵੱਡੇ ਕੰਮ ਚੁਟਕੀਆਂ ’ਚ ਕਰਵਾ ਦਿੰਦੇ ਸਨ। ਇਸਦੀ ਉਹ ਪਹਿਲਾਂ ਕੋਈ ਕੀਮਤ ਤੈਅ ਨਹੀਂ ਕਰਦੇ ਸਨ ਜਿਵੇਂ ਕਿ ਪਹਿਲਾਂ ਇਸ ਤਰ੍ਹਾਂ ਦੀ ਦਲਾਲੀ ਕਰਨ ਵਾਲੇ ਲੋਕ ਕਰਦੇ ਹਨ। ਉਨ੍ਹਾਂ ਦਾ ਸਿਧਾਂਤ ਸੀ ਕਿ ਲੋੜ ਪੈਣ ’ਤੇ ਮਦਦ ਕਰੋ ਅਤੇ ਸਾਹਮਣੇ ਵਾਲੇ ਤੋਂ ਇਹ ਆਸ ਰੱਖੋ ਕਿ ਇਸ ਮਦਦ ਤੋਂ ਬਾਅਦ ਉਹ ਹਮੇਸ਼ਾ ਇਸ ਤਰ੍ਹਾਂ ਦੀ ਮਦਦ ਕਰਨ ਨੂੰ ਤਤਪਰ ਰਹੇਗਾ। ਜੇਕਰ ਕੋਈ ਇਸ ’ਚ ਕੁਤਾਹੀ ਕਰ ਦੇਵੇ ਤਾਂ ਉਸ ਨੂੰ ਸਬਕ ਸਿਖਾਉਣਾ ਵੀ ਅਮਰ ਸਿੰਘ ਨੂੰ ਆਉਂਦਾ ਸੀ। ਇਸ ਕਾਰਨ ਉਨ੍ਹਾਂ ਦੇ ਕਈ ਮਿੱਤਰਾਂ ਨਾਲ ਵਿਵਾਦ ਵੀ ਬਹੁਤ ਗੰਭੀਰ ਹੋਏ ਪਰ ਉਹ ਵੱਖਰਾ ਮਾਮਲਾ ਹੈ

ਹੁਣ ਇਹ ਸਿਆਸਤ ਦੀ ਗੰਦਗੀ ਹੈ ਕਿ ਜੋ ਵਿਅਕਤੀ ਸ਼ਰੇਆਮ ਖੁਦ ਨੂੰ ਦਲਾਲ ਕਹਿੰਦਾ ਸੀ, ਉਸ ਦੀ ਹਰ ਸਿਆਸੀ ਪਾਰਟੀ ਨੂੰ ਕਦੀ ਨਾ ਕਦੀ ਲੋੜ ਪਈ। ਉੱਤਰ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼ਿਵਪਾਲ ਯਾਦਵ ਅਤੇ ਅਖਿਲੇਸ਼ ਯਾਦਵ ਦਰਮਿਆਨ ਜੋ ਜਨਤਕ ਲੜਾਈ ਹੋਈ, ਉਸ ’ਚ ਵੀ ਮੰਨਿਆ ਜਾਂਦਾ ਹੈ ਕਿ ਅਮਰ ਸਿੰਘ ਨੇ ਇਹ ਸਭ ਭਾਜਪਾ ਦੇ ਇਸ਼ਾਰੇ ’ਤੇ ਕੀਤਾ। ਇਸ ਤਰ੍ਹਾਂ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤੀ ਸਿਆਸਤ ’ਚ ਇਕ ਚਰਚਿਤ ਚਿਹਰਾ ਬਣੇ ਰਹੇ। ਇਹ ਸਾਧਾਰਨ ਨਹੀਂ ਹੈ ਕਿ ਸਭ ਕੁਝ ਸਾਰਿਆਂ ਨੂੰ ਪਤਾ ਸੀ, ਫਿਰ ਵੀ ਉਹ ਆਪਣੇ ਕੰਮ ਜਾਂ ਟੀਚੇ ’ਚ ਕਾਮਯਾਬ ਸਨ। ਸਪੱਸ਼ਟ ਹੈ ਕਿ ਈਮਾਨਦਾਰੀ ਦੇ, ਪਾਰਦਰਸ਼ਿਤਾ ਦੇ, ਜਨਤਾ ਪ੍ਰਤੀ ਜਵਾਬਦੇਹੀ ਦੇ ਦਾਅਵੇ ਭਾਵੇਂ ਕੋਈ ਵੀ ਪਾਰਟੀ ਕਰੇ ਪਰ ਸਾਰਿਆਂ ਨੂੰ ਹਰ ਪੱਧਰ ’ਤੇ ਇਕ ‘ਅਮਰ ਸਿੰਘ’ ਦੀ ਲੋੜ ਹੁੰਦੀ ਹੈ। ਅਜਿਹੇ ‘ਅਮਰ ਸਿੰਘ’ ਕਾਂਗਰਸ ਦੇ ਰਾਜ ’ਚ ਵੀ ਖੂਬ ਪੈਦਾ ਹੋਏ, ਜਨਤਾ ਦਲ ਦੇ ਰਾਜ ’ਚ ਵੀ ਸਫਲ ਰਹੇ ਅਤੇ ਭਾਜਪਾ ਸ਼ਾਸਨ ’ਚ ਵੀ ਉਨ੍ਹਾਂ ਦੀ ਘਾਟ ਨਹੀਂ ਹੈ। ਹਾਂ ਦਲਾਲੀ ਕਰਨ ਦੇ ਸਰੂਪ ਅਤੇ ਤਰੀਕਿਆਂ ’ਚ ਬੇਸ਼ੱਕ ਹੀ ਫਰਕ ਹੋਵੇ। ਸੰਸਦ ਮੈਂਬਰ ਅਤੇ ਵਿਧਾਇਕ ਪਹਿਲਾਂ ਵੀ ਖਰੀਦੇ ਜਾਂਦੇ ਸਨ ਅਤੇ ਅੱਜ ਵੀ ਖਰੀਦੇ ਜਾ ਰਹੇ ਹਨ। ਸਰਕਾਰੀ ਠੇਕਿਆਂ ’ਚ ਪਹਿਲਾਂ ਵੀ ਦਲਾਲਾਂ ਦੀ ਭੂਮਿਕਾ ਰਹਿੰਦੀ ਸੀ ਅਤੇ ਅੱਜ ਵੀ।

ਅਜਿਹੇ ਦਲਾਲ ਨਾ ਤਾਂ ਜਨਤਾ ਦੇ ਹਿੱਤ ’ਚ ਕਦੀ ਕੁਝ ਕਰਦੇ ਹਨ ਅਤੇ ਨਾ ਤਾਂ ਦੇਸ਼ ਦੇ ਹਿੱਤ ’ਚ ਕੁਝ ਕਰਦੇ ਹਨ। ਉਹ ਜੋ ਕੁਝ ਕਰਦੇ ਹਨ, ਆਪਣੇ ਜਾਂ ਆਪਣੇ ਦੋਸਤਾਂ ਦੇ ਫਾਇਦੇ ਲਈ ਕਰਦੇ ਹਨ। ਫਿਰ ਵੀ ਇਨ੍ਹਾਂ ਨੂੰ ਸਿਆਸੀ ਪਾਰਟੀ ਸੰਸਦੀ ਲੋਕਤੰਤਰ ਦੇ ਸਰਵਉੱਚ ਪੱਧਰ ’ਤੇ ਰਾਜ ਸਭਾ ਦਾ ਮੈਂਬਰ ਬਣਵਾ ਦਿੰਦੀ ਹੈ। ਉਸ ਰਾਜ ਸਭਾ ਦਾ ਜਿਸ ’ਚ ਸਮਾਜ ਦੇ ਵੱਕਾਰੀ, ਤਜਰਬੇਕਾਰ, ਗਿਆਨੀ ਅਤੇ ਸਮਰਪਿਤ ਲੋਕਾਂ ਨੂੰ ਬੈਠ ਕੇ ਬਹੁਜਨ ਹਿਤਾਏ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ, ਜਦਕਿ ਅਜਿਹੇ ਲੋਕਾਂ ਨੂੰ ਉਥੇ ਆਪਣਾ ਧੰਦਾ ਚਲਾਉਣ ਦਾ ਚੰਗਾ ਮੌਕਾ ਮਿਲਦਾ ਹੈ। ਇਸ ਲਈ ਜਦੋਂ ਤੱਕ ਸਾਡੀ ਸਿਆਸਤ ਧੋਖੇ, ਝੂਠੇ ਵਾਅਦੇ, ਦੋਹਰੇ ਚਰਿੱਤਰ ਅਤੇ ਜੋੜ-ਤੋੜ ਨਾਲ ਚੱਲਦੀ ਰਹੇਗੀ, ਉਦੋਂ ਤੱਕ ਭਾਰਤੀ ਸਿਆਸਤ ’ਚ ‘ਅਮਰ ਸਿੰਘ’ ਕਦੇ ਨਹੀਂ ਮਰਨਗੇ। ਉਨ੍ਹਾਂ ਨੂੰ ਸ਼ਰਧਾਂਜਲੀ।


Bharat Thapa

Content Editor

Related News