ਅਕਾਲੀ ਸੰਕਟ : ਪੰਜ ਸਿੰਘ ਸਾਹਿਬਾਨ ਲਈ ਪ੍ਰੀਖਿਆ ਦੀ ਘੜੀ

Friday, Jul 26, 2024 - 05:33 PM (IST)

ਪੰਜਾਬ ਵਿਚ 10 ਸਾਲ ਤੱਕ ਰਾਜ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੀਆਂ ਦੋ ਟਰਮਾਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਕਰਾਰੀ ਹਾਰ ਨੇ ਅਕਾਲੀ ਦਲ ਨੂੰ ਫੁੱਟ ਦੇ ਕੰਢੇ ’ਤੇ ਖੜ੍ਹਾ ਕਰ ਦਿੱਤਾ ਹੈ। ਅਕਾਲੀ ਦਲ ਦੀ ਲੜਾਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਈ ਹੈ। ਭਾਵੇਂ ਪਹਿਲਾਂ ਵੀ ਕਈ ਵਾਰ ਅਜਿਹੀ ਸਥਿਤੀ ਬਣੀ ਹੈ ਪਰ ਇਸ ਵਾਰ ਹਾਲਾਤ ਕੁਝ ਵੱਖਰੀ ਕਿਸਮ ਦੇ ਹਨ ਕਿਉਂਕਿ ਇਸ ਵਾਰ ਅਕਾਲੀ ਦਲ ਜਿੰਨੀ ਕਮਜ਼ੋਰ ਹਾਲਤ ਵਿਚ ਹੈ, ਪਹਿਲਾਂ ਕਦੀ ਨਹੀਂ ਪਹੁੰਚਿਆ ਤੇ ਇਸ ਵਾਰ ਵੱਡੇ ਬਾਗੀ ਲੀਡਰਾਂ ਦੀ ਗਿਣਤੀ ਕਾਬਜ਼ ਧੜੇ ਨਾਲੋਂ ਵੱਧ ਹੈ, ਜਦਕਿ ਪਹਿਲੀਆਂ ਲੜਾਈਆਂ ਸਮੇਂ ਆਮ ਤੌਰ ’ਤੇ ਕਾਬਜ਼ ਧੜਾ ਸਰਕਾਰ ਚਲਾ ਰਿਹਾ ਹੁੰਦਾ ਸੀ ਅਤੇ ਵੱਡੇ ਲੀਡਰਾਂ ਦੀ ਹਮਾਇਤ ਵੀ ਕਾਬਜ਼ ਧੜੇ ਕੋਲ ਵੱਧ ਹੁੰਦੀ ਸੀ।

ਅਕਾਲੀ ਦਲ ਵਿਚ ਫੁੱਟ ਦਾ ਇਤਿਹਾਸ ਬੜਾ ਪੁਰਾਣਾ ਹੈ। ਜੇ 1966 ਵਿਚ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਹੋਂਦ ’ਚ ਆਉਣ ਤੋਂ ਬਾਅਦ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਸਮੇਂ ਹੀ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਗਿਆ ਸੀ। ਇਕ ਧੜੇ ਦੀ ਅਗਵਾਈ ਸੰਤ ਫਤਹਿ ਸਿੰਘ ਅਤੇ ਦੂਜੇ ਧੜੇ ਦੀ ਅਗਵਾਈ ਮਾਸਟਰ ਤਾਰਾ ਸਿੰਘ ਨੇ ਕੀਤੀ।

ਫੁੱਟ ਦੇ ਇਤਿਹਾਸ ਵਿਚ ਵੱਧ ਨਾ ਜਾਂਦੇ ਹੋਏ ਅੱਜ ਸਿਰਫ ਫੁੱਟ ਦੇ ਉਨ੍ਹਾਂ ਮਾਮਲਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖਲ ਦੇਣਾ ਪਿਆ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਲੀਡਰਾਂ ਵੱਲੋਂ ਦਖਲ ਦੇਣ ਦੀ ਬੇਨਤੀ ਕੀਤੀ ਗਈ ਅਤੇ ਅਕਾਲੀ ਦਲ ਦੀ ਤਾਜ਼ਾ ਫੁੱਟ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਚਾਰ ਸਿੰਘ ਸਾਹਿਬਾਨ ਨੂੰ ਅਕਾਲੀ ਦਲ ਦਾ ਮਾਮਲਾ ਸੁਲਝਾਉਣ ਲਈ ਆਉਣ ਵਾਲੀਆਂ ਚੁਣੌਤੀਆਂ ਬਾਰੇ।

1984 ’ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਜੇਲ ਭੇਜ ਦਿੱਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਪਾਰਟੀ ਚਲਾਉਣ ਲਈ ਪੰਜ ਪਿਆਰੇ ਨਿਯੁਕਤ ਕੀਤੇ।

1988 ਵਿਚ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਗੀ ਦਰਸ਼ਨ ਸਿੰਘ ਨੇ ਉਦੋਂ ਅਹਿਮ ਭੂਮਿਕਾ ਨਿਭਾਈ ਜਦੋਂ ਮੌਡਰੇਟ ਲੀਡਰਾਂ ਅਤੇ ਗਰਮਖਿਆਲੀ ਲੀਡਰਾਂ ਦਰਮਿਆਨ ਵਖਰੇਵੇਂ ਸਿਖਰ ’ਤੇ ਪਹੁੰਚ ਗਏ ਸਨ। 1990 ਦੇ ਸ਼ੁਰੂ ਦੇ ਸਾਲਾਂ ਵਿਚ ਐਕਟਿੰਗ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਅਕਾਲੀ ਦਲ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਕਾਸ਼ ਸਿੰਘ ਬਾਦਲ ਇਸ ਫੈਸਲੇ ਤੋਂ ਅਲੱਗ ਰਹੇ। 1999 ਵਿਚ ਅਕਾਲੀ ਲੀਡਰਾਂ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਝਗੜੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ।

ਅਕਾਲੀ ਦਲ ਦੀ ਲੜਾਈ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਇਹ ਪੰਜਵਾਂ ਮੌਕਾ ਹੈ ਤੇ ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਚਾਰ ਸਿੰਘ ਸਾਹਿਬਾਨ ਲਈ ਬਾਗੀ ਅਕਾਲੀ ਆਗੂਆਂ ਵੱਲੋਂ ਦਿੱਤੀ ਗਈ ਮੁਆਫੀ ਦੀ ਚਿੱਠੀ ’ਤੇ ਫੈਸਲਾ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। ਇਕ ਪਾਸੇ ਤਾਂ ਸਿੰਘ ਸਾਹਿਬ ਇਨ੍ਹਾਂ ਅਕਾਲੀ ਧੜਿਆਂ ਵਿਚ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਸਰੇ ਪਾਸੇ ਸਰਬਜੀਤ ਸਿੰਘ ਜਿਹੜੇ ਹੁਣੇ-ਹੁਣੇ ਐੱਮ. ਪੀ. ਬਣੇ ਹਨ, ਨੇ ਫਰੀਦਕੋਟ ਵਿਖੇ ਇਕ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਐੱਮ. ਪੀ. ਨਾਲ ਰਲ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।

ਇਸ ਗੱਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਈ ਇਕ ਨਵੀਂ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਧੜੇ ਹਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਭਾਈ ਜਸਬੀਰ ਸਿੰਘ ਰੋਡੇ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ ਅਕਾਲੀ ਦਲ ਬਾਦਲ ਦੀ ਏਕਤਾ ਕਰਵਾਉਣ ਜਾਂ ਇਸ ਦੇ ਆਗੂਆਂ ਵੱਲੋਂ ਕੀਤੀਆਂ ਗਲਤੀਆਂ ਦਾ ਫੈਸਲਾ ਹੀ ਕਰੇਗਾ।

ਬਾਗੀ ਅਕਾਲੀ ਆਗੂਆਂ ਨੇ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨ ਦੀ ਮੰਗ ਕੀਤੀ ਹੈ, ਜਿਸ ਨੂੰ ਮੰਨਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ 15 ਦਿਨਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਅਤੇ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇ ਆਏ ਹਨ।

ਇਥੇ ਸਵਾਲ ਉੱਠਦਾ ਹੈ ਕਿ ਜਦੋਂ ਬਾਗੀ ਅਕਾਲੀ ਆਗੂ ਬਾਦਲ ਸਰਕਾਰ ਵੇਲੇ ਹੋਈਆਂ ਗਲਤੀਆਂ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨ ਰਹੇ ਹਨ ਤਾਂ ਕਾਬਜ਼ ਧੜੇ ਵਿਚੋਂ ਕੇਵਲ ਸੁਖਬੀਰ ਸਿੰਘ ਬਾਦਲ ਨੂੰ ਹੀ ਪੇਸ਼ ਹੋਣ ਲਈ ਕਿਉਂ ਕਿਹਾ ਗਿਆ ਹੈ। ਕੀ ਬਾਦਲ ਸਰਕਾਰ ਦੇ ਹੋਰ ਭਾਈਵਾਲ ਲੀਡਰ, ਜਿਹੜੇ ਅਕਾਲੀ ਦਲ ਤੇ ਅਕਾਲੀ ਦਲ ਦੀ ਸਰਕਾਰ ਦੇ ਫੈਸਲਿਆਂ ਵਿਚ ਸ਼ਾਮਲ ਹੁੰਦੇ ਸਨ, ਇਨ੍ਹਾਂ ਗਲਤੀਆਂ ਵਿਚ ਸ਼ਾਮਲ ਨਹੀਂ ਸਨ?

ਭਾਵੇਂ ਦੋਵੇਂ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਤਾਕਤ ਮੰਨਣ ਦਾ ਦਾਅਵਾ ਕਰਦੇ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਦੋਵੇਂ ਧੜੇ ਆਪਣੀਆਂ-ਆਪਣੀਆਂ ਗੋਟੀਆਂ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਕੇ ਪਾਰਟੀ ਦਾ ਢਾਂਚਾ ਭੰਗ ਕਰ ਕੇ ਨਵਾਂ ਢਾਂਚਾ ਬਣਾਉਣ ਦੇ ਅਧਿਕਾਰ ਲੈ ਲਏ ਹਨ ਅਤੇ ਪਾਰਟੀ ਦੀ ਸਭ ਤੋਂ ਵੱਡੀ ਕਮੇਟੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ ਤੇ ਦੂਜਾ ਧੜਾ ਵੀ ਇਕ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ 11 ਜਾਂ 13 ਮੈਂਬਰਾਂ ਦੀ ਪ੍ਰਜ਼ੀਡੀਅਮ ਬਣਾਉਣ ਦੀ ਤਿਆਰੀ ਵਿਚ ਲੱਗਾ ਹੋਇਆ ਹੈ।

ਦੋਵੇਂ ਧੜਿਆਂ ਦੀਆਂ ਇਹ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਦੋਵੇਂ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿਲੋਂ ਸਮਰਪਿਤ ਨਹੀਂ ਹਨ ਤੇ ਆਪਣਾ-ਆਪਣਾ ਦਬਦਬਾ ਬਣਾਉਣ ਦੇ ਆਹਰ ਵਿਚ ਹਨ। ਇਨ੍ਹਾਂ ਸਭ ਗੱਲਾਂ ’ਤੇ ਸੋਚ ਵਿਚਾਰ ਕਰ ਕੇ ਫੈਸਲਾ ਲੈਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ 4 ਸਿੰਘ ਸਾਹਿਬਾਨ ਲਈ ਇਕ ਇਮਤਿਹਾਨ ਦੀ ਘੜੀ ਹੋਵੇਗਾ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


Tanu

Content Editor

Related News