ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ

Thursday, Aug 20, 2026 - 06:23 PM (IST)

ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ

ਐਨਾਲੌਗ ਪਨੀਰ ਦੇ ਨਾਲ ਹੀ ਖਾਧ ਪਦਾਰਥਾਂ ’ਚ ਮਿਲਾਵਟ ਅਚਾਨਕ ਚਰਚਾ ’ਚ ਹੈ। ਗੱਲ ਸਿਰਫ਼ ਪਨੀਰ ’ਚ ਮਿਲਾਵਟ ਦੀ ਨਹੀਂ ਹੈ ਸਗੋਂ ਗੱਲ ਇਹ ਹੈ ਕਿ ਪਨੀਰ ਦੇ ਨਾਂ ’ਤੇ ਜੋ ਪਰੋਸਿਆ ਜਾ ਰਿਹਾ ਹੈ ਉਹ ਦੁੱਧ ਤੋਂ ਬਣਿਆ ਪਨੀਰ ਹੀ ਨਹੀਂ ਹੈ, ਉਹ ਐਨਾਲੌਗ ਪਨੀਰ ਹੈ!

ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ’ਚੋਂ ਕਿੰਨੇ ਲੋਕ ਇਸ ਦਾ ਮਤਲਬ ਸਮਝਦੇ ਹਨ?

ਸਾਡੇ ’ਚੋਂ ਜ਼ਿਆਦਾਤਰ ਲੋਕਾਂ ਲਈ ਪਨੀਰ ਦੁੱਧ ਤੋਂ ਬਣਿਆ ਪ੍ਰੋਟੀਨ ਦਾ ਪੋਸ਼ਣ ਨਾਲ ਭਰਪੂਰ ਇਕ ਬਿਹਤਰੀਨ ਪਕਵਾਨ ਹੈ।

ਪਰ ਐਨਾਲੌਗ ਪਨੀਰ ਅਸਲੀ ਦੁੱਧ ਦੀ ਬਜਾਏ ਵਨਸਪਤੀ ਤੇਲ (ਪਾਮ ਆਇਲ), ਸਟਾਰਚ, ਮਿਲਕ ਪਾਊਡਰ ਅਤੇ ਕੈਮੀਕਲ ਤੋਂ ਬਣਾਇਆ ਜਾਣ ਵਾਲਾ ਇਕ ਬਨਾਊਟੀ ਉਤਪਾਦ ਹੈ।

ਸਿਹਤ ’ਤੇ ਇਸ ਦੇ ਮਾੜੇ ਪ੍ਰਭਾਵ ਅਤੇ ਇਸ ਨੂੰ ਅਸਲੀ ਪਨੀਰ ਦੱਸ ਕੇ ਵੇਚਣ ਦੇ ਮਾਮਲਿਆਂ ਕਾਰਨ ਕਈ ਸੂਬਿਅਾਂ ਦੀਆਂ ਸਰਕਾਰਾਂ ਜਿਵੇਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਛੱਤੀਸਗੜ੍ਹ ਨੇ ਇਸ ਦੇ ਨਿਰਮਾਣ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ ਇਸ ’ਚ ਕੈਲਸ਼ੀਅਮ ਅਤੇ ਪ੍ਰੋਟੀਨ ਨਾ ਦੇ ਬਰਾਬਰ ਹੁੰਦੇ ਹਨ ਜਦਕਿ ਨੁਕਸਾਨਦੇਹ ਚਰਬੀ ਹੋਣ ਦੇ ਕਾਰਨ ਇਹ ਲਿਵਰ, ਕਿਡਨੀ ਅਤੇ ਦਿਲ ਦੀ ਬੀਮਾਰੀ ਦਾ ਖ਼ਤਰਾ ਵਧਾਉਂਦਾ ਹੈ ਪਰ ਘੱਟ ਕੀਮਤ ਅਤੇ ਲੰਮੀ ਸ਼ੈਲਫ਼ ਲਾਈਫ਼ ਦੇ ਕਾਰਨ ਹੋਟਲ, ਰੈਸਟੋਰੈਂਟ ਅਤੇ ਵੈਂਡਰ ਇਸ ਦੀ ਵਰਤੋਂ ਪਨੀਰ ਦੇ ਨਾਂ ’ਤੇ ਕਰਦੇ ਹਨ।

ਜੋ ਲੋਕ ਚਰਬੀ ਅਤੇ ਕਾਰਬੋਹਾਈਡ੍ਰੇਟ ਤੋਂ ਪਰਹੇਜ਼ ਕਰਦੇ ਹੋਏ ਪ੍ਰੋਟੀਨ ਲਈ ਪਨੀਰ ਆਪਣੇ ਭੋਜਨ ’ਚ ਸ਼ਾਮਲ ਕਰਦੇ ਹਨ, ਉਨ੍ਹਾਂ ਲਈ ਐਨਾਲੌਗ ਪਨੀਰ ਫ਼ੈਟ ਅਤੇ ਸਟਾਰਚ ਨਾਲ ਭਰਿਆ ਇਕ ਧੋਖਾ ਹੈ। ਸਗੋਂ ਸਿਹਤ ਦੇ ਪ੍ਰਤੀ ਸੰਵੇਦਨਸ਼ੀਲ ਅਜਿਹੇ ਲੋਕਾਂ ਨੂੰ ਜਦੋਂ ਕੈਮੀਕਲ ਵਾਲਾ ਐਨਾਲੌਗ ਪਨੀਰ ਪਰੋਸਿਆ ਜਾਂਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਵੇ? ਧੋਖਾ? ਅਗਿਆਨਤਾ? ਭ੍ਰਿਸ਼ਟਾਚਾਰ? ਜਾਂ ਜਾਗਰੂਕਤਾ ਦੀ ਘਾਟ?

ਦਰਅਸਲ ਵਪਾਰੀਕਰਨ ਦੇ ਇਸ ਦੌਰ ’ਚ ਸ਼ਬਦਾਂ ਦੀ ਵਰਤੋਂ ਬੜੀ ਚਲਾਕੀ ਨਾਲ ਕੀਤੀ ਜਾਂਦੀ ਹੈ।

ਅਤੇ ਇੱਥੋਂ ਹੀ ਮਿਲਾਵਟ ਦਾ ਅਸਲੀ ਖੇਡ ਸ਼ੁਰੂ ਹੁੰਦਾ ਹੈ। ਇਸ ਨੂੰ ਇੰਝ ਸਮਝੋ ਕਿ ਮਿਲਾਵਟ ਹਮੇਸ਼ਾ ਕੋਈ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਨਾਂ ਨਹੀਂ ਹੈ। ਕਈ ਵਾਰ ਕਹਾਣੀ ਇਸ ਤੋਂ ਕਿਤੇ ਜ਼ਿਆਦਾ ਡੂੰਘੀ ਹੁੰਦੀ ਹੈ। ਜਿਵੇਂ ਕਿਸੇ ਮਹਿੰਗੇ ਜਾਂ ਵਿਸ਼ੇਸ਼ ਖਾਧ ਪਦਾਰਥ ’ਚ ਦੂਜਾ ਸਸਤਾ ਖਾਧ ਪਦਾਰਥ ਮਿਲਾਉਣਾ।

ਭਾਰਤੀ ਖਾਧ ਮਾਪਦੰਡਾਂ ਅਨੁਸਾਰ ਖਾਣ ਵਾਲੇ ਤੇਲਾਂ ’ਚ ਮਿਲਾਵਟ ਆਪਣੇ ਆਪ ’ਚ ਗ਼ੈਰ-ਕਾਨੂੰਨੀ ਨਹੀਂ ਹੈ। ਐੱਫ. ਐੱਸ. ਐੱਸ. ਏ. ਆਈ. ਅਨੁਸਾਰ ਦੋ ਖਾਣ ਵਾਲੇ ਵਨਸਪਤੀ ਤੇਲਾਂ ਦਾ ਨਿਰਧਾਰਿਤ ਅਨੁਪਾਤ ’ਚ ਮਿਸ਼ਰਣ ਮਾਨਤਾ ਪ੍ਰਾਪਤ ਹੋ ਸਕਦਾ ਹੈ ਪਰ ਖਪਤਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ’ਚ ਕਿਹੜੇ-ਕਿਹੜੇ ਤੇਲ ਅਤੇ ਕਿੰਨੀ ਮਾਤਰਾ ’ਚ ਹਨ।

ਇਸੇ ਤਰ੍ਹਾਂ ਕੌਫ਼ੀ ’ਚ ਚਿਕੋਰੀ ਦਾ ਮਿਸ਼ਰਣ ਵੀ ਕੋਈ ਛੁਪੀ ਹੋਈ ਮਿਲਾਵਟ ਨਹੀਂ ਹੈ। ਭਾਰਤ ’ਚ ਕੌਫ਼ੀ-ਚਿਕੋਰੀ ਮਿਸ਼ਰਣ ਇਕ ਮਾਨਤਾ ਪ੍ਰਾਪਤ ਖਾਧ ਸ਼੍ਰੇਣੀ ਹੈ, ਪਰ ਉਸ ਲਈ ਕੌਫ਼ੀ ਅਤੇ ਚਿਕੋਰੀ ਦਾ ਪ੍ਰਤੀਸ਼ਤ ਲੈਬਲ ’ਤੇ ਦੱਸਣਾ ਲਾਜ਼ਮੀ ਹੈ।

ਭਾਵ ਬਲੈਂਡਿੰਗ ਅਪਰਾਧ ਨਹੀਂ ਹੈ ਪਰ ਬਲੈਂਡਿੰਗ ਨੂੰ ਛੁਪਾਉਣਾ ਯਕੀਨਨ ਅਪਰਾਧ ਹੈ।

ਸਰ੍ਹੋਂ ਦਾ ਤੇਲ, ਸ਼ਹਿਦ, ਘਿਓ, ਮੱਖਣ- ਇਨ੍ਹਾਂ ਸਾਰਿਆਂ ’ਚ ਇਨ੍ਹਾਂ ਦੀ ਲਾਗਤ ਨੂੰ ਘੱਟ ਕਰਨ ਲਈ ਵੱਖ-ਵੱਖ ਪਦਾਰਥਾਂ ਦੀ ਬਲੈਂਡਿੰਗ ਕੀਤੀ ਜਾਂਦੀ ਹੈ ਪਰ ਇਨ੍ਹਾਂ ਦੀ ਪੈਕਿੰਗ ’ਤੇ ਲਿਖਿਆ ਹੁੰਦਾ ਹੈ ‘ਬਲੈਂਡਡ’। ਜਾਗਰੂਕ ਉਪਭੋਗਤਾ ਪੈਕਿੰਗ ਦੇਖ ਕੇ ਉਤਪਾਦ ਖ਼ਰੀਦ ਸਕਦਾ ਹੈ।

ਪਰ ਕੀ ਵਾਕਈ ’ਚ ਅਜਿਹਾ ਹੀ ਹੈ?

ਆਈਸਕ੍ਰੀਮ ਅਤੇ ਫ਼੍ਰੋਜ਼ਨ ਡੈਜ਼ਰਟ ਨੂੰ ਹੀ ਲਵੋ। ਅਸਲੀ ਆਈਸਕ੍ਰੀਮ ਪੂਰੀ ਤਰ੍ਹਾਂ ਦੁੱਧ ਅਤੇ ਡੇਅਰੀ ਫ਼ੈਟ ਤੋਂ ਬਣਦੀ ਹੈ ਜਦਕਿ ਫ਼੍ਰੋਜ਼ਨ ਡੈਜ਼ਰਟ ਵੈਜੀਟੇਬਲ ਆਇਲ ਜਿਵੇਂ ਪਾਮ ਆਇਲ ਅਤੇ ਵੈਜੀਟੇਬਲ ਫ਼ੈਟ ਤੋਂ ਤਿਆਰ ਕੀਤੀ ਜਾਂਦੀ ਹੈ। ਦੇਖਣ ’ਚ ਅਤੇ ਸਵਾਦ ’ਚ ਇਹ ਦੋਵੇਂ ਇਕੋ ਜਿਹੇ ਲੱਗਦੇ ਹਨ ਪਰ ਸਿਹਤ ’ਤੇ ਇਨ੍ਹਾਂ ਦੇ ਪ੍ਰਭਾਵ ਅਤੇ ਇਨ੍ਹਾਂ ਨੂੰ ਬਣਾਉਣ ’ਚ ਵਰਤੋਂ ਕੀਤੀ ਜਾਣ ਵਾਲੀ ਸਮੱਗਰੀ ’ਚ ਬੁਨਿਆਦੀ ਫ਼ਰਕ ਹੁੰਦਾ ਹੈ। ਐੱਫ. ਐੱਸ. ਐੱਸ. ਏ. ਆਈ.ਦੇ ਨਿਯਮਾਂ ਅਨੁਸਾਰ ਕੋਈ ਵੀ ਕੰਪਨੀ ਵੈਜੀਟੇਬਲ ਆਇਲ ਤੋਂ ਬਣੀ ਚੀਜ਼ ਨੂੰ ਆਈਸਕ੍ਰੀਮ ਨਹੀਂ ਲਿਖ ਸਕਦੀ, ਉਸ ਨੂੰ ਫ਼੍ਰੋਜ਼ਨ ਡੈਜ਼ਰਟ ਲਿਖਣਾ ਹੁੰਦਾ ਹੈ। ਕਵਾਲਿਟੀ ਵਾਲਜ਼, ਵਾਡੀਲਾਲ ਜਿਹੀਆਂ ਕਈ ਕੰਪਨੀਆਂ ਫ਼੍ਰੋਜ਼ਨ ਡੈਜ਼ਰਟ ਬਣਾਉਂਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਐੱਫ. ਐੱਸ. ਐੱਸ. ਏ. ਆਈ. ਦੇ ਨਿਯਮਾਂ ਅਨੁਸਾਰ ਇਹ ਕੰਪਨੀਆਂ ਪੈਕਿੰਗ ’ਤੇ ਲਿਖਦੀਆਂ ਹਨ ਫ਼੍ਰੋਜ਼ਨ ਡੈਜ਼ਰਟ ਪਰ ਮਸ਼ਹੂਰੀ ਆਈਸਕ੍ਰੀਮ ਦੇ ਨਾਂ ’ਤੇ ਕਰਦੀਆਂ ਹਨ। ਜ਼ਿਆਦਾਤਰ ਲੋਕ ਭਰਮਿਤ ਹੋ ਕੇ ਆਈਸਕ੍ਰੀਮ ਦੇ ਨਾਂ ’ਤੇ ਫ਼੍ਰੋਜ਼ਨ ਡੈਜ਼ਰਟ ਖਾ ਰਹੇ ਹੁੰਦੇ ਹਨ, ਦੁੱਧ ਉਤਪਾਦ ਦੇ ਨਾਂ ’ਤੇ ਪਾਮ ਆਇਲ ਅਤੇ ਵੈਜੀਟੇਬਲ ਫ਼ੈਟ ਦਾ ਸੇਵਨ ਕਰ ਰਹੇ ਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੁੰਦੀ।

ਹੁਣ ਇੱਥੇ ਦੋ ਸਥਿਤੀਆਂ ਹਨ, ਇਕ ਇਹ ਕਿ ਪੈਕੇਜਿੰਗ ’ਤੇ ਜਾਣਕਾਰੀ ਦਿੱਤੀ ਗਈ ਪਰ ਇਸ਼ਤਿਹਾਰ ਭੁਲੇਖਾ ਪਾਊ ਹੈ ਅਤੇ ਦੂਜੀ ਇਹ ਕਿ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ, ਜਿਵੇਂ ਹੋਟਲਾਂ ’ਚ ਜੋ ਪਨੀਰ ਪਰੋਸਿਆ ਜਾ ਰਿਹਾ ਹੈ।

ਦਰਅਸਲ ਅੱਜ ਬੜੀ ਗੰਭੀਰ ਸਥਿਤੀ ਬਣ ਗਈ ਹੈ। ਖਾਧ ਪਦਾਰਥਾਂ ’ਚ ਮਿਲਾਵਟ ਸਿਰਫ ਰੈਸਟੋਰੈਂਟ ਜਾਂ ਕੰਪਨੀਆਂ ਤੱਕ ਹੀ ਸੀਮਤ ਨਹੀਂ ਹੈ- ਫ਼ਲਾਂ ਨੂੰ ਕਾਰਬਾਈਡ ਨਾਲ ਪਕਾਉਣਾ, ਤਰਬੂਜ਼ ’ਚ ਇੰਜੈਕਸ਼ਨ ਲਗਾਉਣਾ, ਸੇਬ ’ਤੇ ਮੋਮ ਦੀ ਕੋਟਿੰਗ ਲਗਾਉਣਾ ਜਾਂ ਬਨਾਊਟੀ ਰੰਗ ਲਗਾਉਣਾ, ਗੋਭੀ, ਭਿੰਡੀ ਜਿਹੀਆਂ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਮਾਤਰਾ ’ਚ ਨੁਕਸਾਨਦੇਹ ਕੀਟਨਾਸ਼ਕਾਂ ਦੀ ਵਰਤੋਂ ਕਰਨਾ।

ਜਿਸ ਅੰਨ ਨੂੰ ਅਸੀਂ ਦੇਵਤਾ ਮੰਨਦੇ ਹਾਂ, ਜੋ ਅੰਨ ਸਾਨੂੰ ਜੀਵਨ ਦਿੰਦਾ ਹੈ, ਜੋ ਸਾਨੂੰ ਸਿਹਤ ਦਿੰਦਾ ਹੈ, ਉਸੇ ਨੂੰ ਅਸੀਂ ਇਸ ਕਦਰ ਦੂਸ਼ਿਤ ਕਰਦੇ ਜਾ ਰਹੇ ਹਾਂ ਕਿ ਅੱਜ ਉਹ ਸਾਨੂੰ ਬੀਮਾਰ ਕਰ ਰਿਹਾ ਹੈ- ਫ਼ੂਡ ਪੋਇਜ਼ਨਿੰਗ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਜਨਕ ਬਣਦਾ ਜਾ ਰਿਹਾ ਹੈ।

ਸਮਾਂ ਹੈ ਰੁਕ ਕੇ ਸੋਚਣ ਦਾ ਕਿ ਵਪਾਰੀਕਰਨ ਦੇ ਨਾਂ ’ਤੇ ਅਸੀਂ ਆਪਣੀ ਸਿਹਤ ਨਾਲ ਸਮਝੌਤਾ ਤਾਂ ਨਹੀਂ ਕਰ ਰਹੇ? ਕੀ ਦੇਸ਼ ਦੀ ਸਿਹਤ ਦੀ ਕੀਮਤ ’ਤੇ ਆਰਥਿਕ ਤਰੱਕੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ?

-ਡਾ. ਨੀਲਮ ਮਹਿੰਦਰ


author

Harpreet SIngh

Content Editor

Related News