ਫੌਜ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀਆਂ ਸਿਖਲਾਈ ਉਡਾਣਾਂ ਹੋ ਰਹੀਆਂ ਹਾਦਸਾਗ੍ਰਸਤ, ‘ਸੁਰੱਖਿਆ ਆਡਿਟ ਦੀ ਲੋੜ’

Thursday, Mar 07, 2024 - 04:16 AM (IST)

ਫੌਜ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀਆਂ ਸਿਖਲਾਈ ਉਡਾਣਾਂ ਹੋ ਰਹੀਆਂ ਹਾਦਸਾਗ੍ਰਸਤ, ‘ਸੁਰੱਖਿਆ ਆਡਿਟ ਦੀ ਲੋੜ’

ਫੌਜ ’ਚ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ, ਜਿਨ੍ਹਾਂ ਲਈ ਪਾਇਲਟਾਂ ਨੂੰ ਡੂੰਘੀ ਸਿਖਲਾਈ ਦਿੱਤੀ ਜਾਂਦੀ ਹੈ ਪਰ ਇਨ੍ਹਾਂ ਦੀ ਸਿਖਲਾਈ ਦੌਰਾਨ ਲਗਾਤਾਰ ਹੋ ਰਹੀਆਂ ਘਟਨਾਵਾਂ ਕਈ ਸਵਾਲ ਖੜ੍ਹੇ ਕਰਦੀਆਂ ਹਨ :

* 26 ਫਰਵਰੀ, 2022 ਨੂੰ ਨਾਲਾਗੋਂਡਾ (ਤੇਲੰਗਾਨਾ) ’ਚ ਇਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਦੇ ਸਿੱਟੇ ਵਜੋਂ ਇਕ ਪਾਇਲਟ ਅਤੇ ਇਕ ਸਿਖਾਂਦਰੂ ਪਾਇਲਟ ਦੀ ਜਾਨ ਚਲੀ ਗਈ।

* 18 ਮਾਰਚ, 2023 ਨੂੰ ਬਾਲਾਘਾਟ (ਮੱਧ ਪ੍ਰਦੇਸ਼) ਦੇ ਪਹਾੜੀ ਇਲਾਕੇ ’ਚ ਇਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਜਾਣ ਕਾਰਨ ਉਸ ’ਚ ਅੱਗ ਲੱਗ ਗਈ, ਜਿਸ ਨਾਲ ਗੁਜਰਾਤ ਦੀ 19 ਸਾਲਾ ਮਹਿਲਾ ਸਿਖਾਂਦਰੂ ਪਾਇਲਟ ਵਰਿਕਸ਼ਾਂਗਾ ਮਹੇਸ਼ਵਰੀ ਅਤੇ ਉਡਾਣ ਟ੍ਰੇਨਰ ਕੈਪਟਨ ਮੋਹਿਤ ਠਾਕੁਰ ਦੀ ਬੁਰੀ ਤਰ੍ਹਾਂ ਝੁਲਸ ਜਾਣ ਨਾਲ ਮੌਤ ਹੋ ਗਈ।

* 6 ਮਾਰਚ, 2023 ਨੂੰ ਕੋਚੀ (ਕੇਰਲ) ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਸਿਖਲਾਈ ਉਡਾਨ ’ਤੇ ਨਿਕਲਣ ’ਤੇ ਇਕ ਕੋਸਟਗਾਰਡ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਨਾਲ 2 ਲੋਕ ਜ਼ਖਮੀ ਹੋ ਗਏ।

* 1 ਜੂਨ, 2023 ਨੂੰ ਚਾਮਰਾਜ ਨਗਰ (ਕਰਨਾਟਕ) ਜ਼ਿਲ੍ਹੇ ’ਚ ਭਾਰਤੀ ਹਵਾਈ ਫੌਜ ਦੇ ਸਿਖਲਾਈ ਜਹਾਜ਼ ‘ਸੂਰਯ ਕਿਰਨ’ ਦੇ ਦੋਵਾਂ ਪਾਇਲਟਾਂ ਵੱਲੋਂ ਕੰਟਰੋਲ ਗੁਆ ਬੈਠਣ ਕਾਰਨ ਇਕ ਪਿੰਡ ਦੇ ਖੁੱਲ੍ਹੇ ਖੇਤ ’ਚ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਜਾਣ ਨਾਲ ਉਸ ’ਚ ਅੱਗ ਲੱਗ ਗਈ। ਇਸ ਕਾਰਨ ਜਹਾਜ ਤੋਂ ਬਾਹਰ ਨਿਕਲਦੇ ਸਮੇਂ ਦੋਵੇਂ ਪਾਇਲਟ ਜ਼ਖਮੀ ਹੋ ਗਏ।

* 4 ਨਵੰਬਰ, 2023 ਨੂੰ ਭਾਰਤੀ ਸਮੁੰਦਰੀ ਫੌਜ ਦਾ ਇਕ ਚੇਤਕ ਹੈਲੀਕਾਪਟਰ ਕੋਚੀ (ਕੇਰਲ) ਸਥਿਤ ਸਮੁੰਦਰੀ ਫੌਜ ਸਟੇਸ਼ਨ ’ਤੇ ‘ਆਈ.ਐੱਨ.ਐੱਸ. ਗਰੁੜ’ ਦੀ ਹਵਾਈ ਪੱਟੀ ਤੋਂ ਉਡਾਣ ਭਰਦੇ ਹੀ ਹਾਦਸਾਗ੍ਰਸਤ ਹੋ ਗਿਆ, ਜਿਸ ਦੇ ਨਤੀਜੇ ਵਜੋਂ ਕਰੂ ਦੇ ਇਕ ਮੈਂਬਰ ਯੋਗੇਂਦਰ ਸਿੰਘ ਐੱਲ.ਏ.ਐੱਮ. (ਲੀਡਿੰਗ ਏਅਰ ਮਕੈਨਿਕ) ਦੀ ਮੌਤ ਹੋ ਗਈ।

* 5 ਦਸੰਬਰ, 2023 ਨੂੰ ਮੇਡਕ ਜ਼ਿਲ੍ਹੇ (ਤੇਲੰਗਾਨਾ) ’ਚ ਭਾਰਤੀ ਹਵਾਈ ਫੌਜ ਦੇ ਸਵਿਸ ਸਿਖਲਾਈ ਜਹਾਜ਼ ‘ਪਿਲਾਤੂਸ ਪੀ. ਸੀ.-7 ਮਾਰਕ-2’ ਦੀ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਜਾਣ ਨਾਲ ਸਕੁਆਡਰਨ ਲੀਡਰ ਰੈਂਕ ਦੇ ਇਕ ਉਡਾਣ ਟ੍ਰੇਨਰ ਅਤੇ ਇਕ ਕੈਡੇਟ ਦੀ ਮੌਤ ਹੋ ਗਈ।

* 13 ਫਰਵਰੀ, 2024 ਨੂੰ ਪੱਛਮੀ ਮੇਦਨੀਪੁਰ ਜ਼ਿਲ੍ਹੇ (ਪੱਛਮੀ ਬੰਗਾਲ) ਦੇ ‘ਕਲਾਈਕੁੰਡਾ’ ਦੇ ਹਵਾਈ ਫੌਜ ਕੇਂਦਰ ਨੇੜੇ ਭਾਰਤੀ ਹਵਾਈ ਫੌਜ ਦਾ ਇਕ ਹਾਕ ਸਿਖਲਾਈ ਜਹਾਜ਼ ਟ੍ਰੇਨਿੰਗ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ।

* ਹੁਣ 5 ਮਾਰਚ, 2024 ਨੂੰ ਸਵੇਰੇ 9.15 ਵਜੇ ਟ੍ਰੇਨਿੰਗ ਲਈ ਵਰਤੇ ਜਾਣ ਵਾਲੇ ਫੌਜ ਦੇ ਇਕ ਛੋਟੇ ਜਹਾਜ਼ ਦੀ ਉਡਾਣ ਭਰਦੇ ਹੀ ਉਸ ’ਚ ਖ਼ਰਾਬੀ ਪੈਦਾ ਹੋ ਜਾਣ ਨਾਲ ਜ਼ੋਰਦਾਰ ਆਵਾਜ਼ ਆਉਣ ਪਿੱਛੋਂ ਜਹਾਜ਼ ਨੂੰ ਗਯਾ (ਬਿਹਾਰ) ਦੇ ‘ਬਗਦਾਹਾ’ ਪਿੰਡ ’ਚ ਖੇਤ ’ਚ ਉਤਾਰਨਾ ਪਿਆ, ਜਿਸ ਦੇ ਸਿੱਟੇ ਵਜੋਂ ਜਹਾਜ਼ ਦੇ ਦੋਵੇਂ ਸਿਖਾਂਦਰੂ ਪਾਇਲਟ, ਜਿਨ੍ਹਾਂ ’ਚ ਇਕ ਔਰਤ ਸੀ, ਜ਼ਖਮੀ ਹੋ ਗਈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 28 ਜੂਨ, 2022 ਨੂੰ ਬਿਹਾਰ ’ਚ ਬੋਧਗਯਾ ਜ਼ਿਲ੍ਹੇ ਦੇ ਬਗਦਾਹਾ ਪਿੰਡ ਨੇੜੇ ਫੌਜ ਦੀ ‘ਆਫਿਸਰਜ਼ ਟ੍ਰੇਨਿੰਗ ਅਕਾਦਮੀ’ (ਓ.ਟੀ.ਏ.) ਦਾ ਇਕ ‘ਮਾਈਕ੍ਰੋ’ ਜਹਾਜ਼ ਤਕਨੀਕੀ ਖਰਾਬੀ ਕਾਰਨ ਸਿਖਲਾਈ ਉਡਾਣ ਦੌਰਾਨ ਬੇਕਾਬੂ ਹੋ ਕੇ ਖੇਤਾਂ ’ਚ ਐਮਰਜੈਂਸੀ ਹਾਲਤ ’ਚ ਉਤਾਰਨਾ ਪਿਆ ਸੀ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਦਸੰਬਰ, 2023 ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ‘‘ਪਿਛਲੇ 5 ਸਾਲਾਂ ਦੌਰਾਨ ਭਾਰਤੀ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਵੱਖ-ਵੱਖ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਦਰਪੇਸ਼ ਆਈਆਂ ਇਸ ਤਰ੍ਹਾਂ ਦੀਆਂ 50 ਘਟਨਾਵਾਂ ’ਚ 60 ਫੌਜੀ ਮੁਲਾਜ਼ਮਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਹਾਲਾਂਕਿ ਇਸ ਤਰ੍ਹਾਂ ਦੇ ਹਰੇਕ ਹਾਦਸੇ ਪਿੱਛੋਂ ਇਸ ਦੇ ਕਾਰਨਾਂ ਦਾ ਪਤਾ ਲਾਉਣ ਲਈ ‘ਬੋਰਡ ਆਫ ਇਨਕੁਆਇਰੀ’ ਕੀਤੀ ਜਾਂਦੀ ਹੈ ਅਤੇ ਉਸ ਦੀ ਰਿਪੋਰਟ ਅਨੁਸਾਰ ਸੁਧਾਰਾਤਮਕ ਕਦਮ ਵੀ ਚੁੱਕੇ ਜਾਂਦੇ ਹੋਣਗੇ, ਫਿਰ ਵੀ ਇਨ੍ਹਾਂ ਦਾ ਜਾਰੀ ਰਹਿਣਾ ਕਿਤੇ ਨਾ ਕਿਤੇ ਜਹਾਜ਼ਾਂ ਦੀ ਦੇਖਭਾਲ ਅਤੇ ਰੱਖ-ਰਖਾਅ ਤੇ ਟ੍ਰੇਨਰਾਂ ਦੀ ਸਿਖਲਾਈ ’ਚ ਕਿਸੇ ਤਰ੍ਹਾਂ ਦੀ ਭੁੱਲ ਦਾ ਸੰਕੇਤ ਦਿੰਦਾ ਹੈ।

ਫੌਜ ਦੇ ਹੈਲੀਕਾਪਟਰਾਂ ਅਤੇ ਸਿਖਲਾਈ ਜਹਾਜ਼ਾਂ ਦਾ ਇਸ ਤਰ੍ਹਾਂ ਲਗਾਤਾਰ ਹਾਦਸਾਗ੍ਰਸਤ ਹੋਣਾ ਯਕੀਨੀ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਦੇਖਦੇ ਹੋਏ ਸੁਰੱਖਿਆ ਆਡਿਟ ’ਚ ਪਾਈਆਂ ਜਾਣ ਵਾਲੀਆਂ ਸੁਰੱਖਿਆ ਅਤੇ ਸਿਖਲਾਈ ਸਬੰਧੀ ਖਾਮੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਮਰਨ ਵਾਲੇ ਫੌਜ ਦੇ ਜਵਾਨਾਂ ਦੀਆਂ ਜਾਨਾਂ ਵੀ ਬਚ ਸਕਣ ਅਤੇ ਨਾਲ ਹੀ ਵਿੱਤੀ ਹਾਨੀ ਤੋਂ ਬਚਿਆ ਜਾ ਸਕੇ ਕਿਉਂਕਿ ਫੌਜ ਦੇ ਇਹ ਹੈਲੀਕਾਪਟਰ ਵੀ ਮਹਿੰਗੇ ਹੁੰਦੇ ਹਨ। 

- ਵਿਜੇ ਕੁਮਾਰ


author

Harpreet SIngh

Content Editor

Related News