ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ

Monday, Mar 23, 2026 - 09:04 AM (IST)

ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ

ਅਨੇਕਾਂ ਸਾਲ ਬੀਤ ਗਏ, ਪਰ ਇਹ ਘਟਨਾ ਸੱਚੀ ਹੈ। ਇਕ ਰਾਜ ਦੇ ਵੱਡੇ ਮੰਤਰੀ ਸਨ, ਵੱਡੀ ਉਚਾਈ ਤੱਕ ਪਹੁੰਚੇ, ਸ਼ਾਇਦ ਸਭ ਤੋਂ ਮਹਿੰਗੀ ਗੱਡੀ ’ਚ ਆਉਂਦੇ ਸਨ। ਉਨ੍ਹਾਂ ਨੂੰ ਨਮਸਤੇ ਕਰੋ ਤਾਂ ਉਹ ਸਮਝਦੇ ਸਨ ਕੋਈ ਛੋਟਾ-ਮੋਟਾ ਉਨ੍ਹਾਂ ਦੀ ਉਚਾਈ ਤੋਂ ਪ੍ਰਭਾਵਿਤ ਹੈ, ਬਸ ਜਵਾਬ ’ਚ ਗਰਦਨ ਹਿਲਾ ਦਿੰਦੇ ਸਨ। ਜਦੋਂ ਮੈਂ ਸੰਸਦ ਮੈਂਬਰ ਸੀ, ਉਦੋਂ ਉਨ੍ਹਾਂ ਦੇ ਵਿਵਹਾਰ ਨੂੰ ਦੇਖ ਕੇ ਮੈਂ ਇਕ ਦਿਨ ਇਕ ਸਮਾਗਮ ’ਚ ਪਿੱਛਿਓਂ ਨਾਂ ਪੁਕਾਰਿਆ ਅਤੇ ਇਕ ਹੀ ਵਾਕ ਕਿਹਾ—ਜਨਾਬ ਇੰਨਾ ਹੰਕਾਰ ਲੈ ਕੇ ਕਿੱਥੇ ਜਾਓਗੇ? ਉਹ ਇਸ ਵਾਰ ਗਰਦਨ ਹਿਲਾਉਣਾ ਭੁੱਲ ਗਏ, ਖ਼ੁਦ ਹੀ ਮੁੜ ਗਏ ਅਤੇ ਮੇਰੀ ਵੱਲ ਦੇਖ ਕੇ ਬੋਲੇ, ਕੀ-ਕੀ? ਮੈਂ ਸਿਰਫ਼ ਮੁਸਕਰਾਇਆ ਅਤੇ ਮੰਚ ’ਤੇ ਆਪਣੀ ਸੀਟ ’ਤੇ ਬੈਠ ਗਿਆ।

ਨੇਤਾਵਾਂ ਦਾ ਹੰਕਾਰ ਇਕ ਹਾਸੋਹੀਣਾ ਵਿਵਹਾਰ ਹੁੰਦਾ ਹੈ। ਜਦੋਂ ਸੱਤਾ ਜਾਂਦੀ ਹੈ ਤਾਂ ਅਜਿਹੇ ਲੋਕਾਂ ਦੇ ਦਰ ’ਤੇ ਪਸ਼ੂ ਵੀ ਨਹੀਂ ਆਉਂਦੇ ਪਰ ਜੋ ਆਪਣੀ ਨਿਮਰਤਾ ਨਾਲ ਸਭ ਦੇ ਬਣ ਜਾਂਦੇ ਹਨ, ਉਨ੍ਹਾਂ ਲਈ ਸੱਤਾ ਦਾ ਆਉਣਾ-ਜਾਣਾ ਕੋਈ ਅਰਥ ਨਹੀਂ ਰੱਖਦਾ। ਤਰਨਜੀਤ ਸਿੰਘ ਸੰਧੂ ਵਾਸ਼ਿੰਗਟਨ ’ਚ ਸਾਡੇ ਰਾਜਦੂਤ ਸਨ, ਅਨੇਕਾਂ ਵਾਰ ਉੱਥੇ ਮਿਲਣਾ ਹੋਇਆ। ਉਹ ਮੈਨੂੰ ਕਈ ਵਾਰ ਉੱਥੇ ਦੇ ਪ੍ਰਸਿੱਧ ਭਾਰਤੀ ਰੈਸਟੋਰੈਂਟ ‘ਰਸਿਕਾ’ ’ਚ ਲੈ ਕੇ ਗਏ। ਫਿਰ ਅੰਮ੍ਰਿਤਸਰ ਤੋਂ ਚੋਣ ਲੜੀ ਅਤੇ ਹੁਣ ਦਿੱਲੀ ਦੇ ਉਪ-ਰਾਜਪਾਲ ਬਣੇ ਹਨ। ਮੈਨੂੰ ਲੱਗਾ ਉਹ ਇੰਨੇ ਸਾਲਾਂ ਦੀਆਂ ਮੁਲਾਕਾਤਾਂ ਭੁੱਲ ਗਏ ਹੋਣਗੇ, ਪਰ ਉਨ੍ਹਾਂ ਨੇ ਯਾਦ ਰੱਖਿਆ। ਮੈਨੂੰ ਬੁਲਾਇਆ ਅਤੇ ਸਹੁੰ ਚੁੱਕ ਸਮਾਗਮ ’ਚ ਵੱਡੇ-ਵੱਡੇ ਮੰਤਰੀਆਂ ਦੀ ਭੀੜ ’ਚ ਮੈਨੂੰ ਸੱਦ ਕੇ ਸਵਾਗਤ ਕੀਤਾ, ਇਹ ਵਿਵਹਾਰ ਪੰਜਾਬ ਦੇ ਜ਼ਿਆਦਾਤਰ ਨੇਤਾਵਾਂ ਦੇ ਵਿਵਹਾਰ ਤੋਂ ਬਿਲਕੁਲ ਵੱਖਰਾ ਹੈ।

ਰੋਪੜ ਦੀ ਇਕ ਭੋਗ ਅਰਦਾਸ ਦੀ ਰਸਮ, ਜੋ ਕਿਸੇ ਦੇ ਦਿਹਾਂਤ ਤੋਂ ਬਾਅਦ ਆਯੋਜਿਤ ਹੁੰਦੀ ਹੈ, ਇਸ ਵਿਸ਼ੇ ’ਚ ਅੱਖਾਂ ਭਿਉਂ ਦੇਣ ਵਾਲੀ ਹੈ।

ਨਗਰਪਾਲਿਕਾ ਕੌਂਸਲਰ ਦਾ ਅਹੁਦਾ ਰਾਜਨੀਤੀ ’ਚ ਕੀ ਮਾਇਨੇ ਰੱਖਦਾ ਹੈ? ਅਤਿ-ਸਾਧਾਰਨ ਕਹਾਂਗੇ। ਲੋਕ ਇੱਥੋਂ ਪ੍ਰਧਾਨ ਅਤੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਪੌੜੀ ਚੜ੍ਹਦੇ ਹਨ। ਇੱਥੋਂ ਦੇ ਇਕ ਕੌਂਸਲਰ ਪੰਮੀ ਸੋਨੀ ਸਨ, ਨੌਜਵਾਨ ਅਤੇ ਦਬੰਗ। ਉਨ੍ਹਾਂ ਦਾ 60 ਸਾਲ ਦੀ ਉਮਰ ’ਚ ਅਚਾਨਕ ਦਿਹਾਂਤ ਹੋ ਗਿਆ ਤਾਂ ਸ਼ਹਿਰ ਦੇ ਮਾਨੋ ਹਰ ਘਰ ’ਚ ਸੋਗ ਫੈਲ ਗਿਆ। ਗੁਰਦੁਆਰਾ ਟਿੱਬੀ ਸਾਹਿਬ ਵਿਖੇ ਭੋਗ ਅਰਦਾਸ ਦੀ ਰਸਮ ਹੋਈ ਤਾਂ ਹਜ਼ਾਰਾਂ ਲੋਕ ਆਏ। ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਨਾ ਵਿਧਾਇਕ, ਨਾ ਸੰਸਦ ਮੈਂਬਰ, ਨਾ ਮੰਤਰੀ, ਫਿਰ ਵੀ ਲੋਕ ਇੰਨੇ ਦੁਖੀ ਕਿਉਂ ਹੋਏ?

ਇਕ ਹੀ ਕਾਰਨ ਸੀ—ਪੰਮੀ ਸੋਨੀ ਦਾ ਵਿਵਹਾਰ। ਹੱਸਦਾ ਹੋਇਆ ਗਿਆ ਅਤੇ ਜਗ ਨੂੰ ਰੁਲਾ ਗਿਆ। ਉਸ ਨੇ ਕਦੇ ਕਿਸੇ ਦਾ ਸਾਥ ਨਹੀਂ ਛੱਡਿਆ, ਸਭ ਦੇ ਸੁੱਖ-ਦੁੱਖ ’ਚ ਰਲ-ਮਿਲ ਕੇ ਸ਼ਾਮਲ ਹੋਇਆ। ਜਿਵੇਂ ਕੋਈ ਆਪਣੇ ਘਰ ’ਚ ਬਿਜਲੀ-ਪਾਣੀ ਦੀ ਦਿੱਕਤ ਤੋਂ ਲੈ ਕੇ ਕਾਲਜ ਐਡਮਿਸ਼ਨ ਅਤੇ ਗੱਡੀ ਖਰੀਦਣ ਜਾਂ ਕਿਸੇ ਦੇ ਸਤਾਉਣ ’ਤੇ ਆਪਣੇ ਭਰਾ, ਪਿਤਾ ਕੋਲ ਆਉਂਦਾ ਹੈ ਕਿ ਉਹ ਕੋਈ ਮਦਦ ਕਰਨਗੇ, ਅਜਿਹੇ ਹੀ ਸ਼ਹਿਰ ਦੇ ਲੋਕ ਉਸ ਕੋਲ ਆ ਜਾਂਦੇ ਸਨ। ਵੇਲਾ-ਕੁਵੇਲਾ ਦੇਖੇ ਬਿਨਾਂ ਆਵਾਜ਼ ਮਾਰਦੇ, ਘੰਟੀ ਵਜਾਉਂਦੇ ਅਤੇ ਪੰਮੀ ਸੋਨੀ ਤਿਆਰ ਉਨ੍ਹਾਂ ਦੇ ਨਾਲ ਚੱਲ ਪੈਂਦੇ।

ਭੋਗ ਅਰਦਾਸ ਦੇ ਸਮੇਂ ਗੁਰਦੁਆਰੇ ’ਚ ਆਏ ਇਕ ਅਣਜਾਣ ਵਿਅਕਤੀ ਨੂੰ ਮੈਂ ਕਿਹਾ, ‘‘ਏ ਭਾਈ ਜੀ, ਜਾਣਾ ਤਾਂ ਸਭ ਨੇ ਇਕ ਦਿਨ ਹੈ ਪਰ ਜਾਓ ਤਾਂ ਅਜਿਹੇ ਜਾਓ ਕਿ ਰਾਜੇ-ਮਹਾਰਾਜੇ ਵਰਗੇ ਵੱਡੇ ਧਨਾਢ ਵੀ ਹੈਰਾਨ ਰਹਿ ਜਾਣ।’’ ਅਜਿਹੀ ਮੌਤ ਵਿਰਲੇ ਹੀ ਲੋਕਾਂ ਨੂੰ ਮਿਲਦੀ ਹੈ, ਵਰਨਾ ਵੱਡੇ-ਵੱਡੇ ਅਮੀਰਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਘਰਵਾਲੇ ਵੀ ਯਾਦ ਨਹੀਂ ਕਰਦੇ।

ਅਜਿਹੇ ਵਾਤਾਵਰਣ ’ਚ ਜਦੋਂ ਕੋਈ ਵੱਡਾ ਨੇਤਾ 20 ਰੁਪਏ ਦਿੰਦਾ ਹੈ ਅਤੇ 20,000 ਉਸ ਦੇ ਪ੍ਰਚਾਰ ’ਤੇ ਖ਼ਰਚ ਕਰ ਦਿੰਦਾ ਹੈ, ਰਹੀਮ ਖ਼ਾਨ ਯਾਦ ਆਉਂਦੇ ਹਨ। ਉਹ ਅਕਬਰ ਨੂੰ ਸਿਖਲਾਈ ਦੇ ਕੇ ਵੱਡਾ ਕਰਨ ਵਾਲੇ ਬੈਰਮ ਖ਼ਾਨ ਦੇ ਬੇਟੇ ਸਨ। ਬ੍ਰਜ ਭਾਸ਼ਾ ਦੇ ਵੱਡੇ ਕਵੀ ਅਤੇ ਬਹੁਤ ਪ੍ਰਸਿੱਧ ਦਾਨੀ ਪਰ ਉਹ ਜਿਸ ਨੂੰ ਦਾਨ ਦਿੰਦੇ ਸਨ, ਉਸ ਦਾ ਚਿਹਰਾ ਨਹੀਂ ਦੇਖਦੇ ਸਨ। ਉਨ੍ਹਾਂ ਤੋਂ ਲੋਕਾਂ ਨੇ ਪੁੱਛਿਆ—ਅਜਿਹਾ ਕਿਉਂ? ਇਸ ’ਤੇ ਇਕ ਦੋਹਾ ਵੀ ਹੈ, ਜੋ ਕੁਝ ਲੋਕ ਬਾਬਾ ਤੁਲਸੀ ਦਾ ਲਿਖਿਆ ਦੱਸਦੇ ਹਨ—‘ਐਸੀ ਦੇਨੀ ਦੇਂਨ ਜਿਉਂ, ਕਿਤ ਸੀਖੇ ਹੋ ਸੈਨ, ਜਿਉਂ-ਜਿਉਂ ਕਰ ਉੱਚਿਓ ਕਰੋ, ਤਿਉਂ-ਤਿਉਂ ਨਿਚੇ ਨੈਨ।’

ਭਾਵ ਤੁਸੀਂ ਅਜਿਹਾ ਵਿਵਹਾਰ ਕਿੱਥੋਂ ਸਿੱਖਿਆ ਹੈ ਕਿ ਜਿਵੇਂ-ਜਿਵੇਂ ਆਪਣਾ ਦੇਣ ਵਾਲਾ ਹੱਥ ਉੱਚਾ ਕਰਦੇ ਹੋ, ਉਵੇਂ-ਉਵੇਂ ਤੁਹਾਡੇ ਨੈਣ ਨੀਵੇਂ ਹੋਣ ਲੱਗਦੇ ਹਨ। ਲੈਣ ਵਾਲੇ ਤੋਂ ਨਜ਼ਰਾਂ ਹਟਾ ਕੇ। ਇਸ ’ਤੇ ਰਹੀਮ ਖ਼ਾਨ ਨੇ ਜਵਾਬ ਦਿੱਤਾ :

‘ਦੇਨਹਾਰ ਕੋਈ ਔਰ ਹੈ, ਦੇਵਤ ਹੈ ਦਿਨ ਰੈਨ, ਲੋਗ ਭਰਮ ਹਮ ਪਰ ਕਰੇਂ, ਤਾਸੋ ਨੀਚੇ ਨੈਨ।’

ਅਰਥਾਤ ਦੇਣ ਵਾਲਾ ਤਾਂ ਕੋਈ ਹੋਰ ਹੈ, ਭਾਵ ਭਗਵਾਨ, ਜੋ ਦਿਨ-ਰਾਤ ਦਿੰਦਾ ਹੈ। ਲੋਕਾਂ ਨੂੰ ਮੇਰੇ ’ਤੇ ਭਰਮ ਹੋ ਜਾਂਦਾ ਹੈ, ਮੰਨੋ ਮੈਂ ਦੇ ਰਿਹਾ ਹਾਂ। ਇਸ ਕਾਰਨ ਸੰਕੋਚ ਨਾਲ ਨੈਣ ਨੀਵੇਂ ਹੋ ਜਾਂਦੇ ਹਨ।

ਨਿਮਰਤਾ ਓੜੀ ਨਹੀਂ ਜਾ ਸਕਦੀ, ਇਹ ਸੁਭਾਅ ਦਾ ਹਿੱਸਾ ਹੁੰਦੀ ਹੈ। ਨਕਲੀ ਨਿਮਰਤਾ ਪਛਾਣੀ ਜਾਂਦੀ ਹੈ। ਦੇਸ਼ ਦੇ ਅਫ਼ਸਰਾਂ ਨੂੰ, ਨੇਤਾਵਾਂ ਨੂੰ, ਉਨ੍ਹਾਂ ਦੇ ਪੁਰਖਿਆਂ ਦੇ ਆਸ਼ੀਰਵਾਦ ਨਾਲ ਵੱਡੇ ਅਹੁਦੇ ਮਿਲਦੇ ਹਨ ਪਰ ਆਮ ਤੌਰ ’ਤੇ ਉਨ੍ਹਾਂ ਦੇ ਵਿਵਹਾਰ ਦੇ ਕਣ-ਕਣ ’ਚੋਂ ਹੰਕਾਰ ਟਪਕਦਾ ਹੈ। ਲਾਲ ਬੱਤੀਆਂ, ਹੂਟਰ ਦਾ ਸ਼ੋਰ, ਘਰ ਜਾਂ ਦਫ਼ਤਰ ’ਚ ਆਮ ਲੋਕਾਂ ਦੇ ਜਾਣ ’ਤੇ ਤ੍ਰਿਸਕਾਰ, ਦਫ਼ਤਰਾਂ ’ਚ ਛੋਟੇ-ਛੋਟੇ ਕੰਮਾਂ ਲਈ ਧੱਕੇ ਖਾਣਾ, ਛੋਟੇ-ਛੋਟੇ ਨੇਤਾਵਾਂ, ਅਫ਼ਸਰਾਂ ਦੇ ਕਰੋੜਾਂ ਰੁਪਏ ਦੇ ਮਾਲ, ਸਿਨੇਪਲੈਕਸ ਅਤੇ 2-2 ਕਰੋੜ ਦੀਆਂ ਗੱਡੀਆਂ, ਉਨ੍ਹਾਂ ਸਭ ਦਾ ਨਕਲੀ ਸੁੱਖ ਇਕ ਪਾਸੇ ਅਤੇ ਰਹੀਮ ਖ਼ਾਨ ਦਾ ਨਿਮਰ ਸੁਭਾਅ ਉਨ੍ਹਾਂ ਸਭ ’ਤੇ ਭਾਰੀ ਹੁੰਦਾ ਹੈ। ਰਹੀਮ ਖ਼ਾਨ ਜਾਂ ਬਾਬਾ ਤੁਲਸੀ ਜਾਂ ਦੀਨਦਿਆਲ ਉਪਾਧਿਆਏ ਇਸ ਲਈ ਨਹੀਂ ਜਾਣੇ ਗਏ ਕਿ ਉਨ੍ਹਾਂ ਕੋਲ ਬੇਅੰਤ ਐਸ਼ੋ-ਆਰਾਮ ਸੀ, ਉਹ ਸਿਰਫ਼ ਇਸ ਲਈ ਸਤਿਕਾਰੇ ਗਏ ਅਤੇ ਅਮਰ ਹੋ ਗਏ ਕਿਉਂਕਿ ਉਨ੍ਹਾਂ ਦੇ ਵਿਵਹਾਰ ’ਚ ਹੰਕਾਰ ਨਹੀਂ ਸੀ। ਉਹ ਸਰਲ ਸਨ। ਰਹੀਮ ਖ਼ਾਨ ਉਸ ਸਮੇਂ ਦੇ ਬਹੁਤ ਵੱਡੇ ਅਮੀਰ ਸਨ, ਫਿਰ ਵੀ ਨਿਰਹੰਕਾਰੀ ਸਨ।

ਪੈਸੇ ਦਾ, ਅਹੁਦੇ ਦਾ ਹੰਕਾਰ ਹੁੰਦਾ ਹੈ, ਪਰ ਉਸ ਦਾ ਆਪਣਾ ਮੁੱਲ ਚੁਕਾਉਣਾ ਪੈਂਦਾ ਹੈ। ਜੋ ਲੋਕ ਭੀੜ ਭਰੀਆਂ ਸੜਕਾਂ ’ਤੇ ਹੂਟਰ ਮਾਰਦੇ ਹੋਏ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ’ਚ ਟੇਢੀ ਗਰਦਨ ਨਾਲ ਨਿਕਲਦੇ ਹਨ, ਉਹ ਸੋਚ ਨਹੀਂ ਪਾਉਂਦੇ ਕਿ ਸੜਕ ’ਤੇ ਪੈਦਲ ਚੱਲ ਰਹੇ ਨਾਗਰਿਕ ਉਨ੍ਹਾਂ ਨਾਲ ਕਿੰਨੀ ਨਫ਼ਰਤ ਕਰਦੇ ਹਨ ਪਰ ਜੋ ਸਾਧਾਰਨ ਅਹੁਦੇ ’ਤੇ ਰਹਿੰਦੇ ਹੋਏ ਵੀ ਅਸਾਧਾਰਨ ਨਿਮਰਤਾ ਦਾ ਵਿਵਹਾਰ ਆਪਣੀ ਪਛਾਣ ਬਣਾ ਲੈਂਦੇ ਹਨ, ਉਨ੍ਹਾਂ ਲਈ ਸੰਸਾਰ ਪਲਕਾਂ ਵਿਛਾਉਂਦਾ ਹੈ, ਉਨ੍ਹਾਂ ਦੇ ਜਾਣ ’ਤੇ ਹੰਝੂ ਵਹਾਉਂਦਾ ਹੈ। ਇਸੇ ਨੂੰ ਅਮਰਤਾ ਕਹਿੰਦੇ ਹਨ।

ਗੁਰੂਆਂ ਦੀ ਧਰਤੀ ’ਤੇ ਚਾਰੇ ਪਾਸੇ ਸੱਤਾ ਦਾ ਹੰਕਾਰੀ ਕੰਮਕਾਜ, ਵਪਾਰ ਦੇਖ ਕੇ ਪੰਮੀ ਸੋਨੀ ਦੀ ਅਰਦਾਸ ਦੀ ਰਸਮ ਦੇ ਸਬਕ ਸਭ ਨੂੰ ਸੁਣਨ-ਸਮਝਣ ਦੀ ਲੋੜ ਹੈ।

-ਤਰੁਣ ਵਿਜੇ
(ਭਾਜਪਾ ਦੇ ਕੌਮੀ ਜਨਰਲ ਸਕੱਤਰ)


author

Harpreet SIngh

Content Editor

Related News