ਜੈਕ ਮਾ ਸਮੇਤ 5 ਵੱਡੀਆਂ ਚੋਟੀ ਦੀਆਂ ਕੰਪਨੀਆਂ ਨੂੰ ਸੀ. ਪੀ. ਸੀ. ਕਾਰਨ ਹੋਇਆ ਆਰਥਿਕ ਨੁਕਸਾਨ

07/21/2023 6:19:15 PM

ਪਿਛਲੇ 3 ਸਾਲਾਂ ਵਿਚ ਚੀਨੀ ਉਦਯੋਗਪਤੀ ਜੈਕ ਮਾ ਦੀ ਜਾਇਦਾਦ ਵਿਚ 30 ਅਰਬ ਡਾਲਰ ਦੀ ਗਿਰਾਵਟ ਦਰਜ ਹੋਈ ਹੈ। ਇਨ੍ਹਾਂ 3 ਸਾਲਾਂ ਵਿਚ ਚੀਨ ਦੇ ਸਭ ਤੋਂ ਵੱਡੇ 5 ਉਦਯੋਗਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 1 ਖਰਬ ਡਾਲਰ ਘੱਟ ਹੋਈ ਹੈ। ਚੀਨ ਵਿਚ ਇਸ ਸਮੇਂ ਜੋ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਇਥੇ ਕੋਈ ਉਦਯੋਗ ਚੱਲੇਗਾ।

ਜਾਣਕਾਰ ਇਨ੍ਹਾਂ ਸਭ ਦੇ ਪਿੱਛੇ ਚੀਨੀ ਕਮਿਊਨਿਸਟ ਪਾਰਟੀ ਨੂੰ ਕਾਰਨ ਦੱਸ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਚੀਨ ਦਾ ਸਰਕਾਰੀ ਮੀਡੀਆ, ਪਾਰਟੀ ਦੀ ਹਾਈਕਮਾਨ, ਪ੍ਰਸ਼ਾਸਨ ਸਮੇਤ ਉਦਯੋਗ ਸੈਕਟਰ ਸਾਰੇ ਜੈਕ ਮਾ ਅਤੇ ਉਨ੍ਹਾਂ ਦੇ ਐਂਟ ਗਰੁੱਪ ਨੂੰ ਚੀਨ ਦਾ ਭਵਿੱਖ ਦੱਸ ਰਹੇ ਸਨ ਪਰ ਅਚਾਨਕ ਬਾਜ਼ੀ ਪਲਟ ਗਈ ਅਤੇ ਜੈਕ ਮਾ ਪਿਛਲੇ 3 ਸਾਲਾਂ ’ਚ ਆਪਣੀ ਅੱਧੀ ਕਮਾਈ ਗਵਾ ਬੈਠੇ। ਦਰਅਸਲ 3 ਸਾਲ ਪਹਿਲਾਂ ਅਕਤੂਬਰ, 2020 ’ਚ ‘ਵੰਡ ਸਮਿਤ’ ਦੌਰਾਨ ਜੈਕ ਮਾ ਨੇ ਚੀਨੀ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਚੀਨ ਦੇ ਬੈਂਕਿੰਗ ਸੈਕਟਰ ਅਤੇ ਵਿੱਤੀ ਸੰਸਥਾਵਾਂ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਲੋਕ ਕੰਮ ਕਰਨ ਦੇ ਲਾਇਕ ਨਹੀਂ ਹਨ।

ਇਸ ਘਟਨਾ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਕਾਫੀ ਨਾਰਾਜ਼ ਹੋਈ ਸੀ। ਆਪਣੇ ਇਸ ਬਿਆਨ ਬਦਲੇ ਜੈਕ ਮਾ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਦਰਅਸਲ ਜੈਕ ਮਾ ਦੇ ਉਸ ਬਿਆਨ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਦੇ ਦਬਾਅ ’ਚ ਆ ਕੇ ਅਲੀਬਾਬਾ ਦੀ ਸਹਿਯੋਗੀ ਕੰਪਨੀ ‘ਐਂਟ ਗਰੁੱਪ’ ਨੂੰ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਵੱਡਾ ਆਈ. ਪੀ. ਓ. ਸਸਪੈਂਡ ਕਰਨਾ ਪਿਆ ਸੀ। ਜੈਕ ਮਾ ਦੁਨੀਆ ਦਾ ਸਭ ਤੋਂ ਵੱਡਾ ਇਨੀਸ਼ੀਅਲ ਪਬਲਿਕ ਆਫਰ ਲੈ ਕੇ ਆ ਰਹੇ ਸਨ ਪਰ ਅਜਿਹੇ ’ਚ ਸੀ. ਪੀ. ਸੀ. ਨੂੰ ਲੱਗਣ ਲੱਗਾ ਸੀ ਕਿ ਜੈਕ ਮਾ ਉਨ੍ਹਾਂ ਦੇ ਹੱਥੋਂ ਨਿਕਲਦੇ ਜਾ ਰਹੇ ਹਨ। ਜੇਕਰ ਇਕ ਵਾਰ ਅਜਿਹਾ ਹੋ ਗਿਆ ਤਾਂ ਚੀਨ ਦਾ ਹਰ ਅਮੀਰ ਉੱਦਮੀ ਚੀਨੀ ਕਮਿਊਨਿਸਟ ਪਾਰਟੀ ਦੇ ਚੁੰਗਲ ’ਚੋਂ ਆਜ਼ਾਦ ਹੋ ਜਾਵੇਗਾ, ਜੋ ਸੀ. ਪੀ. ਸੀ. ਕਦੇ ਨਹੀਂ ਚਾਹੁੰਦੀ ਸੀ। ਇਸ ਲਈ ਕਮਿਊਨਿਸਟ ਪਾਰਟੀ ਨੇ ਜੈਕ ਮਾ ਨੂੰ ਕੁਝ ਦਿਨਾਂ ਲਈ ਗਾਇਬ ਕਰ ਦਿੱਤਾ ਸੀ। ਬਾਅਦ ’ਚ ਜੈਕ ਮਾ ਲੋਕਾਂ ਦਰਮਿਆਨ ਆਏ ਤਾਂ ਉਨ੍ਹਾਂ ’ਚ ਪਹਿਲਾਂ ਵਾਲੀ ਗੱਲ ਨਹੀਂ ਸੀ।

ਅਲੀਬਾਬਾ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੂੰ ਸੀ. ਪੀ. ਸੀ. ਦੇ ਦਬਾਅ ’ਚ ਆ ਕੇ ਆਪਣੇ ਅੰਦਰੂਨੀ ਢਾਂਚੇ ’ਚ ਬਦਲਾਅ ਕਰਨਾ ਅਤੇ ਸਰਕਾਰ ਨੂੰ ਜੁਰਮਾਨਾ ਵੀ ਦੇਣਾ ਪਿਆ ਸੀ। ਪਿਛਲੇ ਹਫਤੇ ਐਂਟ ਗਰੁੱਪ ਮੈਨੇਜਮੈਂਟ ਨੇ ਇਹ ਐਲਾਨ ਕੀਤਾ ਕਿ ਉਹ ਹੁਣ ਅਲੀਬਾਬਾ ਨਾਲੋਂ ਵੱਖ ਹੈ ਅਤੇ ਉਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਪਰ ਸੀ. ਪੀ. ਸੀ. ਦਾ ਟੀਚਾ ਸਿਰਫ ਐਂਟ ਗਰੁੱਪ ਨੂੰ ਸਜ਼ਾ ਦੇਣਾ ਨਹੀਂ ਸੀ ਪਰ ਇਨ੍ਹਾਂ ਵਰਗੇ ਕਈ ਦੂਜੇ ਸਮੂਹਾਂ ਨੂੰ ਇਹ ਦੱਸਣਾ ਸੀ ਕਿ ਸੀ. ਪੀ. ਸੀ. ਦੇ ਘੇਰੇ ’ਚੋਂ ਬਾਹਰ ਜੋ ਵੀ ਜਾਵੇਗਾ, ਉਸ ਦਾ ਹਸ਼ਰ ਜੈਕ ਮਾ ਅਤੇ ਅਲੀਬਾਬਾ ਵਰਗਾ ਹੀ ਹੋਵੇਗਾ। ਇਸ ਕੜੀ ’ਚ ਪਿਛਲੇ ਹਫਤੇ ਸੀ. ਪੀ. ਸੀ. ਨੇ ਵਿੱਤੀ ਰੈਗੂਲੇਟਰੀ ਕਾਰਵਾਈ ਕਰਦੇ ਹੋਏ 7.12 ਅਰਬ ਯੁਆਨ ਦਾ ਜੁਰਮਾਨਾ ਐਂਟ ਗਰੁੱਪ ’ਤੇ ਲਾਇਆ।

ਇਕ ਸੰਸਾਰਕ ਵਿੱਤੀ ਬਾਜ਼ਾਰ ਦੇ ਅੰਕੜੇ ਬਣਾਉਣ ਵਾਲੀ ਕੰਪਨੀ ਨੇ ਚੀਨ ਬਾਰੇ ਕਿਹਾ ਕਿ ਪਿਛਲੇ 2 ਸਾਲਾਂ ’ਚ ਚੀਨ ਦੀਆਂ ਵੱਡੀਆਂ 5 ਤਕਨੀਕੀ ਬਾਹੂਬਲੀ ਕੰਪਨੀਆਂ, ਜਿਨ੍ਹਾਂ ’ਚ ਐਂਟ ਗਰੁੱਪ, ਮੇਥਵਾਨ, ਜੇ. ਡੀ. ਡਾਟ ਕਾਮ, ਅਲੀਬਾਬਾ, ਬਾਈਦੂ ਅਤੇ ਟੇਨਸੇਂਟ ਆਉਂਦੀਆਂ ਹਨ, ’ਤੇ ਏਕਾਧਿਕਾਰ ਰੈਗੂਲੇਟਰੀ ਕਾਨੂੰਨ ਦੇ ਨਾਂ ’ਤੇ ਸੀ. ਪੀ. ਸੀ. ਨੇ ਸ਼ਿਕੰਜਾ ਕੱਸਿਆ ਅਤੇ ਇਨ੍ਹਾਂ ਨੂੰ ਕੁਲ 1 ਖਰਬ 10 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਸਹਿਣਾ ਪਿਆ। ਸੀ. ਪੀ. ਸੀ. ਦੀ ਇਸ ਕਾਰਵਾਈ ਦੌਰਾਨ ਇਨ੍ਹਾਂ ਪੰਜ ਤਕਨੀਕੀ ਕੰਪਨੀਆਂ ਦੇ ਸ਼ੇਅਰ ਸਟਾਕ ਐਕਸਚੇਂਜ ’ਚ 40 ਫੀਸਦੀ ਤੋੋਂ ਲੈ ਕੇ 71 ਫੀਸਦੀ ਤੱਕ ਡਿੱਗਦੇ ਚਲੇ ਗਏ।

ਇਸ ਨਾਲ ਕਿੰਨੇ ਰੋਜ਼ਗਾਰ ਖਤਮ ਹੋਏ, ਕਈ ਲੋਕਾਂ ਨੂੰ ਆਪਣੇ ਘਰ ਦਾ ਖਰਚ ਚਲਾਉਣ ਲਈ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ’ਚ ਕੰਮ ਕਰਨਾ ਪਿਆ, ਕੁਝ ਲੋਕਾਂ ਨੇ ਗਲੀ-ਨੁੱਕੜ ਤੱਕ ਖਾਣ-ਪੀਣ ਦੇ ਸਾਮਾਨ ਦੀਆਂ ਰੇਹੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੂਜੇ ਪਾਸੇ ਕਾਮਿਆਂ ਦਾ ਇਕ ਵੱਡਾ ਤਬਕਾ ਬੇਰੋਜ਼ਗਾਰ ਹੋ ਕੇ ਬਦਹਾਲੀ ਦੇ ਕੰਢੇ ’ਤੇ ਆ ਗਿਆ ਪਰ ਇਸ ਨਾਲ ਚੀਨ ਦੇ ਹੁਕਮਰਾਨਾਂ ’ਤੇ ਕੋਈ ਅਸਰ ਨਹੀਂ ਪਿਆ।


Anmol Tagra

Content Editor

Related News