2 ਖਿਡਾਰੀਆਂ ਦਾ ਡੋਪ ਟੈਸਟ ’ਚ ਫੜਿਆ ਜਾਣਾ ਭਾਰਤ ਦੇ ਲਈ ਝਟਕਾ

Monday, May 09, 2022 - 02:37 AM (IST)

2 ਖਿਡਾਰੀਆਂ ਦਾ ਡੋਪ ਟੈਸਟ ’ਚ ਫੜਿਆ ਜਾਣਾ ਭਾਰਤ ਦੇ ਲਈ ਝਟਕਾ

ਭਾਰਤ ਦੇ ਦੋ ਟਰੈਕ ਐਂਡ ਫੀਲਡ ਟੋਕੀਓ ਓਲੰਪੀਅਨਾਂ, ਇਕ ਮਰਦ ਤੇ ਔਰਤ ਖਿਡਾਰੀ, ਵਲੋਂ ਪਾਬੰਦੀਸ਼ੁਦਾ ਐਨਾਬਾਲਿਕ ਸਟੇਰਾਈਡ ‘ਸਟੈਨੋਜੋਲੋਲ’ ਦੀ ਵਰਤੋਂ ਫੜੀ ਜਾਣ ਨਾਲ ਡੋਪਿੰਗ ਦੇ ਵਿਰੁੱਧ ਭਾਰਤ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ।
ਟੋਕੀਓ ਓਲੰਪਿਕ ’ਚ 6ਵੇਂ ਸਥਾਨ ’ਤੇ ਰਹੀ ਭਾਰਤ ਦੀ ਚੋਟੀ ਦੀ ਮਹਿਲਾ ਡਿਸਕਸ ਥ੍ਰੋਅਰ 26 ਸਾਲਾ ਕਮਲਪ੍ਰੀਤ ਕੌਰ ਵਲੋਂ ਐਥਲੈਟਿਕਸ ਇੰਟੀਗ੍ਰਿਟੀ ਯੂਨਿਟ (ਏ. ਆਈ. ਯੂ.) ਵਲੋਂ ਆਯੋਜਿਤ ਪ੍ਰੀਖਣ ’ਚ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਪਾਏ ਜਾਣ ਦੇ ਬਾਅਦ ਉਸ ਨੂੰ ਆਰਜ਼ੀ ਮੁਅੱਤਲੀ ਸੌਂਪੀ ਗਈ ਹੈ ਅਤੇ ਦੋਸ਼ੀ ਪਾਈ ਜਾਣ ’ਤੇ ਉਸ ਨੂੰ ਚਾਰ ਸਾਲ ਤਕ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਦੋਵੇਂ ਚੋਟੀ ਦੇ ਐਥਲੀਟ ਓਲੰਪਿਕ ਪੋਡੀਅਮ ਯੋਜਨਾ ਦਾ ਹਿੱਸਾ ਸਨ, ਜਿਸ ਦੇ ਅਧੀਨ ਐਥਲੀਟਾਂ ਨੂੰ ਆਪਣੇ ਕਰੀਅਰ ਦੇ ਵੱਖ-ਵੱਖ ਪੜਾਵਾਂ ’ਚ ਖੇਡ ਮੰਤਰਾਲਾ ਤੋਂ ਧਨ ਪ੍ਰਾਪਤ ਹੁੰਦਾ ਹੈ ਪਰ ਹੁਣ ਦੋਵਾਂ ਨੂੰ ਰਾਸ਼ਟਰੀ ਸਿਖਲਾਈ ਕੈਂਪ ਤੋਂ ਹਟਾ ਦਿੱਤਾ ਗਿਆ ਹੈ। ਇਸ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਓਰੇਗਾਨ ਦੇ ਯੂਜੀਨ ’ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਮੁਕਾਬਲੇਬਾਜ਼ੀ ’ਚ ਇਨ੍ਹਾਂ ਤੋਂ ਵੱਡੀਆਂ ਆਸਾਂ ਸਨ ਪਰ ਹੁਣ ਉਸ ਦੇ ਡੋਪਿੰਗ ਟੈਸਟ ’ਚ ਅਸਫਲ ਹੋ ਜਾਣ ਨਾਲ ਭਾਰਤ ਨੂੰ ਡੂੰਘਾ ਧੱਕਾ ਲੱਗਾ ਹੈ।
ਪ੍ਰਤੀਯੋਗਿਤਾ ਤੋਂ ਬਾਹਰ ਪ੍ਰੀਖਣ ਦੇ ਦੌਰਾਨ ਮਰਦ ਐਥਲੀਟ ਦੇ ਨਮੂਨੇ ਇਕੱਠੇ ਕੀਤੇ ਗਏ ਸਨ। ਹਾਲਾਂਕਿ ਉਸ ਦੀ ਮੌਜੂਦਾ ਫਾਰਮ ’ਚ ਗਿਰਾਵਟ ਆਈ ਹੈ ਪਰ ਉਹ ਸੰਭਾਵਿਤ ਕੌਮਾਂਤਰੀ ਤਮਗਾ ਜੇਤੂ ਬਣਿਆ ਹੋਇਆ ਹੈ।
ਕਮਲਪ੍ਰੀਤ ਕੌਰ ਨੇ ਇਸ ਸਾਲ ਸਿਰਫ ਇਕ ਪ੍ਰਤੀਯੋਗਿਤਾ ’ਚ ਹਿੱਸਾ ਲਿਆ। ਤਿਰੂਵਨੰਤਪੁਰਮ ’ਚ 23 ਮਾਰਚ ਨੂੰ ਆਯੋਜਿਤ ਇੰਡੀਅਨ ਗ੍ਰਾਂ ਪ੍ਰੀ ’ਚ ਉਸ ਨੇ 61.39 ਮੀਟਰ ਡਿਸਕਸ ਸੁੱਟਿਆ। ਉਸ ਨੇ 66.59 ਮੀਟਰ ਦਾ ਰਾਸ਼ਟਰੀ ਰਿਕਾਰਡ ਪਿਛਲੇ ਸਾਲ ਬਣਾਇਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਡਿਸਕਸ ਥ੍ਰੋਅਰ ਸਾਲਾਂ ਤੋਂ ਸਵਾਲਾਂ ਦੇ ਘੇਰੇ ’ਚ ਹਨ। ਸੀਮਾ ਅੰਤਿਲ-ਪੂਨਿਆ ਜੂਨੀਅਰ ਵਰਲਡ ਗੋਲਡ ਜਿੱਤਣ ਦੇ ਬਾਅਦ ਡੋਪ ਟੈਸਟ ’ਚ ਫੇਲ ਹੋ ਗਈ ਸੀ।
ਕੌਮਾਂਤਰੀ ਖੇਡ ਮੁਕਾਬਲਿਆਂ ’ਚ ਭਾਵੇਂ ਹੀ ਸਾਡੇ ਖਿਡਾਰੀ ‘ਟਾਪ ਟੈੱਨ’ ਵਿਚ ਨਹੀਂ ਆਉਂਦੇ ਪਰ ਖੇਡਾਂ ’ਚ ਆਪਣਾ ਪ੍ਰਦਰਸ਼ਨ ਸੁਧਾਰ ਕੇ ਦਿਖਾਉਣ ਲਈ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ’ਚ ਕਾਫੀ ਅੱਗੇ ਨਿਕਲ ਗਏ ਹਨ। 2021 ’ਚ ਜਾਰੀ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਡੋਪਿੰਗ ’ਚ ਤੀਸਰੇ ਸਥਾਨ ’ਤੇ ਹੈ। ਵੱਖ-ਵੱਖ ਵਿਸ਼ਿਆਂ ’ਚ 152 ਮਾਮਲਿਆਂ ਦੇ ਨਾਲ ਦੇਸ਼ ਇਸ ਸੂਚੀ ’ਚ ਰੂਸ (167) ਅਤੇ ਇਟਲੀ (157) ਤੋਂ ਥੋੜ੍ਹਾ ਹੇਠਾਂ ਹੈ।
ਟੋਕੀਓ ਓਲੰਪਿਕ ’ਚ ਭਾਰਤ ਦੇ ਨੀਰਜ ਚੋਪੜਾ ਨੇ ਭਾਲਾ ਸੁੱਟਣ ’ਚ ਸੁਨਹਿਰੀ ਜਿੱਤ ਹਾਸਲ ਕਰਕੇ ਐਥਲੈਟਿਕਸ ’ਚ ਦੇਸ਼ ਦੇ ਪਹਿਲੇ ਓਲੰਪਿਕ ਤਮਗਾ ਜੇਤੂ ਬਣਨ ਦਾ ਸਿਹਰਾ ਹਾਸਲ ਕੀਤਾ ਸੀ ਪਰ ਹੁਣ ਭਾਰਤ ਦੇ 2 ਮੋਹਰੀ ਐਥਲੀਟਾਂ ਵਲੋਂ ਡੋਪਿੰਗ ਟੈਸਟ ’ਚ ਫੜੇ ਜਾਣ ’ਤੇ ਉਨ੍ਹਾਂ ਦੀ ਖੇਡਾਂ ਦੇ ਪ੍ਰਤੀ ਪ੍ਰਤੀਬੱਧਤਾ ’ਤੇ ਸਵਾਲੀਆ ਨਿਸ਼ਾਨ ਲੱਗਣ ਦੇ ਨਾਲ ਹੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਤੋਂ ਦੂਰ ਰੱਖਣ ਦੀ ਭਾਰਤੀ ਖੇਡ ਸੰਘਾਂ ਦੀ ਸਮਰੱਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
 


author

Gurdeep Singh

Content Editor

Related News