ਸਮਾਜ ਤੇ ਸਿਆਸਤ ’ਚ ਆਇਆ ਨਿਘਾਰ ਦੂਰ ਕਰਨ ਲਈ ਔਰਤਾਂ ਆਉਣ ਅੱਗੇ : ਬੀਬੀ ਜਗੀਰ ਕੌਰ
Saturday, Jun 24, 2023 - 09:46 PM (IST)

ਬਠਿੰਡਾ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਡਾਇਮੰਡ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਕਰਵਾਏ ਇਸਤਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਅਤੇ ਸਿਆਸਤ ’ਚ ਆਏ ਨਿਘਾਰ ਨੂੰ ਸੁਧਾਰਨ ਲਈ ਅੱਗੇ ਆਉਣ। ਸਰਕਾਰ ਵੱਲੋਂ ਔਰਤਾਂ ਲਈ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਦਿੱਤੇ ਜਾਣ ਬਾਰੇ ਲਾਭਾਂ ਬਾਰੇ ਡਾਇਮੰਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਬੀਬੀ ਵੀਨੂੰ ਗੋਇਲ ਨੇ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈ ਕੇ ਔਰਤਾਂ ਆਤਮ ਨਿਰਭਰ ਹੋ ਸਕਦੀਆਂ ਹਨ। ਬੀਬੀ ਜਗੀਰ ਕੌਰ ਨੇ ਅੱਜ ਦੇ ਦਿਨ ਜਨਮੇ ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਹਿੰਦੂ ਪਰਿਵਾਰ ਵਿਚ ਜਨਮੇ ਸਨ ਪਰ ਸਿੱਖੀ ਸਰੂਪ ਵਿਚ ਆ ਕੇ ਉਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆਂ ਸਨ ਕਿਉਂਕਿ ਗੁਰਬਾਣੀ ਮਨੁੱਖ ਨੂੰ ਨਿਵੇਕਲੀ ਜੀਵਨ ਜਾਚ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਬਾਬੇ ਨਾਨਕ ਦੇ ਕਿਰਤ ਦੇ ਫਲਸਫੇ ਤੋਂ ਸ਼ੁਰੂ ਹੋ ਕੇ ਮਨੁੱਖ ਦੀ ਬਰਾਬਰੀ ਅਤੇ ਜਾਤ-ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਰਸਤਾ ਦਿਖਾਉਂਦੀ ਹੈ।
ਇਸਤਰੀ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਹੋਈਆਂ ਔਰਤਾਂ ਨੂੰ ਮੁਖਾਤਿਬ ਹੁੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਵਰਗ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ। ਬੇਬੇ ਨਾਨਕੀ ਤੋਂ ਲੈ ਕੇ ਬੀਬੀ ਭਾਨੀ, ਬੀਬੀ ਖੀਵੀ, ਮਾਤਾ ਗੁਜਰੀ ਅਤੇ ਮਾਈ ਭਾਗੋ ਸਮੇਤ ਸਿੱਖ ਇਤਿਹਾਸ ਦੀ ਸੁਨਹਿਰੀ ਇਬਾਰਤ ਲਿਖਣ ਵਾਲੀਆਂ ਬੀਬੀਆਂ ਦਾ ਜ਼ਿਕਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਨ੍ਹਾਂ ਬੀਬੀਆਂ ਨੇ ਸਿਦਕ, ਸਬਰ, ਸੰਤੋਖ ਤੇ ਸਿਰੜ ਨਾਲ ਜੋ ਮਹਾਨ ਕੰਮ ਕੀਤੇ ਹਨ, ਉਸ ਨੇ ਸਿੱਖ ਇਤਿਹਾਸ ਨੂੰ ਯਾਦਗਾਰੀ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੀਬੀ ਭਾਨੀ ਤੇ ਬੀਬੀ ਖੀਵੀ ਨੇ ਸੇਵਾ ਕਰਕੇ ਲਾਮਿਸਾਲ ਇਤਿਹਾਸ ਸਿਰਜਿਆ ਸੀ, ਉਥੇ ਹੀ ਮਾਤਾ ਗੁਜਰੀ ਤੇ ਮਾਈ ਭਾਗੋ ਨੇ ਸਿੱਖ ਇਤਿਹਾਸ ਵਿਚ ਜ਼ੁਲਮ ਵਿਰੁੱਧ ਲੜਦਿਆਂ ਕੁਰਬਾਨ ਹੋ ਜਾਣ ਦਾ ਜਜ਼ਬਾ ਪੈਦਾ ਕੀਤਾ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਲਈ 1925 ਦੇ ਬਣੇ ਐਕਟ ਵਿਚ ਸਿੱਖ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਇਤਿਹਾਸ ਦੀ ਇਕ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕਈ ਮੁਲਕਾਂ ’ਤੇ ਆਪਣਾ ਸਿੱਕਾ ਚਲਾਉਣ ਵਾਲੇ ਇੰਗਲੈਂਡ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 1925 ਤੋਂ ਬਾਅਦ ਮਿਲਿਆ ਸੀ। ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਧਰਮ ਦੀ ਸਿੱਖਿਆ ਦੇਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਮਾਜ ਨੂੰ ਸੁਧਾਰਨ ਲਈ ਵੱਡੇ ਨਿਸ਼ਾਨੇ ਮਿੱਥ ਸਕਣ।ਬੀਬੀ ਜਗੀਰ ਕੌਰ ਨੇ ਕਿਹਾ ਕਿ ਔਰਤਾਂ ਹੀ ਸਮਾਜ ਦਾ ਅਸਲ ਸ਼ੀਸ਼ਾ ਹੁੰਦੀਆ ਹਨ।
ਬੀਬੀ ਜਗੀਰ ਕੌਰ ਨੇ ਮੌਜੂਦਾਂ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਪਿੰਡ ਨਸ਼ਿਆਂ ਤੋਂ ਪੀੜਤ ਹੈ। ਨਸ਼ਿਆਂ ਕਾਰਨ ਔਰਤਾਂ ਨੂੰ ਸਭ ਤੋਂ ਵੱਧ ਸੰਤਾਪ ਹੰਢਾਉਣਾ ਪੈਂਦਾ ਹੈ। ਸ਼ਰਾਬੀ ਪਤੀ ਨੂੰ ਜਦੋਂ ਗੁੱਸਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ। ਨਸ਼ਿਆਂ ਕਾਰਨ ਭਰ ਜਵਾਨੀ ਵਿਚ ਨੌਜਵਾਨਾਂ ਦੀ ਮੌਤ ਹੋਣ ਕਾਰਨ ਵਿਧਵਾ ਹੋਣ ਵਾਲੀਆਂ ਔਰਤਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ-ਜਦੋਂ ਵੀ ਦੇਸ਼ ਜਾਂ ਸਮਾਜ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਦੋਂ-ਉਦੋਂ ਔਰਤਾਂ ਨੇ ਹੀ ਅਗਵਾਈ ਕਰਕੇ ਵੱਡੇ ਸੁਧਾਰਾਂ ਲਿਆਉਣ ਲਈ ਦਲੇਰੀ ਵਾਲੇ ਕੰਮ ਕੀਤੇ ਹਨ। ਰਾਜਨੀਤੀ ਅਤੇ ਸਮਾਜ ਵਿਚ ਜੋ ਵਖਰੇਵੇਂ ਵੱਧ ਰਹੇ ਹਨ, ਉਨ੍ਹਾਂ ਨੂੰ ਠੱਲ੍ਹ ਪਾਉਣ ਵਿਚ ਔਰਤਾਂ ਅੱਜ ਵੀ ਸਮਰੱਥ ਹਨ। ਬੀਬੀ ਜਗੀਰ ਕੌਰ ਨੇ ਡਾਇਮੰਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਵੀਨੂੰ ਗੋਇਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦੇਣ ਦਾ ਜੋ ਪ੍ਰਬੰਧ ਕੀਤਾ ਹੋਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸੁਸਾਇਟੀ ਵੱਲੋਂ ਬੀਬੀ ਜਗੀਰ ਕੌਰ ਦਾ ਸਨਮਾਨ ਵੀ ਕੀਤਾ ਗਿਆ ਤੇ ਉਨ੍ਹਾਂ ਨੂੰ ਆਪਣਾ ਆਦਰਸ਼ ਵੀ ਮੰਨਿਆ ਕਿ ਕਿਵੇਂ ਉਨ੍ਹਾਂ ਨੇ 1999 ਵਿਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਸਿੱਖ ਔਰਤ ਵਜੋਂ ਪ੍ਰਧਾਨਗੀ ਸੰਭਾਲ ਕੇ ਸਮੁੱਚੀਆਂ ਔਰਤਾਂ ਦਾ ਸਿਰ ਉੱਚਾ ਕੀਤਾ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੁੰਦਿਆਂ ਹੋਇਆਂ ਕਿਵੇਂ ਉਨ੍ਹਾਂ ਨੇ ਵਿੱਦਿਅਕ ਅਦਾਰਿਆਂ ’ਚ ਵੱਡੇ ਸੁਧਾਰ ਕੀਤੇ ਸਨ ਅਤੇ ਸਿੱਖ ਇਤਿਹਾਸ ਨੂੰ ਸੰਭਾਲਣ ਲਈ ਪੁਰਾਤਨ ਕਿਤਾਬਾਂ ਨੂੰ ਮੁੜ ਛਪਵਾਉਣ ਦੇ ਕਾਰਜ ਕੀਤੇ ਸਨ।