ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਿਆ ਰੌਲਾ, ਚੱਲੀ ਗੋਲੀ
Wednesday, Oct 05, 2022 - 06:42 PM (IST)

ਬੁਢਲਾਡਾ (ਬਾਂਸਲ) : ਸਥਾਨਕ ਟਰੱਕ ਯੂਨੀਅਨ ਅੰਦਰ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਪੁਲਸ ਨੇ ਰਾਮਇੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਬੁਢਲਾਡਾ ਦੇ ਬਿਆਨ 'ਤੇ ਜਗਤਾਰ ਸਿੰਘ ਗੁਰਨੇ ਕਲਾਂ ਸਮੇਤ 20 ਅਣਪਛਾਤੇ ਵਿਅਕਤੀਆਂ 'ਤੇ ਇਰਾਦਾ ਕੱਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਜਗਤਾਰ ਸਿੰਘ ਗੁਰਨੇ ਕਲਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦੂਜੇ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਟਰੱਕ ਯੂਨੀਅਨ ਦੇ ਝਗੜੇ ਦੌਰਾਨ ਰਾਮਇੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਸ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਜਿਸ ਕਾਰਨ ਅੱਜ ਉਹ ਪੁਕਾਰ ਕਰਨ ਆਏ ਸਨ ਇਸ ਦੌਰਾਨ ਦੂਸਰੇ ਗਰੁੱਪ ਵੱਲੋਂ ਅਚਾਨਕ ਫਾਈਰਿੰਗ ਕਰ ਦਿੱਤੀ।
ਐਸ.ਐਚ.ਓ. ਸਿਟੀ ਬੂਟਾ ਸਿੰਘ ਨੇ ਦੱਸਿਆ ਕਿ 2 ਗਰੁੱਪਾਂ ਵਿਚਕਾਰ ਹੋਈ ਲੜਾਈ ਦੌਰਾਨ ਦੂਸਰੇ ਧਿਰ ਦੇ ਜ਼ਖ਼ਮੀ ਜਗਤਾਰ ਸਿੰਘ ਦੇ ਬਿਆਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਦੂਸਰੇ ਪਾਸੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਸਬੰਧੀ ਹੋਏ ਝਗੜੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਝਗੜੇ ਨੂੰ ਮੰਦਭਾਗਾ ਕਰਾਰ ਦਿੱਤਾ।