ਸ਼ਹਿਰ ਦੀ ਮਾੜੀ ਸੀਵਰੇਜ ਪ੍ਰਣਾਲੀ ਤੋਂ ਦੁਖੀ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ
Saturday, May 05, 2018 - 04:47 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ਸੀਵਰੇਜ ਓਵਰ ਫਲੋਅ ਹੋ ਜਾਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਲੰਘਣ ਸਮੇਤ ਨਜ਼ਦੀਕ ਰਿਹਾਇਸ਼ੀ ਘਰਾਂ ਵਾਲਿਆਂ ਦਾ ਵੀ ਜਿਊਣਾ ਮੁਸ਼ਕਿਲ ਹੋ ਰਿਹਾ ਹੈ,ਜਿਸ ਦੇ ਰੋਸ ਵਜੋਂ ਅੱਜ ਮਨੁੱਖੀ ਅਧਿਕਾਰ ਸੰਮਤੀ ਦੇ ਆਗੂਆਂ ਸਮੇਤ ਨਜ਼ਦੀਕੀ ਘਰਾਂ ਦੇ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ। ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਸੰਮਤੀ ਦੇ ਜ਼ਿਲਾ ਪ੍ਰਧਾਨ ਸੱਤਪਾਲ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਘਰਾਂ 'ਚ ਬਣੇ ਪਸ਼ੂਆਂ ਦੇ ਨੋਹਰਿਆ ਹੋਣ ਕਾਰਨ ਇਨ੍ਹਾਂ ਦਾ ਸਾਰਾ ਗੋਬਰ ਗੰਦੇ ਨਾਲੇ 'ਚ ਆਉਂਦਾ ਹੈ, ਜਿਸ ਕਾਰਨ ਆਏ ਦਿਨ ਸੀਵਰੇਜ ਸਿਸਟਮ ਬੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਉਪਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਹੋਣ ਕਰਕੇ ਇਥੇ ਰੋਜਾਨਾਂ ਹਜ਼ਾਰਾਂ ਦੀ ਗਿਣਤੀ 'ਚ ਰਾਹਗੀਰ ਆਉਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਟਰੱਕ ਯੂਨੀਅਨ ਨਜ਼ਦੀਕ ਸੀਵਰੇਜ ਬੰਦ ਹੋ ਜਾਣ ਕਾਰਨ ਸਾਰਾ ਪਾਣੀ ਸੜਕ ਤੇ ਇੱਕਠਾ ਹੋ ਜਾਂਦਾ ਹੈ, ਜਿਸ ਕਾਰਨ ਇਸ ਰੋਡ ਤੇ ਆਉਣ ਜਾਣ ਵਾਲੇ ਰਾਹਗੀਰਾਂ ਸਮੇਤ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਲਗਾਤਾਰ ਦੋ ਤਿੰਨ ਦਿਨਾਂ ਤੋਂ ਪਾਣੀ ਬਿਲਕੁੱਲ ਨਹੀਂ ਹੱਟ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਸ਼ੂਆਂ ਦੇ ਨੋਹਰਿਆਂ ਨੂੰ ਸ਼ਹਿਰ ਤੋਂ ਬਾਹਰ ਕਢਵਾਇਆ ਜਾਵੇ ਤਾਂ ਜੋ ਸੀਵਰੇਜ ਦੀ ਆ ਰਹੀ ਮੁਸ਼ਕਿਲ ਹੱਲ ਹੋ ਸਕੇ ਅਤੇ ਸੀਵਰੇਜ ਦੇ ਨਾਲੇ ਨੂੰ ਸਾਫ ਕਰਵਾਇਆ ਜਾਵੇ। ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਾਇਸ ਪ੍ਰਧਾਨ ਸੱਤਪਾਲ ਸਿੰਘ ਸਹੋਤਾ, ਸੰਜੀਵ ਕਾਠ, ਅਮਨ ਕੁਮਾਰ, ਗੁਰਪ੍ਰੀਤ ਸਿੰਘ, ਚੰਨਾ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ ਹੀਰਾ ਸਮੇਤ ਸਕੂਲੀ ਵਿਦਿਆਰਥੀ ਅਤੇ ਰਾਹਗੀਰਾਂ ਹਾਜ਼ਰ ਸਨ।