ਇੰਗਲੈਂਡ ''ਚ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣਨਾ ਲੋਕਤੰਤਰ ਦੀ ਖ਼ੂਬਸੂਰਤੀ : ਮਲੂਕਾ
Tuesday, Oct 25, 2022 - 07:29 PM (IST)
ਭਗਤਾ ਭਾਈ (ਢਿੱਲੋਂ) : ਸਾਰੀ ਦੁਨੀਆ ਦੇ ਨਾਲ-ਨਾਲ 200 ਸਾਲ ਤੱਕ ਭਾਰਤ 'ਤੇ ਰਾਜ ਕਰਨ ਵਾਲੇ ਇੰਗਲੈਂਡ ਦਾ ਭਾਰਤੀ ਮੂਲ ਦੇ ਰਿਸ਼ੀ ਸੂਨਕ ਦਾ ਪ੍ਰਧਾਨ ਮੰਤਰੀ ਚੁਣੇ ਜਾਣਾ ਲੋਕਤੰਤਰ ਦੀ ਖੂਬਸੂਰਤੀ ਅਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੀਤਾ। ਮਲੂਕਾ ਨੇ ਕਿਹਾ ਕਿ ਭਾਰਤ ਵਾਸੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਜੋ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਹ ਸੱਚ ਹੋਣ ਜਾ ਰਿਹਾ ਹੈ ।
ਇਹ ਵੀ ਪੜ੍ਹੋ : CM ਮਾਨ ਵੱਲੋਂ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਸੱਦਾ, ਸੂਬੇ ਨੂੰ ਲੈ ਕੇ ਕਹੀਆਂ ਇਹ ਗੱਲਾਂ
ਭਾਰਤੀ ਮੂਲ ਦੇ ਰਿਸ਼ੀ ਸੁਨਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ, ਕਿ ਜਿਸ ਦੇਸ਼ ਨੇ ਦੁਨੀਆ 'ਤੇ ਰਾਜ ਕੀਤਾ ਹੋਵੇ, ਉਸ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਹੀ ਕਾਬਲ, ਮਿਹਨਤੀ ਅਤੇ ਸੂਝਵਾਨ ਭਾਰਤੀ ਮੂਲ ਦੇ ਰਿਸ਼ੀ ਸੁਨਕ ਜੀ ਬਣਨ ਜਾ ਰਹੇ ਹਨ। ਪੰਜਾਬ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ। ਰਿਸ਼ੀ ਸੁਨਕ ਦਾ ਪੰਜਾਬ ਨਾਲ ਵੀ ਸਬੰਧ ਹੈ ਕਿਉਂਕਿ ਉਨ੍ਹਾਂ ਦਾ ਨਾਨਕਾ ਪਰਿਵਾਰ ਪੰਜਾਬ ਨਾਲ ਸਬੰਧਤ ਸੀ। ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਅੰਗਰੇਜ਼ਾਂ ਦੇ ਮਨ ਵਿੱਚ ਕਿਸੇ ਪ੍ਰਤੀ ਵੀ ਨਫ਼ਰਤ ਭਾਵਨਾ ਨਹੀਂ ਹੈ ਅਤੇ ਉੱਥੇ ਕੋਈ ਵੀ ਇਨਸਾਨ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕਿਸੇ ਵੀ ਉੱਚ ਅਹੁਦੇ 'ਤੇ ਪਹੁੰਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਅਤੇ ਇੰਗਲੈਂਡ ਦੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਉਣ ਜਾਣ ਅਤੇ ਵਪਾਰ ਹੋਰ ਵਧੇਗਾ। ਮਲੂਕਾ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਅਜੈਬ ਸਿੰਘ ਹਮੀਰਗੜ੍ਹ, ਕਰਮਜੀਤ ਕਾਂਗੜ, ਸੁਖਜਿੰਦਰ ਖਾਨਦਾਨ, ਜਗਸੀਰ ਸਿੰਘ ਜੱਗ ਕੋਠਾਗੁਰੂ, ਡਾ ਜਸਪਾਲ ਸਿੰਘ ਦਿਆਲਪੁਰਾ, ਕੌਂਸਲਰ ਜਗਮੋਹਣ ਭਗਤਾ, ਹਰਮਨ ਢਪਾਲੀ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਂ ਵੀ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।