ਕਿਸਾਨਾਂ ਵੱਲੋਂ  ਮੋਰਚਾ 146ਵੇਂ ਦਿਨ ਵਿੱਚ ਹੋਇਆ ਦਾਖਲ

02/24/2021 5:12:57 PM

ਬੁਢਲਾਡਾ (ਬਾਂਸਲ): ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਸਮੇਤ ਦੇਸ਼ ਭਰ ਵਿੱਚ ਅੰਦੋਲਨ ਪੂਰੀ ਤਾਕਤ ਨਾਲ ਜਾਰੀ ਹੈ। ਸਮੁੱਚੇ ਦੇਸ਼ ਵਿੱਚੋਂ ਕਿਸਾਨ ਅੰਦੋਲਨ ਪ੍ਰਤੀ ਰਿਪੋਰਟਾਂ ਉਤਸ਼ਾਹਜਨਕ ਹਨ। ਇਸੇ ਤਹਿਤ ਸਥਾਨਕ ਆਰੰਭਿਆ ਕਿਸਾਨ ਮੋਰਚਾ ਅੱਜ 146ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਬੀ ਕੇ ਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਹਰਦਿਆਲ ਸਿੰਘ ਦਾਤੇਵਾਸ, ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਬਬਲੀ ਅਟਵਾਲ, ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਆਗੂ ਜਗਮੇਲ ਸਿੰਘ ਖਾਲਸਾ ਅਤੇ ਹਰਿੰਦਰ ਸਿੰਘ ਸੋਢੀ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦੇ ਪਹੀਏ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਹਰ ਖੇਤਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।

ਸਰਕਾਰੀ ਖਜਾਨੇ ਦੀ ਆਮਦਨ ਦੇ ਸਰੋਤਾਂ ਨੂੰ ਕੋਡੀਆਂ ਦੇ ਭਾਅ ਕਾਰਪੋਰੇਟਾਂ ਅਤੇ ਆਪਣੇ ਚਹੇਤਿਆਂ ਨੂੰ ਲੁੱਟਾ ਦਿੱਤਾ ਹੈ। ਭੁੱਖਮਰੀ, ਬੇਰੁਜ਼ਗਾਰੀ, ਖੁਦਕੁਸ਼ੀਆਂ, ਭ੍ਰਿਸ਼ਟਾਚਾਰ, ਅਪਰਾਧਿਕ ਘਟਨਾਵਾਂ, ਫਿਰਕੂ ਦੰਗੇ ਆਦਿ ਵਿੱਚ ਬੇਅਥਾਹ ਵਾਧਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਉੱਪਰ ਸਰਕਾਰ ਮਾਣ ਕਰ ਸਕੇ। ਦੁਨੀਆ ਵਿੱਚ ਭਾਰਤ ਦੀ ਕਿਰਕਿਰੀ ਹੋ ਰਹੀ ਹੈ। ਗੁਆਂਢੀ ਮੁਲਕਾਂ ਨਾਲ ਸਬੰਧ ਵਿਗੜੇ ਹੋਏ ਹਨ। ਇਨ੍ਹਾਂ ਹਾਲਤਾਂ ਵਿੱਚ ਦੇਸ਼ ਦੇ ਤਰੱਕੀ ਅਤੇ ਵਿਕਾਸ ਸੰਭਵ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਦੇ ਮੁੱਦੇ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਇਕੱਠਾ ਕਰ ਦਿੱਤਾ ਹੈ। ਦੇਸ਼ ਵਿੱਚ ਫਿਰਕੂ ਤਾਕਤਾਂ ਦੇ ਦਿਨ ਪੁੱਗ ਗਏ ਹਨ। ਦੇਸ਼ ਇਸ ਅੰਦੋਲਨ ਦੀ ਸਫਲਤਾ ਤੋਂ ਬਾਅਦ ਨਵੀਂ ਕਰਵਟ ਲਵੇਗਾ। ਇਸ ਮੋਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।


Shyna

Content Editor

Related News