15 ਸਤੰਬਰ ਨੂੰ ਮਨਾਇਆ ਜਾਵੇਗਾ ਲੋਕਤੰਤਰ ਦਿਵਸ, ਲੋਕਾਂ ਨੂੰ ਵੱਡੀ ਗਿਣਤੀ ''ਚ ਸ਼ਾਮਲ ਹੋਣ ਦਾ ਸੱਦਾ

Thursday, Sep 08, 2022 - 06:06 PM (IST)

ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 15 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਪਲਾਜਾ ਵਿਖੇ ਲੋਕਤੰਤਰ ਦਿਵਸ ਮਨਾਵੇਗਾ। ਇਸ ਵਿੱਚ ਪੰਜਾਬ ਹਰਿਆਣਾ ਤੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ। ਇਹ ਸ਼ਬਦ ਅੱਜ ਇੱਥੇ ਲੋਕਤੰਤਰ ਦਿਵਸ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਪਾਰਟੀ ਵੱਲੋਂ ਸੱਦੀ ਗਈ ਜ਼ਿਲ੍ਹਾ ਪੱਧਰੀ ਬੈਠਕ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਜਵਾਹਰਕੇ ਨੇ ਕਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੋਕਤੰਤਰ ਦਿਵਸ ਮੌਕੇ 'ਤੇ ਆਪਣਾ ਸੰਵਿਧਾਨਕ ਹੱਕ ਸਮਝਦਿਆਂ ਪਿਛਲੇ 11 ਸਾਲਾਂ ਤੋਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਜਿੱਥੇ ਮੰਗ ਕਰੇਗਾ, ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ : SYL ਮੁੱਦੇ 'ਤੇ ਸੁਖਬੀਰ ਬਾਦਲ ਨੇ ਘੇਰੀ ਪੰਜਾਬ ਸਰਕਾਰ, 'ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ'

ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਵੋਟ ਬੈਂਕ ਦੀ ਖਾਤਿਰ ਹਰਿਆਣਾ ਸੂਬੇ ਨਾਲ ਸਤਲੁਜ ਜਮੂਨਾ ਨਹਿਰ ਮੁੱਦੇ 'ਤੇ ਮੀਟਿੰਗ ਕਰਨਾ ਸਿਆਸਤ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ। ਪਾਣੀ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੰਘਰਸ਼ ਲਈ ਸੜਕਾਂ 'ਤੇ ਉਤਰਨ ਦਾ ਸੱਦਾ ਵੀ ਦੇਵੇਗਾ। ਉਨ੍ਹਾਂ ਕਿਹਾ ਕਿ ਸਤਲੁਜ ਜਮੂਨਾ ਨਹਿਰ ਦੇ ਪਾਣੀ ਕਾਰਨ ਖਾਸ ਤੌਰ 'ਤੇ ਮਾਲਵਾ ਬੰਜਰ ਹੋ ਜਾਵੇਗਾ। ਉਨ੍ਹਾਂ ਲੋਕਤੰਤਰ ਦਿਵਸ ਮੌਕੇ ਹਰ ਪਿੰਡ, ਹਰ ਘਰ ਤੋਂ ਵਿਅਕਤੀ ਅਤੇ ਗੁਰੂ ਦੀ ਲਾਡਲੀ ਫੌਜ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਇਕੱਠ ਨੂੰ ਪਾਰਟੀ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸਿਮਰਤਜੀਤ ਸਿੰਘ ਮਾਨ ਅਤੇ ਬੁੱਧੀ ਜੀਵੀ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਬਲੀਦਾਨ ਦਿਵਸ ਭਲਕੇ, ਵੱਖ-ਵੱਖ ਸ਼ਖ਼ਤੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਬਲਵਿੰਦਰ ਸਿੰਘ ਮੰਡੇਰ ਨੇ ਕਿਹਾ ਕਿ ਇਸ ਲੋਕਤੰਤਰ ਦਿਵਸ ਦੇ ਇਕੱਠ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਜੱਥੇਦਾਰ ਰਜਿੰਦਰ ਸਿੰਘ ਜਵਾਹਰਕੇ, ਅਜਾਇਬ ਸਿੰਘ ਰੱਲੀ, ਮੇਵਾ ਸਿੰਘ ਰੱਲੀ, ਗਿਆਨ ਸਿੰਘ ਗਿੱਲ, ਅਵਤਾਰ ਸਿੰਘ ਧਰਮਪੁਰਾ, ਗੁਰਮੇਲ ਸਿੰਘ ਖੁਡਾਲ ਕਲਾਂ, ਭੋਲਾ ਸਿੰਘ ਖੁਡਾਲ ਕਲਾਂ, ਪਰਮਪਾਲ ਸਿੰਘ ਭੀਖੀ, ਗਮਦੂਰ ਸਿੰਘ ਭੀਖੀ, ਬਲਵੀਰ ਸਿੰਘ ਬੱਛੋਆਣਾ, ਮਨਜੀਤ ਸਿੰਘ ਭੀਖੀ ਆਦਿ ਹਾਜ਼ਰ ਸਨ।


Anuradha

Content Editor

Related News