ਟਰੱਕ ਯੂਨੀਅਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ 'ਚ ਛਿੜੀ ਜੰਗ, 200 ਦੇ ਕਰੀਬ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼
Thursday, Apr 06, 2023 - 12:55 PM (IST)
ਮੌੜ ਮੰਡੀ (ਪ੍ਰਵੀਨ,ਭੂਸ਼ਣ,ਵਨੀਤ) : ਭਾਵੇਂ ਪਿਛਲੀਆਂ ਸਰਕਾਰਾਂ ਵੱਲੋਂ ਟਰੱਕ ਯੂਨੀਅਨਾਂ ’ਚ ਚਲਦੇ ਝਗੜਿਆਂ ਅਤੇ ਲੁੱਟ-ਖਸੁੱਟ ਨੂੰ ਬੰਦ ਕਰਨ ਲਈ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਟਰੱਕ ਯੂਨੀਅਨਾਂ ਦੇ ਮੁੜ ਹੋਂਦ ’ਚ ਆਉਣ ਤੋਂ ਬਾਅਦ ਇਨ੍ਹਾਂ ’ਤੇ ਕਬਜ਼ੇ ਲਈ ਸੰਘਰਸ਼ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਬੀਤੇ ਦਿਨ ਮੌੜ ਮੰਡੀ ਅੰਦਰ ਟਰੱਕ ਯੂਨੀਅਨ ’ਤੇ ਕਬਜ਼ੇ ਅਤੇ ਲੁੱਟ-ਖਸੁੱਟ ਦੀ ਮਨਸ਼ਾ ਨੂੰ ਲੈ ਕੇ ਭਾਰੀ ਵਿਵਾਦ ਪੈਦਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਆਸੀ ਸ਼ਹਿ ’ਤੇ ਲਗਭਗ 200-300 ਵਿਅਕਤੀਆਂ ਨੇ ਧੱਕੇਸ਼ਾਹੀ ਕਰਦੇ ਹੋਏ ਟਰੱਕ ਯੂਨੀਅਨ ਮੌੜ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸਦਾ ਟਰੱਕ ਆਪਰੇਟਰਾਂ ਨੇ ਭਾਰੀ ਵਿਰੋਧ ਕੀਤਾ। ਇਸ ਵਿਰੋਧ ਦੇ ਚੱਲਦਿਆਂ ਇਨ੍ਹਾਂ ਵਿਅਕਤੀਆਂ ਨੂੰ ਭੱਜਣਾ ਪਿਆ। ਇਸ ਤੋਂ ਪਹਿਲਾਂ ਪੁਲਸ ਨੇ ਚਾਲ ਚੱਲਦੇ ਹੋਏ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰੇਸ਼ਮ ਸਿੰਘ ਨੂੰ ਪੁਲਸ ਥਾਣੇ ਬੁਲਾਇਆ ਅਤੇ ਇਕ ਸਿਆਸੀ ਆਗੂ ਨਾਲ ਗੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ, ਜਾਣੋ ਕੀ ਹੈ ਮਾਮਲਾ
ਇਸ ਦੌਰਾਨ ਜਦੋਂ ਰੇਸ਼ਮ ਸਿੰਘ ਨੇ ਉਕਤ ਸਿਆਸੀ ਆਗੂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਨੇ ਪਹਿਲਾਂ ਤੋਂ ਹੀ ਦਰਜ ਇਕ ਮੁਕੱਦਮੇ ’ਚ ਰੇਸ਼ਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਹਵਾਲਾਤ ’ਚ ਬੰਦ ਕਰ ਦਿੱਤਾ ਅਤੇ ਪਹਿਲਾਂ ਤੋਂ ਤਿਆਰ ਯੋਜਨਾਬੰਦੀ ਅਨੁਸਾਰ ਉਕਤ ਵਿਅਕਤੀਆਂ ਨੇ ਰੇਸ਼ਮ ਸਿੰਘ ਦੀ ਗੈਰ-ਹਾਜ਼ਰੀ ਦਾ ਪੂਰਾ ਫਾਇਦਾ ਚੁੱਕਦਿਆਂ ਟਰੱਕ ਯੂਨੀਅਨ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਪਰ ਟਰੱਕ ਆਪਰੇਟਰਾਂ ਨੇ ਭਾਰੀ ਵਿਰੋਧ ਕਰਦੇ ਹੋਏ ਪੁਲਸ-ਸਿਆਸੀ ਗਠਜੋੜ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਟਰੱਕ ਯੂਨੀਅਨ ’ਤੇ ਕਬਜ਼ਾ ਕਰਨ ਆਏ ਸਮਾਜਿਕ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਇਸ ਘਟਨਾ ਦੀ ਕਵਰੇਜ਼ ਕਰ ਰਹੇ ਇਕ ਪ੍ਰਤੀਨਿਧੀ ਦਾ ਮੋਬਾਇਲ ਖੋਹ ਕੇ ਸੜਕ ’ਤੇ ਸੁੱਟ ਕੇ ਭੰਨ ਦਿੱਤਾ। ਜਿਸ ਤੋਂ ਸਪੱਸ਼ਟ ਸੀ ਕਿ ਇਨ੍ਹਾਂ ਅਨਸਰਾਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਸੀ। ਟਰੱਕ ਯੂਨੀਅਨ ਤੇ ਰੇਸ਼ਮ ਸਿੰਘ ਧੜੇ ਦਾ ਹੀ ਕਬਜ਼ਾ ਸੀ ਪਰ ਦੂਜੀ ਧਿਰ ਵੱਲੋਂ ਟਰੱਕ ਯੂਨੀਅਨ ’ਤੇ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।